
ਸੰਦੀਪ ਸਿੰਘ ਧਾਲੀਵਾਲ ਦਾ ਜਨਮ ਸ. ਪਿਆਰਾ ਸਿੰਘ ਸੇਵਾਮੁਕਤ ਫ਼ੌਜੀ ਦੇ ਗ੍ਰਹਿ ਪਿੰਡ ਧਾਲੀਵਾਲ ਜ਼ਿਲ੍ਹਾ ਕਪੂਰਥਲਾ ਵਿਚ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ
ਅਮਰੀਕਾ ਦੇ ਟੈਕਸਾਸ ਸੂਬੇ ਵਿਚ ਬੀਤੇ 27 ਸਤੰਬਰ 2019 ਨੂੰ ਹੈਰਿਸ ਕਾਊਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ (42) ਨੂੰ ਇਕ ਸਿਰਫਿਰੇ ਸਪੈਨਿਸ਼ ਮੂਲ ਦੇ ਰਾਬਰਟ ਸਾਲਸ (47) ਨਾਮੀ ਵਿਅਕਤੀ ਵਲੋਂ ਸ਼ਹੀਦ ਕਰਨ 'ਤੇ ਪੂਰੇ ਅਮਰੀਕਾ ਵਿਚ ਸੋਗ ਦੀ ਲਹਿਰ ਦੌੜ ਗਈ। ਉਹ ਅਮਰੀਕਾ ਵਿਚ ਪਹਿਲੇ ਪਗੜੀਧਾਰੀ ਸਿੱਖ ਪੁਲਿਸ ਅਫ਼ਸਰ ਹਨ ਜਿਨ੍ਹਾਂ ਨੂੰ ਡਿਊਟੀ ਸਮੇਂ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ।
ਉਨ੍ਹਾਂ ਨੇ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ। ਉਸ ਦੇ ਕਾਗ਼ਜ਼ਾਤ ਚੈੱਕ ਕਰਨ ਲਈ ਜਦ ਉਹ ਅਪਣੀ ਕਾਰ ਵਲ ਚਲੇ ਤਾਂ ਕਾਤਲ ਨੇ ਪਿੱਛੋਂ ਉਨ੍ਹਾਂ ਉਪਰ ਗੋਲੀਆਂ ਚਲਾ ਦਿਤੀਆਂ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਏ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਪਾਇਆ। ਉਨ੍ਹਾਂ ਦੀ ਗਰਦਨ ਅਤੇ ਸਿਰ ਵਿਚ ਗੋਲੀਆਂ ਲਗੀਆਂ ਸਨ।
ਕਾਤਲ ਜੋ ਕਿ ਪਹਿਲਾਂ ਹੀ ਕਈ ਜੁਰਮਾਂ ਵਿਚ ਜੇਲ ਵਿਚ ਸਜ਼ਾ ਭੁਗਤ ਰਿਹਾ ਸੀ, ਪੈਰੋਲ 'ਤੇ ਆਇਆ ਹੋਇਆ ਸੀ। ਪੈਰੋਲ ਖ਼ਤਮ ਹੋਣ ਦੇ ਬਾਵਜੂਦ ਉਹ ਵਾਪਸ ਜੇਲ ਨਹੀਂ ਗਿਆ ਸੀ। ਉਸ ਦੇ ਨਾਲ ਉਸ ਦੀ ਇਕ ਦੋਸਤ ਲੜਕੀ ਸੀ। ਉਨ੍ਹਾਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਕੇ ਜਦ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਅਦਾਲਤ ਵਿਚ ਸੁਣਵਾਈ ਦੌਰਾਨ ਪ੍ਰੋਸੀਕਿਊਟਰ ਕੈਟੀ ਵਾਰੇਨ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਦੇ ਮਾਰੇ ਜਾਣ ਕਰ ਕੇ ਉਸ ਦੀ ਪਤਨੀ ਵਿਧਵਾ ਹੋ ਗਈ ਹੈ ਅਤੇ ਤਿੰਨ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਹੈ।
ਮਾਣਯੋਗ ਜੱਜ ਕ੍ਰਿਸ ਮੋਰਟਿਨ ਨੇ ਉਸ ਨੂੰ ਬਿਨਾਂ ਜ਼ਮਾਨਤ ਤੋਂ ਹਿਰਾਸਤ ਵਿਚ ਰੱਖਣ ਦੇ ਹੁਕਮ ਦਿਤੇ ਅਤੇ ਕਿਹਾ ਕਿ ਉਸ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਕਾਤਲ ਨੂੰ ਜਦ ਕਤਲ ਕਰਨ ਦਾ ਕਾਰਨ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਪਹਿਲਾਂ ਹੀ ਭਗੌੜਾ ਹੈ ਤੇ ਇਸ ਪੁਲਿਸ ਅਫ਼ਸਰ ਨੇ ਉਸ ਨੂੰ ਮੁੜ ਜੇਲ ਭੇਜ ਦੇਣਾ ਸੀ, ਪਰ ਉਹ ਮੁੜ ਜੇਲ ਨਹੀਂ ਜਾਣਾ ਚਾਹੁੰਦਾ, ਇਸ ਲਈ ਉਸ ਨੇ ਇਹ ਕਾਰਾ ਕੀਤਾ। ਪੁਲਿਸ ਨੇ ਉਸ ਪਾਸੋਂ ਵਰਤੀ ਗਈ 45 ਕੈਲੀਬਰ ਸੈਮੀ ਆਟੋਮੈਟਿਕ ਗਨ ਪ੍ਰਾਪਤ ਕਰ ਲਈ ਹੈ।
ਸੰਦੀਪ ਸਿੰਘ ਧਾਲੀਵਾਲ ਦਾ ਜਨਮ ਸ. ਪਿਆਰਾ ਸਿੰਘ ਸੇਵਾਮੁਕਤ ਫ਼ੌਜੀ ਦੇ ਗ੍ਰਹਿ ਪਿੰਡ ਧਾਲੀਵਾਲ ਜ਼ਿਲ੍ਹਾ ਕਪੂਰਥਲਾ ਵਿਚ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ। ਉਹ ਅਪਣੇ ਪਿੱਛੇ ਦੋ ਬੇਟੀਆਂ ਉਮਰ 13 ਸਾਲ ਅਤੇ 10 ਸਾਲ ਅਤੇ ਬੇਟਾ ਉਮਰ 5 ਸਾਲ ਤੇ ਪਤਨੀ ਅਤੇ ਪਿਤਾ ਛੱਡ ਗਏ ਹਨ। ਉਨ੍ਹਾਂ ਦੀ ਮਾਤਾ ਦਾ ਸਾਲ ਕੁ ਪਹਿਲਾ ਦਿਹਾਂਤ ਹੋ ਗਿਆ ਸੀ। ਉਹ 25 ਕੁ ਸਾਲ ਪਹਿਲਾਂ ਅਮਰੀਕਾ ਆਏ। ਇੱਥੇ ਆ ਕੇ ਉਹ ਸਭਿਆਚਾਰਕ ਪ੍ਰੋਗਰਾਮਾਂ ਵਿਚ ਭੰਗੜੇ ਦੇ ਜੌਹਰ ਵਿਖਾਉਣ ਕਰ ਕੇ ਬੜੇ ਹਰਮਨ ਪਿਆਰੇ ਹੋ ਗਏ।
ਪੁਲਿਸ ਵਿਚ ਭਰਤੀ ਹੋਣਾ ਸੁਭਾਵਕ ਨਹੀਂ ਸੀ। ਸੀ ਐਨ.ਐਨ. ਨੂੰ ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਉਨ੍ਹਾਂ ਦੇ ਪਿਤਾ ਸ. ਪਿਆਰਾ ਸਿੰਘ ਧਾਲੀਵਾਲ ਨੇ ਮੰਗਲਵਾਰ ਨੂੰ ਦਸਿਆ ਕਿ 2008 ਦੀ ਗੱਲ ਹੈ ਕਿ ਸੰਦੀਪ ਸਿੰਘ ਗੁਰਦੁਆਰੇ ਬੈਠਾ ਸੀ ਕਿ ਇਕ ਘਟਨਾ ਵਾਪਰੀ ਜਿਸ ਵਿਚ ਇਕ ਸਿੱਖ ਪ੍ਰਵਾਰ ਦੇ ਘਰ ਚੋਰੀ ਹੋ ਗਈ। ਜਦ ਪ੍ਰਵਾਰ ਨੇ ਪੁਲਿਸ ਨੂੰ ਅਪਣੀ ਸਹਾਇਤਾ ਲਈ ਸਦਿਆ ਤਾਂ ਪੁਲਿਸ ਨੇ ਉਲਟਾ ਪ੍ਰਵਾਰ ਵਿਰੁਧ ਕੇਸ ਦਰਜ ਕਰ ਦਿਤਾ।
ਅਸਲ ਵਿਚ ਪ੍ਰਵਾਰ ਦੇ ਮੁਖੀ ਨੇ ਕ੍ਰਿਪਾਨ ਪਾਈ ਹੋਈ ਸੀ ਅਤੇ ਪੁਲਿਸ ਨੂੰ ਨਹੀਂ ਸੀ ਪਤਾ ਕਿ ਅੰਮ੍ਰਿਤਧਾਰੀ ਸਿੱਖ ਕ੍ਰਿਪਾਨ ਪਹਿਨਦੇ ਹਨ। ਇਸ ਘਟਨਾ ਤੋਂ ਬਾਦ ਪੁਲਿਸ ਅਧਿਕਾਰੀ ਗੁਰਦੁਆਰੇ ਆਏ ਤੇ ਸਿੱਖਾਂ ਨੂੰ ਅਮਰੀਕੀ ਪੁਲਿਸ ਵਿਚ ਭਰਤੀ ਹੋਣ ਦੀ ਅਪੀਲ ਕੀਤੀ। ਸੰਦੀਪ ਸਿੰਘ ਨੇ ਪਿਤਾ ਨਾਲ ਗੱਲ ਕੀਤੀ। ਭਾਵੇਂ ਅਮਰੀਕਾ ਵਿਚ ਬੰਦੂਕ ਸਭਿਆਚਾਰ ਹੋਣ ਕਰ ਕੇ ਪੁਲਿਸ ਦੀ ਨੌਕਰੀ ਬੜੀ ਜੋਖਮ ਭਰਿਆ ਕਾਰਜ ਹੈ ਪਰ ਉਸ ਨੇ ਕਿਹਾ ਕਿ ਉਹ ਆਮ ਸਿੱਖਾਂ ਨਾਲੋਂ ਵਖਰਾ ਕੰਮ ਕਰਨਾ ਚਾਹੁੰਦਾ ਹੈ। ਉਸ ਸਮੇਂ ਉਹ ਆਮ ਪੰਜਾਬੀਆਂ ਵਾਂਗ ਟਰੱਕਿੰਗ ਦਾ ਕੰਮ ਕਰਦਾ ਸੀ।
ਉਹ 2009 ਵਿੱਚ ਡੀਟੈਨਸ਼ਨ ਅਫ਼ਸਰ ਭਰਤੀ ਹੋਇਆ ਅਤੇ ਹੌਲੀ ਹੌਲੀ ਤਰੱਕੀ ਕਰਦਾ ਕਰਦਾ ਡਿਪਟੀ ਚੀਫ਼ ਬਣ ਗਿਆ। ਉਸ ਨੇ 2015 ਵਿਚ ਦਸਤਾਰ ਸਜਾਉਣ ਦੀ ਆਗਿਆ ਮੰਗੀ ਜਿਸ ਦੀ ਚਰਚਾ ਅਮਰੀਕੀ ਮੀਡੀਆ ਵਿਚ ਬਹੁਤ ਹੋਈ। ਉਸ ਨੂੰ ਆਗਿਆ ਮਿਲਣ ਨਾਲ ਆਉਣ ਵਾਲੇ ਸਿੱਖਾਂ ਲਈ ਸਿੱਖੀ ਸਰੂਪ ਵਿਚ ਪੁਲਿਸ ਵਿਚ ਨੌਕਰੀ ਕਰਨ ਦਾ ਰਾਹ ਖੁੱਲ੍ਹ ਗਿਆ।
ਪੁਲਿਸ ਵਿਚ ਉਸ ਨੇ ਦਫ਼ਤਰ ਵਿਚ ਕੰਮ ਕਰਨ ਦੀ ਥਾਂ 'ਤੇ ਆਮ ਲੋਕਾਂ ਵਿਚ ਵਿਚਰਨ ਨੂੰ ਪਹਿਲ ਦਿਤੀ। ਉਹ ਅਕਸਰ ਅਪਣੀ ਗੱਡੀ ਵਿਚ ਘੁੰਮਦਾ ਫਿਰਦਾ ਸੀ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਹੁਣ ਵੀ ਉਹ ਚੌਕ ਵਿਚ ਡਿਊਟੀ ਦੇ ਰਿਹਾ ਸੀ, ਜਦ ਉਸ ਦਾ ਕਤਲ ਹੋਇਆ। ਉਹ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ। ਹਸਮੁੱਖ ਅਤੇ ਹਰ ਸਮੇਂ ਸੇਵਾ ਸਮਰਪਿਤ ਵਾਲੇ ਧਾਲੀਵਾਲ ਦੀਆਂ ਸੇਵਾਵਾਂ ਨੂੰ ਅਮਰੀਕੀ ਮੀਡੀਆ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ। ਅਮਰੀਕਾ ਵਿਚ ਆਉਂਦੇ ਤੂਫ਼ਾਨਾਂ, ਹੜ੍ਹਾਂ ਆਦਿ ਕੁਦਰਤੀ ਆਫ਼ਤਾਂ ਸਮੇਂ ਉਹ ਅਪਣੇ ਸਾਥੀਆਂ ਨਾਲ ਛੁੱਟੀ ਲੈ ਕੇ ਸੇਵਾ ਕਰਨ ਜਾਂਦਾ ਸੀ।
ਪਿੱਛੇ ਜਿਹੇ ਉਹ ਪੈਟਰਿਕਾ ਵਿਚ ਆਫ਼ਤ ਦੇ ਮੂੰਹ ਆਏ ਲੋਕਾਂ ਦੀ ਮਦਦ ਕਰਨ ਗਿਆ। ਯੂਨੀਇਟਿਡ ਸਿੱਖਜ਼ ਨਾਂ ਦੀ ਸੰਸਥਾ ਨਾਲ ਇਕ ਸਹਿਯੋਗੀ ਦੇ ਤੌਰ 'ਤੇ ਉਨ੍ਹਾਂ ਨੇ ਸ਼ਲਾਘਾਯੋਗ ਕੰਮ ਕੀਤਾ। ਉਨ੍ਹਾਂ ਦੀ ਮੌਤ ਸਮੇਂ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਕੈਂਡਲ ਮਾਰਚ ਕੀਤੇ ਗਏ। ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਅਮਰੀਕੀ ਟੀ.ਵੀ. ਚੈਨਲ ਨੇ ਸਿੱਧਾ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਿਸ ਨੂੰ ਇਸ ਲੇਖਕ ਸਮੇਤ ਲੱਖਾਂ ਲੋਕਾਂ ਨੇ ਵੇਖਿਆ। ਉਸ ਦਾ ਸਸਕਾਰ ਸਿੱਖੀ ਰਹੁ-ਰੀਤਾਂ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸਸਕਾਰ ਸਮੇਂ ਉਨ੍ਹਾਂ ਦੀ ਦੇਹ ਅਮਰੀਕੀ ਝੰਡੇ ਵਿਚ ਲਪੇਟੀ ਹੋਈ ਸੀ।
ਫ਼ੌਜੀ ਰਹੁ-ਰੀਤਾਂ ਨਾਲ 21 ਤੋਪਾਂ ਦੀ ਸਲਾਮੀ ਦਿਤੀ ਗਈ। ਸਸਕਾਰ ਤੋਂ ਪਹਿਲਾਂ ਅਮਰੀਕੀ ਝੰਡਾ ਉਤਾਰ ਕੇ ਉਨ੍ਹਾਂ ਦੀ ਪਤਨੀ ਨੂੰ ਦਿਤਾ ਗਿਆ, ਜਿਸ ਨੂੰ ਉਨ੍ਹਾਂ ਨੇ ਅਪਣੀ ਛਾਤੀ ਨਾਲ ਲਾ ਲਿਆ। ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ। ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਵਿਚ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਗੁਰੂ ਕਾ ਲੰਗਰ ਅਤੁਟ ਵਰਤਿਆ। ਵੱਖ ਵੱਖ ਬੁਲਾਰਿਆ ਨੇ ਉਨ੍ਹਾਂ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਉਸ ਦੇ ਭਰ ਜਵਾਨੀ ਵਿਚ ਪਿੱਛੇ ਬਾਪ ਅਤੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਜਾਣ ਦਾ ਦ੍ਰਿਸ਼ ਦਿਲ ਹਿਲਾਅ ਦੇਣ ਵਾਲਾ ਸੀ। ਹਰ ਕਿਸੇ ਦੀਆਂ ਅੱਖਾਂ ਵਿਚ ਹੰਝੂ ਵਹਿ ਰਹੇ ਸਨ। ਉਸ ਦੇ ਬਾਪ ਦਾ ਕਹਿਣਾ ਹੈ ਕਿ ਉਹ ਇਕ ਅਨਮੋਲ ਹੀਰਾ ਸੀ। ਵਾਕਿਆ ਹੀ ਉਹ ਇਕ ਅਨਮੋਲ ਹੀਰਾ ਹੀ ਸੀ, ਜੋ ਕਿ ਇਸ ਸੰਸਾਰ ਵਿਚ ਨਵੀਆਂ ਪੈੜਾਂ ਪਾ ਗਿਆ। ਅਮਰੀਕਾ ਵਿਚ ਇਸ ਸਮੇਂ ਸਿੱਖ ਪਛਾਣ ਦਾ ਮਸਲਾ ਬੜਾ ਅਹਿਮ ਹੈ। ਅਮਰੀਕਾ ਨੂੰ ਅੱਜ ਅਜਿਹੇ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰਾਂ ਦੀ ਲੋੜ ਹੈ ਜੋ ਕਿ ਸਿੱਖ ਧਰਮ ਦੀਆਂ ਨਿਸ਼ਕਾਮ ਸੇਵਾ ਕਰਨ ਦੀ ਰਵਾਇਤਾਂ ਨੂੰ ਅੱਗੇ ਲਿਆਉਣ।
ਉਸ ਦੇ ਚੰਗੇ ਕਰਮਾਂ ਕਰ ਕੇ ਉਸ ਦੇ ਪ੍ਰਵਾਰ ਲਈ ਵੱਖ ਵੱਖ ਸੰਸਥਾਵਾਂ ਦਾਨ ਇਕੱਠਾ ਕਰ ਰਹੀਆਂ ਹਨ। 6 ਲੱਖ ਡਾਲਰ ਤੋਂ ਵੱਧ ਸਹਾਇਤਾ ਪ੍ਰਾਪਤ ਹੋ ਚੁੱਕੀ ਹੈ। ਪਾਪਾ ਜਾਹਨਜ਼ ਦੀ ਦਖਣੀ ਪੂਰਬੀ ਸ਼ਾਖਾ ਨੇ ਮੰਗਲਵਾਰ ਤੋਂ ਸ਼ੁਕਰਵਾਰ ਤੀਕ ਦੀ ਕਮਾਈ ਇਸ ਫ਼ੰਡ ਵਿਚ ਦੇਣ ਐਲਾਨ ਕੀਤਾ ਹੈ। 2015 ਤੋਂ ਹੁਣ ਤੀਕ 50 ਪੁਲੀਸ ਦੀਆਂ ਔਰਤਾਂ ਤੇ ਮਰਦ ਡਿਊਟੀ ਦੇਂਦੇ ਸ਼ਹੀਦ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਸੰਦੀਪ ਸਿੰਘ ਦਾ ਨੰਬਰ 50ਵਾਂ ਸੀ। ਹਿਊਸਟਨ ਸਿਟੀ ਕੌਂਸਲ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਯਾਦ ਵਿਚ ਯਾਦਗਾਰ ਕਾਇਮ ਕੀਤੀ ਜਾਵੇਗੀ ਤੇ ਹਰ ਸਾਲ 2 ਅਕਤੂਬਰ ਨੂੰ ਯਾਦ ਕੀਤਾ ਜਾਵੇਗਾ। ਸੰਦੀਪ ਸਿੰਘ ਧਾਲੀਵਾਲ ਭਾਵੇਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਰ ਉਸ ਵਲੋਂ ਕੀਤੇ ਕਾਰਜ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਸੰਪਰਕ : 001 9375739812, ਡਾ: ਚਰਨਜੀਤ ਸਿੰਘ ਗੁਮਟਾਲਾ