ਮਾਂ ਬੋਲੀ ਪੰਜਾਬੀ, ਸਾਰੇ ਪਿੰਡ ਦੀ ਭਾਬੀ(ਭਾਗ 2)
Published : May 26, 2018, 11:39 pm IST
Updated : May 29, 2018, 8:09 pm IST
SHARE ARTICLE
Amin Malik
Amin Malik

ਰਹਿ ਰਹਿ ਕੇ ਇਹ ਖ਼ਿਆਲ ਸੋਚਣ ਤੇ ਮਜਬੂਰ ਕਰਦਾ ਹੈ ਕਿ ਮੇਰੀ ਮਾਂ ਅੰਮ੍ਰਿਤਸਰ ਦੇ ਇਕ ਨਿੱਕੇ ਜਿਹੇ ਪਿੰਡ ਜੰਮੀ ਪਲੀ ਤੇ ਉਥੇ ਹੀ ਵਿਆਹੀ ਵਿਰਜੀ ਗਈ। ਮੈਂ 40 ਵਰ੍ਹੇ ਉਸ...

ਰਹਿ ਰਹਿ ਕੇ ਇਹ ਖ਼ਿਆਲ ਸੋਚਣ ਤੇ ਮਜਬੂਰ ਕਰਦਾ ਹੈ ਕਿ ਮੇਰੀ ਮਾਂ ਅੰਮ੍ਰਿਤਸਰ ਦੇ ਇਕ ਨਿੱਕੇ ਜਿਹੇ ਪਿੰਡ ਜੰਮੀ ਪਲੀ ਤੇ ਉਥੇ ਹੀ ਵਿਆਹੀ ਵਿਰਜੀ ਗਈ। ਮੈਂ 40 ਵਰ੍ਹੇ ਉਸ ਦਾ ਸੰਗ ਮਾਣਿਆ। ਮੇਰੇ ਦੋ ਭਰਾਵਾਂ ਨੇ ਸੰਨ ਪੰਤਾਲੀ ਵਿਚ ਅੰਮ੍ਰਿਤਸਰ ਦੀ ਤਹਿਸੀਲ ਅਜਨਾਲੇ ਦੇ ਹਾਈ ਸਕੂਲ 'ਚੋਂ ਮੈਟ੍ਰਿਕ ਪਾਸ ਕੀਤੀ ਜੋ ਸਵਰਗੀ ਰਜੇਸ਼ਵਰੀ ਚਮਿਆਰੀ ਦੇ ਜਮਾਤੀ ਸਨ।

ਹੈਰਾਨ ਹਾਂ ਕਿ ਮੈਂ ਇਨ੍ਹਾਂ ਕਿਸੇ ਦੇ ਮੂੰਹੋਂ ਵੀ ਅੱਜ ਦੀ ਅਧਰੰਗ ਹੋਈ ਜਾਂ ਪੋਲੀਉ ਮਾਰੀ ਇੰਜ ਦੀ ਪੰਜਾਬੀ ਦਾ ਕਦੀ ਵੀ ਕੋਈ ਸ਼ਬਦ ਨਾ ਸੁਣਿਆ ਜੋ ਸੰਤਾਲੀ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਸ਼ਹਿਰੀ ਬਾਬੂ ਡਾਕਟਰ ਬਾਬੇ ਫ਼ਰੀਦ ਦੀ ਬੋਲੀ ਦਾ ਹਸ਼ਰ ਨਸ਼ਰ ਕਰ ਰਹੇ ਨੇ। ਇਸ ਤੋਂ ਉਤੇ ਦੁੱਖ ਵਾਲੀ ਗੱਲ ਕਿਹੜੀ ਹੈ ਕਿ ਲਹਿੰਦੇ ਪੰਜਾਬ ਦੀ ਚੜ੍ਹਦੇ ਪੰਜਾਬ ਨਾਲੋਂ ਸਾਂਝ ਹੀ ਟੁਟਦੀ ਜਾ ਰਹੀ ਹੈ।

ਬਾਕੀ ਭਿਆਲੀਆਂ ਤਾਂ ਸਿਆਸਤ ਨੇ ਚੱਟ ਲਈਆਂ ਪਰ ਬੋਲੀ ਵਿਚ ਕੰਧ ਤਾਂ ਨਾ ਮਾਰੋ। ਅਸੀ ਲਹਿੰਦੇ ਪੰਜਾਬ ਵਾਲੇ ਤੁਹਾਡੇ ਪੰਜਾਬ ਲਈ ਗੁੰਗੇ ਤੇ ਤੁਸੀ ਸਾਡੇ ਲਈ ਬੋਲੇ ਹੋ ਗਏ ਹੋ। ਬਾਕੀ ਜ਼ੁਲਮ ਤਾਂ ਚਲੋ ਰੱਬੋਂ ਹੋ ਗਏ ਪਰ ਸਾਡਾ ਮਿਲਣ ਵਰਤਣ ਅਤੇ ਕੂਣ ਸੁਣਨ ਤਾਂ ਨਾ ਮੁੱਕੇ। ਵੀਜ਼ੇ ਲਈ ਹਾੜੇ ਕਰਨੇ ਤਾਂ ਸਾਡੇ ਪੱਲੇ ਪੈ ਗਏ ਪਰ ਬੋਲੀ ਦੀ ਸਾਂਝ ਤਾਂ ਨਹੀਂ ਟੁਟਣੀ ਚਾਹੀਦੀ।

ਅਸੀ ਲਹਿੰਦੇ ਪੰਜਾਬ ਵਾਲੇ ਹੱਥ ਬੰਨ੍ਹ ਕੇ ਤਰਲਾ ਕਰਦੇ ਹਾਂ ਕਿ ਸਾਡੇ ਨਾਲ ਰਲ ਕੇ ਬਹਿਣਾ ਅਤੇ ਹਸਣਾ-ਖੇਡਣਾ ਤਾਂ ਮੁੱਕ ਗਿਆ ਹੈ, ਹੁਣ ਗਵਾਂਢ ਮੱਥਾ ਤਾਂ ਨਾ ਮੁਕਾਉ। ਬਾਂਹ ਨਾ ਫੜੋ, ਉਂਗਲੀ ਤਾਂ ਨਾ ਛੁਡਾਉ। ਅਪਣੇ ਅਤੀਤ ਨੂੰ ਮਰਨ ਤੋਂ ਬਚਾਉਂਦੇ ਹੋਏ ਲਹਿੰਦੇ ਪੰਜਾਬ ਵਾਲੇ ਬਹੁਤ ਸਾਰੇ ਲੋਕ ਗੁਰਮੁਖੀ ਲਿੱਪੀ ਸਿਖ ਰਹੇ ਨੇ ਕਿ ਵਾਹਗੇ ਤੋਂ ਪਾਰ ਵਾਲਾ ਸਾਹਿਤ ਪੜ੍ਹ ਸਕੀਏ।

ਪਰ ਦਿਨੋਂ-ਦਿਨੀਂ ਡਾਕਟਰਾਂ-ਪ੍ਰੋਫ਼ੈਸਰਾਂ ਨੇ ਅਜਿਹੇ ਟੈਸਟ ਟਿਊਬ ਵਾਲੇ ਸ਼ਬਦਾਂ ਦੇ ਬਾਲ ਜਮਾਈ ਜਾਂਦੇ ਨੇ ਕਿ ਉਨ੍ਹਾਂ ਨੂੰ ਪਛਾਣਨਾ ਵੀ ਔਖਾ ਹੋ ਗਿਐ। ਅਖੇ ਤੇਲੀ ਵੀ ਕੀਤਾ ਤੇ ਸੁੱਕੀ ਵੀ ਖਾਧੀ। ਕਦੀ ਕਦੀ ਪਾਕਿਸਤਾਨੀ ਮੈਨੂੰ ਪੁਛਦੇ ਹਨ, “ਅਮੀਨ! ਤੇਰੀਆਂ ਤੇ ਉਨ੍ਹਾਂ ਨਾਲ ਰਲ ਕੇ ਚੁਗੀਦੀਆਂ ਨੇਂ, ਤੂੰ ਉਨ੍ਹਾਂ ਦਾ ਲਿਖਿਆ ਡਾਕਟਰੀ ਸਾਹਿਤ ਸਮਝ ਲੈਂਦੈਂ ਜਾਂ ਕਿ ਐਵੇਂ ਗੁੰਗੇ ਦੀਆਂ ਰਮਜ਼ਾਂ ਗੁੰਗੇ ਦੀ ਮਾਂ ਹੀ ਜਾਣੇ।''

ਮੈਂ ਕੀ ਦੱਸਾਂ? ਜਿਥੇ ਇਹ ਸਮਾਗਮ ਵਿਚ ਪਰਚੇ ਪੜ੍ਹ ਰਹੇ ਹੁੰਦੇ ਨੇ, ਉਥੇ ਮੈਂ ਨੀਂਦ ਦਾ ਢੌਂਕਾ ਲਾ ਲੈਂਦਾ ਹਾਂ। ਕਿਤਾਬਾਂ ਮੈਂ ਨਾਨਕ ਸਿੰਘ, ਗੁਰਦਿਆਲ ਸਿੰਘ ਸਰਨਾ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫ਼ੈਸਰ ਪ੍ਰੀਤਮ ਸਿੰਘ, ਪ੍ਰੋਫ਼ੈਸਰ ਮੋਹਨ ਸਿੰਘ, ਵਰਿਆਮ ਸੰਧੂ ਅਤੇ ਸ਼ਿਵ ਕੁਮਾਰ ਵਰਗਿਆਂ ਦੀਆਂ ਹੀ ਪੜ੍ਹਦਾ ਹਾਂ। ਇਨ੍ਹਾਂ ਤੋਂ ਵੱਖ ਹੋਰ ਵੀ ਭਾਈ ਵੀਰ ਸਿੰਘ ਜਿਹੇ ਹਨ ਜਿਨ੍ਹਾਂ ਦਾ ਨਾਂ ਨਹੀਂ ਲਿਖ ਸਕਿਆ, ਉਹ ਮਾਫ਼ ਕਰ ਦੇਣ ਤਾਂ ਮਿਹਰਬਾਨੀ ਹੋਵੇਗੀ।

ਇਕ ਬੀਬੀ ਸੁਖਵੰਤ ਕੌਰ ਮਾਨ ਦੀ ਕਹਾਣੀ 'ਜਿੱਤ' ਪੜ੍ਹੀ ਤਾਂ ਉਸ ਦੇ ਹੱਥ ਚੁੰਮਣ ਨੂੰ ਜੀ ਕੀਤਾ। ਗੁਰਬਚਨ ਭੁੱਲਰ, ਸੰਤੋਖ ਧੀਰ ਵੀ ਪੜ੍ਹਿਆ। ਗੱਲ ਕੀ, ਡਾਕਟਰਾਂ ਤੋਂ ਪਹਿਲਾਂ ਵਾਲੇ ਬੜੇ ਪੜ੍ਹੇ। ਹੁਣ ਉਨ੍ਹਾਂ ਦੀ ਯਾਦ ਹੀ ਸੀਨੇ ਨਾਲ ਲਾਈ ਬੈਠਾ ਹਾਂ। ਇਸ ਤੋਂ ਬਾਅਦ ਕੀ ਦੱਸਾਂ, ਧੜ ਜਨਾਨੀ ਦਾ, ਮੂੰਹ ਮੱਛੀ ਦਾ ਹੋਵੇ ਤਾਂ ਉਸ ਦਾ ਕੀ ਨਾਂ ਲਵਾਂ? ਅੰਬ ਦੇ ਬੂਟੇ ਨੂੰ ਤਰਾਂ, ਖੀਰੇ ਲੱਗੇ ਹੋਣ ਤਾਂ ਉਸ ਰੁੱਖ ਦੀ ਕਿਸ ਨੂੰ ਸਮਝ ਆਵੇ? ਹੁਣ ਤਾਂ ਇਹ ਹਾਲ ਹੋ ਰਿਹੈ ਕਿ ਗਲ ਵਿਚ ਕੋਟ ਤੇ ਟਾਈ, ਤੇੜ ਤਹਿਮਤ ਅਤੇ ਹੱਥ ਵਿਚ ਕੋਕਿਆਂ ਵਾਲਾ ਖੂੰਡ ਫੜੇ ਬੰਦੇ ਨੂੰ ਲੰਦਨ ਆਖਾਂ ਕਿ ਲੁਧਿਆਣਾ?

ਸੰਨ ਸੰਤਾਲੀ ਤੋਂ ਪਿੱਛੋਂ ਸਾਡੀ ਬੋਲੀ ਨੂੰ ਇੰਜ ਦਾ ਬਣਾ ਕੇ ਰੱਬ ਜਾਣੇ ਸੋਨੇ ਦੇ ਵਰਕ ਵਿਚ ਧਤੂਰਾ ਲਪੇਟ ਕੇ ਸਾਨੂੰ ਕਿਸ ਨੇ ਖਵਾਇਆ ਹੈ? ਇਹ ਕਿਸ ਨੇ ਸੰਨ੍ਹ ਲਾਈ ਅਤੇ ਕਿਥੇ ਸਾਜ਼ਸ਼ਾਂ ਸ਼ਰਾਰਤਾਂ ਹੋਈਆਂ? ਮੰਗਵੇਂ ਗਹਿਣੇ ਨੇ ਰੂਪ ਹੀ ਵਿਗਾੜ ਦਿਤਾ। ਇਹ ਸੱਭ ਕੁੱਝ ਪੰਜਾਬੀ ਮਾਂ ਬੋਲੀ ਨਾਲ ਹੀ ਕਿਉਂ ਹੋਇਆ? ਅਸੀ ਕਿਹੜੀਆਂ ਕੀਤੀਆਂ ਨੂੰ ਫੜੇ ਗਏ ਅਤੇ ਕਿਹੜੀ ਪੱਕੀ ਭੋਇੰ ਉਤੇ ਮੂਤਿਆ ਗਿਆ ਕਿ ਹੁਣ ਬਾਹਰਲੀਆਂ ਸਾਡਾ ਖਹਿੜਾ ਨਹੀਂ ਛਡਦੀਆਂ।

ਅਸੀ ਉਹ ਲੋਕ ਹਾਂ ਕਿ ਜਿਸ ਨੇ ਲਾਈ ਗੱਲੀਂ, ਉਸੇ ਨਾਲ ਉਠ ਚੱਲੀ। ਖ਼ੁਦਾ ਜਾਣੇ ਇਸ ਘਾਟੇ ਦਾ ਕਿਸੇ ਹੋਰ ਦੇ ਅਹਿਸਾਸ ਦੇ ਢਿੱਡ ਵਿਚ ਵੀ ਸੂਕ ਪੈਂਦਾ ਹੈ ਕਿ ਨਹੀਂ। ਪੈਸਾ ਧੇਲਾ ਗਵਾਚ ਜਾਏ ਤਾਂ ਕਿਧਰੋਂ ਹੋਰ ਮਿਲ ਜਾਏਗਾ। ਇਹ ਮਾਂ ਬੋਲੀ ਉਜੜ ਗਈ ਤਾਂ ਇਸ ਥੇਹ ਵਿਚ ਠੀਕਰੀਆਂ ਹੀ ਰਹਿ ਜਾਣਗੀਆਂ। ਮੈਂ ਤਾਂ ਸੱਚ ਦਾ ਹੋਕਾ ਦਈ ਜਾਵਾਂਗਾ, ਇਹ ਵਖਰੀ ਗੱਲ ਹੈ ਕਿ ਹਰ ਸੱਚੇ ਮੁਕੱਦਰ ਵਿਚ ਗਾਲਾਂ ਤੋਂ ਵੱਖ ਕੁੱਝ ਨਹੀਂ ਹੁੰਦਾ। ਮੈਂ ਲਹਿੰਦੇ ਪੰਜਾਬ ਨੂੰ ਇਕ ਸੱਚੀ ਗੱਲ ਆਖੀ ਕਿ ਪੰਜਾਬੀ ਲਿਖਣ-ਪੜ੍ਹਨ ਲਈ ਮੁਕੰਮਲ ਲਿੱਪੀ ਸਿਰਫ਼ ਗੁਰਮੁਖੀ ਹੈ। ਇਸ ਦੇ ਜਵਾਬ ਵਿਚ ਮੈਨੂੰ ਤੋਏ ਲਾਹਨਤ ਹੋਈ ਅਤੇ ਜੂਤ ਪਤਾਣ ਤੋਂ ਸਿਵਾ ਕੁੱਝ ਹੱਥ ਨਾ ਆਇਆ। ਪਰ ਫਿਰ ਵੀ ਰੱਬ ਦਾ ਕਰਮ ਹੈ ਕਿ ਅਜਕਲ ਬਹੁਤ ਲੋਕ ਇਹ ਲਿੱਪੀ ਸਿਖ ਰਹੇ ਹਨ।

ਮੇਰੀਆਂ ਪੰਜ ਕਿਤਾਬਾਂ ਇਧਰ ਗੁਰਮੁਖੀ ਲਿੱਪੀ ਵਿਚ ਹੀ ਛਾਪੀਆਂ ਗਈਆਂ।ਬੰਦਾ ਬੀਜ ਖਿਲਾਰਦਾ ਰਹੇ ਤਾਂ ਕਦੀ ਤਾਂ ਇਸ ਬੰਜਰ ਧਰਤੀ ਵਿਚ ਕੁੱਝ ਉਗ ਹੀ ਪਵੇਗਾ। ਸਾਜ਼ਸ਼ਾਂ-ਸ਼ਰਾਰਤਾਂ ਕਰਨ ਵਾਲਿਆਂ ਨੇ ਤਾਂ ਘੱਟ ਨਹੀਂ ਕੀਤੀ ਪਰ ਕੋਸ਼ਿਸ਼ ਵੀ ਨਹੀਂ ਛਡਣੀ ਚਾਹੀਦੀ। ਭਾਵੇਂ ਹੀ ਚੜ੍ਹਦੇ ਪੰਜਾਬ ਵਿਚ ਪੰਜਾਬੀਅਤ ਦੀ ਮਾਂ ਬਾਂਝ ਹੁੰਦੀ ਜਾ ਰਹੀ ਹੈ ਅਤੇ ਹੁਣ ਤੰਦਰੁਸਤ ਬਾਲ ਦੀ ਬਜਾਏ ਟੈਸਟ ਟਿਊਬ ਬੇਬੀ ਜੰਮ ਰਹੇ ਹਨ ਪਰ ਮੈਂ ਅਪਣੀ ਵਾਹ ਲਾਈ ਜਾਵਾਂਗਾ।

ਇਕ ਦਿਨ 'ਸਪੋਕਸਮੈਨ' ਦੇ ਮੁੱਖ ਸੰਪਾਦਕ ਜਨਾਬ ਜੋਗਿੰਦਰ ਸਿੰਘ ਜੀ ਨਾਲ ਗੱਲ ਹੋਈ ਤਾਂ ਸੁਣ ਕੇ ਬੜਾ ਹੀ ਉਦਾਸ ਹੋ ਗਿਆ। ਉਨ੍ਹਾਂ ਨੇ ਇਕ ਸੱਚੀ ਗੱਲ ਦੱਸੀ ਕਿ ''ਅਮੀਨ, ਉਹ ਪੁਰਾਣੇ ਲੋਕ ਜੋ ਪੰਜਾਬੀ ਬੋਲਦੇ-ਲਿਖਦੇ ਸਨ ਤੇ ਬਹੁਤੇ ਸੰਤਾਲੀ ਤੋਂ ਬਾਅਦ ਲਹਿੰਦੇ ਪੰਜਾਬ ਵਲੋਂ ਆਏ ਸਨ, ਹੁਣ ਹੌਲੀ-ਹੌਲੀ ਮੁਕਦੇ ਜਾ ਰਹੇ ਹਨ ਅਤੇ ਇਹ ਬੋਲੀ ਵੀ ਮੁਕਦੀ ਨਜ਼ਰ ਆਉਂਦੀ ਏੇ।'' ਇਹ ਗੱਲ ਬੜੀ ਹੀ ਦੁਖਦਾਇਕ ਹੈ। ਅੱਜ ਪੰਜਾਬੀ ਪੜ੍ਹ ਕੇ ਡਾਕਟਰ ਬਣਿਆ ਹਿੰਦੀ, ਸੰਸਕ੍ਰਿਤ ਦੇ ਟੀਕੇ ਲਾ ਰਿਹਾ ਹੈ। ਪੜ੍ਹਿਆ ਬਰਨਾਲਾ ਹੈ ਪਰ ਬੋਲਦਾ ਬਰੇਲੀ ਹੈ।

ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਬੋਲੀ ਬਾਰੇ ਅਪਣੇ ਮੁੱਦੇ ਨੂੰ ਬਿੱਲੇ ਲਾਉਂਦੇ ਹੋਏ ਇਸ ਦੀ ਹਮਾਇਅਤ ਜਾਂ ਪੱਖ ਵਿਚ ਅਪਣਾ ਕੋਈ ਪੇਢਾ ਜਿਹਾ ਮੁਵਕਿਫ਼, ਸਟੈਂਡ ਜਾਂ ਸੰਕਲਪ ਪੇਸ਼ ਕਰਾਂ। ਇਸ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਹਰ ਕਿਸਮ ਦੇ ਜਜ਼ਬਾਤੀ ਜਾਂ ਭਾਵੁਕ ਪੱਧਰ ਤੋਂ ਉੱਪਰ ਉਠਦੇ ਹੋਏ ਨਿਰਪੱਖ ਹੋ ਕੇ ਮੇਰੀ ਦਲੀਲ ਨੂੰ ਇਨਸਾਫ਼ ਦੀ ਤਕੜੀ ਵਿਚ ਤੋਲ ਕੇ ਫ਼ੈਸਲਾ ਕਰਿਉ।

ਮੈਂ ਸਾਬਤ ਕਰਨ ਲੱਗਾ ਹਾਂ ਕਿ ਪੰਜਾਬੀ ਮਾਂ ਬੋਲੀ ਨੂੰ ਅੋਝੜ ਓਪਰੀਆਂ ਬੋਲੀਆਂ ਤੋਂ ਪਾਕ, ਖ਼ਾਲਿਸ ਅਤੇ ਨਿਰਮਲ ਹੀ ਰਖਿਆ ਜਾਏ ਤਾਂ ਲੇਖਕਾਂ ਦੀਆਂ ਲਿਖਤਾਂ ਇਸ ਦੁਨੀਆਂ ਵਿਚ ਜ਼ਿੰਦਾ ਰਹਿਣਗੀਆਂ। ਤਜਰਬਾ ਅਤੇ ਵੇਲਾ ਇਸ ਗੱਲ ਦੀ ਤਸਦੀਕ ਅਤੇ ਗਵਾਹੀ ਦੇ ਚੁਕਾ ਹੈ ਕਿ ਹਿੰਦੀ, ਉਰਦੂ ਜਾਂ ਸੰਸਕ੍ਰਿਤ ਦੀ ਦਵਾਤ ਵਿਚੋਂ ਡੋਬਾ ਲੈ ਕੇ ਲਿਖੀ ਹੋਈ ਅੱਜ ਤੀਕ ਕੋਈ ਪੰਜਾਬੀ ਲਿਖਤ ਜਾਂ ਕੋਈ ਲੇਖਕ ਉਹ ਮੁਕਾਮ ਜਾਂ ਅਸਥਾਨ ਹਾਸਲ ਨਹੀਂ ਕਰ ਸਕਿਆ ਜੋ ਬਾਬਾ ਫ਼ਰੀਦ, ਵਾਰਿਸ ਸ਼ਾਹ, ਬੁੱਲ੍ਹਾ, ਬਾਹੂ, ਭਾਈ ਵੀਰ ਸਿੰਘ, ਪ੍ਰੋਫ਼ੈਸਰ ਪੂਰਨ ਸਿੰਘ, ਮੋਹਨ ਸਿੰਘ ਅਤੇ ਆਖ਼ਰੀ ਹੀਰਾ ਸ਼ਿਵ ਕੁਮਾਰ ਬਟਾਲਵੀ ਜਿਵੇਂ ਅਪਣੇ ਆਪ ਨੂੰ ਅਮਰ ਕਰ ਗਏ।

ਇਥੋਂ ਤਕ ਕਿ ਨੰਦ ਲਾਲ ਨੂਰਪੁਰੀ, ਫ਼ੇਰੋਜ਼ ਦੀਨ ਸ਼ਰਫ਼ ਜਾਂ ਸ਼ਾਹ ਮੁਹੰਮਦ ਵਰਗੇ ਵੀ ਇਸ ਖ਼ੂਬੀ ਕਾਰਨ ਹੀ ਅੱਜ ਤਕ ਜ਼ਿੰਦਾ ਹਨ। ਮੈਂ ਅਪਣੇ ਇਸ ਸੰਕਲਪ ਨੂੰ ਇਕ ਹੋਰ ਥੱਮੀ ਦੇਣ ਲਈ ਇਕ ਨਾਂ ਹੋਰ ਲੈਂਦੇ ਹੋਏ ਨਾ ਭੁੱਲਣ ਵਾਲੇ ਰੇਡੀਉ ਪਾਕਿਸਤਾਨ ਵਾਲੇ ਸਵਰਗੀ ਚੌਧਰੀ ਨਜ਼ਾਮਦੀਨ ਦਾ ਜ਼ਿਕਰ ਵੀ ਜ਼ਰੂਰ ਕਰਾਂਗਾ ਜੋ ਅੱਜ ਵੀ ਦੁਕਾਨਾਂ ਤੇ ਵਿਕ ਰਿਹਾ ਹੈ। ਪੰਜਾਬੀ ਦੀ ਹਰ ਮਹਿਫ਼ਲ ਵਿਚ ਅੱਜ ਵੀ ਉਸ ਦਾ ਜ਼ਿਕਰ ਜ਼ਰੂਰ ਹੁੰਦਾ ਹੈ।

ਇੰਜ ਹੀ ਆਸਾ ਸਿੰਘ ਮਸਤਾਨਾ, ਆਲਮ ਲੋਹਾਰ ਅਤੇ ਸੁਰਿੰਦਰ ਕੌਰ ਨਹੀਂ ਭੁਲਾਏ ਜਾ ਸਕਦੇ। ਇਨ੍ਹਾਂ ਤੋਂ ਬਾਅਦ ਅਨੇਕਾਂ ਲੇਖਕ ਅਤੇ ਗਵਈਏ ਵੀ ਆਏ ਪਰ ਉਹ ਸਾਵਣ ਦੀ ਘਟਾ ਵਾਂਗ ਆਏ ਤੇ ਵੱਸਣ ਤੋਂ ਪਹਿਲਾਂ ਹੀ ਉੱਜੜ ਗਏ। ਇੰਜ ਦੇ ਮਾਣਯੋਗ ਨਾਂ ਹੋਰ ਵੀ ਬਹੁਤ ਹਨ ਜਿਨ੍ਹਾਂ ਦਾ ਮੈਂ ਜ਼ਿਕਰ ਨਹੀਂ ਕਰ ਸਕਿਆ, ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ।

ਗੱਲ ਇਹ ਨਹੀਂ ਕਿ ਅੱਜ ਕਿਸੇ ਨੂੰ ਗੱਲ ਕਰਨੀ ਨਹੀਂ ਆਉਂਦੀ ਜਾਂ ਗੱਲਾਂ ਕਰਨ ਦੀ ਜਾਚ ਭੁਲ ਗਈ ਹੈ। ਇਸ ਦੀ ਮਿਸਾਲ ਇੰਜ ਦਿਤੀ ਜਾ ਸਕਦੀ ਹੈ ਕਿ ਫ਼ਿਲਮ ਦਾ ਅਦਾਕਾਰ ਵੀ ਚੰਗਾ ਹੋਵੇ, ਅੰਦਾਜ਼ ਵੀ ਸ਼ਾਨਦਾਰ ਹੋਵੇ ਪਰ ਮੁਕਾਲਮਾ ਜਾਂ ਡਾਇਲਾਗ ਗ਼ਲਤ ਬੋਲਿਆ ਜਾਵੇ ਤਾਂ ਉਸ ਨੂੰ ਕੱਟ ਕਰ ਦਿਤਾ ਜਾਂਦਾ ਹੈ। ਜੇ ਇਸ ਮਿਸਾਲ ਨੇ ਘਰ ਪੂਰਾ ਨਹੀਂ ਕੀਤਾ ਤਾਂ ਮੈਂ ਇਹ ਆਖਾਂਗਾ ਕਿ ਅਗਰ ਕੋਈ ਖ਼ਾਨਸਾਮਾ ਜਾਂ ਬਾਵਰਚੀ ਕਿੰਨਾ ਵੀ ਕਾਰੀਗਰ ਜਾਂ ਮਾਹਰ ਹੋਵੇ ਪਰ ਜੇ ਉਹ ਕੱਦੂ ਤੇ ਕਰੇਲੇ ਰਲਾ ਕੇ ਪਕਾ ਸੁੱਟੇ ਤਾਂ ਉਸ ਨੂੰ ਕੌਣ ਖਾਵੇਗਾ?

ਅੱਜ ਜਿਹੜੇ ਅੰਦਾਜ਼ ਅਤੇ ਢੰਗ ਨਾਲ ਵਾਰਤਕ ਅਤੇ ਸ਼ਾਇਰੀ ਲਿਖੀ ਜਾ ਰਹੀ ਹੈ ਉਸ ਵਿਚ ਖ਼ੂਬਸੂਰਤ ਪੰਜਾਬੀ ਦੇ ਅਖਾਣ, ਮੁਹਾਵਰੇ, ਰਾਤ ਨੂੰ ਭੱਠੀ ਉਤੇ ਬੈਠੇ ਮੱਛਰੇ ਹੋਏ ਮੁਸ਼ਟੰਡੇ ਮੁੰਡਿਆਂ ਦੀਆਂ ਗੱਲਾਂ, ਖੂਹ ਦੀ ਮਣ ਉਤੇ ਬੈਠੀ ਟੋਲੀ ਦੇ ਮਖੌਲ ਠੱਠੇ ਅਤੇ ਮੇਲੇ ਜਾਂਦੇ ਜਵਾਨਾਂ ਦੇ ਲਲਕਾਰੇ ਵਲਵਲੇ ਕਿਧਰੇ ਨਜ਼ਰ ਨਹੀਂ ਆਉਂਦੇ। ਕਿਧਰੇ ਵੀ ਕੁੜੀਆਂ ਦਾ ਗਿੱਧਾ ਜਾਂ ਕਿਕਲੀ ਦੀ ਆਵਾਜ਼ ਸੁਣਾਈ ਨਹੀਂ ਦੇਂਦੀ। ਪਿੰਡ ਦੇ ਗਲੀਆਂ-ਮੁਹੱਲਿਆਂ ਦਾ ਕੂਣ ਬੋਲਣ ਸੁਣਾਈ ਨਹੀਂ ਦੇਂਦਾ। ਪੰਜਾਬੀ ਮਾਂ ਬੋਲੀ ਸ਼ਹਿਰਾਂ ਦੇ ਬੰਗਲੇ ਕੋਠੀਆਂ ਦੀ ਜ਼ੁਬਾਨ ਨਹੀਂ।

ਜਿਸ ਪੰਜਾਬੀ ਲਿਖਤ ਵਿਚੋਂ ਪੰਜ ਪਾਣੀਆਂ ਜਾਂ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਨਹੀਂ ਆਉਂਦੀ, ਉਸ ਲਿਖਤ ਨੂੰ ਪੰਜਾਬੀ ਕੌਣ ਆਖੇਗਾ? ਜਿਸ ਉਸਾਰੀ ਕੰਧ ਨੂੰ ਛੱਪੜ ਦਾ ਥੋਬਾ ਨਾ ਲੱਗੇ ਉਹ ਕੰਧ ਨਹੀਂ ਅਖਵਾਉਂਦੀ। ਉਸ ਸੰਗਮਰਮਰ ਲੱਗੀ ਕੰਧ ਨੂੰ ਸਿਰਫ਼ ਦੀਵਾਰ ਹੀ ਆਖਿਆ ਜਾਵੇਗਾ। ਅੱਜ ਦੀਆਂ ਲਿਖਤਾਂ ਪੰਜਾਬ ਦੀ ਕੰਧ ਨਹੀਂ, ਸ਼ਹਿਰੀ ਕੋਠੀ ਦੀ ਦੀਵਾਰ ਹੀ ਆਖਾਂਗੇ।

ਕੋਈ ਇਲਮ, ਬੋਲੀ, ਸਭਿਆਚਾਰ ਜਾਂ ਕਿਸੇ ਤਬਕੇ ਦਾ ਵਰਤ ਵਰਤਾਰਾ ਸਿਖਣਾ ਜਾਣਨਾ ਇਸ ਲਈ ਨਹੀਂ ਹੁੰਦਾ ਕਿ ਅਸਾਂ ਉਸ ਨੂੰ ਹੱਥੀਂ ਕਰਨਾ ਹੈ। ਮਸਲਨ ਹੁਣ ਨਾੜ ਦੀ ਛਾਬੀ ਜਾਂ ਨਾਲੇ ਖੇਸ ਦਰੀਆਂ ਘਰਾਂ ਵਿਚ ਕੌਣ ਬਣਾਉਂਦਾ ਹੈ ਤੇ ਕੌਣ ਡੋਰੇ ਵਟਦਾ ਹੈ? ਪਰ ਜਦੋਂ ਅਸੀ ਐਮ.ਏ. ਜਾਂ ਪੀ.ਐਚ.ਡੀ. ਪੰਜਾਬੀ ਦੀ ਕਰਦੇ ਹਾਂ ਤਾਂ ਇਸ ਪੰਜਾਬੀਅਤ ਦੀ ਦੁਨੀਆਂ ਦਾ ਹਰ ਪੱਖ ਜਾਣ ਲੈਣ ਦੀ ਵੀ ਲੋੜ ਹੈ। ਹੁਣ ਛੋਲੇ ਜਾਂ ਕਣਕ ਦੇ ਗਾਹ ਵੀ ਨਹੀਂ ਪੈਂਦੇ ਹੋਣਗੇ। ਖੂਹ ਤਾਂ ਸੁੱਕ ਕੇ ਖੱਡਲਾਂ ਹੀ ਬਣ ਗਏ ਨੇ। ਪਰ ਸਾਨੂੰ ਮਾਲ੍ਹ, ਗਾਧੀ, ਢੋਲ, ਝਵੱਕਲੀ, ਆਡਾਂ, ਕਿਆਰੀਆਂ ਦਾ ਤਾਂ ਪਤਾ ਹੋਣਾ ਚਾਹੀਦਾ ਹੈ।

ਬੁੱਲ੍ਹੇ ਸ਼ਾਹ ਅਪਣੀ ਸ਼ਾਇਰੀ ਵਿਚ ਸੱਸੀਆਂ ਭੇਡਾਂ, ਚਾਮ ਚਿੱਠਾਂ, ਡੱਡੂ ਮੱਛੀਆਂ ਅਤੇ ਖੱਸੀ ਦਾਂਦ ਲਿਖ ਗਿਆ ਹੈ, ਉਸ ਨੇ ਕੰਮ ਹੱਥੀਂ ਨਹੀਂ ਸਨ ਕੀਤੇ। ਅਮੀਨ ਮਲਿਕ ਨੇ ਵੀ ਲੰਦਨ ਵਿਚ ਹਲ, ਪੰਜਾਲੀਆਂ ਜਾਂ ਕਪਾਹ ਕੋਈ ਨਹੀਂ ਗੋਡਣੀ। ਅੱਜ ਮੈਂ ਜੇ ਡਾਕਟਰਾਂ, ਪ੍ਰੋਫ਼ੈਸਰਾਂ ਨੂੰ ਪੁੱਛਾਂ ਕਿ ਸ਼ਿਵ ਕੁਮਾਰ ਲਿਖ ਗਿਆ ਹੈ:


ਮੇਰੇ ਪਿਆਰ ਦੀਆਂ ਮੁੰਜਰਾਂ ਦਾ ਦੁੱਧ ਸੁੱਕਿਆ, 
ਮੈਨੂੰ ਮੱਟੀ ਆਗ ਦੀ ਹੀ ਚੂਪਣੀ ਪਈ। 
ਹੰਜੂ ਕਚਾਵੀਂ ਬਹਾਲ ਕੇ ਡਾਚੀਆਂ ਧੂੜੀਂ ਗਵਾਚੀਆਂ। 
ਇਹ ਪੀਹਲੂ ਗਰਨੇ ਅਤੇ ਡੇਲੜੇ...

ਹੁਣ ਕਚਾਵਾ ਕੌਣ ਦੱਸੇ ਕੀ ਹੁੰਦਾ ਏ? ਇਹ ਗਰਨੇ, ਪੀਹਲੜੂ ਅਤੇ ਆਗ ਦੀ ਮੱਟੀ ਕੀ ਹੈ? ਜੇ ਘੱਟੋ-ਘੱਟ ਸ਼ਿਵ ਕੁਮਾਰ ਹੀ ਘੋਟ ਕੇ ਪੀ ਜਾਈਏ ਤਾਂ ਮੁਕੰਮਲ ਪੰਜਾਬੀ ਬਣ ਜਾਂਦਾ ਹੈ ਬੰਦਾ। ਸਵਰਗੀ ਮੋਹਨ ਸਿੰਘ ਅਪਣੀ ਨਜ਼ਮ “ਇਕ ਥੇਹ'' ਵਿਚ ਲਿਖਦਾ ਹੈ: 

ਨਾਅਲ ਪੁਰਾਣੇ, ਪਾਟੇ ਪਰੋਲੇ, ਚਿੱਬੇ ਛੱਲੇ, ਬੋੜੇ ਲੋਟੇ, 
ਬਿੱਜੂ ਦੇ ਘੋਰਣੇ, ਕਾਨੇ ਕੌੜੇ, ਤੌੜੀ ਵਿਚ ਪਕਾਏ ਡੌਲੇ, 
ਠਿਬ ਖੜਿੱਬੇ ਪੌਲੇ, ਚੰਨੇ ਦੇ ਅੋਲ੍ਹ੍ਹੇ

ਅੱਜ ਪੁੱਛਾਂ ਕਿ ਇਹ ਡੋਲੇ, ਛੰਨਾਂ, ਇਹ ਢੋਲਣੇ ਅਤੇ ਮੱਝਾਂ ਗਲ ਪਾਏ ਗਟ ਅਤੇ ਡਾਹਰੇ ਕੀ ਹੁੰਦੇ ਨੇ ਤਾਂ ਮੈਨੂੰ ਕਿਹੜਾ ਡਾਕਟਰ ਪ੍ਰੋਫ਼ੈਸਰ ਦੱਸੇਗਾ? ਮੈਨੂੰ ਤਾਂ ਰਾਤ ਵੇਲੇ ਕਈ ਡਾਕਟਰਾਂ ਦਾ ਫ਼ੋਨ ਆਉਂਦਾ ਹੈ ਕਿ 'ਅਮੀਨ ਇਹ ਹਰਕ ਮੱਦਖ ਜਾਂ ਫੂਹੜੀ ਕੀ ਹੁੰਦੀ ਹੈ?' ਮੈਂ ਸੜ ਕੇ ਉਨ੍ਹਾਂ ਦੀ ਛੋਈ ਲਾਹੁੰਦਾ ਹਾਂ ਤਾਂ ਅੱਗੋਂ ਆਖਦੇ ਨੇ, “ਇਹ ਸੱਭ ਕੁੱਝ ਪੁਰਾਤਨ ਹੋ ਗਿਐ।'' ਮੈਂ ਸ਼ਬਦ 'ਪੁਰਾਤਨ' ਸੁਣ ਕੇ ਪੁਛਦਾ ਹਾਂ ਕਿ ਇਹ ਕੀ ਬਲਾ ਹੈ?

ਹੱਸ ਕੇ ਨਮੋਸ਼ੀ ਨਾਲ ਅੱਗੋਂ ਆਖਦੇ ਨੇ, ''ਓਏ ਯਾਰ ਲਫ਼ਜ਼ 'ਪੁਰਾਣੇ' ਨੂੰ ਅਸੀ ਪੁਰਾਤਨ ਆਖਦੇ ਹਾਂ।'' ਮੈਨੂੰ ਆਖ਼ਰ ਇਹ ਹੀ ਆਖਣਾ ਪੈਂਦਾ ਹੈ ਕਿ ਡਾਕਟਰ ਇਹ 'ਪੁਰਾਤਨਾਂ' ਨੇ ਹੀ ਤਾਂ ਚੁੜੇਲ ਬਣ ਕੇ ਪੰਜਾਬੀ ਬੋਲੀ ਨੂੰ ਖਾ ਲਿਆ ਹੈ। ਤੁਸੀ ਵੀ ਮੇਰੀ ਉਮਰ ਦੇ ਹੀ ਹੋ, ਤੁਹਾਨੂੰ ਕੀ ਵੱਗ ਗਈਆਂ...?
ਜੇ ਸਾਨੂੰ ਬੁਰਾ ਨਾ ਲੱਗੇ ਤਾਂ ਇਹ ਸੜੀ ਬਲੀ ਤਲਖ਼ ਜਿਹੀ ਗੱਲ ਆਖਣੀ ਹੀ ਪਵੇਗੀ ਕਿ ਸ਼ਾਇਦ ਅਸੀ ਉਨ੍ਹਾਂ ਕੌਮਾਂ ਵਿਚੋਂ ਹੈ ਹੀ ਨਹੀਂ ਜਿਨ੍ਹਾਂ ਨੂੰ ਅਪਣਾ ਵਿਰਸਾ ਜਾਂ ਸਭਿਆਚਾਰ ਪਿਉ-ਦਾਦੇ ਦੀ ਇੱਜ਼ਤ ਵਾਂਗ ਹੀ ਪਿਆਰਾ ਹੋਵੇ।

ਸਭਿਆਚਾਰ ਜਾਂ ਵਿਰਸੇ ਨੂੰ ਤਾਂ ਕਾਠ ਮਾਰੋ, ਸਾਨੂੰ ਤਾਂ ਪਿਉ-ਦਾਦੇ ਦੀ ਬੋਲੀ ਬੋਲਣ 'ਚ ਸ਼ਰਮ ਆਉਂਦੀ ਹੈ। ਅਸੀ ਅੰਗਰੇਜ਼ੀ, ਹਿੰਦੀ, ਉਰਦੂ ਦੇ ਉਹਲੇ ਲੁਕਦੇ ਫਿਰਦੇ ਹਾਂ। ਅਸੀ ਉੱਚੇ ਹੋਣ ਦੇ ਚਾਅ ਵਿਚ ਹੀ ਲੋਕਾਂ ਦੇ ਪੈਰੀਂ ਡਿੱਗ ਪਏ ਹਾਂ। ਦਰਅਸਲ ਅਸੀ ਹੀਣਤਾ ਦੇ ਮਾਰੇ ਹੋਏ ਕੰਮਜ਼ਰਫ਼ ਲੋਕ ਹਾਂ। ਉੱਚੇ ਲੋਕਾਂ ਦੀ ਇਕ ਹੀ ਮਿਸਾਲ ਕਾਫ਼ੀ ਹੈ ਕਿ ਲਤਾ ਮੰਗੇਸ਼ਕਰ ਨੇ 50 ਸਾਲ ਫ਼ਿਲਮੀ ਦੁਨੀਆਂ ਉਤੇ ਰਾਜ ਕੀਤਾ ਅਤੇ ਅਮੀਰ ਤਰੀਨ ਔਰਤ ਹੈ। ਉਸ ਨੇ ਅਪਣੇ ਨਿੱਕੇ ਭਰਾ ਹਰੀ ਦੀਨਾ ਨਾਥ ਦੀ ਧੀ ਅਪਣੇ ਕੋਲ ਰੱਖੀ ਹੋਈ ਹੈ ਤੇ ਅਪਣੀ ਭਤੀਜੀ ਨੂੰ ਉਸ ਨੇ ਅਪਣੀ ਮਾਂ ਬੋਲੀ ਦੀ ਇੱਜ਼ਤ ਕਰਦੇ ਹੋਏ ਮਰਹਟੀ ਪੜ੍ਹਾਏ ਜਾਣ ਵਾਲੇ ਸਕੂਲ ਵਿਚ ਦਾਖ਼ਲ ਕਰਾਇਆ ਹੈ।

ਉਸ ਸਕੂਲ ਵਿਚ ਮਰਹਟੀ ਹੀ ਪੜ੍ਹਾਈ ਜਾਂਦੀ ਹੈ। ਨਾਲੇ ਲਤਾ ਖ਼ੁਦ ਅਪਣੇ ਘਰ ਵਿਚ ਮਰਹਟੀ ਜ਼ੁਬਾਨ ਹੀ ਬੋਲਦੀ ਹੈ। ਇਹ ਹੈ ਉੱਚੇ ਲੋਕਾਂ ਦਾ ਜ਼ਰਫ਼।
ਉਤੋਂ ਬਲਦੀ ਉਤੇ ਤੇਲ ਪਾਉਣ ਵਾਲੇ ਸਾਡੇ ਗਾਇਕ ਗਵਈਏ ਆ ਗਏ। ਪਹਿਲੀ ਗੱਲ ਤਾਂ ਇਹ ਹੈ ਕਿ ਮਾਂ ਅਜੇ ਸਿਲੇ ਵਿਚ ਹੀ ਹੁੰਦੀ ਹੈ ਤੇ ਪੁੱਤਰ ਆਪੇ ਹੀ ਸ਼ਾਇਰ ਤੇ ਆਪੇ ਹੀ ਗਵਈਆ ਬਣ ਜਾਂਦਾ ਹੈ। ਗੱਲ ਇਹ ਨਹੀਂ ਕਿ ਹੁਣ ਗਾਉਣ ਵਾਲਿਆਂ ਦੇ ਗਲ ਵਿਚ ਗਿੱਲ੍ਹੜ ਹੋ ਗਿਐ ਪਰ ਬੇਉਸਤਾਦੇ ਅਤੇ ਸੰਗੀਤ ਦੀ ਅਲਿਫ਼-ਬੇ ਤੋਂ ਅਨਜਾਣ ਬੇਸੁਰੇ।

ਲਤਾ ਨੇ ਛੇ ਸਾਲ ਦੀ ਉਮਰ ਵਿਚ ਸਿਖਣਾ ਸ਼ੁਰੂ ਕੀਤਾ ਤੇ ਮੁਹੰਮਦ ਰਫ਼ੀ ਦਸ ਸਾਲ ਦੀ ਸਿਖਿਆ ਤੋਂ ਬਾਅਦ ਕਿਧਰੇ ਧੱਕੇ ਖਾ ਕੇ ਕਾਮਯਾਬ ਹੋਇਆ। ਅੱਗੋਂ ਗਾਣੇ ਸੁਣ ਲਵੋ, ਅੱਜ ਦੇ ਪੰਜਾਬੀ ਗਾਇਕਾਂ ਦੇ। ਅਖੇ 'ਬਾਈ ਗਾਡ ਤੇਰੇ ਨਾਲ ਲਵ ਹੋ ਗਿਆ', 'ਅਸਾਂ ਤੇ ਜਾਣੈ ਬਿੱਲੋ ਦੇ ਘਰ', 'ਗੱਡੇ ਤੇ ਨਾ ਚੜ੍ਹਦੀ ਗਡੀਰੇ ਤੇ ਨਾ ਚੜ੍ਹਦੀ ਛੜਿਆਂ ਦੇ ਟੱਟੂ ਉਤੇ ਟੱਪ ਚੜ੍ਹਦੀ ਕੰਜਰੀ ਕਲੋਲ ਕਰਦੀ'। ਵਾਰੇ ਵਾਰੇ ਜਾਵਾਂ ਸ਼ਾਇਰੀ ਦੇ ਅਤੇ ਸੁਰੀਲੇਪਨ ਦੇ। ਹੁਣ ਗਾਣੇ ਸੁਣ ਕੇ ਸਵਾਦ ਨਹੀਂ, ਸਗੋਂ ਸ਼ਰਮ ਆਉਂਦੀ ਹੈ। ਕਿਸੇ ਸੱਜਰ ਸੂਈ ਮੱਝ ਨੂੰ ਉਸ ਦੇ ਕੱਟੇ ਕੋਲੋਂ ਖੋਲ੍ਹ ਕੇ ਦੂਰ ਕਰੀਏ ਤਾਂ ਕੱਟਾ ਵੀ ਮਾਂ ਦੇ ਹਿਜਰ ਅਤੇ ਦਰਦ ਫ਼ਰਾਕ ਵਿਚ ਸੁਰ ਨਾਲ ਅੜਿੰਗਦਾ ਹੈ, ''ਹਾਏ ਹਾਏ! ਕਿੱਥੇ ਗਏ ਉਹ ਲਿਖਣ ਵਾਲੇ?''

ਅਖੇ 'ਉਥੇ ਡਾਂਗ ਨਹੀਂ ਕਿਸੇ ਦੀ ਚਲਦੀ ਨੀ, ਜਿਥੇ ਚੱਲੇ ਤੀਰ ਅੱਖ ਦਾ', 'ਮੈਨੂੰ ਵਾਂਗ ਸ਼ੁਦਾਈਆਂ ਝਾਕੇ ਹਾਏ ਨੀ ਮੁੰਡਾ ਲੰਬੜਾਂ ਦਾ', 'ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ ਤੇ ਸ਼ੀਸ਼ੇ ਵਿਚ ਤਰੇੜ ਪੈ ਗਈ', 'ਜਦੋਂ ਹਸਦੀ ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ ਵਿਚ ਤੂੰ ਹੱਸਦਾ', 'ਇਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ.....'। ਮੈਂ ਲਤਾ ਮੰਗੇਸ਼ਕਰ ਦੀ ਗੱਲ ਤੋਂ ਖ਼ੁਸ਼ ਹੋਇਆ ਤੇ ਇਕ ਕੰਮ ਮੇਰੇ ਭੋਲੇ ਭਾਲੇ ਜਿਹੇ ਪੁੱਤਰ ਨੇ ਵੀ ਇੰਜ ਦਾ ਹੀ ਕੀਤਾ ਕਿ ਅਪਣੇ ਪੁੱਤਰ ਦਾ ਨਾਂ ਉਸ ਨੇ ਅਮੀਨ ਮਲਿਕ ਰੱਖ ਲਿਆ।

ਮੈਂ ਹੈਰਾਨ ਹੋ ਕੇ ਵਜ੍ਹਾ ਪੁੱਛੀ ਤਾਂ ਆਖਣ ਲੱਗਾ, “ਅੱਬੂ, ਮੈਂ ਅਪਣੇ ਪਿਉ ਨੂੰ ਭੁਲਣਾ ਨਹੀਂ ਚਾਹੁੰਦਾ। ਸਾਡੇ ਘਰੋਂ ਅਮੀਨ ਮਲਿਕ ਜਾਣਾ ਨਹੀਂ ਚਾਹੀਦਾ।'' ਮੈਨੂੰ ਅਫ਼ਸੋਸ ਹੋਇਆ ਕਿ ਮੈਂ ਅਪਣੀ ਕਿਸੇ ਧੀ ਦਾ ਨਾਂ ਅਪਣੀ ਮਾਂ ਦੇ ਨਾਂ ਤੇ ਫ਼ਾਤਮਾ ਕਿਉਂ ਨਾ ਰਖਿਆ।ਅੱਗੋਂ ਦੂਜੀ ਗਲ ਛੂੰਹਦੇ ਹੋਏ ਬੜੀ ਨਿਮਰਤਾ ਨਾਲ ਅਰਜ਼ ਕਰਾਂਗਾ ਕਿ ਚਲੋ, ਮੇਰੀਆਂ ਇਹ ਸਲੂਣੀਆਂ ਜਾਂ ਕੌੜੀਆਂ-ਕੁਸੈਲੀਆਂ ਗੱਲਾਂ ਤਾਂ ਛੱਡੋ, ਹੋ ਸਕਦਾ ਹੈ ਮੇਰਾ ਇਹ ਜ਼ਹਿਨੀ ਫ਼ਤੂਰ ਜਾਂ ਅੰਦਰਲਾ ਕੋਈ ਫ਼ਸਾਦ ਹੋਵੇ ਜਾਂ ਮੈਂ ਐਵੇਂ ਸ਼ੁਦਾਅ ਹੀ ਘੋਲਦਾ ਹੋਵਾਂ। ਪਰ ਆਖ਼ਰ ਹਰ ਗੱਲ ਦਾ ਇਕ ਪੈਮਾਨਾ, ਪਰਖ ਪੜਚੋਲ, ਨਾਪ ਤੋਲ ਜਾਂ ਮਾਪਦੰਡ ਤਾਂ ਹੁੰਦਾ ਹੀ ਹੈ।

ਮੈਂ ਤੁਹਾਡੇ ਹੀ ਇਨਸਾਫ਼ ਦੀ ਤਕੜੀ ਵਿਚ ਰੱਖ ਕੇ ਬੇਨਤੀ ਕਰਾਂਗਾ ਕਿ ਮੇਰੀਆਂ ਕੁੱਝ ਗੱਲਾਂ ਦਾ ਭਾਰ ਬਗ਼ੈਰ ਡੰਡੀ ਮਾਰਿਉਂ ਕਿਸੇ ਧਰਮੀ ਕੰਡੇ ਤੇ ਜੋਖ ਕੇ ਆਪ ਹੀ ਦੱਸੋ ਕਿ ਪੰਜਾਬੀ ਬੋਲੀ ਬਾਰੇ ਮੇਰਾ ਇਹ ਰੋਣਾ-ਧੋਣਾ, ਖੱਪ-ਖਪਾਈਆ, ਪਿੱਟ-ਪਿਟਾਈਆ ਜਾਂ ਦੁਹਾਈ-ਪਾਹਰਿਆ ਸੱਚਾ ਹੈ ਕਿ ਨਹੀਂ ਪਹਿਲਾ ਦੁਖ ਤਾਂ ਇਹ ਹੈ ਕਿ ਪਾਕਿਸਤਾਨ ਦੀ ਵੀਹ ਕਰੋੜ ਦੀ ਆਬਾਦੀ ਵਿਚੋਂ ਚੌਦਾਂ ਕਰੋੜ ਪੰਜਾਬੀ ਹਨ ਜਿਹੜੇ ਭਾਰਤੀ ਪੰਜਾਬ ਦੀ ਡਾਕਟਰੀ ਕਿਸਮ ਦੀ ਸਾਹਿਤਕ ਬੋਲੀ ਤੋਂ ਵਾਂਝੇ ਹੋ ਜਾਂਦੇ ਹਨ। 

ਦੂਜਾ ਇਹ ਕਿ ਚੜ੍ਹਦੇ ਪੰਜਾਬ ਵਿਚ ਵੀ ਤਕਰੀਬਨ ਅੱਸੀ ਫ਼ੀ ਸਦੀ ਲੋਕ ਮੇਰੇ ਜਿਹੇ ਹਨ ਜੋ ਪਿੰਡਾਂ ਵਿਚ ਵਸਦੇ ਹਨ। ਉਹ ਵੀ ਮੈਂ ਰੋਂਦੇ ਵੇਖੇ ਕਿ ਪ੍ਰੋਫ਼ੈਸਰਾਂ ਦੇ ਚੜ੍ਹਾਏ ਹੋਏ ਚੰਨ ਦੀ ਰੌਸ਼ਨੀ ਨੇ ਸਾਡੀਆਂ ਅੱਖਾਂ ਅੰਨ੍ਹੀਆਂ ਕਰ ਦਿਤੀਆਂ ਹਨ। ਚੰਗੇ ਭਲੇ ਪੜ੍ਹੇ-ਲਿਖੇ ਲੋਕਾਂ ਨੇ ਵੀ ਮੈਨੂੰ ਦਸਿਆ ਕਿ 'ਅਮੀਨ ਇਹ ਤੇਰਾ ਹੀ ਰੋਣਾ ਨਹੀਂ, ਜੋ ਅੱਜ ਲਿਖਿਆ ਜਾ ਰਿਹੈ, ਉਹ ਸਾਡੀ ਸਮਝ ਤੋਂ ਵੀ ਬਾਹਰ ਹੈ।' 

ਤੀਜਾ ਮੈਨੂੰ ਇਹ ਦਸਿਆ ਜਾਏ ਕਿ ਜੋ ਵੀ ਭਾਰਤੀ ਪੰਜਾਬੀ ਪਾਕਿਸਤਾਨ ਤੋਂ ਹੋ ਕੇ ਆਉਂਦਾ ਹੈ ਉਹ ਆਖਦਾ ਹੈ, “ਯਾਰ, ਉਥੋਂ ਦੇ ਲੋਕਾਂ ਦੀ ਬੋਲੀ ਬੜੀ ਮਿੱਠੀ ਹੁੰਦੀ ਏ ਬਲਕਿ ਟਾਂਗੇ ਵਾਲਾ ਵੀ ਸਾਡੇ ਨਾਲ ਜਿਹੜੀ ਪੰਜਾਬੀ ਬੋਲਦੈ ਉਹ ਸਵਾਦਲੀ ਹੁੰਦੀ ਏ।'' 
ਹੁਣ ਮੈਂ ਪੁੱਛਾਂਗਾ ਕਿ ਇਹ ਗੱਲ ਆਖਣ ਦੀ ਕੀ ਵਜ੍ਹਾ ਹੈ? ਅਸਲ ਗੱਲ ਇਹ ਹੈ ਕਿ ਦਰਅਸਲ ਪਾਕਿਸਤਾਨ ਵਿਚ 1947 ਤੋਂ ਪਹਿਲਾਂ ਵਾਲੀ ਹੀ ਪੰਜਾਬੀ ਬੋਲਦੇ ਨੇ। ਇਹ ਵਖਰੀ ਗੱਲ ਹੈ ਕਿ ਉਰਦੂ ਨੂੰ ਕੌਮੀ ਜ਼ੁਬਾਨ ਬਣਾ ਕੇ ਉਰਦੂ ਪ੍ਰਧਾਨ ਬਣ ਗਈ ਪਰ ਜਿਹੜੇ ਪੰਜਾਬੀ ਬੋਲਦੇ ਨੇ, ਉਹ ਖ਼ਾਲਸ ਅਤੇ ਨਿਰੋਲ ਹੁੰਦੀ ਹੈ।

ਮੈਂ ਸ਼ਿਵ ਕੁਮਾਰ ਨੂੰ ਅੱਜ ਵੀ ਸਰ੍ਹਾਣੇ ਥੱਲੇ ਰੱਖੀ ਬੈਠਾ ਹਾਂ। ਮੰਨਿਆ ਕਿ ਉਸ ਦੇ ਖ਼ਿਆਲਾਂ ਦੀ ਉਡਾਰੀ ਬੜੀ ਉੱਚੀ ਸੀ ਪਰ ਮੈਂ ਉਸ ਦੀ ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਜਾਣਕਾਰੀ ਦਾ ਬਹੁਤਾ ਆਸ਼ਿਕ ਹਾਂ। ਉਸ ਨੇ ਅਪਣੇ ਇਕ ਸ਼ਿਅਰ ਵਿਚ ਲਿਖਿਆ ਹੈ 'ਮੇਰੇ ਪਿਆਰ ਦੀਆਂ ਮੁੰਜਰਾਂ 'ਚੋਂ ਦੁੱਧ ਸੁਕਿਆ' ਕੋਈ ਡਾਕਟਰ ਇਸ ਦੀ ਵਿਸਥਾਰ ਸਹਿਤ ਵਿਆਖਿਆ ਕਰ ਸਕੇਗਾ? ਕੌਣ ਜਾਣੇਗਾ ਕਿ 'ਕੁੰਜ ਮੇਲ ਦੀ' ਕੀ ਹੁੰਦੀ ਹੈ।

ਉਹ ਕਹਿੰਦਾ ਹੈ 'ਮੇਰੇ ਲੇਖਾਂ ਦੀ ਛਤੂਤੀਂ ਭਾਵੇਂ ਲਗਿਆ ਮਖੀਰ ਹੈ, ਪਰ ਮੈਨੂੰ ਮੱਟੀ ਸਦਾ ਆਗ ਦੀ ਹੀ ਚੁਪਣੀ ਪਈ' ਕੌਣ ਦਸੇਗਾ ਕਿ 'ਆਗ ਦੀ ਮੱਟੀ' ਕੀ ਹੈ ਅਤੇ ਉਸ ਵਿਚ ਕੀ ਬੁਰਾਈ ਹੈ? ਸ਼ਿਵ ਆਖਦਾ ਏ 'ਵੇ ਮੈਂ ਗ਼ਮਾਂ ਦੇ ਦੁਖੀਂਦੇ ਨੈਣੀਂ ਕੁੰਜ ਹੈ ਛੁਹਾਈ' ਇਕ ਬੰਨੇ ਉਹ ਮੇਲ ਦੀ ਕੁੰਜ ਆਖਦਾ ਹੈ ਤੇ ਫਿਰ ਉਹ ਦੁਖਦੀਆਂ ਅੱਖਾਂ ਨੂੰ ਕੁੰਜ ਛੁਹਾ ਰਿਹਾ ਹੈ। ਇਹ ਗੱਲਾਂ ਕੌਣ ਦਸੇਗਾ ਕਿ ਇਹ ਕਿਹੜੀ ਕਿਹੜੀ ਕੁੰਜ ਹੈ ਅਤੇ ਕੀ ਕੀ ਕਰਦੀ ਏ

 ਫਿਰ ਉਹ ਕਮਲਾ ਸ਼ਾਇਰ ਆਖ ਗਿਆ ਕਿ 'ਮੈਂ ਕੱਚੀਆਂ ਨਿਮੋਲੀਆਂ 'ਚੋਂ ਜ਼ਹਿਰ ਡੀਕ ਲਾਂ' ਅੱਗੋਂ ਉਹ ਅੱਜ ਦੇ ਸ਼ਹਿਰੀ ਬਾਬੂ ਪ੍ਰੋਫ਼ੈਸਰਾਂ ਨੂੰ ਦੱਸ ਰਿਹਾ ਹੈ 'ਕੂਚਦੀ ਮਰ ਗਈ ਹਿਜਰ ਦੀਆਂ ਅੱਡੀਆਂ, ਪਰ ਇਹ ਨਾ ਗਈਆਂ ਇਹ ਬਿਆਈਆਂ ਖੌਹਰੀਆਂ'। ਜਿਨ੍ਹਾਂ ਲੋਕਾਂ ਨੂੰ ਉਸ ਸੂਰਮੇ ਸ਼ਾਇਰ ਦੇ ਇਹ ਸ਼ਿਅਰ ਸਮਝ ਆਉਂਦੇ ਨੇ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ, ਪਰ ਉਹ ਬੜਾ ਹੀ ਟਾਵਾਂ ਟਾਵਾਂ ਕੋਈ ਮਾਈ ਦਾ ਲਾਲ ਹੋਵੇਗਾ। ਇਥੇ ਇਹ ਫਿਰ ਆਖਣਾ ਹੀ ਬਣਦਾ ਹੈ ਕਿ ਜੇ ਸ਼ਿਵ ਕੁਮਾਰ ਦੀ ਸ਼ਾਇਰੀ ਕਿਸੇ ਡਾਕਟਰ ਪ੍ਰੋਫ਼ੈਸਰ ਨੂੰ ਨਹੀਂ ਆਉਂਦੀ ਤਾਂ ਫਿਰ ਪੰਜਾਬੀ ਬੋਲੀ ਦੀ ਸੱਭ ਤੋਂ ਉੱਚੀ ਡਿਗਰੀ ਨੂੰ ਅੱਗ ਲਾ ਦੇਣੀ ਚਾਹੀਦੀ ਹੈ।

ਜਿਹੜੇ ਲੋਕਾਂ ਨੂੰ ਆਉਂਦੀ ਹੈ, ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦੇ ਹੋਏ ਇਹ ਗੱਲ ਕਰ ਰਿਹਾ ਹਾਂ। ਨਾਲੇ ਮੈਂ ਇਹ ਵੀ ਦੱਸ ਦੇਵਾਂ ਕਿ ਮੈਂ ਭਾਰਤੀ ਪੰਜਾਬ ਦੀਆਂ ਤਿੰਨ ਯੂਨੀਵਰਸਟੀਆਂ ਦੇ ਵਿਦਿਆਰਥੀਆਂ ਨਾਲ ਮੁਖ਼ਾਤਬ ਹੋ ਕੇ ਜੋ ਜੋ ਕੁੱਝ ਵੀ ਪੁਛਿਆ ਉਸ ਦੇ ਨਤੀਜੇ ਨੂੰ ਮੁੱਖ ਰਖਦੇ ਹੋਏ ਮੈਂ ਇਹ ਸਾਰੀਆਂ ਗੱਲਾਂ ਕਰ ਰਿਹਾ ਹਾਂ। ਮੇਰਾ ਗਵਾਹ ਮਾਣਯੋਗ ਵਰਿਆਮ ਸਿੰਘ ਸੰਧੂ ਵੀ ਹੈ। ਮੈਂ ਤਾਂ ਰੱਬ ਦਾ ਸ਼ੁਕਰ ਅਦਾ ਕਰਦਾ ਹਾਂ ਕਿ ਮੈਂ ਕਿਧਰੇ ਬਹੁਤਾ ਪੜ੍ਹ-ਲਿਖ ਨਹੀਂ ਗਿਆ, ਵਰਨਾ ਮੈਂ ਸ਼ਿਵ ਕੁਮਾਰ ਦੀ ਸ਼ਾਇਰੀ ਦਾ ਅਨੰਦ ਵੀ ਨਹੀਂ ਸੀ ਮਾਣ ਸਕਣਾ।

ਅੱਜ ਉਸ ਦੀ ਏਡੀ ਮੋਟੀ ਕਿਤਾਬ ਵਿਚੋਂ ਮੈਨੂੰ ਕਿਸੇ ਕੋਲੋਂ ਕੁੱਝ ਵੀ ਪੁੱਛਣ ਦੀ ਲੋੜ ਨਹੀਂ ਪੈਂਦੀ। ਉਹ ਮੇਰੀ ਮਾਂ ਦੀ ਹੀ ਬੋਲੀ ਬੋਲ ਰਿਹਾ ਹੈ। ਇੰਜ ਲਗਦਾ ਹੈ ਇਹ ਕਿਤਾਬ ਉਸ ਨੇ ਮੇਰੇ ਲਈ ਲਿਖੀ ਸੀ। ਇਸ ਕਰਮਾਂ ਵਾਲੇ ਸ਼ਾਇਰ ਨੇ ਡਾਕਟਰੀ ਬੋਲੀ ਬੋਲਣ ਤੋਂ ਬਗ਼ੈਰ ਹੀ ਸ਼ਾਇਰੀ ਦਾ ਏਨਾ ਵੱਡਾ ਰੁਤਬਾ ਹਾਸਲ ਕੀਤਾ ਹੈ।
ਹੁਣ ਮੈਂ ਡਾਕਟਰਾਂ ਦਾ ਟੀਕਾ ਲੱਗੀ ਬੋਲੀ ਦੇ ਮੁਕਾਬਲੇ ਤੇ ਅਸਲ ਪੰਜਾਬੀ ਜ਼ੁਬਾਨ ਦੀ ਕਦਰੋ-ਕੀਮਤ ਬੜੀ ਖੋਲ੍ਹ ਕੇ ਦੱਸ ਦਿਤੀ ਹੈ। ਮੈਂ ਅਪਣੀ ਜ਼ੁਬਾਨ ਜਾਂ ਅਪਣੀਆਂ ਲਿਖਤਾਂ ਦੀ ਕੋਈ ਸਲਾਹਣਾ ਨਹੀਂ ਕਰਾਂਗਾ ਕਿਉਂਕਿ ਝੋਨੇ ਵਾਲਾ ਪਿੰਡ ਪਰਾਲੀ ਤੋਂ ਹੀ ਪਛਾਣਿਆ ਜਾਂਦਾ ਹੈ।

ਇਹ ਫ਼ੈਸਲਾ ਲੋਕ ਹੀ ਕਰ ਚੁਕੇ ਹਨ। ਲਿਹਾਜ਼ਾ ਮੈਂ ਖੋਲ੍ਹ ਕੇ ਚੰਗੇ-ਮੰਦੇ ਦਾ ਨਖੇੜਾ ਕਰ ਚੁਕਾ ਹਾਂ। ਸਾਰਾ ਜੋਖ-ਤੋਲ ਹੋ ਚੁਕਾ ਹੈ। ਆਖ਼ਰ ਤੇ ਇਹ ਫਿਰ ਕਹਿਣਾ ਹੀ ਪਵੇਗਾ ਕਿ ਇਸ ਬੋਲੀ ਦੀਆਂ ਬੇੜੀਆਂ ਵਿਚ ਵੱਟੇ ਕਿਸ ਨੇ ਪਾਏ? ਇਸ ਬੋਲੀ ਦੇ ਹਦਵਾਣੇ ਦੀ ਕੁਦਰਤੀ ਮਿਠਾਸ ਨੂੰ ਹੋਰ ਮਿੱਠਾ ਕਰਨ ਲਈ ਓਪਰੀ ਖੰਡ ਕਿਸ ਨੇ ਧੂੜੀ? ਇਹ ਹਦਵਾਣਾ ਸੰਤਾਲੀ ਦੀ ਵੰਡ ਤੋਂ ਬਾਅਦ ਹੀ ਏਨਾ ਫਿੱਕਾ ਕਿਉਂ ਹੋ ਗਿਆ ਜਿਸ ਨੂੰ ਬੱਜ ਲਾ ਕੇ ਮਿੱਠਾ ਕਰਨ ਦੀ ਲੋੜ ਪੈ ਗਈ? 

ਇਕ ਮਿਸਾਲ ਦੇਂਦੇ ਹੋਏ ਏਨਾ ਕੁ ਪੁੱਛਣ ਦੀ ਆਗਿਆ ਦਿਉ ਕਿ ਪੰਜਾਬੀ ਦੇ ਸ਼ਬਦ 'ਅੰਗ ਨਖੇੜਾ' ਆਖਣ ਦੀ ਬਜਾਏ 'ਵਿਸ਼ਲੇਸ਼ਣ' ਆਖਣ ਨਾਲ ਕਿੰਨਾ ਕੁ ਰੂਪ ਚੜ੍ਹ ਜਾਏਗਾ ਪੰਜਾਬੀ ਬੋਲੀ ਨੂੰ? ਸ਼ਬਦ 'ਮੁਖ ਵਿਖਾਈ' ਜਾਂ 'ਘੁੰਡ ਚੁਕਾਈ' ਨੂੰ 'ਵਿਮੋਚਨ' ਅਤੇ 'ਬਿਰਾਜਮਾਨ' ਜਿਹੇ ਸੌਖੇ ਸ਼ਬਦ ਨੂੰ 'ਉਪਸਥਿਤ' ਆਖ ਕੇ ਕਿਹੜਾ ਜੱਸ ਖੱਟ ਲਵੋਗੇ? ਸ਼ਬਦ 'ਹੋਂਦ' ਨੂੰ 'ਅਸਤਿਤਵ' ਆਖਣ ਨਾਲ ਉਂਜ ਹੀ ਜੀਭ ਨੂੰ ਕੜਵੱਲ ਪੈ ਜਾਂਦਾ ਹੈ। ਵੈਸੇ ਵੀ ਇਹ ਸੱਭ ਕੁੱਝ ਇੰਜ ਲਗਦਾ ਹੈ ਜਿਵੇਂ ਸਿੱਧੀ ਸਾਦੀ ਸਵਾਦਲੀ ਬੋਲੀ ਨੂੰ ਕੋਈ ਕੁਤਕੁਤਾਰੀਆਂ ਕੱਢ ਰਿਹਾ ਹੈ। ਮੈਨੂੰ ਅੱਜ ਤਕ ਸਮਝ ਨਹੀਂ ਆਈ ਕਿ ਸਾਡੀ ਬੋਲੀ ਨੂੰ ਇਹ ਸੰਨ੍ਹ ਕਿਸ ਨੇ ਅਤੇ ਕਿਉਂ ਲਾਈ?

ਅੱਜ ਮੈਂ ਪੰਜਾਬੀ ਲਿਖਦੇ ਹੋਏ ਪਿਆਲੀ ਜਾਂ ਕੌਲੀ ਨੂੰ ਰਕਾਬੀ ਆਖਾਂ ਤਾਂ ਅਗਲਿਆਂ ਨੇ ਮੇਰੇ ਤੇ ਜੁੱਤੀ ਲਾਹ ਲੈਣੀ ਹੈ। ਪਰ ਚੜ੍ਹਦੇ ਪਾਸੇ ਅਜਿਹਾ ਆਵਾਂ ਊਤਿਆ ਹੈ ਕਿ ਕੋਈ ਕਿਸੇ ਨੂੰ ਠਾਕਣ-ਛੇਕਣ ਵਾਲਾ ਹੀ ਨਹੀਂ ਰਿਹਾ। ਮੈਂ ਅੰਮ੍ਰਿਤਸਰ ਯੂਨੀਵਰਸਟੀ ਦੀ ਐਮ.ਏ. ਜਮਾਤ ਨੂੰ ਜਦੋਂ ਪੰਜਾਬੀ ਦੇ ਦੋ-ਚਾਰ ਸ਼ਿਅਰ ਸ਼ਿਵ ਕੁਮਾਰ ਦੇ ਹੀ ਪੁੱਛੇ ਤਾਂ ਮੇਰੇ ਵਲ ਉਹ ਇੰਜ ਵੇਖਣ ਲੱਗ ਪਏ ਜਿਵੇਂ ਕਿਸੇ ਡੰਗਰ ਚਾਰਦੇ ਨਾਲ ਅੰਗਰੇਜ਼ੀ ਬੋਲ ਗਿਆ ਹਾਂ। ਪ੍ਰੋਫ਼ੈਸਰ ਵੀ ਮੇਰੇ ਨਾਲ ਹੀ ਖੜੇ ਸਨ।

ਮੈਂ ਡਰ ਖ਼ੌਫ਼ ਦੀ ਚਾਦਰ ਲਾਹ ਕੇ ਪਰਾਂ ਸੁੱਟੀ ਤੇ ਸਾਫ਼ ਹੀ ਆਖ ਦਿਤਾ, ''ਓਏ ਮੁੰਡਿਉ, ਜਾਉ ਪਿੰਡ ਦੇ ਕਿਸੇ ਬਾਬੇ ਕੋਲੋਂ ਜਾ ਕੇ ਪੰਜਾਬੀ ਪੜ੍ਹ ਲਵੋ, ਇਨ੍ਹਾਂ ਪ੍ਰੋਫ਼ੈਸਰਾਂ ਦੇ ਖਰਾਸ ਵਿਚੋਂ ਆਟਾ ਨਹੀਂ, ਘੱਟਾ ਮਿੱਟੀ ਹੀ ਤੁਹਾਡੇ ਪੱਲੇ ਪਵੇਗੀ।'' ਮੇਰੇ ਨਾਲ ਉਨ੍ਹਾਂ ਪ੍ਰੋਫ਼ੈਸਰਾਂ ਨੇ ਚੰਗੀ ਭਲੀ ਕੁੱਤੇ ਖਾਣੀ ਕੀਤੀ। ਪਰ ਮੇਰੀ ਮਜ਼ਦੂਰੀ ਦਾ ਇਹ ਹੀ ਲਾਗ ਮੇਰੇ ਲਈ ਲੱਖਾਂ ਵਰਗਾ ਸੀ। ਮੈਂ ਸ਼ਾਬਾਸ਼ ਲੈਣ ਦਾ ਸ਼ੌਕੀਨ ਵੀ ਨਹੀਂ। ਮੈਂ ਤਾਂ ਉਸ ਮਰਾਸੀ ਜਿਹਾ ਹਾਂ ਜਿਸ ਨੇ ਆਖਿਆ ਸੀ, ''ਇਸ ਕੁੜੀ ਦਾ ਜਦੋਂ ਵੀ ਵਿਆਹ ਹੋਇਆ, ਮੈਨੂੰ ਜੁੱਤੀਆਂ ਹੀ ਪਈਆਂ।'' ਕਿਉਂਕਿ ਕੁੜੀ ਕਿਸੇ ਘਰ ਵਸਦੀ ਨਹੀਂ ਸੀ। ਮਰਾਸੀ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਜੁੱਤੀਆਂ ਪੈਂਦੀਆਂ ਸਨ। (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement