
ਰਾਮ ਲਾਲ ਮੇਰਾ ਮਿੱਤਰ ਸੀ। ਅਸੀ ਇਕੋ ਸਕੂਲ ਵਿਚ ਕਾਫ਼ੀ ਸਾਲ ਇਕੱਠੇ ਹੀ ਪੜ੍ਹਾਉਂਦੇ ਰਹੇ........
ਰਾਮ ਲਾਲ ਮੇਰਾ ਮਿੱਤਰ ਸੀ। ਅਸੀ ਇਕੋ ਸਕੂਲ ਵਿਚ ਕਾਫ਼ੀ ਸਾਲ ਇਕੱਠੇ ਹੀ ਪੜ੍ਹਾਉਂਦੇ ਰਹੇ। ਸਵੇਰੇ ਉਹ ਸਕੂਲ ਆਉਂਦੇ ਸਾਰ ਹੀ ਬਗੀਚੇ ਵਿਚੋਂ ਫੁੱਲ ਤੋੜ ਕੇ ਸੂਰਜ ਦੇਵਤਾ ਨੂੰ ਭੇਟ ਕਰਦਾ ਸੀ। ਉਸ ਦੇ ਇਸ ਤਰ੍ਹਾਂ ਕਰਨ ਨਾਲ ਸਾਨੂੰ ਬਹੁਤ ਦੁੱਖ ਪਹੁੰਚਦਾ ਸੀ। ਬਗੀਚੇ ਵਿਚ ਮਿਹਨਤ ਨਾਲ ਲਗਾਏ, ਖਿੜੇ ਫੁੱਲ ਹਜ਼ਾਰਾਂ ਵਿਦਿਆਰਥੀਆਂ ਨੂੰ ਖ਼ੁਸ਼ੀ ਦਿੰਦੇ ਸਨ। ਅਸੀ ਗੱਲਾਂ-ਗੱਲਾਂ ਵਿਚ ਉਸ ਤਕ ਅਪਣਾ ਰੋਸ ਵੀ ਪ੍ਰਗਟਾ ਦਿੰਦੇ ਸੀ। ਪਰ ਉਸ ਨੇ ਕਦੇ ਗੁੱਸਾ ਨਹੀਂ ਸੀ ਕੀਤਾ। ਉਹ ਸਕੂਲ ਆਉਣ ਤੋਂ ਪਹਿਲਾਂ ਰੋਜ਼ਾਨਾ ਗਊਸ਼ਾਲਾ ਵਿਚ ਪਹੁੰਚਦਾ ਅਤੇ ਗਊ ਦੇ ਇਕ ਕਿਲੋ ਤਾਜ਼ੇ ਦੁੱਧ ਦਾ ਨਾਸ਼ਤਾ ਕਰਦਾ।
ਅਸੀ ਉਸ ਨੂੰ ਕਹਿਣਾ ''ਰਾਮ ਲਾਲ ਤੂੰ ਪੰਜਾਹ ਸਾਲ ਦੀ ਉਮਰ ਵਿਚ ਏਨਾ ਦੁੱਧ ਕਿਵੇਂ ਹਜ਼ਮ ਕਰ ਲੈਂਦਾ ਹੈ?'' ਤਾਂ ਉਸ ਨੇ ਕਹਿਣਾ, ''ਮੈਂ ਹਰ ਰੋਜ਼ ਵੀਹ ਕਿਲੋਮੀਟਰ ਸਾਈਕਲ ਵੀ ਚਲਾਉਂਦਾ ਹਾਂ।'' ਖ਼ੈਰ ਸਾਨੂੰ ਉਸ ਦੀ ਇਹ ਗੱਲ ਤਾਂ ਠੀਕ ਲਗਦੀ ਕਿ ਕਸਰਤ ਉਸ ਦੇ ਦੁਧ ਨੂੰ ਹਜ਼ਮ ਤਾਂ ਕਰ ਦਿੰਦੀ ਹੋਊ ਪਰ ਉਸ ਵਲੋਂ ਬਗੈਰ ਉਬਾਲੇ ਤੋਂ ਹੀ ਦੁੱਧ ਪੀ ਜਾਣਾ ਕਦੇ ਵੀ ਸਾਡੀ ਸਤੁੰਸ਼ਟੀ ਨਾ ਕਰਵਾਉਂਦਾ।ਸਮਾਂ ਲੰਘਦਾ ਗਿਆ। ਇਕ ਦਿਨ ਉਹ ਕਹਿਣ ਲਗਿਆ ਕਿ ''ਬਾਦਾਮ ਬਹੁਤ ਗਰਮ ਹੁੰਦੇ ਹਨ।'' ਮੈਂ ਖ਼ੁਰਾਕੀ ਵਸਤਾਂ ਵਿਚ ਵੱਧ ਘੱਟ ਕੈਲੋਰੀਆਂ ਦੀ ਹੋਂਦ ਵਿਚ ਤਾਂ ਯਕੀਨ ਰਖਦਾ ਸਾਂ ਪਰ ਬਾਦਾਮਾਂ ਦੇ ਗਰਮ ਹੋਣ ਦੀ ਗੱਲ ਮੈਨੂੰ ਜਚੀ ਨਹੀਂ।
ਮੈਂ ਉਸ ਨੂੰ ਕਿਹਾ ਕਿ ''ਮੈਂ ਕਿੰਨੇ ਬਾਦਾਮ ਤੈਨੂੰ ਖਾ ਕੇ ਵਿਖਾਵਾਂ?'' ਉਹ ਕਹਿਣ ਲਗਿਆ ਕਿ ''ਤੂੰ ਵੀਹ ਬਾਦਾਮ ਨਹੀਂ ਖਾ ਸਕਦਾ।'' ਖ਼ੈਰ ਸਾਡੀ ਸੌ ਰੁਪਏ ਦੀ ਸ਼ਰਤ ਲੱਗ ਗਈ। ਉਸ ਨੇ ਬਾਦਾਮ ਮੰਗਵਾ ਲਏ। ਇਕ-ਇਕ ਕਰ ਕੇ ਉਹ ਮੇਰੇ ਹੱਥ ਉਤੇ ਰਖਦਾ ਰਿਹਾ ਤੇ ਮੈਂ ਬਾਦਾਮ ਖਾਂਦਾ ਗਿਆ। ਇਸ ਤਰ੍ਹਾਂ ਕਰਦੇ ਹੋਏ ਉਸੇ ਦਿਨ ਮੈਂ ਦੋ ਵਾਰ ਵੀਹ-ਵੀਹ ਬਾਦਾਮ ਖਾ ਕੇ ਦੋ ਸੌ ਰੁਪਏ ਉਸ ਤੋਂ ਜਿੱਤ ਲਏ। ਉਸ ਨੂੰ ਅਪਣੇ ਹਾਰੇ ਹੋਏ ਦੋ ਸੌ ਰੁਪਏ ਚੁਭਦੇ ਰਹੇ ਤੇ ਅਗਲੇ ਦਿਨ ਉਹ ਕਹਿਣ ਲਗਿਆ ਕਿ ''ਗਊ ਦਾ ਪੇਸ਼ਾਬ ਸ੍ਰੀਰ ਨੂੰ ਬਹੁਤ ਠੰਢ ਪਹੁੰਚਾਉਂਦਾ ਹੈ।'' ਮੈਂ ਆਖਿਆ, ''ਕਿਵੇਂ ਪਹੁੰਚਾਉਂਦਾ ਹੈ ਠੰਢ?''
ਉਹ ਕਹਿਣ ਲਗਿਆ ਕਿ ''ਜੇ ਤੂੰ ਮੇਰੇ ਨਾਲ ਸੌ ਰੁਪਏ ਦੀ ਸ਼ਰਤ ਲਗਾ ਲਵੇ ਤਾਂ ਮੈਂ ਤੈਨੂੰ ਗਊ ਦਾ ਪਿਸ਼ਾਬ ਪੀ ਕੇ ਵਿਖਾ ਸਕਦਾ ਹਾਂ।'' ਦੋ ਸੌ ਰੁਪਏ ਮੈਂ ਉਸ ਤੋਂ ਤਾਜ਼ੇ ਤਾਜ਼ੇ ਹੀ ਜਿੱਤੇ ਸਨ। ਮੈਂ ਜਾਣਦਾ ਸੀ ਇਹ ਮੈਥੋਂ ਪੈਸੇ ਵਾਪਸ ਕਢਵਾਉਣਾ ਚਾਹੁੰਦਾ ਹੈ। ਇਸ ਲਈ ਮੈਂ ਇਹ ਨਜ਼ਾਰਾ ਵੇਖਣ ਲਈ ਵੀ ਤਿਆਰ ਹੋ ਗਿਆ। ਪਿੰਡ ਸੰਘੇੜੇ ਦੀ ਗਊਸ਼ਾਲਾ ਵਿਚੋਂ ਗਊ ਮੂਤਰ ਦਾ ਇਕ ਜੱਗ ਲਿਆਂਦਾ ਗਿਆ। ਰਾਮ ਲਾਲ ਨੇ ਉਸੇ ਵੇਲੇ ਗਲਾਸ ਭਰ ਲਿਆ ਤੇ ਪੀ ਗਿਆ ਤੇ ਮੈਥੋਂ ਅਪਣੇ ਸੌ ਰੁਪਏ ਮੁੜਵਾ ਲਏ। ਇਸ ਦੇ ਨਾਲ ਹੀ ਇਕ ਹੋਰ ਐਮ.ਏ.ਬੀ.ਐਡ. ਅਧਿਆਪਕ ਕਹਿਣ ਲਗਿਆ, ''ਸਾਡੇ ਦੂਜੇ ਸੌ ਰੁਪਏ ਤੇਰੀ ਜੇਬ ਵਿਚ ਰਹਿ ਗਏ ਨੇ ਉਹ ਵੀ ਅਸੀ ਮੁੜਵਾਉਣੇ ਹਨ।''
ਮੈਂ ਕਿਹਾ ਕਿ, ''ਇਕ ਗਲਾਸ ਤੂੰ ਪੀ ਲੈ।'' ਉਸੇ ਸਮੇਂ ਉਸ ਨੇ ਗਊ ਦੇ ਪਿਸ਼ਾਬ ਦਾ ਗਲਾਸ ਡੀਕ ਲਗਾ ਕੇ ਪੀ ਲਿਆ। ਇਸ ਗੱਲ ਨੂੰ ਬੀਤਿਆ ਦੋ ਦਹਾਕੇ ਹੋ ਗਏ। ਕੁੱਝ ਦਿਨ ਪਹਿਲਾਂ ਹੀ ਮੈਨੂੰ ਮਾਨਸਾ ਤੋਂ ਫ਼ੋਨ ਆਇਆ ਡਾਕਟਰ ਸੁਰਿੰਦਰ ਕਹਿਣ ਲਗਿਆ ਮਾਨਸਾ ਵਿਚ ਇਕ ਜਥੇਬੰਦੀ ਨੇ ਛਬੀਲ ਲਗਾਈ ਹੋਈ ਹੈ ਤੇ ਉਹ ਲੋਕਾਂ ਨੂੰ ਗਊ ਦਾ ਪਿਸ਼ਾਬ ਮੁਫ਼ਤ ਵਿਚ ਪਿਲਾ ਰਹੇ ਹਨ। ਉਹ ਕਹਿੰਦੇ ਹਨ ਕਿ ''ਗਊ ਦਾ ਪਿਸ਼ਾਬ ਜੇ ਰੋਜ਼ਾਨਾ ਪੀਤਾ ਜਾਵੇ ਤਾਂ ਕੈਂਸਰ, ਸ਼ੂਗਰ, ਗੁਰਦੇ ਫ਼ੇਲ੍ਹ ਹੋ ਜਾਣਾ, ਟੀ. ਬੀ. ਤੇ ਦਿਲ ਦੀਆਂ ਬਿਮਾਰੀਆਂ ਵਰਗੇ ਭਿਆਨਕ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ, ਜੇਕਰ ਪਹਿਲਾਂ ਹੋਣ ਤਾਂ ਵੀ ਇਨ੍ਹਾਂ ਰੋਗਾਂ ਤੋਂ ਮੁਕਤੀ ਮਿਲ ਸਕਦੀ ਹੈ।
'' ਇਸ ਗੱਲ ਨੇ 7-8 ਸਾਲ ਪਹਿਲਾਂ ਅਧਰੰਗ ਕਾਰਨ ਵਿਛੜੇ ਮੇਰੇ ਦੋਸਤ ਰਾਮ ਲਾਲ ਦਾ ਮੁਹਾਂਦਰਾ ਮੇਰੇ ਸਾਹਮਣੇ ਲਿਆ ਖੜਾਇਆ। ਰਾਮ ਲਾਲ ਦੇ ਗਊ ਦਾ ਪਿਸ਼ਾਬ ਪੀ ਜਾਣ ਤੋਂ ਸਾਡੇ ਵਿਚ ਇਸ ਵਿਸ਼ੇ ਬਾਰੇ ਵਿਚਾਰ ਵਟਾਂਦਰਾ ਕਈ ਮਹੀਨੇ ਲਗਾਤਾਰ ਜਾਰੀ ਰਿਹਾ ਸੀ। ਮੈਨੂੰ ਪਤਾ ਸੀ ਕਿ ਹਰ ਕਿਸੇ ਜੀਵ ਦਾ ਪਿਸ਼ਾਬ ਇਕ ਕਿਸਮ ਦਾ ਉਸ ਦਾ ਖ਼ੂਨ ਹੀ ਹੁੰਦਾ ਹੈ। ਗੁਰਦੇ ਸੌ ਲਿਟਰ ਖ਼ੂਨ ਵਿਚੋਂ ਵਾਰ-ਵਾਰ ਛਾਣ ਕੇ ਸਿਰਫ਼ ਇਕ ਲਿਟਰ ਪਿਸ਼ਾਬ ਵੱਖ ਕਰਦੇ ਹਨ। ਪਿਸ਼ਾਬ ਵਿਚ ਉਨ੍ਹਾਂ ਸੱਭ ਪਦਾਰਥਾਂ ਦੀ ਕੁੱਝ ਨਾ ਕੁੱਝ ਮਾਤਰਾ ਰਹਿ ਜਾਂਦੀ ਹੈ ਜੋ ਖ਼ੂਨ ਵਿਚ ਹੁੰਦੀ ਹੈ।
ਸਾਡੇ ਦੇਸ਼ ਵਿਚ ਗਊ ਦੇ ਪਿਸ਼ਾਬ ਦੀ ਮਹੱਤਤਾ ਇਸ ਕਰ ਕੇ ਹੈ ਕਿਉਂਕਿ ਸਾਡੇ ਦੇਸ਼ ਦੇ ਲੋਕ ਗਊ ਨੂੰ ਮਾਤਾ ਕਹਿ ਕੇ ਪੂਜਦੇ ਰਹੇ ਹਨ। ਭਾਵੇਂ ਅੱਜ ਦੇ ਮਸ਼ੀਨਰੀ ਯੁੱਗ ਨੇ ਗਊ ਦੀ ਮਹੱਤਤਾ ਨੂੰ ਘੱਟ ਕਰ ਦਿਤਾ ਹੈ। ਅੱਜ ਸਾਡੇ ਦੇਸ਼ ਵਿਚ ਗਊ ਦੇ ਪਿਸ਼ਾਬ ਦੀ ਵਰਤੋਂ ਹਜ਼ਾਰਾਂ ਪਦਾਰਥਾਂ ਵਿਚ ਕੀਤੀ ਜਾ ਰਹੀ ਹੈ। ਸੁਰਖ਼ੀ, ਬਿੰਦੀ, ਵਾਲਾਂ ਨੂੰ ਲਗਾਉਣ ਵਾਲਾ ਤੇਲ, ਆਯੁਰਵੈਦਿਕ ਦਵਾਈਆਂ, ਕੋਕਾ ਕੋਲਾ ਤੇ ਪੈਪਸੀ ਦੀ ਥਾਂ ਪਿਸ਼ਾਬ ਦਾ ਡਰਿੰਕ। ਇਕ ਦਿਨ ਮੇਰੇ ਪੁੱਤਰ ਨੂੰ ਨੀਂਦ ਨਹੀਂ ਸੀ ਆ ਰਹੀ। ਉਸ ਨੇ ਸੌਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸੌਂ ਨਾ ਸਕਿਆ ਕਿਉਂਕਿ ਕਮਰੇ ਵਿਚੋਂ ਗੰਦੀ ਬਦਬੂ ਆ ਰਹੀ ਸੀ। ਉਸ ਨੇ ਕਮਰੇ ਵਿਚੋਂ ਕਿਸੇ ਮਰੀ ਹੋਈ ਚੂਹੀ ਜਾਂ ਛਿਪਕਲੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਸਮਝ ਕੁੱਝ ਨਹੀਂ ਸੀ ਆ ਰਿਹਾ।
ਸਵੇਰੇ ਘਰ ਵਿਚ ਆਇਆ ਮੇਰਾ ਪੋਤਰਾ ਸਿਰਹਾਣੇ ਲਾਗੇ ਟੇਬਲ ਉਤੇ ਪਈ ਸ਼ੀਸ਼ੀ ਨੂੰ ਪੜ੍ਹ ਕੇ ਕਹਿਣ ਲਗਿਆ, ''ਰਾਤੀ ਸਾਰਿਕਾ ਚਾਚੀ ਨੇ ਅਪਣੇ ਵਾਲਾਂ ਨੂੰ ਜੋ ਬਾਬਾ ਰਾਮਦੇਵ ਦਾ ਤੇਲ ਲਗਾਇਆ ਸੀ ਉਸ ਵਿਚ ਗਊ ਦਾ ਪਿਸ਼ਾਬ ਹੈ।'' ਫਿਰ ਮੇਰੇ ਪੁੱਤਰ ਵਿਸ਼ਵ ਨੂੰ ਸਮਝ ਆਇਆ ਕਿ ਅਸਲ ਵਿਚ ਮਾਜਰਾ ਕੀ ਸੀ। ਇਸ ਵਿਚ ਪੂਰੀ ਸਚਾਈ ਹੈ ਕਿ ਗਊ ਜਾਂ ਹੋਰ ਜੀਵਾਂ ਦੇ ਪਿਸ਼ਾਬ ਵਿਚ ਦੋ ਦਰਜਨ ਤੋਂ ਵੱਧ ਤੱਤ ਪਾਏ ਜਾਂਦੇ ਹਨ। ਇਨ੍ਹਾਂ ਵਿਚ ਨਾਈਟ੍ਰੋਜਨ, ਸਲਫ਼ਰ, ਅਮੋਨੀਆ, ਕਾਪਰ, ਆਇਰਨ, ਯੂਰੀਆ, ਯੂਰਿਕ ਐਸਿਡ, ਫ਼ਾਸਫ਼ੇਟ, ਸੋਡੀਅਮ, ਪੋਟਾਸ਼ੀਅਮ ਆਦਿ ਪ੍ਰਮੁੱਖ ਹਨ। ਕੀ ਇਹ ਸਾਰੇ ਹੀ ਮਨੁੱਖੀ ਸਿਹਤ ਲਈ ਫਾਇਦੇਮੰਦ ਹਨ?
ਨਹੀਂ ਇਹ ਅਸੰਭਵ ਹੈ। ਜੇ ਇਨ੍ਹਾਂ ਵਿਚੋਂ ਕੁੱਝ ਸਾਡੀ ਸਿਹਤ ਲਈ ਲਾਭਦਾਇਕ ਹੋਣਗੇ ਵੀ ਤਾਂ ਕੁੱਝ ਨੁਕਸਾਨਦਾਇਕ ਵੀ ਤਾਂ ਜ਼ਰੂਰ ਹੋਣਗੇ। ਸੋ ਲੋੜ ਹੈ ਇਹ ਜਾਣਨ ਦੀ ਕਿ ਕਿਹੜੇ ਲਾਭਦਾਇਕ ਹਨ ਤੇ ਕਿਹੜੇ ਨੁਕਸਾਨ ਕਰਦੇ ਹਨ। ਕਈ ਵਾਰ ਵੱਡੀ ਉਮਰ ਦੀਆਂ ਗਊਆਂ ਦੇ ਗੁਰਦੇ ਵੀ ਫੇਲ੍ਹ ਹੋ ਜਾਂਦੇ ਹਨ ਤੇ ਉਹ ਖ਼ੂਨ ਦਾ ਵਧੀਆ ਢੰਗ ਨਾਲ ਫਿਲਟਰ ਨਹੀਂ ਕਰ ਸਕਦੀਆਂ। ਅਜਿਹੀ ਹਾਲਤ ਵਿਚ ਉਨ੍ਹਾਂ ਦੇ ਪੇਸ਼ਾਬ ਕਾਰਨ ਕਈ ਬਿਮਾਰੀਆਂ ਮਨੁੱਖੀ ਸ੍ਰੀਰ ਵਿਚ ਦਾਖਲ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਅਸਲੀਅਤ ਇਹ ਹੈ ਕਿ ਭਾਰਤ ਵਿਚ ਗਊ ਮਾਸ ਦੀ ਵਰਤੋਂ ਰੋਕਣ ਲਈ ਗਊ ਮੂਤਰ ਦੇ ਫਾਇਦਿਆਂ ਦਾ ਪ੍ਰਚਾਰ ਇਕ ਗਿਣੀ ਮਿਥੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ। ਗਊ ਦੇ ਪੇਸ਼ਾਬ ਦਾ ਵੀ ਦੁਨੀਆਂ ਦੀਆਂ ਵੱਖ-ਵੱਖ ਪ੍ਰਯੋਗਸ਼ਲਾਵਾਂ ਵਿਚ ਰਸਾਇਣਕ ਪ੍ਰੀਖਣ ਹੋਣਾ ਚਾਹੀਦਾ ਹੈ। ਇਸ ਪ੍ਰੀਖਣ ਦੇ ਨਾਲ ਨਾਲ ਪ੍ਰੀਖਣ ਕਰਨ ਵਾਲਿਆਂ ਦੀ ਨੀਅਤ ਵੀ ਧਿਆਨ ਵਿਚ ਰਖਣੀ ਚਾਹੀਦੀ ਹੈ ਕਿ ਕੌਣ ਕਿਸ ਚੀਜ਼ ਦਾ ਪ੍ਰਚਾਰ ਕਿਸ ਨੀਅਤ ਨਾਲ ਕਰ ਰਿਹਾ ਹੈ? ਥੋੜੀ ਜਿਹੀ ਘੋਖਵੀ ਨਜ਼ਰ ਗਊ ਦੇ ਪਿਸ਼ਾਬ ਸਬੰਧੀ ਸਾਡਾ ਨਜ਼ਰੀਆ ਦਰੁੱਸਤ ਕਰ ਸਕਦੀ ਹੈ। ਸੰਪਰਕ : 9888787440