
ਸਰਦੀ ਦੇ ਮੌਸਮ ਵਿਚ ਨਵੰਬਰ ਮਹੀਨੇ ਵਿਆਹ ਸਾਦੀਆਂ ਦਾ ਪੂਰਾ ਜ਼ੋਰ ਹੁੰਦਾ ਹੈ। ਐਤਕੀ 23 ਨਵੰਬਰ ਵਾਲੇ ਦਿਨ ਸੁਣਿਆ ਸ਼ਹਿਰ ਵਿਚ ਪੰਜਾਹ ਵਿਆਹ ਸਨ। ਪੰਡਤ....
ਸਰਦੀ ਦੇ ਮੌਸਮ ਵਿਚ ਨਵੰਬਰ ਮਹੀਨੇ ਵਿਆਹ ਸਾਦੀਆਂ ਦਾ ਪੂਰਾ ਜ਼ੋਰ ਹੁੰਦਾ ਹੈ। ਐਤਕੀ 23 ਨਵੰਬਰ ਵਾਲੇ ਦਿਨ ਸੁਣਿਆ ਸ਼ਹਿਰ ਵਿਚ ਪੰਜਾਹ ਵਿਆਹ ਸਨ। ਪੰਡਤ ਵੀ ਸਾਰਿਆਂ ਨੂੰ ਇਕੋ ਹੀ ਤਰੀਕ ਦੇਈ ਜਾਣਗੇ। ਉਹ ਇਹ ਨਹੀਂ ਸੋਚਦੇ ਕਿ ਏਨੇ ਵਿਆਹਾਂ ਲਈ ਏਨੇ ਮੈਰਿਜ ਪੈਲੇਸ ਕਿਥੋਂ ਮਿਲਣਗੇ। ਕਹਿੰਦੇ ਇਕ ਵਾਰ ਜੱਲ੍ਹਣ ਨਾਂ ਦਾ ਜੱਟ ਸਾਹਾ ਕਢਾਉਣ ਲਈ ਪੰਡਤ ਦੇ ਘਰ ਗਿਆ ਤਾਂ ਅੱਗੇ ਉਸ ਦੇ ਘਰ ਕੋਈ ਮਰਗਤ ਕਾਰਨ ਰੋਣਾ ਪਿੱਟਣਾ ਪਿਆ ਸੀ। ਫਿਰ ਮੌਲਵੀ ਕੋਲ ਗਿਆ, ਉਸ ਦੀ ਬੀਵੀ ਦੀ ਮੌਤ ਹੋ ਗਈ ਸੀ।
ਉਹ ਮੁੜ ਆਇਆ ਤੇ ਕਹਿਣ ਲੱਗਾ, ''ਪੰਡਤ ਦੇ ਘਰ ਪਿੱਟਣਾ ਤੇ ਮੁੱਲਾ ਦੇ ਘਰ ਰੰਡ ਜਾਹ ਜਲ੍ਹਣਾ ਘਰ ਅਪਣੇ ਸਾਹਾ ਦੇਹ ਨਿਸੰਗ।'' ਉਸ ਨੇ ਅਪਣੇ ਹਿਸਾਬ ਨਾਲ ਦਿਨ ਰੱਖ ਲਿਆ। ਅਜਕਲ ਵੀ ਕੁੱਝ ਲੋਕ ਐਤਵਾਰ ਦੀ ਛੁੱਟੀ ਵਾਲਾ ਦਿਨ ਅਪਣੀ ਸਹੂਲਤ ਮੁਤਾਬਕ ਰੱਖ ਲੈਂਦੇ ਹਨ। ਸੋ ਗੱਲ ਚੱਲ ਰਹੀ ਸੀ ਇਕੋ ਦਿਨ ਬਹੁਤੇ ਵਿਆਹਾਂ ਦੀ। ਮੁੰਡੇ ਵਾਲਿਆਂ ਇਕ ਦਿਨ ਪਹਿਲਾਂ ਘੋੜੀ ਦੀ ਰਸਮ ਕਰਨੀ ਹੁੰਦੀ ਹੈ ਤੇ ਕੁੜੀ ਦੇ ਵਿਆਹ ਵਾਲਿਆਂ ਨੇ ਜਾਗੋ ਕੱਢਣੀ ਹੁੰਦੀ ਹੈ। ਬਸ ਫਿਰ ਬਾਈ ਤਰੀਕ ਨੂੰ ਸ਼ਾਮ ਨੂੰ ਸੜਕਾਂ ਉਤੇ ਢੋਲ ਦੀ ਥਾਪ, ਮੁੰਡਿਆਂ ਦੇ ਲਲਕਾਰੇ ਤੇ ਸੀਟੀਆਂ ਨੇ ਘੜਮੱਸ ਪਾ ਦਿਤਾ। ਇਕ ਟੋਲੀ ਆਵੇ ਤੇ ਦੂਜੀ ਜਾਵੇ। ਕੰਨ ਸਾਂ-ਸਾਂ ਕਰਨ ਲਗਾ ਦਿਤੇ।
ਉਸੇ ਦਿਨ ਸਾਡੇ ਮੁਹੱਲੇ ਵਾਲੇ ਮੰਦਰ ਤੋਂ ਸੂਚਨਾ ਮਿਲੀ ਕਿ ਰਾਤ ਨੂੰ ਫਲਾਣੀ ਪਾਰਟੀ ਜਾਗਰਣ ਲਈ ਆ ਰਹੀ ਹੈ, ਜੋ ਸਾਰੀ ਰਾਤ ਭੇਟਾਂ ਸੁਣਾ ਕੇ ਨਿਹਾਲ ਕਰੇਗੀ। ਬਈ ਧਾਰਮਕ ਆਜ਼ਾਦੀ ਹੈ, ਉਨ੍ਹਾਂ ਨੂੰ ਵੀ ਹੱਕ ਹੈ, ਸਾਰੀ ਰਾਤ ਉੱਚੀ ਆਵਾਜ਼ ਵਿਚ ਗਾਉਣ ਦਾ। ਸੋ ਮੈਂ ਤਾਂ ਰਸੋਈ ਦਾ ਕੰਮ ਨਿਬੇੜ ਸੌਂ ਜਾਣਾ ਚਾਹੁੰਦੀ ਸਾਂ। ਪਰ ਅੱਜ ਇਨ੍ਹਾਂ ਕਿਥੇ ਸੋਣ ਦੇਣੈ। ਸੜਕ ਉਤੇ ਘਰ ਹੋਣ ਕਰ ਕੇ, ਇਕ ਜਾਗੋ ਵਾਲੀ ਟੋਲੀ ਦੀ ਆਵਾਜ਼ ਦੂਰੋਂ-ਆਉਂਦੀ ਆਉਂਦੀ ਨੇੜੇ ਪਹੁੰਚਦੀ ਹੈ। ਵੈਸੇ ਗਿੱਧਾ ਤੇ ਭੰਗੜਾ ਤਾਂ ਮੇਰੀ ਕਮਜ਼ੋਰੀ ਹੈ, ਖਿੜਕੀ ਵਿਚੋਂ ਜ਼ਰੂਰ ਝਾਤ ਮਾਰਦੀ ਹਾਂ।
ਟੋਲੀ ਦੀ ਮੇਲਣ ਗੂੜ੍ਹੇ ਗੁਲਾਬੀ ਰੰਗ ਦਾ ਧਰਤੀ ਸੰਭਰਦਾ ਲਹਿੰਗਾ ਪਾਈ, ਸਿਰ ਉੱਤੇ ਦੀਵਿਆਂ ਦੀ ਟੋਕਣੀ ਚੁੱਕੀ ਹੌਲੀ-ਹੌਲੀ ਪੱਬ ਰਖਦੀ ਆ ਰਹੀ ਹੈ। ਇਕ ਗੀਤ ਦੀ ਲੈਅ 'ਜ਼ਰਾ ਹੱਟ ਕੇ ਪਰ੍ਹਾਂ ਦੀ ਲੰਘ ਜਾਇਉ ਬਈ ਵੱਡੀ ਮਾਮੀ ਜੈਲਦਾਰਨੀ' ਸੁਣਾਈ ਦੇਂਦੀ ਹੈ। ਇਕ ਹੋਰ, 'ਆਉਂਦੀ ਕੁੜੀਏ ਜਾਂਦੀਏ ਕੁੜੀਏ ਚੱਕ ਲੈ ਟੋਕਰਾ ਨੜਿਆਂ ਦਾ, ਕਿਥੇ ਲਾਹੇਂਗੀ ਨੀ ਇਹ ਪਿੰਡ ਛੜਿਆਂ ਦਾ, ਕਿਥੇ ਲਾਹੇਂਗੀ।''
ਸੁਣ ਕੇ ਮੈਂ ਸੋਚਿਆ ਸੱਚਮੁੱਚ ਪਿੰਡ ਤੇ ਸ਼ਹਿਰ ਛੜਿਆਂ ਦੇ ਹੀ ਰਹਿ ਜਾਣਗੇ ਕਿਉਂਕਿ ਇਹ ਕੁੜੀਆਂ ਕੁੱਖ ਵਿਚ ਕਤਲ ਕਰਾ ਰਹੇ ਨੇ, ਫਿਰ ਮੁਕਲਾਵੇ ਕਿੱਥੋਂ ਭਾਲਣਗੇ? ਟੋਲੀ ਧੂੜਾਂ ਪੁੱਟਦੀ ਲੰਘ ਜਾਂਦੀ ਹੈ। ਹੁਣ ਮੰਦਰ ਵਾਲੇ ਕਹਿਣ ਅਸੀ ਕਿਹੜਾ ਕਿਸੇ ਦੀ ਨੂੰਹ, ਧੀ ਨਾਲੋਂ ਘੱਟ ਹਾਂ। ਪੂਰਾ ਜ਼ੋਰ ਲਗਾ ਕੇ ਅਖੇ ''ਭਗਤ ਪਿਆਰੇ ਰੱਬ ਨੂੰ ਜਿਵੇਂ ਮਾਪਿਆਂ ਨੂੰ ਪੁੱਤਰ ਪਿਆਰੇ'' ਗਾ ਰਹੇ ਸਨ।
ਇਕ ਢੋਲ ਦੀ ਥਾਪ, ਲਲਕਾਰੇ, ਸੀਟੀਆਂ ਪਟਾਕੇ ਫੋੜਦੇ ਘੋੜੀ ਵਾਲਿਆਂ ਦੀ ਟੋਲੀ ਆ ਪਹੁੰਚੀ। ਮੁੰਡੇ ਦੇ ਦੋਸਤ ਮਿੱਤਰ ਭੰਗੜਾ ਪਾ ਰਹੇ ਸਨ। ਮੁੰਡਾ ਖ਼ੂਬ ਬਣਿਆ ਸੰਵਰਿਆ ਘੋੜੀ ਉਤੇ ਬੈਠਾ ਸੋਚਦਾ ਹੋਣੈ ਬਈ ਮੈਂ ਵੀ ਬੂਰ ਦੇ ਲੱਡੂਆਂ ਦਾ ਸਵਾਦ ਚੱਖ ਲਵਾਂ। ਮੁੰਡਿਆਂ ਨੇ ਨੱਚ-ਨੱਚ ਭੜਥੂ ਪਾ ਦਿਤਾ। ਲੰਮੀ ਬੋਲੀ ਪਾ ਕੇ ਪਿਛਲੇ ਤੋੜੇ ਨੂੰ ਸਾਰੇ ਚੁੱਕ ਲੈਂਦੇ, ਚੱਕ ਲਉ ਢੋਲਕੀਆਂ ਛੈਣੇ ਵਿਆਹ ਕਰਤਾਰੇ ਦਾ, ਮੋਤੀ ਬਾਗ ਦੀਏ ਕੂੰਜੇ ਲੈ ਜਾਊਂਗਾ।
ਭੜਥੂ ਪਾ ਤੁਰਨ ਲੱਗੇ ਤਾਂ ਸਾਹਮਣਿਉਂ ਗਲੀ ਵਿਚੋਂ ਇਕ ਹੋਰ ਜ਼ੈਲਦਾਰਨੀ ਆ ਗਈ ਟੋਲੀ ਲੈ ਕੇ। ਮੇਰੇ ਦਰ ਮੂਹਰੇ ਆ ਕੇ ਉਨ੍ਹਾਂ ਟੋਕਣੀ ਲਾਹ ਕੇ ਰੱਖੀ ਤੇ ਗਿੱਧੇ ਦਾ ਪਿੜ ਬੰਨ੍ਹ ਦਿਤਾ। ਅਖੇ ''ਮਾਸਟਰੋ ਜਾਗਦੇ ਕਿ ਸੁੱਤੇ, ਕੱਢੋ ਮਾਸਟਰਨੀ ਨੂੰ ਬਾਹਰ'' ਦਰਵਾਜ਼ਾ ਭੰਨਣ ਲਗੀਆਂ। ਮੈਂ ਆਵਾਜ਼ ਪਛਾਣ ਕੇ ਦਰਵਾਜ਼ਾ ਖੋਲ੍ਹਿਆ ਤਾਂ ਖਿੱਚ ਕੇ ਪਿੜ ਵਿਚ ਲੈ ਗਈਆਂ। ਅਖੇ ''ਨੱਚਣਾ ਨਹੀਂ ਤਾਂ ਬੋਲੀ ਪਾ।'' ਭੈਣਾਂ ਵਰਗਾ ਸਾਕ ਨੀ ਕੋਈ ਰੁਸ ਕੇ ਨਾ ਬਹਿਜੀਂ ਵੀਰਨਾ।
ਅੰਦਰੋਂ ਤੇਲ ਲਿਜਾ ਕੇ ਦੀਵਿਆਂ ਵਿਚ ਪਾਇਆ ਤੇ ਸ਼ਗਨ ਦਿਤਾ। ਜਾਂਦੀਆਂ ਹੋਈਆਂ ਤੋਂ ਦੂਰੋਂ ਗੀਤਾਂ ਦੀ ਆਵਾਜ਼ ਸੁਣਦੀ ਰਹੀ। ਦਰਵਾਜ਼ਾ ਬੰਦ ਕਰ ਕੇ ਮੈਂ ਟਾਈਮ ਵੇਖਿਆ, ਇਕ ਵੱਜ ਗਿਆ ਸੀ। ਮੈਂ ਸੌਣ ਦਾ ਮੂਡ ਬਣਾਉਣ ਲੱਗੀ। ਨੀਂਦ ਤਾਂ ਜਿਵੇਂ ਖੰਭ ਲਗਾ ਕੇ ਕਿਧਰੇ ਦੂਰ ਉਡਾਰੀ ਮਾਰ ਗਈ ਸੀ। ਸਿਰ ਭਾਰਾ-ਭਾਰਾ ਹੋ ਗਿਆ। ਲਗਦੈ ਅੱਜ ਤਾਂ ਕੋਈ ਨਸ ਫਟੂ। ਚਲੋ ਵੇਖੀ ਜਾਉ, ਮੈਂ ਸ੍ਰੀਰ ਢਿੱਲਾ ਛੱਡ ਕੇ ਪੈ ਗਈ।
ਥੋੜੀ ਦੇਰ ਬਾਅਦ ਮੰਦਰ ਵਲੋਂ ਆਵਾਜ਼ ਆਈ ਕਿ ਬਈ ਸਾਰੇ ਚਾਹ ਪੀ ਲਉ। ਸਪੀਕਰ ਦੀ ਆਵਾਜ਼ ਘੱਟ ਹੋਣ ਕਰ ਕੇ ਨੀਂਦ ਪਤਾ ਨਹੀਂ ਕਿਹੜੇ ਵੇਲੇ ਆ ਗਈ। ਉਠਦੀ ਨੂੰ ਚਿੱਟਾ ਦਿਨ ਚੜ੍ਹ ਗਿਆ। ਪੇਪਰਾਂ ਵਾਲਾ ਬੈੱਲ ਮਾਰ ਕੇ ਅਖ਼ਬਾਰ ਸੁੱਟ ਗਿਆ। ਸਵੇਰ ਹੋਣ ਤਕ ਨੀਂਦ ਪੂਰੀ ਨਾ ਹੋਣ ਕਾਰਨ ਉਨੀਂਦਰੀਆਂ ਅੱਖਾਂ ਮਸਾਂ ਖੁੱਲ੍ਹੀਆਂ।
ਪੇਪਰ ਚੁੱਕੇ ਸਾਰੇ ਖੋਲ੍ਹ ਕੇ ਨਿਗਾਹ ਮਾਰੀ। ਇਕ ਪੇਪਰ ਦੇ ਮਿਡਲ ਵਿਚ ਮੇਰੀ ਰਚਨਾ ਛਪੀ ਹੋਈ ਸੀ। ਉਸ ਨੂੰ ਵੇਖ ਕੇ ਇਕ ਗੀਤ ਦੇ ਬੋਲ ਆਪ ਮੁਹਾਰੇ ਬੁਲ੍ਹਾਂ ਉਤੇ ਆ ਗਏ, ''ਟੁੱਟ ਗਏ ਨੀ ਮਾਏ ਰੋਗ ਦਿਲਾਂ ਦੇ।'' ਪੇਪਰ ਰੱਖ ਮੈਂ ਰਸੋਈ ਵਲ ਬੈੱਡ-ਟੀ ਤਿਆਰ ਕਰਨ ਚਲੀ ਜਾਂਦੀ ਹਾਂ।
ਸੰਪਰਕ : 82840-20628