
ਹੁਣ ਘਟੋ-ਘਟ ਪੂਰੀ ਦੁਨੀਆਂ ਨੂੰ ਸਮਝ ਆ ਗਿਆ ਹੋਵੇਗਾ ਕਿ ਸਾਨੂੰ ਵਿਸ਼ਵਵਿਆਪੀ ਮਹਾਂਮਾਰੀ ਕੋਵਿਡ-19 ਨਾਲ ਰਹਿਣਾ ਸਿਖਣਾ ਹੀ ਹੋਵੇਗਾ
ਹੁਣ ਘਟੋ-ਘਟ ਪੂਰੀ ਦੁਨੀਆਂ ਨੂੰ ਸਮਝ ਆ ਗਿਆ ਹੋਵੇਗਾ ਕਿ ਸਾਨੂੰ ਵਿਸ਼ਵਵਿਆਪੀ ਮਹਾਂਮਾਰੀ ਕੋਵਿਡ-19 ਨਾਲ ਰਹਿਣਾ ਸਿਖਣਾ ਹੀ ਹੋਵੇਗਾ। ਇਸ ਨੂੰ ਇਸ ਤਰੀਕੇ ਨਾਲ ਵੀ ਸਮਝਿਆ ਜਾ ਸਕਦਾ ਹੈ ਕਿ ਜਦੋਂ ਤਕ ਇਸ ਭਿਆਨਕ ਮਹਾਂਮਾਰੀ ਲਈ ਕੋਈ ਦਵਾਈ ਵਿਕਸਿਤ ਨਹੀਂ ਹੁੰਦੀ, ਉਦੋਂ ਤਕ ਤਾਂ ਬਚਾਅ ਤੋਂ ਇਲਾਵਾ ਹੋਰ ਕੋਈ ਰਸਤਾ ਹੀ ਨਹੀਂ ਰਿਹਾ। ਇਸ ਲਈ ਇਹ ਮਹੱਤਵਪੂਰਨ ਹੈ ਕਿ ਛੋਟੀਆਂ ਦੁਕਾਨਾਂ ਦੇ ਨਾਲ-ਨਾਲ ਫ਼ੈਕਟਰੀਆਂ ਤੇ ਹੋਰ ਦਫ਼ਤਰ ਵੀ ਖੋਲ੍ਹਣੇ ਚਾਹੀਦੇ ਹਨ।
File Photo
ਪਿਛਲੇ ਮਹੀਨੇ ਮਾਰਚ ਦੇ ਤੀਜੇ ਹਫ਼ਤੇ ਤੋਂ ਦੇਸ਼ ਵਿਚ ਤਾਲਾਬੰਦੀ ਦੀ ਸਥਿਤੀ ਬਣੀ ਹੋਈ ਹੈ। ਇਹ ਅਣਮਿੱਥੇ ਸਮੇਂ ਲਈ ਤਾਂ ਨਹੀਂ ਰਹੇਗਾ। ਕੇਂਦਰੀ ਸੜਕ ਆਵਾਜਾਈ, ਰਾਜਮਾਰਗਾਂ ਤੇ ਛੋਟੇ ਉਦਯੋਗ ਮੰਤਰੀ ਨਿਤਿਨ ਗਡਕਰੀ ਨੇ ਵੀ ਕਿਹਾ ਕਿ ਸਰਕਾਰ ਸਮਾਜਕ ਦੂਰੀ ਦੀ ਪਾਲਣਾ ਕਰਦਿਆਂ ਜਨਤਕ ਟ੍ਰਾਂਸਪੋਰਟ ਦੇ ਸੰਚਾਲਨ ਲਈ ਦਿਸ਼ਾ-ਨਿਰਦੇਸ਼ ਤਿਆਰ ਕਰ ਰਹੀ ਹੈ।
File photo
ਉਨ੍ਹਾਂ ਨੇ ਕਿਹਾ, 'ਜਨਤਕ ਆਵਾਜਾਈ ਵੀ ਜਲਦੀ ਸ਼ੁਰੂ ਹੋ ਸਕਦੀ ਹੈ।' ਗਡਕਰੀ ਜੀ ਨੇ ਜੋ ਕਿਹਾ ਉਸ ਦੇ ਸੰਕੇਤਾਂ ਤੋਂ ਇਹ ਸਪੱਸ਼ਟ ਹੈ ਕਿ ਸਰਕਾਰ ਹੁਣ ਪਹਿਲਾਂ ਵਾਂਗ ਜ਼ਿੰਦਗੀ ਬਹਾਲ ਕਰਨ ਵਲ ਵੱਧ ਰਹੀ ਹੈ। ਉਹ ਓਰੇਂਜ ਤੇ ਗ੍ਰੀਨ ਜ਼ੋਨਾਂ ਵਿਚ ਸ਼ਰਤਾਂ ਨਾਲ ਜ਼ਿਆਦਾਤਰ ਵਪਾਰਕ ਗਤੀਵਿਧੀਆਂ ਨੂੰ ਛੋਟ ਦੇਣ ਦੀ ਯੋਜਨਾ ਬਣਾ ਰਹੀ ਹੈ। ਗ੍ਰੀਨ ਜ਼ੋਨ ਦੇ ਅੰਦਰ ਬਸਾਂ ਵੀ ਚਲਾਈਆਂ ਜਾ ਰਹੀਆਂ ਹਨ। ਟੈਕਸੀਆਂ ਤੇ ਕੈਬ ਨੂੰ ਵੀ 4 ਮਈ ਤੋਂ ਗ੍ਰੀਨ ਤੇ ਓਰੇਂਜ ਜ਼ੋਨਾਂ ਵਿਚ ਕੰਮ ਕਰਨ ਦੀ ਆਗਿਆ ਦਿਤੀ ਗਈ ਹੈ।
File photo
ਇਸ ਵਿਚ ਡਰਾਈਵਰ ਤੋਂ ਇਲਾਵਾ ਸਿਰਫ਼ ਇਕ ਯਾਤਰੀ ਨੂੰ ਹੀ ਬੈਠਣ ਦੀ ਇਜਾਜ਼ਤ ਹੈ। ਇਸ ਦਾ ਅਰਥ ਇਹ ਹੈ ਕਿ ਹੁਣ ਦਫ਼ਤਰ ਲੰਮੇ ਸਮੇਂ ਲਈ ਬੰਦ ਨਹੀਂ ਕੀਤੇ ਜਾ ਸਕਦੇ। ਇਹ ਖੁੱਲ੍ਹਣਗੇ ਹੀ ਤੇ ਖੁੱਲ੍ਹਣ ਵੀ ਲੱਗ ਪਏ ਹਨ। ਰਾਜਧਾਨੀ ਦਿੱਲੀ ਤੇ ਮੁੰਬਈ ਵਿਚ ਕਈ ਰੀਅਲ ਅਸਟੇਟ ਕੰਪਨੀਆਂ, ਚਾਰਟਰਡ ਅਕਾਊਂਟੈਂਟ ਫ਼ਰਮਾਂ, ਪਬਲਿਸ਼ਿੰਗ ਸਮੂਹਾਂ ਆਦਿ ਦੇ ਦਫ਼ਤਰ ਖੁਲ੍ਹਣੇ ਸ਼ੁਰੂ ਹੋ ਗਏ ਹਨ। ਦਿੱਲੀ ਦੇ ਦਰੀਆਗੰਜ ਵਿਚ ਵੀ ਕਿਤਾਬਾਂ ਤੇ ਸਟੇਸ਼ਨਰੀ ਦੀਆਂ ਦੁਕਾਨਾਂ ਖੁਲ੍ਹ ਗਈਆਂ ਹਨ, ਹਾਲਾਂਕਿ ਇਥੇ ਘੱਟ ਗਾਹਕ ਆ ਰਹੇ ਹਨ।
File photo
ਨਈ ਸੜਕ ਵਿਚ ਤਾਂ ਸਟੇਸ਼ਨਰੀ ਦਾ ਸਮਾਨ ਥੋਕ ਵਿਚ ਮਿਲਦਾ ਹੈ। ਇਥੋਂ ਗੁਆਂਢੀ ਰਾਜਾਂ ਦੇ ਦੁਕਾਨਦਾਰ ਵੀ ਸਾਮਾਨ ਖ਼ਰੀਦਦੇ ਹਨ। ਇਸ ਦੌਰਾਨ ਹਰ ਕੋਈ ਜਾਣਦਾ ਹੈ ਕਿ ਤਾਲਾਬੰਦੀ ਦੇ ਦੌਰ ਵਿਚ, ਬਹੁਤ ਸਾਰੇ ਸਰਕਾਰੀ ਵਿਭਾਗ ਆਮ ਢੰਗ ਨਾਲ ਕੰਮ ਕਰਦੇ ਹੀ ਰਹੇ ਸਨ ਜਿਸ ਵਿਚ ਹਸਪਤਾਲ, ਬਿਜਲੀ, ਪਾਣੀ, ਬੈਂਕ ਆਦਿ ਵਿਭਾਗ ਸ਼ਾਮਲ ਸਨ। ਉਹ ਪਹਿਲਾਂ ਨਾਲੋਂ ਕਿਤੇ ਵੱਧ ਆਮ ਵਾਂਗ ਕੰਮ ਕਰ ਰਹੇ ਸਨ। ਹਾਂ ਜੇ ਅਸੀ ਬੈਂਕਾਂ ਦੀ ਗੱਲ ਕਰੀਏ ਤਾਂ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੋ ਰਹੀ ਹੈ ਕਿਉਂਕਿ ਬੈਂਕਾਂ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਗਾਹਕ ਆਉਂਦੇ ਹਨ।
Bank
ਇਸ ਲਈ ਬੈਂਕ ਚਾਰ-ਪੰਜ ਤੋਂ ਵੱਧ ਲੋਕਾਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੰਦੇ। ਇਸ ਤੋਂ ਇਲਾਵਾ ਸਾਰੇ ਬੈਂਕ ਕਰਮਚਾਰੀ, ਕੰਮ ਦੇ ਸਮੇਂ ਦੌਰਾਨ ਮਾਸਕ ਤੇ ਦਸਤਾਨੇ ਵੀ ਪਹਿਨਦੇ ਹਨ। ਖ਼ੈਰ, ਹੁਣ ਸਾਰੇ ਦਫ਼ਤਰ ਹੌਲੀ-ਹੌਲੀ ਖੁਲ੍ਹਣੇ ਸ਼ੁਰੂ ਹੋ ਗਏ ਹਨ। ਦੇਸ਼ ਦੀ ਆਰਥਕਤਾ ਨੂੰ ਮੁੜ ਲੀਹਾਂ ਉਤੇ ਲਿਆਉਣ ਲਈ ਦਫ਼ਤਰਾਂ ਤੇ ਫ਼ੈਕਟਰੀਆਂ ਨੂੰ ਚਲਾਉਣਾ ਵੀ ਜ਼ਰੂਰੀ ਹੈ। ਇਸ ਲਈ ਉਨ੍ਹਾਂ ਦੇ ਤਾਲੇ ਖੁਲ੍ਹਣਗੇ। ਹਾਂ, ਹਾਲੇ ਇਨ੍ਹਾਂ ਵਿਚ ਕੋਵਿਡ-19 ਦੇ ਫੈਲਣ ਦੇ ਪਹਿਲਾਂ ਦੀਆਂ ਸਥਿਤੀਆਂ ਵੇਖਣ ਨੂੰ ਨਹੀਂ ਮਿਲਣਗੀਆਂ। ਜਦੋਂ ਤਕ ਕੋਵਿਡ-19 ਮਹਾਂਮਾਰੀ ਦੀ ਕੋਈ ਦਵਾਈ ਨਹੀਂ ਆ ਜਾਂਦੀ, ਉਦੋਂ ਤਕ ਸਾਵਧਾਨੀ ਵਰਤਣੀ ਲਾਜ਼ਮੀ ਹੀ ਹੋਵੇਗੀ, ਇਹ ਕੰਮ ਸੰਭਵ ਤੇ ਜ਼ਰੂਰੀ ਵੀ।
File Photo
ਫਿਲਹਾਲ, ਜਿਹੜੇ ਦਫ਼ਤਰ ਖੁਲ੍ਹ ਗਏ ਹਨ ਜਾਂ ਖੁਲ੍ਹਣ ਜਾ ਰਹੇ ਹਨ, ਉਨ੍ਹਾਂ ਦੇ ਬੀਮਾਰ ਕਰਮਚਾਰੀਆਂ ਨੂੰ ਕਿਹਾ ਜਾਵੇਗਾ ਕਿ ਉਹ ਘਰ ਵਿਚ ਹੀ ਰਹਿਣ। ਜਿਨ੍ਹਾਂ ਨੂੰ ਬੁਖ਼ਾਰ, ਖਾਂਸੀ ਤੇ ਸਾਹ ਲੈਣ ਵਿਚ ਤਕਲੀਫ਼ ਹੈ, ਉਨ੍ਹਾਂ ਨੂੰ ਤੁਰਤ ਅਪਣੇ ਦਫ਼ਤਰ ਨੂੰ ਸੂਚਿਤ ਕਰਨਾ ਚਾਹੀਦਾ ਹੈ। ਉਹ ਕਾਮੇ ਜੋ ਸਿਹਤਮੰਦ ਹਨ ਪਰ ਜਿਨ੍ਹਾਂ ਦੇ ਪ੍ਰਵਾਰਕ ਮੈਂਬਰ ਕੋਵਿਡ-19 ਦੀ ਪਕੜ ਵਿਚ ਹਨ, ਨੂੰ ਵੀ ਦਫ਼ਤਰ ਆਉਣ ਤੋਂ ਪ੍ਰਹੇਜ਼ ਕਰਨਾ ਹੋਵੇਗਾ। ਉਹ ਕਿਸੇ ਵੀ ਸਥਿਤੀ ਵਿਚ ਦਫ਼ਤਰ ਨਾ ਆਉਣ। ਇਸ ਨਾਲ ਹੀ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਕਾਮੇ ਵੀ ਫਿਲਹਾਲ ਦਫ਼ਤਰ ਤੋਂ ਦੂਰ ਹੀ ਰਹਿਣ।
Office
ਇਹ ਸਾਵਧਾਨੀ ਵਰਤੀ ਜਾਵੇਗੀ ਤਾਂ ਹੀ ਅਸੀ ਖ਼ਤਰਿਆਂ ਤੋਂ ਬਚ ਸਕਦੇ ਹਾਂ। ਜਿਹੜੇ ਦਫ਼ਤਰ ਖੁਲ੍ਹ ਰਹੇ ਹਨ, ਉਨ੍ਹਾਂ ਨੂੰ ਇਹ ਵੀ ਵੇਖਣਾ ਚਾਹੀਦਾ ਹੈ ਕਿ ਇਥੇ ਕੰਮ ਕਰਦੇ ਕਰਮਚਾਰੀ ਘਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਹੀ ਬੈਠਣ। ਜੇ ਕੋਈ ਬਾਹਰੀ ਵਿਅਕਤੀ ਦਫ਼ਤਰ ਵਿਚ ਆਉਂਦਾ ਹੈ, ਤਾਂ ਸਬੰਧਤ ਵਿਅਕਤੀ ਨੂੰ ਵੀ ਇਕ ਨਿਸ਼ਚਤ ਦੂਰੀ ਉਤੇ ਮਿਲਣਾ ਚਾਹੀਦਾ ਹੈ ਜਾਂ ਗੱਲ ਕਰਨੀ ਚਾਹੀਦੀ ਹੈ।
File photo
ਕਹਿਣ ਦੀ ਜ਼ਰੂਰਤ ਨਹੀਂ ਕਿ ਜੇ ਦਫ਼ਤਰ ਖੁਲ੍ਹ ਜਾਂਦੇ ਹਨ ਤਾਂ ਮੀਟਿੰਗਾਂ ਦੇ ਦੌਰ ਤਾਂ ਸ਼ੁਰੂ ਹੋਣਗੇ ਹੀ। ਹਰ ਦਫ਼ਤਰ ਵਿਚ ਅਗਲੇ ਦਿਨ ਦੀ ਯੋਜਨਾ ਬਣਾਉਣ ਲਈ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਰਣਨੀਤੀ ਉਨ੍ਹਾਂ ਮੀਟਿੰਗਾਂ ਤੋਂ ਬਾਅਦ ਹੀ ਬਣਾਈ ਜਾਂਦੀ ਹੈ। ਇਸ ਲਈ ਇਹ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਬੈਠਕਾਂ ਉਨ੍ਹਾਂ ਥਾਵਾਂ ਉਤੇ ਕੀਤੀਆਂ ਜਾਣ ਜਿਥੇ ਹਰ ਕੋਈ ਘੱਟੋ-ਘੱਟ ਇਕ ਮੀਟਰ ਦੀ ਦੂਰੀ ਉਤੇ ਬਹਿ ਸਕੇ ਤੇ ਸਾਰਿਆਂ ਨੇ ਮਾਸਕ ਪਾਇਆ ਹੋਵੇ। ਹੁਣ ਤਕ ਹਰ ਦਫ਼ਤਰ ਵਿਚ ਸੈਨੇਟਾਈਜ਼ਰ ਰੱਖ ਹੀ ਦਿਤਾ ਗਿਆ ਹੈ ਤਾਕਿ ਸਾਰੇ ਕਰਮਚਾਰੀ 20-25 ਸਕਿੰਟਾਂ ਲਈ ਅਪਣੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕਰ ਸਕਣ।
Anand mahindra
ਦੇਸ਼ ਦੇ ਚੋਟੀ ਦੇ ਉਦਯੋਗਪਤੀ ਤੇ ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਕਿ ਬਦਲਦੇ ਹਾਲਾਤ ਵਿਚ ਘਰ-ਘਰ ਕੰਮ ਕਰਨ ਦਾ ਸਭਿਆਚਾਰ ਵਧੇਗਾ, ਇਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ। ਇਕ ਨਵਾਂ ਕਾਰਜ ਸਭਿਆਚਾਰ ਸਾਰੇ ਸੰਸਾਰ ਵਿਚ ਤੇ ਭਾਰਤ ਵਿਚ ਪੈਦਾ ਹੋ ਰਿਹਾ ਹੈ। ਇਸ ਤੋਂ ਇਲਾਵਾ ਹੋਰ ਕੋਈ ਹੱਲ ਵੀ ਨਹੀਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਰਵਾਇਤੀ ਦਫ਼ਤਰ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ, ਉਹ ਵੀ ਚਲਣਗੇ। ਹਰ ਕੋਈ ਜਾਣਦਾ ਹੈ ਕਿ ਜਦੋਂ ਅਨੰਦ ਮਹਿੰਦਰਾ ਕਿਸੇ ਵੀ ਮੁੱਦੇ ਉਤੇ ਬੋਲਦੇ ਹਨ, ਤਾਂ ਇਸ ਨੂੰ ਆਮ ਤੌਰ ਉਤੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾਂਦਾ, ਸਰਕਾਰ ਵੀ ਉਨ੍ਹਾਂ ਦੀ ਗੱਲ ਸੁਣਦੀ ਹੈ। ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਫ਼ੈਕਟਰੀਆਂ ਖੋਲ੍ਹਣ ਦੀ ਮੰਗ ਵੀ ਕੀਤੀ।
Media
ਯਾਨੀ ਦਫ਼ਤਰਾਂ ਤੇ ਫ਼ੈਕਟਰੀਆਂ ਨੂੰ ਹੁਣ ਬੰਦ ਨਹੀਂ ਕੀਤਾ ਜਾ ਸਕਦਾ। ਹਾਂ, ਘਰ ਤੋਂ ਕੰਮ ਅਜੇ ਵੀ ਜਾਰੀ ਰਹੇਗਾ। ਆਈ.ਟੀ, ਮੀਡੀਆ ਤੇ ਕਈ ਹੋਰ ਸੈਕਟਰਾਂ ਵਿਚ ਵਰਕ ਫ਼ਰੋਮ ਹੋਮ ਚਲੇਗਾ। ਕੋਵਿਡ-19 ਦਾ ਬਚਾਅ ਕਰਦਿਆਂ ਦਫ਼ਤਰਾਂ ਤੇ ਉਦਯੋਗਕ ਇਕਾਈਆਂ ਨੂੰ ਕਿਵੇਂ ਖੋਲ੍ਹਿਆ ਜਾਵੇ, ਇਸ ਬਾਰੇ ਪ੍ਰਾਜੈਕਟ ਬੈਕਲਿੰਕਸ ਦੇ ਗੌਰਵ ਮਲਹੋਤਰਾ ਦੁਆਰਾ ਡੂੰਘਾਈ ਨਾਲ ਇਕ ਰੀਪੋਰਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੀ ਰੀਪੋਰਟ ਅਨੁਸਾਰ, “ਉਹ ਕੰਪਨੀਆਂ ਜੋ ਨਵੇਂ ਤੇ ਔਖੇ ਹਾਲਾਤ ਵਿਚ ਦੁਬਾਰਾ ਖੁਲ੍ਹਣਗੀਆਂ ਉਨ੍ਹਾਂ ਨੂੰ ਅਪਣੇ ਕੈਫ਼ੇਟੇਰੀਆ ਤੇ ਜਿਮ ਨੂੰ ਇਸ ਸਮੇਂ ਬੰਦ ਹੀ ਰਖਣਾ ਚਾਹੀਦਾ ਹੈ।
File photo
ਪਿਛਲੇ ਕੁੱਝ ਸਾਲਾਂ ਵਿਚ ਜ਼ਿਆਦਾਤਰ ਦਫ਼ਤਰਾਂ ਵਿਚ ਵਿਆਪਕ ਕੈਫ਼ੇਟੇਰੀਆ ਚਾਲੂ ਹੋ ਗਏ ਹਨ। ਉਹ ਦਿਨ ਰਾਤ ਚਲਦੇ ਰਹਿੰਦੇ ਹਨ, ਪੇਸ਼ੇਵਰ ਉਨ੍ਹਾਂ ਵਿਚ ਆਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਬੰਦ ਰੱਖਣ ਦਾ ਫਾਇਦਾ ਇਹ ਹੋਏਗਾ ਕਿ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਹੁੰਦੀ ਰਹੇਗੀ।“ਕੈਫ਼ੇਟੇਰੀਆ ਖੁਲ੍ਹੇ ਰਹਿਣ ਤੇ ਵਰਕਰ ਪਹਿਲਾਂ ਵਾਂਗ ਇਥੇ ਬੈਠਣਾ ਸ਼ੁਰੂ ਕਰ ਸਕਦੇ ਹਨ। ਇਸੇ ਤਰ੍ਹਾਂ ਜਿੰਮ ਵੀ ਫਿਲਹਾਲ ਦੀ ਘੜੀ ਨਹੀਂ ਖੋਲ੍ਹਣੇ ਚਾਹੀਦੇ। ਤਾਲਾਬੰਦੀ ਦੌਰਾਨ, ਲੋਕਾਂ ਨੇ ਘਰ ਵਿਚ ਕਸਰਤ ਕਰਨੀ ਸਿੱਖ ਹੀ ਲਈ ਹੈ।
File Photo
ਬੇਸ਼ਕ, ਜੇ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਦਿਆਂ, ਦਫ਼ਤਰ, ਫ਼ੈਕਟਰੀਆਂ ਤੇ ਮਾਰਕੀਟ ਖੁਲ੍ਹ ਜਾਂਦੇ ਹਨ ਤਾਂ ਕਾਰੋਬਾਰੀ ਗਤੀਵਿਧੀਆਂ ਉਸੇ ਤਰ੍ਹਾਂ ਚਲਣਾ ਸ਼ੁਰੂ ਹੋ ਜਾਣਗੀਆਂ ਜਿਵੇਂ ਜੀਵਨ ਕੁੱਝ ਸਮਾਂ ਪਹਿਲਾਂ ਹੋਣਾ ਸੀ। ਇਹ ਸੱਭ ਦੇ ਹਿੱਤ ਵਿਚ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਆਰਥਕ ਗਤੀਵਿਧੀਆਂ ਸ਼ੁਰੂ ਹੋਣ ਲੱਗ ਜਾਣਗੀਆਂ, ਦੂਜਾ ਲੋਕਾਂ ਨੂੰ ਦੁਬਾਰਾ ਕੰਮ ਮਿਲਣਾ ਸ਼ੁਰੂ ਹੋ ਜਾਵੇਗਾ। ਭਾਵੇਂ ਕੋਈ ਮੰਨੇ ਜਾਂ ਨਾ ਮੰਨੇ, ਸਿਰਫ਼ ਤਜਰਬੇਕਾਰ ਪੇਸ਼ਾਵਰ ਹੀ ਘਰ ਵਿਚ ਰਹਿ ਕੇ ਕੰਮ ਕਰ ਸਕਦੇ ਹਨ। ਉਨ੍ਹਾਂ ਨੂੰ ਇਹ ਸਹੂਲਤ ਵੀ ਮਿਲ ਸਕਦੀ ਹੈ, ਹਰ ਕੋਈ ਉਨ੍ਹਾਂ ਜਿਨ੍ਹਾਂ ਖ਼ੁਸ਼ਕਿਸਮਤ ਨਹੀਂ ਹੁੰਦਾ। ਬਾਕੀ ਲੋਕਾਂ ਨੂੰ ਤਾਂ ਰੋਜ਼ੀ-ਰੋਟੀ ਕਮਾਉਣ ਲਈ ਘਰੋਂ ਨਿਕਲਣਾ ਹੀ ਪਏਗਾ।
ਸੰਪਰਕ : rksinha0hs.news