ਬੰਦੀਛੋੜ ਦਿਵਸ 'ਤੇ ਵਿਸ਼ੇਸ਼: ਬੰਦੀਛੋੜ ਦਿਵਸ ਦੀ ਇਤਿਹਾਸਕ ਮਹੱਤਤਾ
Published : Oct 17, 2019, 10:52 am IST
Updated : Oct 18, 2019, 10:13 am IST
SHARE ARTICLE
Bandi Chhor Divas
Bandi Chhor Divas

ਦੀਵਾਲੀ ਦਾ ਤਿਉਹਾਰ ਹਰ ਵਰਗ ਵੱਲੋਂ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ ਪਰ ਸਿੱਖ ਕੌਮ ਦੀਵਾਲੀ ਨੂੰ ‘ਬੰਦੀਛੋੜ ਦਿਵਸ’ ਦੇ ਰੂਪ ਵਿਚ ਮਨਾਉਂਦੀ ਹੈ।

ਦੀਵਾਲੀ ਦਾ ਤਿਉਹਾਰ ਹਰ ਵਰਗ ਵੱਲੋਂ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ ਪਰ ਸਿੱਖ ਕੌਮ ਦੀਵਾਲੀ ਨੂੰ ‘ਬੰਦੀਛੋੜ ਦਿਵਸ’ ਦੇ ਰੂਪ ਵਿਚ ਮਨਾਉਂਦੀ ਹੈ। ਇਸ ਦਿਨ ਸਿੱਖ ਜਗਤ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਸਿੱਖ ਧਰਮ ਅੰਦਰ ਇਸ ਦਿਨ ਦਾ ਆਪਣਾ ਖਾਸ ਮਹੱਤਵ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿੱਖਾਂ ਵਿਚ ਇਸ ਦਿਨ ਦੀਵੇ ਮਚਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ ਕਿਉਂਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਤੋਂ ਅੰਮ੍ਰਿਤਸਰ ਪਧਾਰੇ ਸਨ। ਇਸ ਲਈ ਖੁਸ਼ੀ ਵਿਚ ਰੋਸ਼ਨੀ ਕੀਤੀ ਗਈ।

Bandi Chhor DivasBandi Chhor Divas

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰਗੱਦੀ ‘ਤੇ ਸੁਸ਼ੋਭਿਤ ਹੋਏ ਤਾਂ ਉਨ੍ਹਾਂ ਨੇ ਦੋ ਕਿਰਪਾਨਾਂ ਧਾਰਨ ਕਰ ਕੇ ਜ਼ੁਲਮ ਖਿਲਾਫ ਡਟਣ ਦਾ ਐਲਾਨ ਕਰ ਦਿੱਤਾ। ਗੁਰੂ ਜੀ ਨੇ ਜਿਥੇ ਦੁਨਿਆਵੀ ਤਖ਼ਤਾਂ ਦੇ ਮੁਕਾਬਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ, ਉਥੇ ਹੀ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਵਧੀਆ ਕਿਸਮ ਦੇ ਸ਼ਸਤਰ ਭੇਟਾ ਦੇ ਰੂਪ ਵਿਚ ਲਿਆਉਣ ਲਈ ਕਿਹਾ। ਛੇਵੇਂ ਪਾਤਸ਼ਾਹ ਜੀ ਨੇ ਆਪਣੀ ਫੌਜ ਤਿਆਰ ਕੀਤੀ ਅਤੇ ਤਖ਼ਤ ਤੇ ਬੈਠਕੇ ਲੁਕਾਈ ਦੇ ਫੈਸਲੇ ਕਰਨ ਲਗੇ। ਗੁਰੂ ਸਾਹਿਬ ਦੀ ਸੋਭਾ ਨੂੰ ਢਾਡੀ ਭਾਈ ਅਬਦੁੱਲਾ ਜੀ ਅਤੇ ਆਈ ਨਥਮਲ ਜੀ ਨੇ ਆਪਣੀ ਵਾਰ ਵਿਚ ਬਿਆਨ ਕੀਤਾ ਹੈ:
ਦੋ ਤਲਵਾਰੀ ਬਧੀਆਂ ਇਕ ਮੀਰੀ ਦੀ ਇਕ ਪੀਰ ਦੀ।
ਇੱਕ ਅਜਮਤ ਦੀ ਇਕ ਰਾਜ ਦੀ ਇੱਕ ਰਾਖੀ ਕਰੇ ਵਜੀਰ ਦੀ।
ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜਾ ਬਲਖ ਬਖੀਰ ਦੀ।
ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ।
ਪਗ ਤੇਰੀ ਕੀ ਜਹਾਂਗੀਰ ਦੀ।

Darbar SahibDarbar Sahib

ਸਮੇਂ ਦੀ ਹਕੂਮਤ ਨੂੰ ਇਹ ਸਭ ਪ੍ਰਵਾਨ ਨਹੀਂ ਸੀ। ਗੁਰੂ ਸਾਹਿਬ ਦੇ ਇਸ ਸ਼ਾਹੀ ਠਾਠ ਨੂੰ ਵੇਖ ਕੇ ਅਤੇ ਗੁਰੂ ਸਾਹਿਬ ਦੀ ਵਧਦੀ ਸੈਨਿਕ ਸ਼ਕਤੀ ਤੋਂ ਬਾਦਸ਼ਾਹ ਜਹਾਂਗੀਰ ਘਬਰਾ ਗਿਆ। ਇਸੇ ਦੇ ਮੱਦੇਨਜ਼ਰ ਹੀ ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਇਥੇ ਹਕੂਮਤ ਦੀਆਂ ਨੀਤੀਆਂ ਨੂੰ ਨਾ ਮੰਨਣ ਵਾਲੇ ਰਾਜੇ ਵੀ ਕੈਦ ਕੀਤੇ ਹੋਏ ਸਨ। ਗੁਰੂ ਜੀ ਦੀ ਗ੍ਰਿਫਤਾਰੀ ਤੋਂ ਪਿਛੋਂ ਸਿੱਖ ਸੰਗਤਾਂ ਨੇ ਭਾਰੀ ਜਥੇ ਲੈ ਕੇ ਗਵਾਲੀਅਰ ਦੇ ਕਿਲ੍ਹੇ ਵੱਲ ਚਾਲੇ ਪਾ ਦਿੱਤੇ, ਜਿਸ ਤੋਂ ਬਾਅਦ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰ ਦੇਣ ਦਾ ਫੈਸਲਾ ਕੀਤਾ। ਗੁਰੂ ਜੀ ਨੇ ਉਦੋਂ ਤਕ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਜਦੋਂ ਤਕ ਉਨ੍ਹਾਂ ਦੇ ਨਾਲ ਕੈਦੀ ੫੨ ਰਾਜੇ ਵੀ ਛੱਡ ਨਹੀਂ ਦਿੱਤੇ ਜਾਂਦੇ। ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੀ ਕੈਦ ਚੋਂ ਬੰਦੀ ਰਾਜਿਆਂ ਨੂੰ ਮੁਕਤ ਕਰਵਾ ਕੇ ਬੰਦੀਛੋੜ ਸਤਿਗੁਰੂ ਬਣੇ।

Bandi Chhor DivasBandi Chhor Divas

ਜਦ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਤੋਂ ਬਾਅਦ ਦੀਵਾਲੀ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ‘ਤੇ ਪਹੁੰਚੇ ਤਾਂ ਸਿੱਖ ਸੰਗਤਾਂ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ, ਆਤਿਸ਼ਬਾਜ਼ੀ ਚਲਾ ਕੇ ਖੁਸ਼ੀਆਂ ਮਨਾਈਆਂ। ਇਸ ਤਰ੍ਹਾਂ ਇਸ ਦਿਹਾੜੇ ਨੂੰ ‘ਬੰਦੀਛੋੜ ਦਿਵਸ’ ਵਜੋਂ ਮਨਾਇਆ ਜਾਣ ਲੱਗ ਪਿਆ। ਦੀਵਾਲੀ (ਬੰਦੀਛੋੜ ਦਿਵਸ) ਦਾ ਸਬੰਧ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਾਲ ਵੀ ਜੁੜਦਾ ਹੈ। ਅਠਾਰ੍ਹਵੀਂ ਸਦੀ ਵਿਚ ਸਰਬੱਤ ਖਾਲਸਾ ਦੇ ਰੂਪ ਵਿਚ ਸਿੱਖ ਵੈਸਾਖੀ ਅਤੇ ਬੰਦੀਛੋੜ ਦਿਵਸ ਤੇ ਅੰਮ੍ਰਿਤਸਰ ਦੀ ਧਰਤੀ ਤੇ ਇਕੱਤਰ ਹੋਣ ਲਗੇ। ਇਸ ਮੌਕੇ ਪਿਛਲੇ ਸਮੇਂ ਦਾ ਲੇਖਾ ਜੋਖਾ ਕੀਤਾ ਜਾਂਦਾ ਅਤੇ ਅਗਲੇ ਸਮੇਂ ਲਈ ਵਿਉਂਤਾਂ ਬਣਾਈਆਂ ਜਾਦੀਆਂ। ਸਮੇਂ ਦੀ ਮੁਗ਼ਲ ਸਰਕਾਰ ਨੇ ‘ਬੰਦੀਛੋੜ ਦਿਵਸ’ ਮਨਾਉਣ ‘ਤੇ ਪਾਬੰਦੀ ਲਾ ਦਿੱਤੀ। ਸਿੱਖਾਂ ਦੇ ਇਕੱਠੇ ਹੋਣ ‘ਤੇ ਨਜ਼ਰ ਰੱਖੀ ਜਾਣ ਲੱਗ ਪਈ।

Bandi Chhor DivasBandi Chhor Divas

ਸੰਮਤ ੧੭੯੪ ਦੀ ਦੀਵਾਲੀ ਦਾ ਤਿਉਹਾਰ ਨੇੜੇ ਆ ਗਿਆ। ਇਸ ਸਮੇਂ ਭਾਈ ਮਨੀ ਸਿੰਘ ਦੀ ਉਮਰ ੭੦ ਸਾਲ ਦੇ ਕਰੀਬ ਹੋ ਗਈ ਸੀ। ਪਰੰਤੂ ਉਹ “ਗੁਰਮੁਖਿ ਬੁਢੇ ਕਦੇ ਨਾਹੀ” ਦੇ ਗੁਰਵਾਕ ਅਨੁਸਾਰ ਸੁਚੇਤ ਅਤੇ ਪੰਥਕ ਸੇਵਾ ਵਿਚ ਪੂਰੀ ਤਰ੍ਹਾਂ ਸਰਗਰਮ ਸਨ। ਭਾਈ ਮਨੀ ਸਿੰਘ ਭਾਈ ਸੁਬੇਗ ਸਿੰਘ ਤੇ ਭਾਈ ਸੂਰਤ ਸਿੰਘ ਨੂੰ ਨਾਲ ਲੈ ਕੇ ਸੂਬੇਦਾਰ ਲਾਹੌਰ ਜ਼ਕਰੀਆ ਖਾਨ ਨੂੰ ਮਿਲੇ ਅਤੇ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਦੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਉਪਰੰਤ ਸ੍ਰੀ ਅੰਮ੍ਰਿਤਸਰ ਵਾਪਸੀ ਦੀ ਯਾਦ ਨੂੰ ਦੀਵਾਲੀ ਮੌਕੇ ਜੋੜ-ਮੇਲੇ ਦੇ ਰੂਪ ਵਿਚ ਮਨਾਉਣ ਦੀ ਆਗਿਆ ਮੰਗੀ। ਸੂਬੇਦਾਰ ਨੇ ਭਾਈ ਸਾਹਿਬ ਨੂੰ ੧੦ ਹਜ਼ਾਰ ਰੁਪਏ ਜਜ਼ੀਆ (ਟੈਕਸ) ਦੇਣ ਦੀ ਸੂਰਤ ਉੱਤੇ ਆਗਿਆ ਦੇ ਦਿੱਤੀ। ਇਹ ਰਕਮ ਜੋੜ-ਮੇਲੇ ਦੀ ਸਮਾਪਤੀ ਉਪਰੰਤ ਤਾਰਨੀ ਸੀ। ਭਾਈ ਸਾਹਿਬ ਨੇ ਦੂਰ-ਨੇੜੇ ਸਿੱਖ ਸੰਗਤਾਂ ਨੂੰ ਜੋੜ-ਮੇਲੇ ਵਿਚ ਸ਼ਾਮਲ ਹੋਣ ਲਈ ਸੁਨੇਹੇ ਘੱਲ ਦਿੱਤੇ।

ਉਧਰ ਲਾਹੌਰ ਦਰਬਾਰ ਨੇ ਫੈਸਲਾ ਕਰ ਲਿਆ ਕਿ ਦੂਰ-ਦੁਰਾਡੇ ਤੋਂ ਇਕੱਠੇ ਹੋਏ ਸਿੰਘਾਂ ਨੂੰ ਇਕ ਥਾਂ ਮਾਰ-ਮੁਕਾਉਣ ਲਈ ਇਸ ਤੋਂ ਵਧੀਆ ਹੋਰ ਮੌਕਾ ਨਹੀਂ ਮਿਲੇਗਾ। ਜ਼ਕਰੀਆ ਖਾਨ ਨੇ ਦੀਵਾਨ ਲਖਪਤ ਰਾਏ ਦੀ ਕਮਾਨ ਹੇਠ ਭਾਰੀ ਫੌਜ ਸ੍ਰੀ ਅੰਮ੍ਰਿਤਸਰ ਤੋਂ ਪੱਛਮ ਵੱਲ ਥੋੜ੍ਹੀ ਦੂਰ ਰਾਮ ਤੀਰਥ ਦੇ ਅਸਥਾਨ ਉੱਤੇ ਇਕੱਠੀ ਕਰ ਲਈ ਅਤੇ ਉਹ ਦੀਵਾਲੀ ਦੀ ਉਡੀਕ ਕਰਨ ਲੱਗੇ, ਪਰੰਤੂ ਇਸ ਸਾਜ਼ਿਸ਼ ਦਾ ਭਾਈ ਮਨੀ ਸਿੰਘ ਜੀ ਨੂੰ ਸੇਨਚ ਸਿਰ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਫ਼ੌਰੀ ਤੌਰ ‘ਤੇ ਸਿੱਖ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਤੋਂ ਮਨ੍ਹਾ ਕਰ ਦਿੱਤਾ। ਲਿਹਾਜ਼ਾ ਦੀਵਾਲੀ ਉੱਤੇ ਸਿੱਖ ਸੰਗਤਾਂ ਬਹੁਤ ਘੱਟ ਗਿਣਤੀ ਵਿਚ ਆਈਆਂ ਅਤੇ ਲਖਪਤ ਰਾਏ ਨਿਰਾਸ਼ ਹੋ ਕੇ ਵਾਪਸ ਪਰਤ ਗਿਆ। ਲਾਹੌਰ ਦਰਬਾਰ, ਜੋ ਭਾਈ ਸਾਹਿਬ ਦੇ ਪੈਂਤੜੇ ਤੋਂ ਬਹੁਤ ਕ੍ਰੋਧਵਾਨ ਸੀ, ਨੇ ੧੦ ਹਜ਼ਾਰ ਰੁਪਏ ਜਜ਼ੀਏ ਦੀ ਮੰਗ ਕੀਤੀ। ਭਾਈ ਸਾਹਿਬ ਨੇ ਕਿਹਾ ਕਿ ਮੇਲਾ ਭਰਿਆ ਨਹੀਂ, ਚੜ੍ਹਤ ਆਈ ਨਹੀਂ, ਇਸ ਲਈ ਜਜ਼ੀਆ ਦੇਣ ਤੋਂ ਅਸਮਰੱਥ ਹਨ। ਲਾਹੌਰ ਦਾ ਸੂਬੇਦਾਰ ਤਾਂ ਪਹਿਲਾਂ ਹੀ ਬਹੁਤ ਖ਼ਫ਼ਾ ਸੀ। ਉਸ ਨੇ ਭਾਈ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ।

Bandi Chhor DivasBandi Chhor Divas

ਇਸ ਉਪਰੰਤ ਲਾਹੌਰ ਦੀ ਫੌਜ ਭਾਈ ਮਨੀ ਸਿੰਘ ਅਤੇ ਹੋਰ ਕਈ ਨਾਮਵਰ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ। ਸੂਬੇਦਾਰ ਦੇ ਪੇਸ਼ ਕੀਤਾ ਗਿਆ ਜਿਸਨੇ ਭਾਈ ਸਾਹਿਬ ਦੀ ਜਾਨ ਬਖਸ਼ੀ ਲਈ ਬਾਕੀ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰਾਉਣ ਦੀ ਸ਼ਰਤ ਰੱਖ ਦਿੱਤੀ। ਭਾਈ ਸਾਹਿਬ ਦੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਧਾਂਤ ਸੀ ‘ਸਿਰ ਜਾਇ ਤਾਂ ਜਾਇ ਮੇਰਾ ਸਿੱਖੀ ਸਿਦਕ ਨਾ ਜਾਇ।’ ਭਾਈ ਸਾਹਿਬ ਨੇ ਇੰਞ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਕਰੀਆ ਖਾਨ ਨੇ ਕਾਜ਼ੀਆਂ ਦੇ ਫ਼ਰਜ਼ੀ ਅਤੇ ਮੁਸਤਫ਼ੀ ਫ਼ਤਵਿਆਂ ਦੀ ਆੜ ਹੇਠ ਭਾਈ ਮਨੀ ਸਿੰਘ ਸਮੇਤ ਹੋਰ ਸਿੰਘਾਂ ਨੂੰ ਜੇਲ੍ਹ ਅੰਦਰ ਬੰਦ ਕਰ ਦਿੱਤਾ ਅਤੇ ਉਨ੍ਹਾਂ ਉੱਤੇ ਅਸਹਿ ਅਤੇ ਅਕਹਿ ਜ਼ੁਲਮ, ਤਸ਼ੱਦਦ ਕੀਤੇ ਗਏ ਅਤੇ ਤਸੀਹੇ ਦਿੱਤੇ ਗਏ। ਸਿੰਘਾਂ ਨੂੰ ਕਿਹਾ ਗਿਆ ਜਾਂ ੧੦ ਹਜ਼ਾਰ ਰੁਪਏ ਜ਼ੁਰਮਾਨਾ ਦਿਉ ਜਾਂ ਦੀਨ ਮੁਹੰਮਦੀ ਕਬੂਲ ਕਰੋ ਜਾਂ ਫਿਰ ਮੌਤ ਕਬੂਲ ਕਰੋ। ਉਨ੍ਹਾਂ ਨੇ ਮੌਤ ਕਬੂਲ ਕਰ ਲਈ। ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਭਾਈ ਰਤਨ ਸਿੰਘ ਭੰਗੂ ਨੇ ਇਸ ਬਾਰੇ ਇਉਂ ਬਿਆਨ ਕੀਤਾ ਗਿਆ:
ਖ਼ਾਨ ਕਹਯੋ ਹੋਹੁ ਮੁਸਲਮਾਨ। ਤਦ ਛੋਡੈਂਗੇ ਤੁਮਰੀ ਜਾਨ।
ਸਿੰਘਨ ਕਹਯੋ ਹਮ ਸਿਦਕ ਨਾ ਹਾਰੈਂ। ਕਈ ਜਨਮ ਪਰ ਸਿਦਕ ਸੁ ਗਾਰੈਂ।

ਆਖ਼ਰ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸ ਦੇ ਇਨ੍ਹਾਂ ਪੰਨਿਆਂ ਤੋਂ ਅਸੀਂ ਦੇਖਦੇ ਹਾਂ ਕਿ ਜਿਥੇ ਦੀਵਾਲੀ ਦਾ ਸਬੰਧ ਛੇਵੇਂ ਪਾਤਸ਼ਾਹ ਬੰਦੀਛੋੜ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਬ ਜੀ ਦੀ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾਈ ਨਾਲ ਜੁੜਦਾ ਹੈ, ਉਥੇ ਹੀ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੀ ਗਾਥਾ ਨਾਲ ਵੀ ਸਬੰਧ ਰੱਖਦਾ ਹੈ। ਬੰਦੀਛੋੜ ਦਿਵਸ ਸਾਨੂੰ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤੀ ਦਾ ਸੁਨੇਹਾ ਦਿੰਦਾ ਹੈ। ਜਿਥੇ ਛੇਵੇਂ ਪਾਤਸ਼ਾਹ ਜੀ ਨੇ ਮਨੁੱਖੀ ਆਜ਼ਾਦੀ ਦਾ ਝੰਡਾ ਬੁਲੰਦ ਕਰ ਕੇ ਰਾਜਿਆਂ ਨੂੰ ਗਵਾਲੀਅਰ ਦੀ ਕੈਦ ਵਿੱਚੋਂ ਮੁਕਤੀ ਦਿਵਾਈ, ਉਥੇ ਹੀ ਭਾਈ ਮਨੀ ਸਿੰਘ ਜੀ ਨੇ ਵੀ ਸ਼ਹਾਦਤ ਤਾਂ ਪ੍ਰਵਾਨ ਕਰ ਲਈ ਪਰ ਹਕੂਮਤ ਦੀ ਗੁਲਾਮੀ ਸਵੀਕਾਰ ਨਹੀਂ ਕੀਤੀ।

ਇਹ ਦਿਨ ਸਾਡੇ ਲਈ ਇੱਕ ਪ੍ਰਣ ਦਿਵਸ ਹੈ। ਸੱਚ ਤਾਂ ਇਹ ਹੈ ਕਿ ਵਹਿਮ-ਭਰਮ, ਅੰਧ ਵਿਸ਼ਵਾਸ, ਕਰਮਕਾਂਡ, ਪਾਖੰਡ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਦੀ ਗੁਲਾਮੀ ਵਿਚ ਜਕੜਿਆ ਅੱਜ ਦਾ ਮਨੁੱਖ ਜੀਵਨ ਦੇ ਅਸਲ ਸੱਚ ਤੋਂ ਮੂੰਹ ਮੋੜੀ ਬੈਠਾ ਹੈ। ਨਸ਼ੇ, ਭਰੂਣ ਹੱਤਿਆ, ਫਜੂਲ ਖਰਚੀ ਆਦਿ ਜਿਹੇ ਚਲਨ ਨੇ ਸਮਾਜ ਨੂੰ ਕਈ ਚੁਣੌਤੀਆਂ ਦੇ ਰੂਬਰੂ ਕਰਵਾਇਆ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਸਮਾਜ ਨੂੰ ਘੁਣ ਵਾਂਗ ਖਾਂ ਰਹੀਆਂ ਅਜਿਹੀਆਂ ਅਲਾਮਤਾਂ ਦੀ ਗੁਲਾਮੀ ਦਾ ਜੂਲਾ ਗਜੋਂ ਲਾਹ ਕੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਅਨੁਸਾਰੀ ਜੀਵਨ ਦੇ ਧਾਰਨੀ ਬਣੀਏ। ਇਹੀ ਬੰਦੀਛੋੜ ਦਿਵਸ ਦਾ ਸੁਨੇਹਾ ਹੈ।
ਪ੍ਰੋ. ਕਿਰਪਾਲ ਸਿੰਘ ਬਡੂੰਗਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement