
ਪੰਜਾਬ ਵਿਚ ਵੱਗ ਰਹੇ ਛੇਵੇਂ ਦਰਿਆ ਭਾਵ ਨਸ਼ਿਆਂ ਦੀ ਅੱਜ ਹਰ ਪਾਸੇ ਚਰਚਾ ਹੈ। ਸ਼ਾਇਦ ਹੀ ਪੰਜਾਬ ਦਾ ਕੋਈ ਘਰ ਬਚਿਆ ਹੋਵੇ ਜਿਸ ਤਕ ਇਸ ਦਾ ਅਸਰ ਸਿੱਧੇ..
ਪੰਜਾਬ ਵਿਚ ਵੱਗ ਰਹੇ ਛੇਵੇਂ ਦਰਿਆ ਭਾਵ ਨਸ਼ਿਆਂ ਦੀ ਅੱਜ ਹਰ ਪਾਸੇ ਚਰਚਾ ਹੈ। ਸ਼ਾਇਦ ਹੀ ਪੰਜਾਬ ਦਾ ਕੋਈ ਘਰ ਬਚਿਆ ਹੋਵੇ ਜਿਸ ਤਕ ਇਸ ਦਾ ਅਸਰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਨਾ ਪਹੁੰਚਿਆ ਹੋਵੇ। ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤਰ, ਸੁਹਾਗਣਾਂ ਦੇ ਸੁਹਾਗ ਅਤੇ ਬੁਢਾਪੇ ਦੀਆਂ ਡੰਗੋਰੀਆਂ ਨਸ਼ੇ ਦੀ ਭੇਟ ਚੜ੍ਹ ਗਈਆਂ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਅਜਕਲ ਕਿਸੇ ਵੀ ਪਾਸਿਉਂ ਇਸ ਨੂੰ ਰੋਕਣ ਦੇ ਸਾਰਥਕ ਯਤਨ ਨਹੀਂ ਹੋ ਰਹੇ ਬਲਕਿ ਇਕ-ਦੂਜੀ ਧਿਰ ਤੇ ਦੋਸ਼ ਲਾ ਕੇ ਆਪ ਦੁੱਧ ਧੋਤੇ ਸਾਬਤ ਹੋਣ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰਵਾਰ ਸਮਾਜ ਨੂੰ, ਸਮਾਜ ਪ੍ਰਸ਼ਾਸਨ ਨੂੰ ਅਤੇ ਪ੍ਰਸ਼ਾਸਨ ਰਾਜਨੀਤੀਵਾਨਾਂ ਨੂੰ ਭੰਡ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪ੍ਰਵਾਰ ਅਤੇ ਸਮਾਜ ਸੱਭ ਨਸ਼ਿਆਂ ਦੀ ਜੜ੍ਹ ਸ਼ਰਾਬ ਨੂੰ ਨਸ਼ਾ ਮੰਨਣ ਲਈ ਤਿਆਰ ਨਹੀਂ। ਇਸੇ ਲਈ ਕੋਈ ਵੀ ਪ੍ਰਵਾਰਕ ਸਮਾਗਮ, ਇਥੋਂ ਤਕ ਕਿ ਭੋਗ ਵੀ, ਸ਼ਰਾਬ ਦੀ ਵਰਤੋਂ ਤੋਂ ਬਗ਼ੈਰ ਸੰਪੂਰਨ ਨਹੀਂ ਮੰਨਿਆ ਜਾਂਦਾ। ਕਿਸੇ ਵੀ ਕਿਸਮ ਦੀਆਂ ਪਾਰਟੀਆਂ ਸ਼ਰਾਬ ਦੀ ਵਰਤੋਂ ਤੋਂ ਬਗ਼ੈਰ ਸੰਭਵ ਨਹੀਂ ਹੁੰਦੀਆਂ। ਸਿਆਸੀ ਪਾਰਟੀਆਂ ਨੇ ਤਾਂ ਸ਼ਰਾਬ ਨੂੰ ਆਮਦਨ ਦਾ ਮੁੱਖ ਸਰੋਤ ਮੰਨ ਕੇ ਸ਼ਰਾਬ ਦੇ ਠੇਕਿਆਂ ਨੂੰ ਹਰ ਗਲੀ-ਮੁਹੱਲੇ ਤਕ ਪਹੁੰਚਾਉਣ ਦਾ ਬੀੜਾ ਚੁਕਿਆ ਹੋਇਆ ਹੈ। ਕਿਸੇ ਵੀ ਸਮੱਸਿਆ ਦਾ ਹੱਲ ਉਦੋਂ ਹੀ ਨਿਕਲ ਸਕਦਾ ਹੈ ਜਦੋਂ ਉਸ ਦੀ ਜੜ੍ਹ ਨੂੰ ਹੱਥ ਪਾਈਏ। ਸਮਾਜਕ ਢਾਂਚਾ ਨਾ ਤਾਂ ਰਾਤੋ-ਰਾਤ ਉਸਰਦਾ ਹੈ ਅਤੇ ਨਾ ਹੀ ਨਸ਼ਟ ਹੁੰਦਾ ਹੈ। ਕੀ ਨਸ਼ਾ ਰਾਤੋ-ਰਾਤ ਸਮਾਜਕ ਬੁਰਾਈ ਬਣ ਗਿਆ ਹੈ ਜਾਂ ਅਸੀ ਸੁਚੇਤ ਜਾਂ ਅਚੇਤ ਤੌਰ ਤੇ ਇਸ ਨੂੰ ਫੈਲਾਉਣ 'ਚ ਭਾਈਵਾਲ ਰਹੇ ਹਾਂ? ਇਹ ਵਿਚਾਰਨ ਦੀ ਗੱਲ ਹੈ। ਕੁੱਝ ਲੋਕਾਂ, ਖ਼ਾਸਕਰ ਸਵਾਰਥੀ ਸੋਚ ਵਾਲੇ ਸਿਆਸਤਦਾਨਾਂ ਲਈ, ਨਸ਼ਾ ਦੌਲਤ ਅਤੇ ਸ਼ੋਹਰਤ ਕਮਾਉਣ ਦਾ ਸਾਧਨ ਬਣ ਗਿਆ ਹੈ। ਇਸ ਕੁਰੀਤੀ ਨੂੰ ਸਿਆਸੀ ਅਤੇ ਪ੍ਰਸ਼ਾਸਨਿਕ ਸਰਪ੍ਰਸਤੀ ਹੇਠ ਧੜੱਲੇ ਨਾਲ ਫੈਲਾਇਆ ਜਾ ਰਿਹਾ ਹੈ। ਪਰ ਕੀ ਸਮਾਜਕ ਚੇਤਨਾ ਨੂੰ ਉੱਚਾ ਚੁੱਕੇ ਬਗ਼ੈਰ ਇਸ ਦਾ ਅੰਤ ਹੋ ਸਕਦਾ ਹੈ? ਜਵਾਬ ਹੈ ਨਹੀਂ। ਤਾਂ ਫਿਰ ਸਾਨੂੰ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁਟ ਹੋ ਕੇ ਅਪਣੀ ਸਮਾਜਕ ਜ਼ਿੰਮੇਵਾਰੀ ਸਮਝ ਕੇ ਨਸ਼ਿਆਂ ਵਿਰੁਧ ਇਕਜੁਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ ਨਾਕਿ ਦੂਜਿਆਂ ਉਤੇ ਦੋਸ਼ ਮੜ੍ਹ ਕੇ ਆਪ ਜ਼ਿੰਮੇਵਾਰੀ ਤੋਂ ਮੁਕਤ ਹੋਣਾ।
ਸਮਾਜਕ ਤਾਣੇ-ਬਾਣੇ ਦੀ ਮੁਢਲੀ ਇਕਾਈ ਘਰ ਹੈ। ਜੇਕਰ ਘਰ ਨੂੰ ਸੁਧਾਰ ਲਈਏ ਤਾਂ ਸਮਾਜ ਸੁਧਰ ਜਾਏਗਾ। ਪਰ ਮੇਰੇ ਖ਼ਿਆਲ ਵਿਚ ਅਸੀ ਘਰ ਤੋਂ ਹੀ ਬੱਚੇ ਦੀਆਂ ਜੜ੍ਹਾਂ ਵਿਚ ਤੇਲ ਪਾਉਣ ਵਿਚ ਕੋਈ ਕਸਰ ਨਹੀਂ ਛਡਦੇ। ਬੱਚਾ ਸੱਭ ਤੋਂ ਵੱਧ ਅਸਰ ਮਾਂ ਤੋਂ ਕਬੂਲਦਾ ਹੈ ਅਤੇ ਮਾਂ ਜਿਵੇਂ ਚਾਹੇ ਬੱਚੇ ਨੂੰ ਢਾਲ ਸਕਦੀ ਹੈ। ਪਰ ਕੀ ਅੱਜ ਦੀਆਂ ਮਾਵਾਂ ਅਪਣੇ ਬੱਚੇ ਨੂੰ ਘਰ, ਪ੍ਰਵਾਰ ਅਤੇ ਸਮਾਜ ਲਈ ਇਕ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਤਿਆਰ ਹਨ? ਜੇਕਰ ਨੀਝ ਨਾਲ ਵੇਖੀਏ ਤਾਂ ਇਸ ਦਾ ਜਵਾਬ ਵੀ ਨਾਂਹ ਵਿਚ ਹੈ। ਅੱਜ ਤੋਂ 40-50 ਵਰ੍ਹੇ ਪਹਿਲਾਂ ਬੱਚੇ ਦਾਦੀਆਂ-ਦਾਦਿਆਂ ਅਤੇ ਚਾਚਿਆਂ-ਤਾਇਆਂ ਕੋਲ ਬੈਠ ਕੇ ਧਰੂ ਭਗਤ, ਸਰਵਣ ਪੁੱਤਰ ਆਦਿ ਦੀਆਂ ਬਾਤਾਂ, ਸੇਧ ਜਾਂ ਰਾਜਾ ਜਨਕ ਅਤੇ ਵਿਕਰਮਾਦਿਤ ਦੇ ਨਿਆਂ ਦੀਆਂ ਕਹਾਣੀਆਂ ਸੁਣਦੇ ਹੁੰਦੇ ਸਨ ਜਿਸ ਨਾਲ ਇਕ ਤਾਂ ਬੱਚੇ ਦਾ ਵੱਡਿਆਂ ਨਾਲ ਪਿਆਰ-ਸਤਿਕਾਰ ਬਣਦਾ ਸੀ ਅਤੇ ਦੂਜਾ ਬੱਚੇ ਉਪਰੋਕਤ ਪਾਤਰਾਂ ਤੋਂ ਜੀਵਨ ਪ੍ਰੇਰਨਾ ਲੈਂਦੇ ਸਨ। ਪਰ ਅੱਜ ਬੱਚਿਆਂ ਨੂੰ ਵੱਡਿਆਂ ਲਾਗੇ ਬਹਿਣ ਹੀ ਨਹੀਂ ਦਿਤਾ ਜਾਂਦਾ। ਜੇਕਰ ਬੱਚਾ ਵੱਡਿਆਂ ਲਾਗੇ ਬੈਠ ਵੀ ਜਾਵੇ ਤਾਂ ਸਕੂਲ ਦੇ ਕੰਮ ਜਾਂ ਪੜ੍ਹਾਈ ਦਾ ਬਹਾਨਾ ਬਣਾ ਕੇ ਵੱਡਿਆਂ ਵਲੋਂ ਬੱਚਿਆਂ ਦੀ ਏਨੀ ਲਾਹ-ਪਾਹ ਕਰ ਦਿਤੀ ਜਾਂਦੀ ਹੈ ਕਿ ਕੁੱਝ ਪੁੱਛ ਹੀ ਨਾ ਸਕੇ। ਬਹੁਤੇ ਪ੍ਰਵਾਰਾਂ ਵਿਚ ਦਾਦੀ-ਦਾਦੇ, ਚਾਚੇ-ਤਾਏ ਬੱਚਿਆਂ ਸਾਹਮਣੇ ਦੁਸ਼ਮਣ ਬਣਾ ਕੇ ਪੇਸ਼ ਕਰ ਦਿਤੇ ਜਾਂਦੇ ਹਨ ਤਾਕਿ ਬੱਚੇ ਖ਼ੁਦ ਹੀ ਉਨ੍ਹਾਂ ਕੋਲ ਨਾ ਜਾਣ। ਸਿਤਮਜ਼ਰੀਫ਼ੀ ਦੀ ਗੱਲ ਹੈ ਕਿ ਅੱਜ ਕਈ ਘਰਾਂ ਵਿਚ ਦੋਹਾਂ ਜੀਆਂ ਨੇ ਬੱਚਿਆਂ ਨੂੰ ਵੀ ਅਪਣੇ-ਅਪਣੇ ਧੜੇ ਵਿਚ ਵੰਡਿਆ ਹੋਇਆ ਹੈ ਅਤੇ ਬੜੇ ਰੋਅਬ ਨਾਲ ਕਹਿੰਦੇ ਹਨ, ''ਖ਼ਬਰਦਾਰ ਮੇਰੇ ਬੱਚੇ ਨੂੰ ਕੰਮ ਦਸਿਆ, ਅਪਣੇ ਕੋਲੋਂ ਕਰਵਾ।''
ਅਜਿਹੇ ਹਾਲਾਤ ਵਿਚ ਬੱਚਾ ਜਦੋਂ ਕੁੱਝ ਵੱਡਾ ਹੁੰਦਾ ਹੈ ਤਾਂ ਲਾਜ਼ਮੀ ਹੈ ਕਿ ਘਰ ਸੰਗਤ ਨਾ ਹੋਣ ਕਰ ਕੇ ਬਾਹਰ ਸੰਗਤ ਬਣਾਵੇਗਾ। ਕਈ ਵਾਰ ਬੱਚਾ ਜਾਣੇ-ਅਣਜਾਣੇ 'ਚ ਗ਼ਲਤ ਸੰਗਤ 'ਚ ਸ਼ਾਮਲ ਹੋ ਜਾਂਦਾ ਹੈ। ਹੁਣ ਪਹਿਲੀ ਗੱਲ ਕਿ ਮਾਹੌਲ ਹੀ ਨਹੀਂ ਰਹਿ ਗਿਆ ਕਿ ਬੱਚੇ ਦੀ ਗ਼ਲਤ ਸੰਗਤ ਨੂੰ ਵੇਖ ਕੇ ਕੋਈ ਦਾਦੀ-ਦਾਦਾ ਜਾਂ ਚਾਚਾ-ਤਾਇਆ ਉਸ ਦੇ ਮਾਂ-ਬਾਪ ਨੂੰ ਸਲਾਹ ਦੇ ਸਕੇ ਕਿ ਬੱਚੇ ਨੂੰ ਵਰਜਣ। ਜੇਕਰ ਕੋਈ ਬੱਚੇ ਦੀਆਂ ਗ਼ਲਤ ਹਰਕਤਾਂ ਬਾਰੇ ਘਰ ਦੱਸ ਦੇਵੇ ਤਾਂ ਉਸ ਦੀ ਮਾਂ-ਬਾਪ ਵਲੋਂ ਪੂਰੀ ਕੁੱਤੇਖਾਣੀ ਹੁੰਦੀ ਹੈ। ਮੇਰਾ ਭਾਵ ਹੈ ਕਿ ਅਸੀ ਘਰਾਂ ਵਿਚ ਅਜਿਹਾ ਮਾਹੌਲ ਬਣਾਈਏ ਕਿ ਜੇ ਕੋਈ ਗ਼ਲਤ ਰਾਹ ਤੇ ਤੁਰਦਾ ਹੈ ਤਾਂ ਉਸ ਨੂੰ ਵਰਜ ਕੇ ਸਿੱਧੇ ਰਾਹ ਤੇ ਤੋਰਨ ਦਾ ਯਤਨ ਕਰੀਏ ਤਾਂ ਹੀ ਸਮਾਜ ਸੁਧਾਰਨ ਵਲ ਤੁਰ ਸਕਦੇ ਹਾਂ। ਘਰ ਤੋਂ ਬਾਅਦ ਸਾਡੀ ਇਕਾਈ ਸਮਾਜ ਹੈ ਜਿਸ ਵਿਚ ਦੋਸਤ, ਰਿਸ਼ਤੇਦਾਰ ਆਦਿ ਆਉਂਦੇ ਹਨ। ਕੋਈ ਰਿਸ਼ਤੇਦਾਰ ਮਿਲਣ ਆਵੇ ਤਾਂ ਸ਼ਰਾਬ, ਕੋਈ ਤਿਉਹਾਰ ਹੋਵੇ ਤਾਂ ਸ਼ਰਾਬ। ਇਸ ਦੀ ਲੋਰ ਵਿਚ ਜੇ 60-65 ਸਾਲ ਦਾ ਵਿਅਕਤੀ ਅੱਧਕੱਜੀਆਂ ਨਚਾਰਾਂ ਨਾਲ ਨੱਚਦਾ ਹੈ ਅਤੇ ਮੂੰਹ ਵਿਚ ਨੋਟ ਪਾ ਕੇ ਫੜਾਉਂਦਾ ਹੈ ਤਾਂ ਕੀ ਸਮਾਜ ਨੂੰ ਵਧੀਆ ਸੇਧ ਦਿੰਦਾ ਹੈ? ਕੀ ਉਹ ਵਿਅਕਤੀ ਸਮਾਜ ਦੀ ਨਵੀਂ ਪਨੀਰੀ ਨੂੰ ਨਸ਼ਿਆਂ ਲਈ ਪ੍ਰੇਰਿਤ ਨਹੀਂ ਕਰ ਰਿਹਾ? ਕੋਈ ਵੀ ਵਿਆਹ ਸਮਾਗਮ ਸ਼ਰਾਬ ਦੀਆਂ ਪੇਟੀਆਂ, ਡਾਂਸਰਾਂ ਦੇ ਨਾਚ ਅਤੇ ਪਿਸਤੌਲਾਂ ਦੇ ਫ਼ਾਇਰ ਤੋਂ ਬਗ਼ੈਰ ਅਧੂਰਾ ਕਿਉਂ ਹੈ? ਕੀ ਅਸੀ ਕਦੀ ਸੋਚਿਆ ਹੈ ਕਿ ਅਸੀ ਅਪਣੀ ਨੌਜਵਾਨ ਪੀੜ੍ਹੀ, ਨੂੰ ਕਿਧਰ ਲਿਜਾ ਰਹੇ ਹਾਂ?
ਕਦੀ ਸਮਾਂ ਸੀ ਜਦੋਂ ਜੰਞਾਂ ਰਾਤ ਰਹਿੰਦੀਆਂ ਸਨ ਪਰ ਜੇਕਰ ਕਿਸੇ ਨੇ ਸ਼ਰਾਬ ਪੀਣੀ ਹੁੰਦੀ ਤਾਂ ਲੁਕ-ਛਿਪ ਕੇ ਪੀਂਦਾ। ਲੋਕ ਏਨੇ ਅਸੂਲਪ੍ਰਸਤ ਸਨ ਕਿ ਸਾਡੇ ਇਲਾਕੇ ਦਾ ਇਕ ਕਹਿੰਦਾ-ਕਹਾਉਂਦਾ ਬੰਦਾ ਬਰਾਤ ਜਾਣ ਵੇਲੇ ਬੱਸ 'ਚੋਂ ਇਸ ਕਰ ਕੇ ਲਾਹ ਦਿਤਾ ਗਿਆ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਲੋੜ ਹੈ ਸਮਾਜ ਦੇ ਜ਼ਿੰਮੇਵਾਰ ਵਿਅਕਤੀ ਅਤੇ ਸੰਸਥਾਵਾਂ ਸਮਾਜ ਨੂੰ ਨਸ਼ਾ ਰਹਿਤ ਬਣਾਉਣ ਲਈ ਅੱਗੇ ਆਉਣ। ਮੇਰੀ ਮਾਵਾਂ ਨੂੰ ਬੇਨਤੀ ਹੈ ਕਿ 'ਬੱਚਾ ਹੈ ਸਮਝ ਜਾਏਗਾ' ਦੀ ਰੱਟ ਛੱਡ ਕੇ ਪ੍ਰਵਾਰ ਦੇ ਸਿਆਣਿਆਂ ਅਤੇ ਬਾਕੀ ਮੈਂਬਰਾਂ ਨਾਲ ਮਿਲ ਕੇ ਬੱਚੇ ਨੂੰ ਸ਼ੁਰੂ ਤੋਂ ਹੀ ਚੰਗੀਆਂ ਆਦਤਾਂ ਪਾਉਣ ਅਤੇ ਇਕ ਜ਼ਿੰਮੇਵਾਰ ਸ਼ਹਿਰੀ ਬਣਾਉਣ ਵਿਚ ਮਦਦ ਕਰਨ। ਜਿਥੇ ਸਾਡੇ ਸਮਾਜ ਨੂੰ ਵਿਗਾੜਨ ਵਿਚ ਸਮਾਜਕ ਤੱਤ ਜ਼ਿੰਮੇਵਾਰ ਹਨ, ਉਥੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਧਾਰਮਕ ਪੱਖ ਵੀ ਜੋ ਸਮਾਜ ਨੂੰ ਚੜ੍ਹਦੀਆਂ ਕਲਾਂ ਵਿਚ ਲਿਜਾਣ ਲਈ ਹਮੇਸ਼ਾ ਵਧੀਆ ਭੂਮਿਕਾ ਨਿਭਾਉਂਦਾ ਰਿਹਾ ਹੈ, ਅੱਜ ਉਸ ਦਾ ਰੋਲ ਵੀ ਉਤਸ਼ਾਹਜਨਕ ਨਹੀਂ ਸਗੋਂ ਕੁੱਝ ਹੱਦ ਤਕ ਨਾਂਹਪੱਖੀ ਵੀ ਹੈ। ਜਿਥੇ ਕੁੱਝ ਧਾਰਮਕ ਸੰਸਥਾਵਾਂ ਨਸ਼ੇ ਛੁਡਾ ਕੇ ਦਾਜ ਤੋਂ ਬਗ਼ੈਰ ਵਿਆਹ ਕਰ ਕੇ ਉਸਾਰੂ ਭੂਮਿਕਾ ਨਿਭਾਅ ਰਹੀਆਂ ਹਨ, ਉਥੇ ਕੁੱਝ ਅਜਿਹੇ ਵੀ ਹਨ ਜੋ ਕਾਰ ਸੇਵਾ ਸਮੇਂ ਸੰਗਤਾਂ ਤੋਂ ਵੱਧ ਕੰਮ ਲੈਣ ਜਾਂ ਥਕੇਵਾਂ ਲਾਹੁਣ ਦੇ ਬਹਾਨਿਆਂ ਨਾਲ ਅਫ਼ੀਮ, ਕੈਪਸੂਲ, ਭੁੱਕੀ ਆਦਿ ਦਿੰਦੇ ਹਨ। ਭਾਵੇਂ ਲੋਕਾਂ ਤੋਂ ਚੋਰੀ ਹੀ ਸਹੀ ਕੁੱਝ ਪ੍ਰਚਾਰਕ ਵੀ ਸਟੇਜ ਤੇ ਜਾਣ ਤੋਂ ਪਹਿਲਾਂ ਨਸ਼ੇ ਦਾ ਸੇਵਨ ਕਰਦੇ ਹਨ। ਮੇਰੇ ਇਕ ਦੋਸਤ ਜੋ ਫ਼ਿਲਮਕਾਰ ਅਤੇ ਕਲਾਕਾਰ ਵੀ ਹਨ, ਇਕ ਵਾਰ ਅਮਰੀਕਾ ਫੇਰੀ ਦੌਰਾਨ ਅਪਣੇ ਇਕ ਗੁਰਸਿੱਖ ਦੋਸਤ ਦੇ ਘਰ ਗਏ। ਗੁਰਸਿੱਖ ਦੋਸਤ ਨੇ ਉਚੇਚੇ ਤੌਰ ਤੇ ਪੰਜਾਬ ਤੋਂ ਕੀਰਤਨੀ ਜਥਾ ਬੁਲਾਇਆ ਸੀ। ਕੀਰਤਨ ਕਰਨ ਤੋਂ ਬਾਅਦ ਕੀਰਤਨੀਏ ਪ੍ਰਸ਼ਾਦ ਛਕਣ ਦਾ ਬਹਾਨਾ ਬਣਾ ਰਹੇ ਸਨ। ਮੇਰੇ ਦੋਸਤ ਨੇ ਉਸ ਅਮਰੀਕੀ ਸਿੱਖ ਨੂੰ ਸਮਝਾਇਆ ਕਿ ਇਹ ਰੋਟੀ ਖਾਣ ਜੋਗੇ ਹੋਣਾ ਚਾਹੁੰਦੇ ਹਨ, ਯਾਨੀ ਕਿ ਸ਼ਰਾਬ ਦਾ ਸੇਵਨ ਕਰਨਾ ਚਾਹੁੰਦੇ ਹਨ। ਗੁਰਸਿੱਖ ਦੋਸਤ ਨੇ ਜਥੇ ਦੀ ਲਾਹ-ਪਾਹ ਕਰ ਦਿਤੀ।
ਮੇਰਾ ਉਪਰੋਕਤ ਘਟਨਾ ਦਾ ਹਵਾਲਾ ਦੇਣ ਦਾ ਮਕਸਦ ਸਿਰਫ਼ ਏਨਾ ਹੀ ਸੀ ਕਿ ਮਸਲਿਆਂ ਦੀ ਸੰਜੀਦਗੀ ਨੂੰ ਸਮਝ ਕੇ ਇਨ੍ਹਾਂ ਦੇ ਹੱਲ ਲਈ ਯਤਨ ਕਰਨੇ ਚਾਹੀਦੇ ਹਨ ਨਾਕਿ ਦਲੀਲ ਰਹਿਤ ਹੋ-ਹੱਲਾ ਖੜਾ ਕਰ ਕੇ ਉਲਝੀ ਨੂੰ ਹੋਰ ਉਲਝਾਉਣਾ। ਦਲੀਲਬਾਜ਼ੀ ਦੇ ਰਾਹ ਤੇ ਚੱਲ ਕੇ ਸਮਾਜ ਨੂੰ ਸਿੱਧੇ ਰਾਹ ਤੇ ਲਿਆਂਦਾ ਜਾਵੇ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬੀਆਂ ਵਿਚ ਅੱਜ ਅਜਿਹੇ ਤੱਤ ਅਪਣੀ ਸਾਖ ਬਣਾ ਚੁੱਕੇ ਹਨ ਜੋ ਦਲੀਲ ਦੀ ਥਾਂ ਡਾਂਗ ਨੂੰ ਤਰਜੀਹ ਦਿੰਦੇ ਹਨ ਅਤੇ ਸਿੱਖੀ ਵਰਗੇ ਸਰਬ ਸਾਂਝੇ ਧਰਮ ਨੂੰ ਧਾਰਮਕ ਕੱਟੜਵਾਦ ਦੇ ਕਫ਼ਨ ਵਿਚ ਢਕਣ ਦੀ ਕੋਸ਼ਿਸ਼ ਕਰ ਰਹੇ ਹਨ।
ਲੋਕ ਗਾਥਾਵਾਂ ਵਿਚਲੇ ਧਰਮੀ ਰਾਜਿਆਂ ਨੂੰ ਛੱਡ ਕੇ ਸਾਡੇ ਸਿਆਸਤਦਾਨਾਂ ਦਾ ਵੀ ਸ਼ਰਾਬ ਅਤੇ ਸ਼ਬਾਬ ਨਾਲ ਹੀ ਲਗਾਅ ਹੈ। ਅੱਜ ਲੋਕਾਂ ਦੀਆਂ ਮੁਸ਼ਕਲਾਂ ਅਤੇ ਜਨਤਾ ਦੀ ਹੋ ਰਹੀ ਲੁੱਟ ਵਲੋਂ ਧਿਆਨ ਹਟਾਉਣ ਲਈ ਸਿਨੇਮਾ ਅਤੇ ਪ੍ਰਚਾਰ ਸਾਧਨ ਸ਼ਰੇਆਮ ਸ਼ਰਾਬ, ਅਤੇ ਸ਼ਬਾਬ ਦਾ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਬਚਾਉਣ ਲਈ ਕੋਈ ਵੀ ਧਿਰ ਸੰਜੀਦਾ ਨਹੀਂ। ਸੋ ਆਉ ਮਿਲ ਕੇ ਸਹਿਜ-ਧੀਰਜ ਅਤੇ ਦ੍ਰਿੜ ਇਰਾਦਾ ਕਰ ਕੇ ਪੰਜਾਬ ਨੂੰ ਨਾ ਕੇਵਲ ਨਸ਼ਿਆਂ ਤੋਂ ਹੀ ਬਚਾਉਣ ਦੀ ਗੱਲ ਕਰੀਏ ਸਗੋਂ ਪੰਜਾਬ, ਪੰਜਾਬੀ ਅਤੇ ਪੰਜਾਬੀ ਅਣਖ ਅਤੇ ਗ਼ੈਰਤ ਨੂੰ ਬਚਾਉਣ ਲਈ ਮੈਦਾਨ ਵਿਚ ਆਈਏ। ਸਮਾਂ ਨਾਅਰੇ ਲਾ ਕੇ ਚੌਧਰ ਚਮਕਾਉਣ ਦਾ ਨਹੀਂ ਸਗੋਂ ਰਣਤੱਤੇ ਵਿਚ ਜੂਝਣ ਦਾ ਹੈ। ਆਉ ਰਲਮਿਲ ਕੇ ਫਿਰ ਬੇਗਾਨੀਆਂ ਧੀਆਂ ਦੀਆਂ ਇਜ਼ਤਾਂ ਦਾ ਰਾਖਾ ਦੂਜਿਆਂ ਦੇ ਦੁੱਖ ਦਰਦ ਵੰਡਾਉਣ ਵਾਲਾ, ਸੱਭ ਦਾ ਸਾਂਝਾ ਪੰਜਾਬ ਸਿਰਜੀਏ ਨਾਕਿ ਧੀਆਂ-ਭੈਣਾਂ, ਪਤਨੀਆਂ ਤੋਂ ਨਸ਼ੇ ਵਿਕਵਾਉਣ ਵਾਲਾ ਨਸ਼ਈ, ਬਲਾਤਕਾਰੀ, ਲੱਠਮਾਰ ਗੁੰਡਿਆਂ ਅਤੇ ਖ਼ੁਦਗ਼ਰਜ਼ ਧੋਖੇਬਾਜ਼ ਨੇਤਾਵਾਂ ਦਾ ਪੰਜਾਬ।
ਸੰਪਰਕ : 94656-02696