
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 13 ਮਹੀਨਿਆਂ ਦੀ ਲੰਮੀ ਉਡੀਕ ਪਿਛੋਂ ਅਪਣੇ ਮੰਤਰੀ ਮੰਡਲ ਵਿਚ ਆਖ਼ਰ ਵਾਧਾ ਕਰ ਹੀ ਲਿਆ ਹੈ। ਇਸ ਨਾਲ ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 13 ਮਹੀਨਿਆਂ ਦੀ ਲੰਮੀ ਉਡੀਕ ਪਿਛੋਂ ਅਪਣੇ ਮੰਤਰੀ ਮੰਡਲ ਵਿਚ ਆਖ਼ਰ ਵਾਧਾ ਕਰ ਹੀ ਲਿਆ ਹੈ। ਇਸ ਨਾਲ ਕਈ ਵਿਧਾਇਕਾਂ ਦੇ ਘਰਾਂ ਵਿਚ ਖ਼ੁਸ਼ੀਆਂ ਨੇ ਥਾਂ ਮੱਲ ਲਈ ਹੈ ਜਿਥੇ ਖ਼ੂਬ ਗਿੱਧਾ ਭੰਗੜਾ ਤਾਂ ਪਿਆ ਹੀ ਹੈ, ਸਗੋਂ ਜਸ਼ਨਾਂ ਦੇ ਖੁੱਲ੍ਹੇ ਦੌਰ ਵੀ ਉਡੇ ਹਨ ਅਤੇ ਉੱਡ ਵੀ ਰਹੇ ਹਨ। ਦੂਜੇ ਪਾਸੇ ਕੁੱਝ ਉਨ੍ਹਾਂ ਵਿਧਾਇਕਾਂ ਦੇ ਵਿਹੜਿਆਂ ਵਿਚ ਨਿਰਾਸ਼ਾ ਦਾ ਆਲਮ ਪਸਰ ਗਿਆ ਹੈ ਜਿਹੜੇ ਪਹਿਲੇ ਦਿਨ ਤੋਂ ਹੀ ਝੰਡੀ ਵਾਲੀ ਗੱਡੀ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦੇ ਪੱਲੇ ਢੇਰ ਸਾਰੀ ਉਦਾਸੀ ਪਈ ਹੈ। ਕੈਪਟਨ ਅਪਣੀ ਵਜ਼ਾਰਤ ਵਿਚ ਕੁਲ ਮਿਲਾ ਕੇ 18 ਮੰਤਰੀ ਲੈ ਸਕਦੇ ਸਨ ਅਤੇ ਉਹ ਵੀ ਹੁਣ ਪੂਰੀ ਹੋ ਗਈ ਹੈ। ਨੇੜ ਭਵਿੱਖ ਵਿਚ ਮੰਤਰੀ ਮੰਡਲ ਵਿਚ ਕੋਈ ਸੀਟ ਖ਼ਾਲੀ ਹੋਵੇਗੀ ਜਾਂ ਨਹੀਂ, ਇਸ ਬਾਰੇ ਹਾਲ ਦੀ ਘੜੀ ਕੁੱਝ ਵੀ ਕਹਿਣਾ ਸੰਭਵ ਨਹੀਂ। ਫੱਲਸਰੂਪ ਕੈਪਟਨ ਸਰਕਾਰ ਦੇ ਅਗਲੇ ਚਾਰ ਵਰ੍ਹੇ ਤਾਂ ਇਹੋ ਟੀਮ ਕੰਮ ਕਰੇਗੀ। ਜ਼ਿਕਰਯੋਗ ਹੈ ਕਿ 16 ਮਾਰਚ 2017 ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਪਣਾ ਅਹੁਦਾ ਸੰਭਾਲਿਆ ਸੀ ਤਾਂ 9 ਮੰਤਰੀਆਂ ਨੇ ਅਹੁਦਿਆਂ ਦੀ ਸਹੁੰ ਚੁੱਕੀ ਸੀ। ਬਦਕਿਸਮਤੀ ਨਾਲ ਇਸ ਟੀਮ ਵਿਚੋਂ ਇਕ ਰਾਣਾ ਗੁਰਜੀਤ ਸਿੰਘ ਨੇ ਖੱਡਾਂ ਦੀ ਨੀਲਾਮੀ ਦੇ ਚੱਕਰ ਵਿਚ ਫੱਸ ਜਾਣ ਤੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਦੂਜੇ ਪਾਸੇ ਰੇਤੇ ਦੀਆਂ ਖੱਡਾਂ ਦੀ ਨਿਲਾਮੀ ਵਿਚ ਹੋਈ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਕਰਦੇ ਕਮਿਸ਼ਨ ਨੇ ਵੀ ਰਾਣਾ ਗੁਰਜੀਤ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਕੇ ਕਲੀਨ ਚਿੱਟ ਦੇ ਦਿਤੀ ਸੀ। ਕਿਉਂਕਿ ਕੈਪਟਨ ਰਾਣਾ ਗੁਰਜੀਤ ਸਿੰਘ ਨੂੰ ਅਪਣਾ ਨਹਾਇਤ ਨਜ਼ਦੀਕੀ ਹੋਣ ਕਰ ਕੇ ਹੁਣ ਹੋਏ ਵਜ਼ਾਰਤੀ ਵਾਧੇ ਵਿਚ ਫਿਰ ਸ਼ਾਮਲ ਕਰਨਾ ਚਾਹੁੰਦੇ ਸਨ, ਕਾਂਗਰਸ ਹਾਈ ਕਮਾਂਡ ਦੀ ਖ਼ਾਮੋਸ਼ੀ ਪਿਛੋਂ ਰਾਣਾ ਗੁਰਜੀਤ ਸਿੰਘ ਦਾ ਰਾਹ ਇਸ ਝੰਡੀ ਵਾਲੀ ਕਾਰ ਲਈ ਹਮੇਸ਼ਾ ਲਈ ਬੰਦ ਹੋ ਗਿਆ ਹੈ।
ਬੇਸ਼ਕ ਕੈਪਟਨ ਨੇ ਅਪਣਾ ਮੰਤਰੀ ਮੰਡਲ ਪੂਰਾ ਕਰ ਲਿਆ ਹੈ, ਦੂਜੇ ਪਾਸੇ ਜਿਹੜੇ ਵਿਧਾਇਕ ਵਜ਼ੀਰੀਆਂ ਦੇ ਇਛੁਕ ਸਨ ਜਾਂ ਜਿਨ੍ਹਾਂ ਨਾਲ ਖ਼ੁਦ ਕੈਪਟਨ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ, ਹੁਣ ਬਗ਼ਾਵਤ ਤੇ ਉਤਰ ਆਏ ਹਨ। ਇਨ੍ਹਾਂ ਵਿਚੋਂ ਪਹਿਲ ਟਾਂਡਾ ਉੜਮੁੜ ਤੋਂ ਚੌਥੀ ਵਾਰ ਚੁਣੇ ਗਏ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਕੀਤੀ ਹੈ। ਉਸ ਦੇ ਮਗਰ ਹੀ ਦਿੜ੍ਹਬਾ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਅਤੇ ਬੱਲੂਆਣਾ ਤੋਂ ਵਿਧਾਇਕ ਨੱਥੂਰਾਮ ਨੇ ਵੀ ਸਾਰੇ ਅਹੁਦੇ ਤਿਆਗ ਦਿਤੇ ਹਨ। ਸੁਲਤਾਨਪੁਰ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਪਾਇਲ ਤੋਂ ਗੁਰਕੀਰਤ ਸਿੰਘ ਕੋਟਲੀ ਨੇ ਵੀ ਉਨ੍ਹਾਂ ਨੂੰ ਵਜ਼ਾਰਤ ਵਿਚ ਥਾਂ ਨਾ ਦਿਤੇ ਜਾਣ ਤੇ ਡੂੰਘੀ ਨਾਰਾਜ਼ਗੀ ਪ੍ਰਗਟਾਈ ਹੈ।
ਬਗ਼ਾਵਤ ਦੀਆਂ ਇਹ ਸੁਰਾਂ ਅਜੇ ਭਾਵੇਂ ਸ਼ੁਰੂ ਹੀ ਹੋਈਆਂ ਹਨ ਪਰ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਦੇ ਹੋਰ ਫੈਲ ਜਾਣ ਦਾ ਡਰ ਹੈ। ਇਹ ਇਸ ਲਈ ਵੀ ਹੈ ਕਿ ਨਵੇਂ ਵਜ਼ੀਰ ਲਏ ਜਾਣ ਵਿਚ ਬਹੁਤੀ ਕੈਪਟਨ ਅਮਰਿੰਦਰ ਸਿੰਘ ਦੀ ਚੱਲੀ ਹੈ ਅਤੇ ਉਨ੍ਹਾਂ ਨੇ ਅਪਣੇ ਨੇੜਲੇ ਵਫ਼ਾਦਾਰਾਂ ਨੂੰ ਹੀ ਵਧੇਰੇ ਕਰ ਕੇ ਨਿਵਾਜਿਆ ਹੈ ਹਾਲਾਂਕਿ ਇਸ ਸਬੰਧ ਵਿਚ ਉਨ੍ਹਾਂ ਨੇ ਅਪਣੇ ਬਹੁਤ ਹੀ ਨਜ਼ਦੀਕੀ ਅਤੇ ਪੰਜਾਬ ਕਾਂਗਰਸ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਨਾਰਾਜ਼ ਕਰ ਲਿਆ ਹੈ। ਉਹ ਮੰਤਰੀ ਮੰਡਲ ਵਿਚ ਇਕ ਨਾਂ ਸ਼ਾਮਲ ਹੋਣ ਤੋਂ ਰੋਕਣਾ ਚਾਹੁੰਦੇ ਸਨ ਪਰ ਕੈਪਟਨ ਨੇ ਉਨ੍ਹਾਂ ਦੀ ਵੀ ਨਹੀਂ ਸੁਣੀ ਅਤੇ ਉਹੀ ਚਿਹਰਾ ਵਜ਼ਾਰਤ ਵਿਚ ਸ਼ਾਮਲ ਕਰ ਲਿਆ ਹੈ। ਤਾਂ ਵੀ ਪਾਰਟੀ ਵਿਚ ਬਗ਼ਾਵਤੀ ਸੁਰਾਂ ਵਧੇਰੇ ਕਰ ਕੇ ਦਲਿਤ ਵਿਧਾਇਕਾਂ ਵਲੋਂ ਹੀ ਚੁਕੀਆਂ ਗਈਆਂ ਹਨ। ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਤਾਂ ਉਸ ਵੇਲੇ ਪੰਜਾਬ ਰਾਜ ਭਵਨ ਦੇ ਬਾਹਰ ਸਖ਼ਤ ਰੋਸ ਮੁਜ਼ਾਹਰਾ ਵੀ ਕੀਤਾ ਜਦੋਂ ਅੰਦਰ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਚਲ ਰਿਹਾ ਸੀ।
ਵੈਸੇ ਦਲਿਤਾਂ ਤੋਂ ਬਾਅਦ ਬਗ਼ਾਵਤੀ ਸੁਰਾਂ ਦੀ ਰਫ਼ਤਾਰ ਮੰਤਰੀ ਮੰਡਲ ਵਿਚੋਂ ਵੀ ਸੁਣਾਈ ਦੇਣ ਲੱਗੀ ਹੈ ਜਿਸ ਵਿਚ ਸੱਭ ਤੋਂ ਵੱਧ ਲੋਕਲ ਬਾਡੀ ਵਜ਼ੀਰ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਤੋਂ ਪੜ੍ਹੀ ਜਾ ਸਕਦੀ ਹੈ। ਉੁਹ ਅਪਣੇ ਕਰੀਬੀ ਅਤੇ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਉਲੰਪੀਅਨ ਪਰਗਟ ਸਿੰਘ ਨੂੰ ਵਜ਼ਾਰਤ ਵਿਚ ਸ਼ਾਮਲ ਕਰਾਉਣਾ ਚਾਹੁੰਦੇ ਸਨ। ਖ਼ੁਦ ਕੈਪਟਨ ਨੇ ਵਜ਼ਾਰਤੀ ਵਾਧੇ ਤੋਂ ਲਗਭਗ ਇਕ ਹਫ਼ਤਾ ਪਹਿਲਾਂ ਜਲੰਧਰ ਵਿਚ ਇਕ ਸਮਾਗਮ ਵੇਲੇ ਪਰਗਟ ਸਿੰਘ ਨੂੰ ਵਜ਼ਾਰਤ ਵਿਚ ਸ਼ਾਮਲ ਕਰਨ ਦਾ ਸੰਕੇਤ ਵੀ ਦਿਤਾ ਸੀ। ਪਰਗਟ ਸਿੰਘ ਦਾ ਗੁੱਸੇ ਹੋਣਾ ਵੀ ਸੁਭਾਵਕ ਸੀ। ਉਹ ਅਕਾਲੀ ਦਲ ਛੱਡ ਕੇ ਇਸ ਆਸ ਤੇ ਆਏ ਸਨ ਕਿ ਕੈਪਟਨ ਉਨ੍ਹਾਂ ਨੂੰ ਢੁਕਵੀਂ ਥਾਂ ਦੇਵੇਗਾ। ਪਰ ਹੁਣ ਤਾਂ ਕੈਪਟਨ ਨੇ ਵਰਕਾ ਹੀ ਪਾੜ ਦਿਤਾ ਹੈ। ਕੈਪਟਨ ਅਪਣੀ ਤਰਫ਼ੋਂ ਅਪਣੀ ਵਜ਼ਾਰਤ ਵਿਚ ਭਾਵੇਂ ਹਰ ਜ਼ਿਲ੍ਹੇ ਨੂੰ ਢੁਕਵੀਂ ਪ੍ਰਤੀਨਿਧਤਾ ਦੇਣ ਅਤੇ ਹਰ ਵਰਗ ਨੂੰ ਬਣਦੀ-ਸਰਦੀ ਥਾਂ ਦੇਣ ਦਾ ਲੱਖ ਦਾਅਵਾ ਕਰਨ ਪਰ ਹਕੀਕਤ ਵਿਚ ਉਹ ਮਾਲਵੇ ਉਤੇ ਕੁੱਝ ਵਧੇਰੇ ਮਿਹਰਬਾਨ ਹੋ ਗਏ ਹਨ। ਉਥੋਂ 11 ਵਿਧਾਇਕਾਂ ਨੂੰ ਮੰਤਰੀ ਬਣਾ ਦਿਤਾ ਗਿਆ ਹੈ। ਮਾਝੇ ਤੋਂ 6 ਨੂੰ ਅਤੇ ਪੂਰੇ ਦੁਆਬੇ ਵਿਚੋਂ ਸਿਰਫ਼ ਇਕ ਨੂੰ ਅਤੇ ਉਹ ਥਾਂ ਵੀ ਜਲੰਧਰ ਛੱਡ ਕੇ ਹੁਸ਼ਿਆਰਪੁਰ ਨੂੰ ਦਿਤੀ ਗਈ ਹੈ। ਵਜ਼ਾਰਤ ਵਿਚ ਇਸ ਵੇਲੇ ਦੋ ਬੀਬੀਆਂ ਹਨ ਅਤੇ ਬਹੁਤਾ ਹਿੱਸਾ ਜੱਟ ਵਰਗ ਦੇ ਹਿੱਸੇ ਆਇਆ ਹੈ। ਕੁੱਝ ਹਿੰਦੂ ਅਤੇ ਮੁਸਲਮਾਨ ਚਿਹਰੇ ਵੀ ਹਨ। ਦੋ ਦਲਿਤ ਚਿਹਰੇ ਵੀ ਹਨ। ਉਂਜ ਜੇ ਦੁਆਬੇ ਨੂੰ ਥੋੜੀ ਹੋਰ ਪ੍ਰਤੀਨਿਧਤਾ ਦਿੰਦੇ ਤਾਂ ਇਹੀ ਦੁਆਬਾ ਭਵਿੱਖ ਵਿਚ ਕਾਂਗਰਸ ਦਾ ਗੜ੍ਹ ਬਣ ਜਾਣਾ ਸੀ। ਫਿਰ ਵੀ ਵਾਧਾ ਕਰ ਲਿਆ ਹੈ। ਹੁਣ ਵੇਖਣਾ ਹੋਵੇਗਾ ਕਿ ਸਰਕਾਰ ਦਾ ਕੰਮ ਤੇਜ਼ ਹੁੰਦਾ ਹੈ ਜਾਂ ਪਹਿਲਾਂ ਵਾਂਗ ਹੀ ਢਿਲਾ ਮੱਠਾ ਰਹਿੰਦਾ ਹੈ?
ਦੱਸ ਦੇਈਏ ਕਿ ਪੰਜਾਬ ਵਿਚ ਕਾਂਗਰਸ ਦਸ ਵਰ੍ਹਿਆਂ ਦੀ ਉਡੀਕ ਪਿਛੋਂ ਸੱਤਾਧਾਰੀ ਹੋਈ ਹੈ ਅਤੇ ਉਹ ਵੀ ਕੈਪਟਨ ਅਮਰਿੰਦਰ ਸਿੰਘ ਕਰ ਕੇ। ਇਕ ਤਾਂ ਕੈਪਟਨ ਦੀ ਪਿਛਲੀ ਸਰਕਾਰ ਦੀ ਖੂੰਡੇ ਵਾਲੀ ਕਾਰਗੁਜ਼ਾਰੀ ਅਜੇ ਵੀ ਲੋਕਾਂ ਦੇ ਦਿਲ ਦਿਮਾਗ਼ ਉਤੇ ਉਕਰੀ ਪਈ ਹੈ, ਦੂਜਾ ਕੈਪਟਨ ਪੰਜਾਬ ਵਿਚ ਹੀ ਨਹੀਂ ਸਗੋਂ ਕੌਮੀ ਦ੍ਰਿਸ਼ ਉਤੇ ਵੀ ਕਾਂਗਰਸ ਦਾ ਇਕ ਅਜਿਹਾ ਚਿਹਰਾ ਹਨ, ਜਿਨ੍ਹਾਂ ਨੇ ਇਸ ਖਿੱਤੇ ਵਿਚੋਂ ਕਾਂਗਰਸ ਦੇ ਹੋ ਰਹੇ ਸਫ਼ਾਏ ਨੂੰ ਠੱਲ੍ਹ ਪਾਈ ਹੈ ਅਤੇ ਪੰਜਾਬ ਵਿਚ ਉਦੋਂ ਅਪਣੀ ਵਜ਼ਾਰਤ ਬਣਾਈ ਹੈ ਜਦੋਂ ਕਿ ਨੇੜੇ ਤੇੜੇ ਕਿਸੇ ਵੀ ਸੂਬੇ ਵਿਚ ਕਾਂਗਰਸ ਦੇ ਪੈਰ ਹੀ ਨਹੀਂ ਲੱਗ ਸਕੇ। ਤੀਜਾ ਇਹ ਕੈਪਟਨ ਅਮਰਿੰਦਰ ਸਿੰਘ ਹੀ ਸੀ ਜਿਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਅੰਮ੍ਰਿਤਸਰ ਸੀਟ ਤੋਂ ਉਸ ਅਰੁਣ ਜੇਤਲੀ ਨੂੰ ਹਰਾਇਆ ਜੋ ਅੱਜ ਦੇਸ਼ ਦਾ ਖ਼ਜ਼ਾਨਾ ਮੰਤਰੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੜਾ ਖ਼ਾਸਮ-ਖਾਸ। ਇਸੇ ਲਈ ਕਾਂਗਰਸ ਹਾਈਕਮਾਂਡ ਵੀ ਕੈਪਟਨ ਅਮਰਿੰਦਰ ਸਿੰਘ ਦਾ ਆਖਾ ਨਹੀਂ ਮੋੜਦੀ। ਪੁਸ਼ਟੀ ਇਸ ਦੀ ਇਸੇ ਪਹਿਲੂ ਤੋਂ ਹੋ ਜਾਂਦੀ ਹੈ ਕਿ ਕੈਪਟਨ ਅਪਣੇ ਨਾਲ ਜਿਹੜੇ ਨਵੇਂ ਮੰਤਰੀਆਂ ਦੀ ਸੂਚੀ ਲੈ ਕੇ ਗਏ ਸਨ ਲਗਭਗ ਉਸੇ ਉਤੇ ਹੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਮੋਹਰ ਲਗਵਾ ਕੇ ਲਿਆਏ। ਹਾਲਾਂਕਿ ਪਿਛਲੇ ਕੁੱਝ ਦਿਨਾਂ ਤੋਂ ਮੀਡੀਆ ਵਿਚ ਬੜੀ ਚਰਚਾ ਸੀ ਕਿ ਕੁਲਜੀਤ ਸਿੰਘ ਨਾਗਰਾ ਅਤੇ ਰਾਜਾ ਵੜਿੰਗ ਵਰਗੇ ਜਿਹੜੇ ਵਿਧਾਇਕ ਰਾਹੁਲ ਗਾਂਧੀ ਦਾ ਥਾਪੜਾ ਪ੍ਰਾਪਤ ਕਰੀ ਬੈਠੇ ਹਨ, ਉਨ੍ਹਾਂ ਦਾ ਵਜ਼ਾਰਤ ਵਿਚ ਸ਼ਾਮਲ ਹੋਣਾ ਬੜਾ ਯਕੀਨੀ ਹੈ। ਜਦੋਂ ਸੂਚੀ ਸਾਹਮਣੇ ਆਈ ਤਾਂ ਸਪੱਸ਼ਟ ਹੋ ਗਿਆ ਕਿ ਕੈਪਟਨ ਦੀ ਵਜ਼ਾਰਤ ਵਿਚ ਚਿਹਰੇ ਉਹੀ ਸ਼ਾਮਲ ਕੀਤੇ ਹਨ, ਜਿਨ੍ਹਾਂ ਨੂੰ ਉਹ ਅਪਣੇ ਵਫ਼ਾਦਾਰ ਸਮਝਦੇ ਹਨ। ਕੈਪਟਨ ਨੂੰ ਲਗਦਾ ਕਿ ਹਾਈਕਮਾਂਡ ਤੋਂ ਥਾਪੜਾ ਲੈ ਕੇ ਆਏ ਚਿਹਰੇ ਆਉਣ ਵਾਲੇ ਸਮੇਂ 'ਚ ਉਨ੍ਹਾਂ ਲਈ ਕੋਈ ਬਿਪਤਾ ਖੜੀ ਕਰ ਸਕਦੇ ਹਨ। ਉਹ ਪਹਿਲਾਂ ਹੀ ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਾਬੂ ਕਰ ਕੇ ਚਲ ਰਹੇ ਹਨ ਅਤੇ ਨੇੜਭਵਿੱਖ ਵਿਚ ਅਜਿਹਾ ਕੋਈ ਗਰੁੱਪ ਨਹੀਂ ਪਨਪਣ ਦੇਣਾ ਚਾਹੁੰਦੇ ਜੋ ਕਲ ਨੂੰ ਉਨ੍ਹਾਂ ਦੇ ਰਾਹ ਵਿਚ ਰੋੜਾ ਬਣੇ। ਦੂਜੇ ਸ਼ਬਦਾਂ ਵਿਚ ਉਹ ਅਪਣੀ ਵਜ਼ਾਰਤੀ ਟੀਮ ਅਜਿਹੀ ਚਾਹੁੰਦੇ ਹਨ, ਜੋ ਉਨ੍ਹਾਂ ਦੇ ਹਰ ਹੁਕਮ ਤੇ ਫੁੱਲ ਚੜ੍ਹਾਵੇ। ਹਾਲ ਦੀ ਘੜੀ ਲਗਦਾ ਵੀ ਇਹੀ ਹੈ।
ਇਸ ਗੱਲ ਦਾ ਕੈਪਟਨ ਨੂੰ ਵੀ ਪਤਾ ਸੀ ਕਿ ਜਿਸ ਦਿਨ ਹੀ ਵਜ਼ਾਰਤ ਵਿਚ ਵਾਧਾ ਹੋਇਆ ਉਸੇ ਦਿਨ ਪਾਰਟੀ ਵਿਚ ਵਿਰੋਧੀ ਸੁਰਾਂ ਤੇਜ਼ ਹੋਣੀਆਂ ਸ਼ੁਰੂ ਹੋ ਜਾਣਗੀਆਂ। ਕਾਰਨ ਇਹ ਕਿ ਵਜ਼ਾਰਤ ਵਿਚ ਕੌਣ ਹੈ ਜੋ ਸ਼ਾਮਲ ਨਹੀਂ ਹੋਣਾ ਚਾਹੇਗਾ? ਕੈਪਟਨ ਦੀ ਮਜਬੂਰੀ ਹੈ ਕਿ ਉਹ 18 ਮੈਂਬਰੀ ਟੀਮ ਤੋਂ ਵੱਧ ਵਜ਼ਾਰਤ ਬਣਾ ਨਹੀਂ ਸਕਦੇ, ਇਸ ਲਈ ਹੋਰ ਵਿਧਾਇਕਾਂ ਵਿਚ ਜਿਹੜੇ 57 ਵਿਧਾਇਕ ਰਹਿ ਗਏ ਹਨ, ਉਨ੍ਹਾਂ ਦਾ ਕੀ ਕਰਨ? ਹਾਲਾਂਕਿ ਇਸ ਦਾ ਰਾਹ ਉਹ ਇਨ੍ਹਾਂ ਵਿਧਾਇਕਾਂ ਨੂੰ ਕਾਰਪੋਰੇਸ਼ਨਾਂ ਅਤੇ ਬੋਰਡਾਂ ਦੀਆਂ ਚੇਅਰਮੈਨੀਆਂ ਤੇ ਮੰਤਰੀਆਂ ਦੇ ਸਹਾਇਕ ਲਾਉਣ ਲਈ ਕੱਢ ਵੀ ਰਹੇ ਹਨ, ਫਿਰ ਵੀ ਸਵਾਲ ਪੈਦਾ ਹੁੰਦਾ ਹੈ ਕਿ ਇਹ ਕੰਮ ਤਾਂ ਉਨ੍ਹਾਂ ਨੂੰ ਪਿਛਲੇ ਸਾਲ ਹੀ ਕਰ ਲੈਣਾ ਚਾਹੀਦਾ ਸੀ। ਨਾਲੇ ਇਸ ਦਾ ਵਾਅਦਾ ਤਾਂ ਉਨ੍ਹਾਂ ਨੇ ਚੋਣਾਂ ਸਮੇਂ ਵੀ ਇਹੋ ਕਹਿ ਕੇ ਕੀਤਾ ਸੀ ਕਿ ਜੋ ਵਿਧਾਇਕ ਮੰਤਰੀ ਨਹੀਂ ਬਣ ਸਕਣਗੇ, ਉਨ੍ਹਾਂ ਨੂੰ ਦੂਜੇ ਤਰੀਕੇ ਨਾਲ ਐਡਜਸਟ ਕੀਤਾ ਜਾਵੇਗਾ।
ਜੇ ਇਹ ਨਿਯੁਕਤੀਆਂ ਹੁਣ ਤਕ ਕੀਤੀਆਂ ਹੁੰਦੀਆਂ ਤਾਂ ਸ਼ਾਇਦ ਹੁਣ ਵਜ਼ਾਰਤੀ ਵਾਧੇ ਪਿਛੇ ਜੋ ਵਿਰੋਧੀ ਸੁਰਾਂ ਤੇਜ਼ ਹੋਈਆਂ ਹਨ, ਇਹ ਉਠਦੀਆਂ ਹੀ ਨਾ। ਤਾਂ ਵੀ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਦਲਿਤਾਂ ਦੀ ਪੰਜਾਬ ਵਿਚ 32 ਫ਼ੀ ਸਦੀ ਵਸੋਂ ਹੈ ਅਤੇ ਇਸ ਲਿਹਾਜ਼ ਨਾਲ ਇਨ੍ਹਾਂ ਨੂੰ ਵਜ਼ਾਰਤ ਵਿਚ ਥਾਂ ਦਿਤੀ ਜਾਣੀ ਬਣਦੀ ਸੀ। ਹਕੀਕੀ ਰਾਏ ਇਹ ਕਿ ਕੈਪਟਨ ਅਪਣੀ ਮਨਮਰਜ਼ੀ ਦੇ ਮਾਲਕ ਹਨ। ਨਾਰਾਜ਼ ਦਲਿਤਾਂ ਨੇ ਦਿੱਲੀ ਰਾਹੁਲ ਗਾਂਧੀ ਤਕ ਵੀ ਪਹੁੰਚ ਕੀਤੀ ਹੈ। ਉਂਜ ਸ਼ਾਇਦ ਉਨ੍ਹਾਂ ਪਹਿਲਾਂ ਸੋਚਿਆ ਹੋਵੇ ਕਿ ਸੂਬੇ ਦਾ ਮਾਲੀ ਸੰਕਟ ਕੁੱਝ ਠੀਕ ਹੋਣ ਪਿਛੋਂ ਹੀ ਵਜ਼ਾਰਤੀ ਵਾਧਾ ਕੀਤਾ ਜਾਵੇਗਾ। ਇਹ ਸੰਕਟ ਨਾ ਕੇਵਲ ਜਿਉਂ ਦਾ ਤਿਉ ਹੈ ਸਗੋਂ ਹੋਰ ਵੀ ਗੰਭੀਰ ਹੋ ਗਿਆ ਹੈ।