
ਸੋਚ ਤੇ ਸੂਝ ਨੂੰ ਜਦੋਂ ਤੋਂ ਪਰ ਨਿਕਲੇ, ਇਸ ਕਲਮ ਨੇ ਅਪਣੇ ਵਡੇਰਿਆਂ ਦੀ ਸਿਖਿਆ ਅਨੁਸਾਰ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਉਡਾਰੀਆਂ ਮਾਰਨੀਆਂ ਆਰੰਭ ਦਿਤੀਆਂ ਸਨ।
ਸੋਚ ਤੇ ਸੂਝ ਨੂੰ ਜਦੋਂ ਤੋਂ ਪਰ ਨਿਕਲੇ, ਇਸ ਕਲਮ ਨੇ ਅਪਣੇ ਵਡੇਰਿਆਂ ਦੀ ਸਿਖਿਆ ਅਨੁਸਾਰ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਉਡਾਰੀਆਂ ਮਾਰਨੀਆਂ ਆਰੰਭ ਦਿਤੀਆਂ ਸਨ। ਘਰ ਵਿਚ ਮੇਰੇ ਆਦਰਸ਼ ਸ੍ਰ. ਸਾਧੂ ਸਿੰਘ ਹਮਦਰਦ ਤੇ ਡਾ. ਹਰਚਰਨ ਸਿੰਘ (ਨਾਟਕਕਾਰ) ਮੌਜੂਦ ਸਨ ਜਿਨ੍ਹਾਂ ਨੇ ਕਲਮ ਦੀ ਗੁੜ੍ਹਤੀ ਦਿੰਦਿਆਂ ਆਜੀਵਨ ਮੇਰੀ ਅਗਵਾਈ ਕੀਤੀ। ਬਾਬਾ ਨਾਨਕ ਜੀ ਦੀ ਪੰਜਵੀਂ ਮੁਬਾਰਕ ਸ਼ਤਾਬਦੀ (1969) ਸਮੇਂ ਤਾਂ ਅਕਾਲ ਪੁਰਖ ਨੇ ਹੱਥਾਂ ਵਿਚ ਕਲਮ ਵੀ ਫੜਾ ਦਿਤੀ ਸੀ ਤੇ 18 ਕੁ ਵਰ੍ਹਿਆਂ ਦੀ ਮੁਟਿਆਰ ਕੋਲੋਂ, ਪਹਿਲੇ ਹਰਫ਼ ਵੀ ਉਸ ਨੇ ਜਗਤ-ਗੁਰੂ ਜੀ ਬਾਰੇ ਹੀ ਲਿਖਵਾਏ।
Photo
ਪੰਜਾਬੀਅਤ ਦੇ ਵਿਭਿੰਨ ਮਸਲਿਆਂ ਨੇ ਧਿਆਨ ਖਿਚਣਾ ਆਰੰਭਿਆ ਤਾਂ ਮੈਂ ਅਪਣੇ ਆਲੇ ਦੁਆਲੇ ਦੇ ਸਿਆਣਿਆਂ ਖ਼ਾਸ ਕਰ ਕੇ ਅਪਣੇ ਗਿਆਨੀ ਦਾਦਾ ਕ੍ਰਿਪਾ ਸਿੰਘ ਜੀ ਨਾਲ ਸੰਵਾਦ ਰਚਾਉਣ ਲੱਗੀ। ਅੱਜ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਗੁਜ਼ਰ ਜਾਣ ਤੇ, ਪਿੱਛਲਝਾਤ ਮਾਰਿਆਂ ਮੇਰਾ ਤਰਾਹ ਨਿਕਲ ਜਾਂਦਾ ਹੈ। ਮਨ ਮਸੋਸਿਆ ਜਾਂਦਾ ਹੈ ਤੇ ਆਪ ਮੁਹਾਰੇ ਇਕ ਹਾਉਕਾ ਨਿਕਲਦਾ ਹੈ ਕਿ ਮੇਰੇ ਘੁੱਗ ਵਸਦੇ ਪੰਜਾਬ ਨੂੰ ਕਿਹਦੀ ਨਜ਼ਰ ਲੱਗ ਗਈ ਹੈ ਜਿਥੇ ਮੈਂ ਤ੍ਰਿੰਝਣਾਂ ਦੀਆਂ ਰੌਣਕਾਂ ਵੇਖੀਆਂ ਤੇ ਚਰਖਿਆਂ ਦੀ ਘੂਕਰ ਸੁਣੀ ਹੈ।
Photo
(1973 ਵਿਚ ਜਦੋਂ ਮੈਂ ਡੀ.ਏ.ਵੀ. ਕਾਲਜ ਜਲੰਧਰ ਤੋਂ ਐਮ.ਐਸ.ਸੀ. ਹਿਸਾਬ ਦੇ ਸਾਲਾਨਾ ਪੇਪਰਾਂ ਦੀ ਤਿਆਰੀ ਕਰਨ ਅਪਣੇ ਪਿੰਡ ਉੜਾਪੜ ਆਉਂਦੀ ਤਾਂ ਮੇਰੀ ਮਾਂ-ਅੱਧੀ ਰਾਤ ਤਕ, ਮੇਰਾ ਸਾਥ ਦੇਣ ਲਈ, ਕੋਲ ਬੈਠੀ ਚਰਖਾ ਕਤਦੀ ਰਹਿੰਦੀ) ਉਸੇ ਪੰਜਾਬ ਦੀ ਵੀਰਾਨਗੀ, ਬੇਵਸੀ, ਭੁੱਖ ਨੰਗ, ਉਜਾੜਾ ਤੇ ਵੱਢ-ਟੁਕ ਇਨ੍ਹਾਂ ਨੈਣਾਂ ਨੇ ਖ਼ੁਦ ਤੱਕੀ ਹੈ। ਰੌਣਕਾਂ, ਰੰਗੀਨੀਆਂ, ਬਰਕਤਾਂ, ਨਿਆਮਤਾਂ ਤੇ ਬਖ਼ਸ਼ਿਸ਼ਾਂ ਦੇ ਭੰਡਾਰ ਪੰਜਾਬ ਦਾ ਮੂੰਹ ਮੱਥਾ ਕਿਸ ਨੇ ਵਿਗਾੜਿਆ?
ਕਿਥੇ ਅਲੋਪ ਹੋ ਗਈ ਇਸ ਦੀ ਪਵਿੱਤਰਤਾ, ਸਾਫ਼ਗੋਈ, ਬਾਂਕਪਣ, ਸੂਰਬੀਰਤਾ, ਸ਼ਾਇਸਤਗੀ ਤੇ ਅਨੇਕਤਾ ਵਿਚ ਏਕਤਾ ਵਾਲੀ ਭਾਵਨਾ? ਕਿਉਂ ਅਲੋਪ ਹੋ ਗਈ ਇਸ ਦੀ ਵੰਨ ਸੁਵੰਨਤਾ? ਕਿਸ ਨੇ ਅਲੋਪ ਕਰ ਦਿਤੀ ਇਸ ਦੇ ਲੋਕਾਂ ਦੀ ਜਾਂਬਾਜ਼ੀ ਵਾਲੀ ਖ਼ਾਹਿਸ਼? ਪੰਜਾਹ ਕੁ ਵਰ੍ਹਿਆਂ ਦੇ ਸੂਝ ਦੇ ਇਸ ਸਫ਼ਰ ਨੇ ਬਹੁਤ ਤੜਪਾਇਆ ਰੁਵਾਇਆ ਤੇ ਸਤਾਇਆ ਹੈ। 'ਦੇਖਦੇ ਹੀ ਦੇਖਦੇ ਯਹ ਕਿਆ ਹੂਆ।'
Photo
ਕਦੇ ਅੱਜ ਸ੍ਰੀ ਰਾਬਿੰਦਰ ਨਾਥ ਟੈਗੋਰ ਨੂੰ ਚੇਤਵਦੀ ਹਾਂ ਤੇ ਕਦੇ ਪ੍ਰੋ. ਮੋਹਨ ਸਿੰਘ, ਚਾਤ੍ਰਿਕ ਤੇ ਸ਼ਰਫ਼ ਨੂੰ। ਪ੍ਰੋ. ਮੋਹਨ ਸਿੰਘ, ਧਨੀ ਰਾਮ ਚਾਤ੍ਰਿਕ ਆਦਿ ਤਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਥੰਮ੍ਹ ਸਨ ਹੀ ਪਰ ਟੈਗੋਰ ਨੇ ਵੀ ਕੌਮੀ ਤਰਾਨੇ ਵਿਚ ਪੰਜਾਬ ਦਾ ਨਾਂ ਸੱਭ ਤੋਂ ਮੂਹਰੇ ਰੱਖ ਕੇ ਸਾਡੇ ਪੰਜਾਬ ਦਾ ਪਿਆਰ ਤੇ ਸਤਿਕਾਰ ਸਦਾ ਲਈ ਅਪਣੇ ਨਾਂ ਬੈ ਕਰਾ ਲਿਆ। 'ਭਾਰਤ ਹੈ ਵਾਂਗ ਮੁੰਦਰੀ ਨੱਗ ਪੰਜਾਬ ਦਾ', 'ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ' ਅਤੇ 'ਸੁਹਣੇ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਈਉ' ਸਾਡੇ ਚੋਣਵੇਂ, ਹਰਮਨ ਪਿਆਰੇ ਤੇ ਮਹਿਬੂਬ ਸ਼ਾਇਰਾਂ ਦੇ ਨਿਚੋੜ ਹਨ। ਇਨ੍ਹਾਂ ਸਭਨਾਂ ਨੇ ਅਪਣੀ ਅਕੀਦਤ, ਅਪਣੱਤ, ਸ਼ਰਧਾ, ਅਦਬ ਤੇ ਲਗਾਅ ਦਰਸਾਏ।
ਇਕ ਸੁਤੰਤਰ ਦੇਸ਼ ਵਜੋਂ ਵਿਖਿਆਤ, ਵਿਚਰਿਆ, ਪ੍ਰਵਾਨਿਆ, ਹੰਢਿਆ ਤੇ ਝੰਡੇ ਗੱਡਦਾ ਰਿਹਾ ਪੰਜਾਬ ਅੱਜ ਜਿਵੇਂ ਸਾਹ ਫਰੋਲਦਾ ਜਾਪ ਰਿਹਾ ਹੈ। 'ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ਼ ਸੇ' ਬਿਨਾਂ ਸ਼ੱਕ ਇਸ ਦੀ ਇਹ ਅਤਿ ਤ੍ਰਾਹੁਣੀ ਹਾਲਤ ਕਰ ਦੇਣ ਵਾਲੇ ਇਸ ਦੇ ਹਮਸਾਏ ਤਾਂ ਹਨ ਹੀ, ਘਰ ਵਾਲੇ ਵੀ ਉਤਨੇ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਅਪਣੀਆਂ ਚੌਧਰਾਂ, ਕੁਰਸੀਆਂ ਤੇ ਤਾਕਤ ਲਈ ਪਿਛਲੀ ਅੱਧੀ ਸਦੀ ਵਿਚ ਅਜਿਹੀਆਂ ਕਾਲੀਆਂ ਕਰਤੂਤਾਂ ਕੀਤੀਆਂ ਕਿ ਜ਼ਮਾਨਾ ਦੰਗ ਰਹਿ ਗਿਆ।
Photo
ਸੌੜੀ ਸੋਚ, ਗੰਦੀ ਰਾਜਨੀਤੀ ਤੇ ਸਵਾਰਥੀ ਰੁਚੀਆਂ ਕਰ ਕੇ ਇਸ ਦੇ ਕੁੱਝ ਆਗੂਆਂ ਨੇ ਅਜਿਹੇ ਗੰਢ-ਚਤਰਾਵੇ ਕਰ ਲਏ ਕਿ ਇਸ ਮਾਂ-ਮਿੱਟੀ ਦੀ ਹੋਂਦ ਨੂੰ ਹੀ ਘੱਟੇ ਮਿੱਟੀ ਰੋਲ ਦਿਤਾ। ਕੁੱਲੂ, ਮਨਾਲੀ ਤੇ ਦਿੱਲੀ ਤਕ ਦਾ ਵਿਸ਼ਾਲ ਪੰਜਾਬ ਅੱਜ ਅਪਣੇ ਨਾਂ ਨੂੰ ਹੀ ਪੁਸ਼ਟ ਨਹੀਂ ਕਰ ਰਿਹਾ। ਮੁੱਠੀ ਭਰ ਕਾਬਜ਼ ਸਿਆਸਤਦਾਨਾਂ ਦੀਆਂ ਬਦਨੀਤੀਆਂ ਤੇ ਕੁਚਾਲਾਂ ਨੇ ਸਾਨੂੰ ਪੰਜਾਬੀਆਂ ਨੂੰ ਕੱਖੋਂ ਹੌਲੇ ਕਰ ਕੇ ਰੱਖ ਦਿਤਾ ਹੈ। 1947 ਦੀ ਦੇਸ਼ ਵੰਡ ਸਮੇਂ ਵੀ, ਇਕ ਸਾਜ਼ਸ਼ ਅਧੀਨ, ਵਧੀਆ ਲੇਖਕਾਂ, ਕਲਾਕਾਰਾਂ ਤੇ ਅਦਾਕਾਰਾਂ ਨੂੰ ਦਿੱਲੀ ਤੇ ਦੱਖਣ ਵਿਚ ਵਸਾਇਆ ਗਿਆ।
(ਅੰਮ੍ਰਿਤਾ, ਅਜੀਤ ਕੌਰ, ਖ਼ੁਸ਼ਵੰਤ ਸਿੰਘ ਆਦਿ) ਤਾਂ ਜੋ ਪੰਜਾਬੀ ਮਾਂ-ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਰੋਕਿਆ ਜਾ ਸਕੇ ਤੇ ਇਸ ਨੂੰ ਦੂਜੇ ਸਥਾਨ ਉਤੇ ਹੀ ਰਖਿਆ ਜਾ ਸਕੇ। ਸਨਅਤੀ ਨੀਤੀ ਤਹਿਤ ਵੀ ਪੰਜਾਬ ਨੂੰ ਫਾਡੀ ਰਖਿਆ ਗਿਆ, ਜਦੋਂ ਕਿ ਦੂਜੇ ਰਾਜਾਂ (ਖ਼ਾਸ ਕਰ ਕੇ ਯੂ.ਪੀ. ਤੇ ਹਰਿਆਣਾ) ਨੂੰ ਰੱਜ-ਰੱਜ ਕੇ ਗੱਫੇ ਦਿਤੇ ਗਏ। ਸਾਡੇ ਬਹੁਤ ਪੜ੍ਹੇ ਲਿਖੇ ਤੇ ਵਿਸ਼ੇਸ਼ ਵਿਦਿਅਕ ਯੋਗਤਾਵਾਂ ਵਾਲੇ ਨੌਜੁਆਨ ਅੱਜ ਵੀ ਨੌਇਡਾ ਤੇ ਗੁੜਗਾਉਂ ਜਾਣ ਲਈ ਮਜਬੂਰ ਹਨ ਕਿਉਂਕਿ ਪੰਜਾਬ ਵਿਚ ਉਨ੍ਹਾਂ ਲਈ ਨੌਕਰੀ ਹੈ ਹੀ ਕੋਈ ਨਹੀਂ।
Photo
ਖੁੱਲ੍ਹੀ, ਡੁੱਲ੍ਹੀ, ਬੇਪ੍ਰਵਾਹ ਤੇ ਐਸ਼ ਭਰੀ ਜੀਵਨ ਸ਼ੈਲੀ ਤੇ ਬੇਗਾਨਿਆਂ ਨੂੰ ਵੀ ਗਲਵਕੜੀਆਂ ਪਾਉਂਦੀ ਪੰਜਾਬੀਅਤ ਅੱਜ ਸਕੇ ਪਿਉ, ਭਰਾ, ਮਾਂ ਤੇ ਮਾਮਿਆਂ ਉਤੇ ਵੀ ਭਰੋਸਾ ਕਰਨੋਂ ਵਰਜਦੀ ਹੈ। ਇਸ ਦੇ ਆਕਾਵਾਂ ਨੇ ਇਕ ਸੋਚੀ ਸਮਝੀ ਚਾਲ ਅਧੀਨ ਪੰਜਾਬ ਦੇ ਕੁਦਰਤੀ ਵਸੀਲਿਆਂ ਨੂੰ ਵੀ ਨਹੀਂ ਬਖ਼ਸ਼ਿਆ-ਇਸ ਦੇ ਬਾਕੀ ਬਚੇ ਢਾਈ ਦਰਿਆਵਾਂ ਨਾਲ ਵੀ ਧ੍ਰੋਹ ਕਮਾਇਆ ਹੈ।
ਗ਼ੈਰ-ਰਾਏਪੇਰੀਅਨ ਸੂਬਿਆਂ (ਹਰਿਆਣਾ ਤੇ ਰਜਿਸਥਾਨ) ਨੂੰ ਇਸ ਦਾ ਪਾਣੀ ਦਿਵਾ ਕੇ ਇਸ ਦੇ ਬੱਚਿਆਂ ਨੂੰ ਬੂੰਦ-ਬੂੰਦ ਲਈ ਤਰਸਣ ਲਈ ਮਜਬੂਰ ਕਰ ਦਿਤਾ ਹੈ। ਹਰੇ ਇਨਕਲਾਬ ਦਾ ਨਾਹਰਾ ਬੁਲੰਦ ਕਰ ਕੇ, ਵੱਧ ਫ਼ਸਲ ਲੈਣ ਦੇ ਚੱਕਰ ਵਿਚ, ਬੇਹਿਸਾਬੇ ਕੀਟਨਾਸ਼ਕ, ਨਕਲੀ ਖਾਦਾਂ ਤੇ ਸਪਰੇਅ ਕਾਰਨ ਪੰਜਾਬ ਦੀ ਮਿੱਟੀ ਜ਼ਹਿਰਾਂ ਉਗਲਣ ਲੱਗ ਪਈ ਹੈ। ਕਾਰਪੋਰੇਟ ਤਾਕਤਾਂ ਨੇ ਸਾਡੀ ਸਿਖਿਆ ਪ੍ਰਣਾਲੀ ਦਾ ਮੁਹਾਂਦਰਾ ਹੀ ਬਦਲ ਦਿਤਾ ਹੈ। ਸਿਹਤ ਸਹੂਲਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਕਰ ਦਿਤੀਆਂ ਗਈਆਂ ਹਨ। ਸਾਡੇ ਰਹਿਬਰਾਂ ਨੇ ਸਾਂਝੇ ਲੰਗਰ ਚਲਾ ਕੇ ਹਰ ਲੋੜਵੰਦ ਲਈ ਰੋਟੀ ਰੋਜ਼ੀ ਦਾ ਪ੍ਰਬੰਧ ਕਰ ਦਿਤਾ ਸੀ ਤੇ ਕਿਰਤ ਨੂੰ ਸਰਵੋਤਮਤਾ ਬਖ਼ਸ਼ੀ ਸੀ ਪਰ ਅਜੋਕਾ ਪੰਜਾਬੀ ਕਿਰਤ ਤੋਂ ਕੋਹਾਂ ਦੂਰ ਭੱਜ ਰਿਹਾ ਹੈ।
Photo
ਚਿੱਟੇ-ਕਪੜਿਆਂ ਵਾਲੇ ਸਾਡੇ ਪੜ੍ਹੇ ਲਿਖੇ ਨੌਜੁਆਨ ਅੱਜ ਬਿਹਾਰੀਆਂ ਤੋਂ ਕੰਮ ਕਰਵਾ ਕੇ ਖ਼ੁਦ ਲਾਟ ਸਾਹਬ ਬਣ ਕੇ ਵਿਚਰ ਰਹੇ ਹਨ ਭਾਵੇਂ ਆਪ ਰਾਤ ਨੂੰ ਕੋਈ ਏ.ਟੀ. ਐਮ ਲੁੱਟਣ ਜਾਂ ਕਿਸੇ ਦੇ ਗਲੇ ਵਿਚੋਂ ਜ਼ੰਜੀਰ ਖਿੱਚਣ। ਢਾਈ ਸੌ ਸਾਲਾਂ ਤਕ ਜਿਹੜੀ ਜੀਵਨ ਜਾਚ ਗੁਰੂ ਪਾਤਿਸ਼ਾਹੀਆਂ ਨੇ ਸਾਨੂੰ ਸਿਖਾਈ ਸੀ ਉਹ ਸਦੀਵਕਾਲੀ, ਸਰਬਸਾਂਝੀ ਤੇ ਸਰਬੱਤ ਦੇ ਭਲੇ ਲਈ ਸੀ ਪਰ ਮਨੁੱਖਤਾ ਦੇ ਵੈਰੀਆਂ ਨੇ 15ਵੀਂ ਸਦੀ ਤੋਂ 21ਵੀਂ ਸਦੀ ਤਕ ਇਸ ਦਾ ਮੂੰਹ ਮੁਹਾਂਦਰਾ ਬਿਲਕੁਲ ਬਦਲ ਦੇਣ ਵਿਚ ਕੋਈ ਕਸਰ ਨਹੀਂ ਛੱਡੀ। ਅੱਜ ਜਿਥੇ ਊੜਾ ਉਡਾਇਆ ਜਾ ਰਿਹਾ ਹੈ, ਉਥੇ ਜੂੜੇ ਉਤੇ ਵੀ ਖ਼ਤਰੇ ਦੇ ਬੱਦਲ ਗ਼ਰਜ ਰਹੇ ਹਨ।
ਅੱਧੀ ਕੁ ਸਦੀ ਪਹਿਲਾਂ, ਜਦੋਂ ਦੇਸ਼ ਦੇ ਨਕਸ਼ੇ ਨੂੰ ਵਿਖਾਇਆ ਜਾਂਦਾ ਸੀ ਤਾਂ ਪੰਜਾਬ ਦੀ ਪਹਿਚਾਣ, ਦਸਤਾਰਾਂ ਵਾਲੇ ਸਿੰਘਾਂ ਨਾਲ ਕਰਵਾਈ ਜਾਂਦੀ ਸੀ ਪਰ ਹੁਣ ਸਾਡੇ ਗਾਇਕਾਂ, ਲੇਖਕਾਂ ਤੇ ਅਦਾਕਾਰਾਂ ਨੇ ਮੁੰਨੇ ਸਿਰਾਂ ਨਾਲ ਅਜਿਹੀ ਹਨੇਰੀ ਮਚਾਈ ਹੈ ਕਿ ਜਣਾ ਖਣਾ ਸਲਮਾਨ ਖ਼ਾਨ ਬਣਿਆ ਫਿਰਦਾ ਹੈ। ਜਿਸ ਸਰੂਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਭ ਕੁੱਝ ਨਿਛਾਵਰ ਕਰ ਕੇ ਸਾਨੂੰ ਬਖ਼ਸ਼ਿਆ ਸੀ, ਉਹ ਧੜਾਧੜ ਨਦਾਰਦ ਹੋ ਰਿਹਾ ਹੈ। ਸੱਤ ਤੇ ਨੌਂ ਸਾਲ ਦੀਆਂ ਮਾਸੂਮ ਜਿੰਦਾਂ ਦੀ ਕੁਰਬਾਨੀ ਅਸੀ ਖੂਹ ਖਾਤੇ ਪਾ ਛੱਡੀ ਹੈ।
Photo
ਪੂਰੇ ਹਿੰਦੋਸਤਾਨ ਵਿਚੋਂ 1699 ਦੇ ਭੀੜਾਂ ਭਰੇ ਸਮੇਂ ਵਿਚ ਵੀ, 80 ਹਜ਼ਾਰ ਦੇ ਵੱਡੇ ਇਕੱਠ ਰਾਹੀਂ ਪੰਜ ਪਿਆਰਿਆਂ ਦੀ ਚੋਣ ਕਰ ਕੇ ਜਿਹੜਾ ਲੋਕਤਾਂਤਰਿਕ ਇਨਕਲਾਬ, ਪੰਚ ਪ੍ਰਣਾਲੀ ਤੇ ਨਿਰਪੱਖ ਨਿਜ਼ਾਮ ਸਤਿਗੁਰ ਸਾਹਿਬਾਨ ਨੇ ਸਾਨੂੰ ਬਖ਼ਸ਼ਿਆ ਸੀ, ਉਹ ਅੱਜ ਹਾਸ਼ੀਏ ਉਤੇ ਧਕਿਆ ਜਾ ਰਿਹਾ ਹੈ। ਪੰਜਾਬ ਦੀ ਇਹ ਲਾਸਾਨੀ, ਬੇਸ਼ਕੀਮਤੀ ਤੇ ਨਿਵੇਕਲੀ ਦੇਣ ਘੱਟੇ ਮਿੱਟੀ ਰੋਲੀ ਜਾ ਰਹੀ ਹੈ। ਨਿਰਸੰਦੇਹ, ਪੰਜਾਬ ਇਕ ਸੁਤੰਤਰ ਦੇਸ਼ ਵਜੋਂ ਵਿਚਰਿਆ ਹੈ ਜਿਸ ਦੇ ਬਾਂਕੇ ਯੋਧੇ ਪੁੱਤਰ ਪੋਰਸ ਨੇ ਸੰਸਾਰ ਜੇਤੂ ਮਹਾਨ ਸਿਕੰਦਰ ਨੂੰ ਵੀ ਇਸ ਦਾ ਢਾਹਾ ਨਹੀਂ ਸੀ ਟੱਪਣ ਦਿਤਾ।
(ਬਾਕੀ ਅਗਲੇ ਹਫ਼ਤੇ)
ਸੰਪਰਕ : 98156-20515