ਪੰਜਾਬੀ ਵਾਰਤਕ ਦੇ ਪਿਤਾਮਾ ਨੂੰ  ਯਾਦ ਕਰਦਿਆਂ
Published : Jul 16, 2022, 8:41 pm IST
Updated : Jul 16, 2022, 8:41 pm IST
SHARE ARTICLE
 ਪੰਡਿਤ ਸ਼ਰਧਾ ਰਾਮ ਫਿਲੌਰੀ
ਪੰਡਿਤ ਸ਼ਰਧਾ ਰਾਮ ਫਿਲੌਰੀ

ਪੰਜਾਬੀ ਵਾਰਤਕ ਦੇ ਪਿਤਾਮਾ ਤੇ 'ਓਮ ਜੈ ਜਗਦੀਸ਼ ਹਰੇ' ਦੀ ਪ੍ਰਸਿੱਧ ਆਰਤੀ ਦੇ ਰਚਣਹਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ 1807 ਈ. ਨੂੰ ਜਲੰਧਰ 'ਚ ਹੋਇਆ

ਪੰਜਾਬੀ ਵਾਰਤਕ ਦੇ ਪਿਤਾਮਾ ਤੇ 'ਓਮ ਜੈ ਜਗਦੀਸ਼ ਹਰੇ' ਦੀ ਪ੍ਰਸਿੱਧ ਆਰਤੀ ਦੇ ਰਚਣਹਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ 30 ਸਤੰਬਰ, 1807 ਈ. ਨੂੰ  ਪਿਤਾ ਜੈ ਦਿਆਲ ਜੋਸ਼ੀ ਤੇ ਮਾਤਾ ਵਿਸ਼ਣੂ ਦੇਈ ਦੇ ਗ੍ਰਹਿ ਫਿਲੌਰ ਜ਼ਿਲ੍ਹਾ ਜਲੰਧਰ 'ਚ ਹੋਇਆ | ਪਿਤਾ ਪੁਰਖੀ ਜੋਤਿਸ਼ ਦਾ ਕੰਮ ਸੀ ਤੇੇ ਸ਼ਰਧਾ ਰਾਮ ਨੇ ਵੀ ਪਹਿਲਾਂ ਜੋਤਿਸ਼ ਨੂੰ  ਅਪਣਾਇਆ ਸੀ |

ਸ਼ਰਧਾ ਰਾਮ ਫ਼ਿਲੌਰੀ ਨੇ ਅਪਣੀ ਮੁਢਲੀ ਸਿਖਿਆ ਗੁਰਮੁਖੀ 'ਚ ਪ੍ਰਾਪਤ ਕੀਤੀ | ਫਿਰ ਪੰਡਿਤ ਰਾਮ ਚੰਦਰ ਤੋਂ ਸੰਸਕਿ੍ਤ ਤੇ ਸਯਦ ਅਬਦੁਲੇ ਸਾਹ ਤੋਂ ਫ਼ਾਰਸੀ ਸਿਖੀ | ਇਸ ਤੋਂ ਬਿਨਾਂ ਸੰਗੀਤ ਦੇ ਨਾਲ ਧਾਰਮਕ ਗ੍ਰੰਥਾਂ ਦਾ ਅਧਿਐਨ ਵੀ ਅਰੰਭ ਕੀਤਾ | ਸ਼ਰਧਾ ਰਾਮ ਦਾ ਵਿਆਹ ਬਹੁਤ ਜਲਦੀ ਹੋ ਗਿਆ ਸੀ ਪਰ ਉਨ੍ਹਾਂ ਦੇ ਘਰ ਕੋਈ ਔਲਾਦ ਪੈਦਾ ਨਾ ਹੋਈ | ਉਨ੍ਹਾਂ ਦੀ ਪਤਨੀ ਦੀ ਇਕ ਹਾਦਸੇ 'ਚ ਮੌਤ ਹੋ ਗਈ | 1864 'ਚ ਉਨ੍ਹਾਂ ਦਾ ਦੂਜਾ ਵਿਆਹ ਹੁਸ਼ਿਆਰਪੁਰ ਦੇ ਮੇਘੇਵਾਲ ਪਿੰਡ ਦੇ ਵਾਸੀ ਹਰਗੋਬਿੰਦ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋਇਆ | ਪਰ ਦੂਜੇ ਵਿਆਹ ਤੋਂ ਵੀ ਉਨ੍ਹਾਂ ਦੇ ਘਰ ਔਲਾਦ ਨਾ ਹੋਈ | 

1855 ਈ. 'ਚ ਸ਼ਰਧਾ ਰਾਮ ਨੇ ਕਥਾ-ਵਾਚਕ ਦੇ ਤੌਰ 'ਤੇ ਅਪਣਾ ਕੰਮ ਅਰੰਭਿਆ ਸੀ | ਉਹ ਮਹਾਂਭਾਰਤ ਦੀ ਕਥਾ ਬਹੁਤ ਵਧੀਆ ਤਰੀਕੇ ਨਾਲ ਸੁਣਾਇਆ ਕਰਦੇ ਸਨ | ਵਧੀਆ ਬੁਲਾਰੇ ਹੋਣ ਕਾਰਨ ਉਹ ਸਰੋਤਿਆਂ ਨੂੰ  ਅਪਣੇ ਨਾਲ ਜੋੜਨ ਦਾ ਹੁਨਰ ਰਖਦੇ ਸਨ | ਕਥਾ ਕਰਦੇ ਹੋਏ ਉਹ ਹੌਲੀ-ਹੌਲੀ ਲੋਕਾਂ ਨੂੰ  ਦੇਸ਼ ਭਗਤੀ ਬਾਰੇ ਵੀ ਜਾਗਿ੍ਤ ਕਰਨ ਲੱਗ ਪਏ |

ਜਿਸ ਦੀ ਖ਼ਬਰ ਅੰਗਰੇਜ਼ ਅਫ਼ਸਰਾਂ ਕੋਲ ਪੁੱਜਣ 'ਤੇ ਉਨ੍ਹਾਂ ਨੂੰ  ਕੁੱਝ ਸਮੇਂ ਲਈ ਫਿਲੌਰ ਤੋਂ ਬਾਹਰ ਕਰ ਦਿਤਾ ਗਿਆ | ਇਸ ਤੋਂ ਬਾਅਦ ਉਹ ਪਟਿਆਲਾ ਚਲੇ ਗਏ ਤੇ ਫਿਰ ਕੁੱਝ ਸਮਾਂ ਹਰਿਦੁਆਰ ਰਹਿ ਕੇ ਉਹ ਲੁਧਿਆਣੇ ਆ ਗਏ | ਜਦ ਉਹ ਲੁਧਿਆਣੇ ਆਏ, ਉਸ ਸਮੇਂ ਲੁਧਿਆਣਾ ਸ਼ਹਿਰ ਇਸਾਈ ਮਿਸ਼ਨਰੀਆਂ ਦਾ ਗੜ੍ਹ ਸੀ | ਇੱਥੇ ਹੀ ਸ਼ਰਧਾ ਰਾਮ ਦਾ 1858 'ਚ ਇਸਾਈ ਪਾਦਰੀ ਨਿਊਟਨ ਨਾਲ ਮੇਲ ਹੋਇਆ | ਉਨ੍ਹਾਂ ਦੀ ਸਰਪ੍ਰਸਤੀ ਸਦਕਾ ਮਿਸ਼ਨ ਪ੍ਰੈੱਸ, ਲੁਧਿਆਣਾ 'ਚ ਨੌਕਰੀ ਕਰਦਿਆਂ ਸ਼ਰਧਾ ਰਾਮ ਨੇ ਇਸਾਈਅਤ ਦੇ ਪ੍ਰਚਾਰ ਲਈ ਪੰਜਾਬੀ, ਹਿੰਦੀ ਤੇ ਉਰਦੂ 'ਚ ਅਨੇਕਾਂ ਪੁਸਤਕਾਂ ਦੇ ਅਨੁਵਾਦ ਕੀਤੇ ਤੇ ਉਨ੍ਹਾਂ ਨੂੰ  ਮੌਲਿਕ ਲੇਖਣੀ ਲਈ ਹੱਲਾਸ਼ੇਰੀ ਵੀ ਇਥੋਂ ਹੀ ਮਿਲੀ | ਕੁੱਝ ਕਾਰਨਾਂ ਕਰ ਕੇ 1861 ਈ. 'ਚ ਉਨ੍ਹਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ | ਫਿਰ ਧਰਮ ਪ੍ਰਚਾਰ ਲਈ ਪੰਜਾਬ ਦੇ ਦੌਰਿਆਂ 'ਤੇ ਨਿਕਲ ਗਏ |

1863 ਈ. 'ਚ ਉਨ੍ਹਾਂ ਵਲੋਂ ਲਿਖੀ ਆਰਤੀ 'ਓਮ ਜੈ ਜਗਦੀਸ਼ ਹਰੇ' ਪੰਜਾਬੀ ਜਾਂ ਹਿੰਦੀ ਦੀ ਹੀ ਨਹੀਂ ਸਗੋਂ ਆਮ ਲੋਕਾਈ ਦੇ ਮਨਾਂ ਉੱਤੇ ਐਸੀ ਉਕਰੀ ਗਈ ਕਿ ਅੱਜ ਤਕ ਸ਼ਰਧਾ ਰਾਮ ਫ਼ਿਲੌਰੀ ਦੀ ਕਲਮ ਨੂੰ  ਜਿਊਾਦੇ ਰਖਿਆ ਹੋਇਆ ਹੈ | 1866 ਈ. 'ਚ ਸ਼ਰਧਾ ਰਾਮ ਫਿਲੌਰੀ ਨੇ 'ਸਿੱਖਾਂ ਦੇ ਰਾਜ ਦੀ ਵਿਥਿਆ' ਕਿਤਾਬ ਦੀ ਰਚਨਾ ਕੀਤੀ | ਇਸ ਕਿਤਾਬ ਦੇ ਤਿੰਨ ਕਾਂਡ ਹਨ |

ਪਹਿਲੇ ਕਾਂਡ 'ਚ ਸਿੱਖ ਧਰਮ ਦੇ ਦਸ ਗੁਰੂਆਂ ਦੇ ਜੀਵਨ ਦਾ ਸੰਖੇਪ ਹਾਲ ਬਿਆਨ ਕੀਤਾ | ਦੂਜੇ ਕਾਂਡ 'ਚ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਤਕ ਦੇ ਹਾਲ ਦਾ ਵਰਣਨ ਕੀਤਾ | ਤੀਜੇ ਭਾਗ 'ਚ ਪੰਜਾਬ ਦੀਆਂ ਜਾਤਾਂ, ਰੀਤਾਂ, ਰਸਮਾਂ, ਗੀਤਾਂ ਤੇ ਅਖੌਤਾਂ ਬਾਰੇ ਜਾਣਕਾਰੀ ਦਿਤੀ ਗਈ ਹੈ |
1875 ਈ. 'ਚ ਸ਼ਰਧਾ ਰਾਮ ਫਿਲੌਰੀ ਨੇ 'ਪੰਜਾਬੀ ਬਾਤਚੀਤ' ਕਿਤਾਬ ਦੀ ਰਚਨਾ ਕੀਤੀ | ਇਸ ਪੁਸਤਕ ਨੂੰ  ਵੀ ਤਿੰਨ ਹਿੱਸਿਆਂ 'ਚ ਵੰਡਿਆ ਗਿਆ | ਪਹਿਲੇ ਭਾਗ 'ਚ ਮਾਝੇ ਦੇ ਲੋਕਾਂ ਦੇ ਕਾਰ-ਵਿਹਾਰ, ਦੈਨਿਕ ਜੀਵਨ ਤੇ ਉਨ੍ਹਾਂ ਦੇ ਰਹਿਣ-ਸਹਿਣ ਦੇ ਵੇਰਵੇ ਦਿਤੇ ਗਏ | ਦੂਜੇ ਭਾਗ 'ਚ ਦੁਆਬੇ ਦੇ ਲੋਕਾਂ ਦੇ ਕਾਰ-ਵਿਹਾਰ, ਦੈਨਿਕ ਜੀਵਨ ਤੇ ਉਨ੍ਹਾਂ ਦੇ ਰਹਿਣ-ਸਹਿਣ ਦੇ ਵੇਰਵੇ ਦਿਤੇ ਗਏ | ਤੀਜੇ ਭਾਗ 'ਚ ਦੁਆਬੇ ਦੇ ਮੁਸਲਮਾਨਾਂ, ਕਾਂਗੜੇ ਦੇ ਪਹਾੜੀਆਂ ਤੇ ਮਾਲਵੇ ਦੇ ਜੱਟਾਂ ਦੀ ਬੋਲੀ, ਰਸਮਾਂ-ਰਿਵਾਜਾਂ ਆਦਿ ਨੂੰ  ਸ਼ਾਮਲ ਕੀਤਾ ਗਿਆ |

ਇਸ ਕਿਤਾਬ ਦੀ ਬੋਲੀ ਕਈ ਉਪ-ਭਾਸ਼ਾਵਾਂ ਮਾਝੀ, ਦੁਆਬੀ, ਮਲਵਈ ਤੇ ਕਾਂਗੜੀ 'ਤੇ ਆਧਾਰਤ ਹੈ | ਅਸਲ 'ਚ ਇਹ ਕਿਤਾਬ 'ਪੰਜਾਬੀ ਬਾਤਚੀਤ' ਅੰਗਰਜ਼ਾਂ ਨੂੰ  ਪੰਜਾਬੀ ਲੋਕਾਂ ਦੀ ਜੀਵਨ-ਜਾਚ ਸਿਖਾਉਣ ਬਾਰੇ ਹੀ ਲਿਖੀ ਗਈ ਸੀ | ਇਹ ਕਿਤਾਬ ਖ਼ਾਸ ਤੌਰ ਤੇ ਅੰਗਰੇਜ਼ਾਂ ਨੂੰ  ਸਥਾਨਕ ਬੋਲੀ ਨੂੰ  ਸਮਝਣ 'ਚ ਮਦਦ ਕਰਨ ਲਈ ਲਿਖੀ ਗਈ ਸੀ | ਗੁਰਮੁਖੀ ਲਿਪੀ ਤੋਂ ਰੋਮਨ ਸਕਰਿਪਟ 'ਚ ਲਿਪੀ-ਅੰਤਰ ਕੀਤੀ ਗਈ ਸ਼ਾਇਦ ਇਹ ਪਹਿਲੀ ਕਿਤਾਬ ਹੈ | ਸਭ ਤੋਂ ਜ਼ਰੂਰੀ ਤੱਥ ਕਿ ਉਸ ਸਮੇਂ ਪ੍ਰਬੰਧਕੀ ਸੇਵਾ 'ਚ ਦਾਖ਼ਲੇ ਲਈ ਇਸ ਕਿਤਾਬ ਦਾ ਅਧਿਐਨ ਕਰਨਾ ਜ਼ਰੂਰੀ ਸੀ |

ਪੰਜਾਬੀ ਭਾਸ਼ਾ ਲਈ ਉਨ੍ਹਾਂ ਦੀ ਸਾਹਿਤਕ ਦੇਣ ਤੋਂ ਇਲਾਵਾ ਹਿੰਦੀ ਭਾਸ਼ਾ 'ਚ ਉਨ੍ਹਾਂ ਦੀਆਂ ਲਿਖੀਆਂ ਬਹੁਤ ਰਚਨਾਵਾਂ ਹਨ | ਪਰ ਹਿੰਦੀ ਭਾਸ਼ਾ ਦੇ ਸਾਹਿਤ ਦੀ ਖੋਜ ਤੋਂ ਇਹ ਪੱਖ ਉਨ੍ਹਾਂ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਕਿ ਹਿੰਦੀ ਭਾਸ਼ਾ 'ਚ ਲਿਖਿਆ ਗਿਆ ਪਹਿਲਾ ਨਾਵਲ 'ਭਾਗਿਆਵਤੀ' ਪੰਡਤ ਸ਼ਰਧਾ ਰਾਮ ਫਿਲੌਰੀ ਦਾ ਹੀ ਲਿਖਿਆ ਹੋਇਆ ਹੈ | ਇਸ ਨਾਵਲ 'ਚ ਉਨ੍ਹਾਂ ਨੇ ਕਾਸ਼ੀ ਦੇ ਇਕ ਪੰਡਤ ਉਮਾਦੱਤ ਦੀ ਧੀ ਭਗਵਤੀ ਦੇ ਕਿਰਦਾਰ ਦੇ ਮਾਧਿਅਮ ਨਾਲ ਬਾਲ ਵਿਆਹ ਪ੍ਰਥਾ 'ਤੇ ਚੋਟ ਕੀਤੀ ਹੈ |

ਪੰਡਤ ਸ਼ਰਧਾ ਰਾਮ ਫਿਲੌਰੀ ਦੀ ਮੌਤ ਤੋਂ ਬਾਅਦ 1888 'ਚ ਛਪਿਆ ਇਹ ਨਾਵਲ 'ਭਾਗਿਆਵਤੀ' ਹਿੰਦੀ ਦੇ ਲੇਖਕ 'ਸ੍ਰੀਨਿਵਾਸ' ਦੇ ਲਿਖੇ ਨਾਵਲ 'ਪ੍ਰੀਕਸਾ ਗੁਰੂ' ਜੋ ਕਿ 1902 'ਚ ਲਿਖਿਆ ਗਿਆ ਸੀ ਨੂੰ  ਵੀ ਮਾਤ ਦੇ ਕੇ ਹਿੰਦੀ ਭਾਸ਼ਾ ਦਾ ਪਹਿਲਾ ਨਾਵਲ ਹੋਣ ਦਾ ਮਾਣ ਖਟਦਾ ਹੈ | ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਹਿੰਦੀ ਵਿਭਾਗ ਦੇ ਡੀਨ ਤੇ ਵਿਭਾਗ ਦੇ ਮੁਖੀ ਡਾ. ਹਰਮਹਿੰਦਰ ਸਿੰਘ ਬੇਦੀ ਨੇ ਖੋਜ ਕਾਰਜ ਦੇ ਆਧਾਰ 'ਤੇ ਇਸ ਤੱਥ ਨੂੰ  ਸਵੀਕਾਰਿਆ ਹੈ |

ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕਾਂ ਤੇ ਹਿੰਦੂ ਧਰਮ ਵਲੋਂ ਪ੍ਰਵਾਨਤ ਆਰਤੀ ਰਚਣ ਤੋਂ ਬਾਅਦ ਇਸਾਈਆਂ ਦੇ ਪਵਿੱਤਰ ਗ੍ਰੰਥ ਬਾਈਬਲ ਦੇ ਕੁਝ ਭਾਗਾਂ ਦਾ ਗੁਰਮੁਖੀ 'ਚ ਅਨੁਵਾਦ ਕਰਨ ਦਾ ਮਾਣ ਵੀ ਸ਼ਰਧਾ ਰਾਮ ਫਿਲੌਰੀ ਦੇ ਹਿੱਸੇ ਹੀ ਆਇਆ ਹੈ | 1881  'ਚ ਉਨ੍ਹਾਂ ਨੂੰ  ਇਕ ਬਿਮਾਰੀ ਨੇ ਆ ਘੇਰਿਆ ਤੇ 24 ਜੂਨ ਨੂੰ , ਫਿਲੌਰ ਵਿਖੇ ਹੀ ਉਨ੍ਹਾਂ ਦੀ ਮੌਤ ਹੋ ਗਈ | 

ਹਿੰਦੀ, ਸੰਸਕਿ੍ਤ, ਉਰਦੂ ਤੇ ਪੰਜਾਬੀ ਭਾਸ਼ਾ ਦੇ ਸਾਹਿਤਕ ਮਹੌਲ 'ਚ ਜਿਊਾਦਿਆਂ ਸ਼ਰਧਾ ਰਾਮ ਫਿਲੌਰੀ ਨੇ ਅਪਣੀ ਕਲਮ ਚਲਾਈ | ਪੰਜਾਬੀ ਵਾਰਤਕ ਦੇ ਪਿਤਾਮਾ ਹੋਣ ਦਾ ਮਾਣ ਵੀ ਖਟਿਆ | ਓਮ ਜੈ ਜਗਦੀਸ ਹਰੇ ਨਾਂ ਦੀ ਆਰਤੀ ਲਿਖ ਕੇ ਤਾਂ ਸ਼ਰਧਾ ਰਾਮ ਦਾ ਨਾਂ ਹਮੇਸ਼ਾ ਲਈ ਹੀ ਅਮਰ ਹੋ ਗਿਆ | ਸ਼ਰਧਾ ਰਾਮ ਫਿਲੌਰੀ ਵਾਰਤਕ 'ਚ ਸੱਚਮੁਚ ਟੱਕਰ ਦਾ ਉਸਤਾਦ ਸੀ | 
ਪੰਜਾਬੀ ਅਧਿਆਪਕ ਤੇ ਭਾਸਾ ਮੰਚ ਸਰਪ੍ਰਸਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 
ਮਾਨਾ ਸਿੰਘ ਵਾਲਾ |

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement