ਸਰਕਾਰਾਂ ਦੇ ਫ਼ੁਰਮਾਨ ਪਰ ਲੋਕ ਪ੍ਰੇਸ਼ਾਨ
Published : Apr 27, 2020, 2:28 pm IST
Updated : May 4, 2020, 2:26 pm IST
SHARE ARTICLE
Photo
Photo

ਅੱਜ ਕੋਰੋਨਾ ਵਾਇਰਸ ਦੇ ਨਾਂ ਦੀ ਹਾਹਾਕਾਰ ਪੂਰੀ ਦੁਨੀਆਂ ਵਿਚ ਮੱਚੀ ਹੋਈ ਹੈ।

ਅੱਜ ਕੋਰੋਨਾ ਵਾਇਰਸ ਦੇ ਨਾਂ ਦੀ ਹਾਹਾਕਾਰ ਪੂਰੀ ਦੁਨੀਆਂ ਵਿਚ ਮੱਚੀ ਹੋਈ ਹੈ। ਚੀਨ ਜਿਥੋਂ ਇਸ ਵਾਇਰਸ ਦੇ ਫੈਲਣ ਬਾਰੇ ਪ੍ਰਚਾਰਿਆ ਜਾ ਰਿਹਾ ਹੈ, ਨੇ ਅਪਣੇ ਦੇਸ਼ ਵਿਚ ਇਸ ਤੇ ਕੰਟਰੋਲ ਕਰ ਲਿਆ ਹੈ ਤੇ 10-12 ਦਿਨਾਂ ਵਿਚ ਹੀ ਇਕ ਵਿਸ਼ੇਸ਼ ਹਸਪਤਾਲ ਉਸਾਰ ਲੈਣ ਬਾਰੇ ਵੀ ਚਰਚਾ ਆਮ ਹੈ। ਇਸੇ ਤਰ੍ਹਾਂ ਕੋਰੀਆ, ਕਿਊਬਾ ਆਦਿ ਦੇਸ਼ਾਂ ਵਲੋਂ ਵੀ ਇਸ ਉਪਰ ਕਾਬੂ ਪਾ ਲਿਆ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਜਿਹੜੇ ਦੇਸ਼ਾਂ ਵਿਚ ਸਮਾਜਵਾਦੀ ਸਰਕਾਰਾਂ ਦੀ ਕਿਸੇ ਵੇਲੇ ਵੀ ਭੂਮਿਕਾ ਰਹੀ, ਉਨ੍ਹਾਂ ਨੇ ਤੁਰਤ ਹੀ ਇਸ ਆਫ਼ਤ ਉਪਰ ਕਾਬੂ ਪਾਉਣ ਵਿਚ ਅਹਿਮ ਕਾਰਗੁਜ਼ਾਰੀ ਵਿਖਾਈ ਹੈ।

ਉਪਰੋਕਤ ਦੇਸ਼ਾਂ ਨੇ ਬਿਨਾਂ ਕੋਈ ਧਾਰਮਕ ਅਡੰਬਰ ਕੀਤਿਆਂ ਵਿਗਿਆਨਕ ਪਹੁੰਚ ਰਾਹੀਂ ਇਸ ਆਫ਼ਤ ਨੂੰ ਕਾਬੂ ਕੀਤਾ ਹੈ ਕਿਉਂਕਿ ਇਹ ਦੇਸ਼ ਨਾ ਤਾਂ ਕਿਸੇ ਅਗੰਮੀ ਸ਼ਕਤੀ ਵਿਚ ਵਿਸ਼ਵਾਸ ਰਖਦੇ ਹਨ ਤੇ ਨਾ ਹੀ ਕਿਸੇ ਪੂਜਾ, ਪਾਠ, ਹਵਨ, ਅਰਦਾਸ ਆਦਿ ਰਾਹੀਂ ਕਿਸੇ ਦੇਵੀ ਦੇਵਤੇ ਦੀ ਅਰਾਧਨਾ ਕਰਦੇ ਹਨ। ਪਰ ਜਦੋਂ ਅਸੀ ਭਾਰਤ ਜਾਂ ਇਸ ਵਰਗੇ ਹੋਰ ਪਿਛੜੇ ਦੇਸ਼ਾਂ ਵਲ ਝਾਤੀ ਮਾਰਦੇ ਹਾਂ ਤਾਂ ਉਥੇ ਤਰ੍ਹਾਂ-ਤਰ੍ਹਾਂ ਦੇ ਗ਼ੈਰ-ਵਿਗਿਆਨਕ ਧਾਰਮਕ ਅਡੰਬਰਾਂ ਰਾਹੀਂ ਇਸ ਆਫ਼ਤ ਤੋਂ ਛੁਟਕਾਰਾ ਪਾਉਣ ਦੀਆਂ ਰਸਮਾਂ ਕਰ ਕੇ, ਵਿਗਿਆਨ ਦੀ ਖਿੱਲੀ ਉਡਾਈ ਜਾ ਰਹੀ ਹੈ।

ਭਾਰਤ ਵਿਚ ਤਾਂ ਅਜਿਹੇ ਕਈ 'ਬੁਧੀਮਾਨ' ਇਹ ਵੀ ਉਪਦੇਸ਼ ਦਿੰਦੇ ਹਨ ਕਿ ''ਜਿਥੇ ਵਿਗਿਆਨ ਖ਼ਤਮ ਹੁੰਦਾ ਹੈ, ਉਥੋਂ ਧਰਮ ਸ਼ੁਰੂ ਹੁੰਦਾ ਹੈ।'' ਇਹ ਵਿਚਾਰ ਰੱਖਣ ਵਾਲੇ ਵਿਆਖਿਆਕਾਰ, ਇਕ ਪਾਸੇ ਵਿਗਿਆਨ ਦੀਆਂ ਖੋਜਾਂ ਨੂੰ ਦਿਨ ਰਾਤ ਮਾਣ ਵੀ ਰਹੇ ਹਨ ਪਰ ਦੂਜੇ ਪਾਸੇ ਉਸ ਨੂੰ ਝੁਠਿਆਉਣ ਲਈ ਹਰ ਵਕਤ ਤਤਪਰ ਰਹਿੰਦੇ ਹਨ। ਜਦੋਂ ਅਸੀ ਭਾਰਤੀ ਇਤਿਹਾਸ ਉੱਪਰ ਨਿਗ੍ਹਾ ਮਾਰਦੇ ਹਾਂ ਤਾਂ ਇਕ ਗੱਲ ਸਾਫ਼ ਵੇਖੀ ਜਾ ਸਕਦੀ ਹੈ ਕਿ ਸੋਨੇ ਦੀ ਚਿੜੀ ਅਖਵਾਉਣ ਵਾਲੇ ਦੇਸ਼ ਨੂੰ ਗ਼ੁਲਾਮ ਬਣਾਉਣ ਵਿਚ, ਹੋਰ ਕਾਰਨਾਂ ਦੇ ਨਾਲ ਧਾਰਮਕ ਪਿਛੜੇਪਣ ਦੇ ਝੂਠੇ ਅਡੰਬਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਅੱਜ ਸਾਡਾ ਦੇਸ਼, ਕਹਿਣ ਨੂੰ ਭਾਵੇਂ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਪਹੁੰਚ ਜਾਣ ਦਾ ਦਾਅਵਾ ਕਰ ਰਿਹਾ ਹੈ ਪਰ ਸਾਡੀਆਂ ਸਰਕਾਰਾਂ ਜੋ ਕਿ ਕੋਰੋਨਾ ਵਰਗੀ ਬੀਮਾਰੀ ਨਾਲ ਲੜਨ ਲਈ, ਉਪਰੋਕਤ ਸਫ਼ਲ ਹੋਏ ਦੇਸ਼ਾਂ ਵਰਗੇ ਵਿਗਿਆਨਕ ਢੰਗ ਅਪਨਾਉਣ ਦੀ ਬਜਾਏੇ, ਮੱਧ ਯੁਗ ਵਾਲੇ ਮੰਤਰਾਂ-ਤੰਤਰਾਂ ਜਹੇ ਢੰਗ ਵਰਤਣ ਨੂੰ, ਅਪਣੀ ਸੰਸਕ੍ਰਿਤੀ ਤੇ ਪਹਿਰਾ ਦੇਣਾ ਕਹਿ ਕੇ, ਬੜਾ ਫ਼ਖ਼ਰ ਕਰ ਰਹੀਆਂ ਹਨ। ਇਨ੍ਹਾਂ ਨੇ ਉਨ੍ਹਾਂ ਦੇਸ਼ਾਂ ਤੋਂ ਸੇਧ ਲੈਣ ਦੀ ਬਜਾਏ ਇਹ ਦਾਅਵੇ ਕੀਤੇ ਕਿ ਜਿਥੇ 33 ਕਰੋੜ ਦੇਵੀ ਦੇਵਤਿਆਂ ਦਾ ਵਾਸਾ ਹੋਵੇ, ਉਥੇ ਕੋਰੋਨਾ ਕੁੱਝ ਨਹੀਂ ਵਿਗਾੜ ਸਕਦਾ।

ਹੁਣ ਜਦੋਂ ਦੇਸ਼ ਵਿਚ ਇਹ ਆਫ਼ਤ ਪ੍ਰਵੇਸ਼ ਕਰ ਗਈ ਹੈ ਤਾਂ ਦੇਸ਼ ਵਾਸੀਆਂ ਨੂੰ ਗਊ ਮੂਤਰ ਪੀਣ ਦੇ ਉਪਦੇਸ਼ ਦਿਤੇ ਜਾ ਰਹੇ ਹਨ। ਇਸ ਦੇਸ਼ ਦੀ ਕੇਂਦਰੀ ਸਰਕਾਰ ਵਿਚ ਮੰਤਰੀ ਅਹੁਦਿਆਂ ਉਤੇ ਬੈਠੇ ਅਜਿਹੇ ਕਈ 'ਮਹਾਂ ਵਿਗਿਆਨੀ' ਇਹੋ ਜਹੇ ਬਿਆਨਾਂ ਰਾਹੀਂ ਦੇਸ਼ ਨੂੰ ਕਿਧਰ ਲੈ ਕੇ ਜਾਣਾ ਚਾਹੁੰਦੇ ਹਨ? ਸਾਡੇ ਸਾਹਮਣੇ ਇਹ ਬਹੁਤ ਹੀ ਅਹਿਮ ਸਵਾਲ ਹਨ। ਦੇਸ਼ ਦੇ ਪ੍ਰਧਾਨ ਸੇਵਕ ਵਲੋਂ ਰਾਤ 8 ਵਜੇ ਟੀਵੀ ਉਤੇ ਆ ਕੇ ਇਹ ਫ਼ੁਰਮਾਨ ਜਾਰੀ ਕਰ ਦੇਣਾ ਕਿ ਅੱਜ ਰਾਤ 12 ਵਜੇ ਤੋਂ ਹੀ ਦੇਸ਼ ਭਰ ਵਿਚ ਤਾਲਾਬੰਦੀ ਜਾਰੀ ਹੈ, ਕਿੰਨਾਂ ਕੁ ਸੰਜੀਦਾ ਜਾਂ ਜ਼ਿੰਮੇਵਾਰੀ ਵਾਲਾ ਹੈ?

ਦੇਸ਼ ਦੀ ਅਧਿਊਂ ਵੱਧ ਆਬਾਦੀ ਜੋ ਹਰ ਰੋਜ਼ ਦੀ ਦਿਹਾੜੀ ਕਰ ਕੇ ਮਿਹਨਤ ਮਜ਼ਦੂਰੀ ਰਾਹੀਂ ਅਪਣੇ ਬੱਚੇ ਪਾਲ ਰਹੀ ਹੈ ਤੇ ਰੋਜ਼ ਮਰ੍ਹਾ ਦੀ ਜ਼ਿੰਦਗੀ ਬਾ-ਮੁਸ਼ੱਕਤ ਜੀਅ ਰਹੀ ਹੈ, ਕੀ ਤਾਲਾਬੰਦੀ ਐਲਾਨਣ ਤੋਂ ਪਹਿਲਾਂ ਉਸ ਦੀ ਰੋਟੀ ਰੋਜ਼ੀ ਤੇ ਵਸੇਬੇ ਦਾ ਪ੍ਰਬੰਧ ਕਰਨੀ ਪ੍ਰਧਾਨ ਸੇਵਕ ਜੀ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ?
ਇਥੇ ਹੀ ਬਸ ਨਹੀਂ, ਕਰਫ਼ਿਊ ਲਗਾ ਕੇ ਲੋਕਾਂ ਨੂੰ ਅਪਣੇ ਘਰਾਂ ਅੰਦਰ ਡੱਕਣ ਦੇ ਫ਼ੁਰਮਾਨਾਂ ਨਾਲ ਪੁਲਿਸ ਨੂੰ ਮਨ-ਮਾਨੀਆਂ ਕਰਨ ਦੀ ਖੁੱਲ੍ਹ ਨੇ, ਜੋ ਲੋਕਾਂ ਨਾਲ ਵਰਤਾਉ ਕੀਤਾ, ਉਹ ਹਰ ਇਕ ਨੇ ਮੀਡੀਆ ਰਾਹੀਂ ਸ਼ਰੇਆਮ ਵੇਖਿਆ ਜਿਸ ਨੇ ਤੁਗਲਕੀ ਦੌਰ ਦੀ ਯਾਦ ਤਾਜ਼ਾ ਕਰਵਾ ਦਿਤੀ।

ਪਰ ਇਸੇ ਦੌਰ ਦੌਰਾਨ ਦੂਜੇ ਪਾਸੇ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਵਿਚ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਇਕ ਮੰਦਰ ਵਿਚ ਪੁਜਾਰੀਆਂ ਦੀ ਭੀੜ ਨਾਲ ਪੂਜਾ ਕਰਦੇ ਵੀ ਨਜ਼ਰ ਆਏ। ਭਾਜਪਾ ਆਗੂਆਂ ਵਲੋਂ ਗਊ ਮੂਤਰ ਪੀਣ ਦੀਆਂ ਪਾਰਟੀਆਂ ਕਰਨ ਵਾਲੀਆਂ ਤਸਵੀਰਾਂ ਵੀ ਵੇਖੀਆਂ ਗਈਆਂ ਤੇ ਸ਼ਰੇਆਮ ਪੂਜਾ ਪਾਠ ਤੇ ਹਵਨ ਕਰਨ ਦੇ ਦ੍ਰਿਸ਼ਾਂ ਵਿਚ ਤਾਲਾਬੰਦੀ ਤੇ ਆਪਸੀ ਨਿਯਮਤ ਦੂਰੀ ਰੱਖਣ ਦੀ ਪ੍ਰਵਾਹ ਨਾ ਕਰਦੇ ਹੋਏ, ਵੱਡੀ ਗਿਣਤੀ ਵਿਚ ਸਰਕਾਰੀ ਮੰਤਰੀ ਆਦਿ ਸ਼ਾਮਲ ਵੇਖੇ ਗਏ। ਅਜਿਹੇ ਕਾਰਨਾਮਿਆਂ ਦੀਆਂ ਹੋਰ ਵੀ ਕਈ ਉਦਾਹਰਣਾਂ ਹਨ।

ਇਹ ਸੱਭ ਕੁੱਝ ਪੁਲਿਸ ਦੀ ਹਾਜ਼ਰੀ ਵਿਚ ਹੁੰਦਾ ਰਿਹਾ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕਰਫ਼ਿਊ ਅਜਿਹੇ ਕਰਮ ਕਾਂਡ ਕਰਨ ਵਾਲਿਆਂ ਲਈ ਨਹੀਂ ਸੀ? ਜੇ ਸੱਭ ਲਈ ਸੀ ਤਾਂ ਇਨ੍ਹਾਂ ਵਿਰੁਧ ਪੁਲਿਸ ਦਾ ਡੰਡਾ ਕਿਥੇ ਸੀ ਜਿਹੜਾ ਆਮ ਲੋਕਾਂ ਤੇ ਕਹਿਰ ਢਾਹ ਰਿਹਾ ਸੀ? ਕਿਉਂ ਕੋਈ ਕਾਨੂੰਨੀ ਕਾਰਵਾਈ ਅਜੇ ਤਕ ਇਨ੍ਹਾਂ ਸਰਕਾਰ ਵਿਚ ਬੈਠੇ ਮੰਤਰੀਆਂ ਵਿਰੁਧ ਨਹੀਂ ਹੋਈ? ਜਦੋਂ ਕਿ ਆਮ ਲੋਕਾਂ ਵਿਰੁਧ ਸੈਂਕੜੇ ਪੁਲਿਸ ਕੇਸ ਦਰਜ ਕੀਤੇ ਜਾ ਚੁੱਕੇ ਹਨ, ਭਾਵੇਂ ਉਹ ਕਿਸੇ ਮਜਬੂਰੀ ਕਾਰਨ ਹੀ ਘਰੋਂ ਬਾਹਰ ਆਏ ਹੋਣ। ਦਿੱਲੀ ਵਿਚ ਭੁੱਖ ਦੇ ਸਤਾਏ ਮਜ਼ਦੂਰ ਹਜ਼ਾਰਾਂ ਦੀ ਗਿਣਤੀ ਵਿਚ ਸੜਕਾਂ ਉਤੇ ਆ ਗਏ ਤੇ ਪੈਦਲ ਹੀ ਅਪਣੇ ਘਰਾਂ ਵਲ ਚੱਲ ਪਏ, ਜੋ ਵੱਖੋ-ਵੱਖ ਸੂਬਿਆਂ ਵਿਚ 200 ਤੋਂ 600 ਕਿ.ਮੀ. ਤੋਂ ਵੀ ਵੱਧ ਦੂਰੀ ਉਤੇ ਸਨ।

ਇਨ੍ਹਾਂ ਵਿਚੋਂ ਕਈਆਂ ਦੇ ਰਸਤੇ ਵਿਚ ਜਾਂਦਿਆਂ ਹੀ ਮਰਨ ਦੀਆਂ ਵੀ ਖ਼ਬਰਾਂ ਵੀ ਆਈਆਂ ਤੇ ਬਹੁਤਿਆਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਦੂਜੇ ਪਾਸੇ ਇਸੇ ਤਾਲਾਬੰਦੀ ਦੌਰਾਨ ਹਰਿਦੁਆਰ ਵਿਚ ਫਸੇ 1800 ਗੁਜਰਾਤੀ ਯਾਤਰੀਆਂ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰਾਜ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਦੇ ਹੁਕਮਾਂ ਨਾਲ ਉਤਰਾਖੰਡ ਦੀਆਂ ਸਰਕਾਰੀ ਲਗਜ਼ਰੀ ਬਸਾਂ ਦਾ ਪ੍ਰਬੰਧ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਇਨ੍ਹਾਂ ਬਸਾਂ ਰਾਹੀਂ 1200 ਕਿ.ਮੀ. ਦਾ ਸਫ਼ਰ ਤਹਿ ਕਰ ਕੇ ਇਨ੍ਹਾਂ 1800 ਯਾਤਰੀਆਂ ਨੂੰ ਤਾਂ ਅਹਿਮਦਾਬਾਦ ਉਨ੍ਹਾਂ ਦੇ ਘਰੋ ਘਰੀਂ ਪਹੁੰਚਾਇਆ ਗਿਆ ਪਰ ਦਿੱਲੀ ਦੇ ਮਜ਼ਦੂਰਾਂ ਨੂੰ ਸੜਕਾਂ ਉਤੇ ਰੁਲਣ ਲਈ ਛੱਡ ਦੇਣਾ ਕਿਧਰ ਦੀ ਰਾਸ਼ਟਰ ਭਗਤੀ ਹੈ? ਕੀ ਕੋਈ ਜਵਾਬ ਦੇਵੇਗਾ?

ਇਹ ਵੀ ਸਾਹਮਣੇ ਆਇਆ ਕਿ ਭਾਰਤ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਜਨਵਰੀ ਦੇ ਅੰਤ ਵਿਚ ਸਾਹਮਣੇ ਆਇਆ ਸੀ। ਪਰ ਇਸ ਦੇ ਬਾਵਜੂਦ ਵੀ ਪ੍ਰਧਾਨ ਸੇਵਕ ਸਮੇਤ ਪੂਰੀ ਕੇਂਦਰ ਸਰਕਾਰ ਇਸ ਬਾਰੇ ਕਿਉਂ ਅਵੇਸਲੀ ਰਹੀ ਤੇ ਕਿਉਂ ਇਸ ਪਾਸਿਉਂ ਅੱਖਾਂ ਬੰਦ ਕਰੀ ਰਖੀਆਂ? ਘੋਖਣ ਤੇ ਇਸ ਦਾ ਕਾਰਨ ਵੀ ਸਮਝ ਆ ਰਿਹਾ ਹੈ ਕਿ ਇਸ ਸਮੇਂ ਪੂਰੀ ਸਰਕਾਰ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਆਉ ਭਗਤ ਦੀਆਂ ਤਿਆਰੀਆਂ ਕਰਨ ਤੇ ਇਸ ਉਪਰੰਤ ਮੱਧ ਪ੍ਰਦੇਸ਼ ਵਿਚ ਉਥੋਂ ਦੀ ਸਰਕਾਰ ਤੋੜ ਕੇ, ਉਸ ਦੇ ਐਮ.ਐਲ.ਏਜ਼ ਦੀਆਂ ਬਸਾਂ ਭਰ ਕੇ, ਆਲੀਸ਼ਾਨ ਹੋਟਲਾਂ ਵਿਚ ਉਨ੍ਹਾਂ ਦੇ ਰਹਿਣ, ਬਹਿਣ ਤੇ ਖਾਣ ਪੀਣ ਦਾ ਪ੍ਰਬੰਧ ਕਰਨ ਵਿਚ ਰੁੱਝੀ ਹੋਈ ਸੀ। ਭਾਰਤ ਵਿਚ ਲੋਕਾਂ ਦੀ ਅਸਲ ਹਾਲਤ ਟਰੰਪ ਨਾ ਵੇਖ ਸਕੇ ਇਸ ਲਈ ਗ਼ਰੀਬ ਬਸਤੀ ਨੂੰ ਦੀਵਾਰ ਬਣਾ ਕੇ ਲਕੋਏ ਜਾਣ ਵਿਚ ਲੀਨ ਸੀ।

ਸਾਰਾ ਮਾਮਲਾ ਨਜਿੱਠਣ ਤੋਂ ਬਾਅਦ ਦੇਸ਼ ਦੀ ਜਨਤਾ ਨੂੰ ਇਕ ਥਾਂ ਇਕੱਠੇ ਨਾ ਹੋਣ ਦੇ ਹੁਕਮ ਸੁਣਾ ਦਿਤੇ ਪਰ ਆਪ  ਮੱਧ ਪ੍ਰਦੇਸ਼ ਵਿਚ ਵੱਡਾ ਇਕੱਠ ਕਰ ਕੇ ਅਪਣੇ ਮੁੱਖ ਮੰਤਰੀ ਨੂੰ ਸਹੁੰ ਚੁਕਵਾਉਣ ਵਿਚ ਮਦਹੋਸ਼ ਸੀ। ਕਿਹੜੇ ਸੰਵਿਧਾਨ ਦੀ ਕਸਮ ਖਾ ਕੇ ਗੱਦੀਆਂ ਤਾਂ ਸੰਭਾਲ ਲਈਆਂ ਜਾਂਦੀਆਂ ਹਨ ਪਰ ਗੱਦੀਆਂ ਉਤੇ ਬੈਠਣ ਉਪ੍ਰੰਤ ਉਸ ਨੂੰ ਦੁਰਕਾਰ ਦਿਤਾ ਜਾਂਦਾ ਹੈ? ਲੋਕਾਂ ਸਾਹਮਣੇ ਇਹ ਵੀ ਬੜਾ ਸੰਜੀਦਾ ਤੇ ਅਹਿਮ ਸਵਾਲ ਹੈ ਜਿਸ ਸਬੰਧੀ ਇਨ੍ਹਾਂ ਸਿਆਸੀ ਲੀਡਰਾਂ ਦੀ ਜਬਾਵਦੇਹੀ ਬਣਦੀ ਹੈ।

ਪ੍ਰਧਾਨ ਸੇਵਕ ਅਤੇ ਚੌਕੀਦਾਰ ਜੀ ਵਲੋਂ ਤਾਲੀ ਵਜਾਉ ਤੇ ਥਾਲੀਆਂ ਤੇ ਘੰਟੀਆਂ ਖੜਕਾਉ ਦੇ ਫ਼ੁਰਮਾਨ ਵੀ ਸੁਣੇ ਗਏ। ਮੈਂ ਵੀ ਚੌਕੀਦਾਰ “ਕਹਿਣ ਵਾਲੇ ਕਈ ਕੇਂਦਰੀ ਮੰਤਰੀ, ਮੁੱਖ ਮੰਤਰੀ ਟੱਲੀਆਂ, ਘੰਟੀਆਂ ਵਜਾਉਂਦੇ ਲਾਮ ਲਸ਼ਕਰ ਸਮੇਤ ਕਰਫ਼ਿਊ ਦੀ ਪ੍ਰਵਾਹ ਨਾ ਕਰਦੇ ਹੋਏ ਸੜਕਾਂ ਉਤੇ ਭੀੜਾਂ ਦੀ ਅਗਵਾਈ ਕਰਦੇ ਵੇਖੇ। ਇਸ ਤੋਂ ਬਾਅਦ ਬਿਜਲੀ ਲਾਈਟਾਂ ਬੰਦ ਕਰ ਕੇ 5 ਅਪ੍ਰੈਲ ਨੂੰ ਰਾਤੀਂ 9 ਵਜੇ, 9 ਮਿੰਟ ਲਈ ਮੋਮਬੱਤੀਆਂ ਜਗਾ ਕੇ ਕੋਰੋਨਾ ਭਜਾਉਣ ਦੇ ਫ਼ੁਰਮਾਨ ਜਾਰੀ ਕਰ ਦਿਤੇ। ਹੁਣ ਕੋਰੋਨਾ ਦੌਰਾਨ ਭੁੱਖੇ ਢਿੱਡ ਲੋਕਾਂ ਲਈ ਰਮਾਇਣ ਵੀ ਲੜੀਵਾਰ ਵਿਖਾਉਣਾ ਸ਼ੁਰੂ ਕਰਨਾ ਵੀ ਇਸੇ ਕੜੀ ਦਾ ਹਿੱਸਾ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ।

ਇਸੇ ਤਰ੍ਹਾਂ ਦਿੱਲੀ ਵਿਖੇ ਮੁਸਲਮ ਤਬਲੀਗ਼ੀ ਜਮਾਤ ਦੇ ਸਮਾਗਮ ਵਿਚ, ਇਸ ਤਬਕੇ ਦੇ ਸ਼ਾਮਲ ਹੋਏ 2 ਹਜ਼ਾਰ ਲੋਕਾਂ ਬਾਰੇ ਚਰਚਾ ਹੈ। ਇਸ ਵਿਚ ਵਿਦੇਸ਼ਾਂ ਵਿਚੋਂ ਵੀ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਇਸ ਸਮੇਂ ਦੌਰਾਨ ਅਜਿਹੇ ਇਕੱਠ ਕਰਨਾ ਤਾਂ ਮੂਰਖਪੁਣਾ ਹੈ ਹੀ ਪਰ ਇਸ ਨੂੰ ਰੋਕਣ ਲਈ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿਚ ਆਉਂਦੀ ਹੈ। ਗ੍ਰਹਿ ਵਿਭਾਗ ਜਿਸ ਨੇ ਵਿਦੇਸ਼ੀਆਂ ਨੂੰ ਵੀਜ਼ੇ ਦਿਤੇ, ਉਸ ਦੀ ਲਾਹਪ੍ਰਵਾਹੀ ਉੱਪਰ ਵੀ ਉਂਗਲ ਰਖਣੀ ਬਣਦੀ ਹੈ। ਕੁੱਲ ਮਿਲਾ ਕੇ ਸਾਰੀਆਂ ਧਿਰਾਂ ਹੀ ਕਟਹਿਰੇ ਵਿਚ ਹਨ। ਇਹ ਵੀ ਸ਼ੱਕ ਦੇ ਘੇਰੇ ਵਿਚ ਹੈ ਕਿ ਇਹ ਇਕੱਠ ਜਾਣ ਬੁੱਝ ਕੇ ਹੋਣ ਦਿਤਾ ਗਿਆ ਤਾਕਿ ਬਾਅਦ ਵਿਚ ਹਿੰਦੂ ਮੁਸਲਮ ਦੇ ਵਿਵਾਦ ਨੂੰ ਹੋਰ ਤਿੱਖਾ ਕਰਨ ਲਈ ਵਰਤਿਆ ਜਾ ਸਕੇ।

ਹੁਣ ਜੋ ਕੁੱਝ ਚੱਲ ਰਿਹਾ ਹੈ, ਉਹ ਵੀ ਇਹੋ ਦਰਸਾਉਂਦਾ ਵੇਖਿਆ ਜਾ ਸਕਦਾ ਹੈ। ਤਾਲਾਬੰਦੀ ਦੌਰਾਨ ਇਕ ਸਰਕਾਰੀ ਪੋਲ ਸਾਹਮਣੇ ਆਈ ਕਿ ਦਿੱਲੀ ਇੰਡੀਆ ਗੇਟ ਨੇੜੇ 200 ਦੇ ਕਰੀਬ ਵਿਦੇਸ਼ੀ ਯਾਤਰੀਆਂ ਦੀਆਂ ਭਰੀਆਂ ਦੋ ਲਗ਼ਜ਼ਰੀ ਬਸਾਂ ਮੀਡੀਆ ਕਰਮੀਆਂ ਵਲੋਂ ਪੁੱਛਗਿੱਛ ਲਈ ਰੋਕੀਆਂ ਗਈਆਂ। ਪੁਲਿਸ ਮੁਲਾਜ਼ਮ ਵੀ ਮੌਕੇ ਉਤੇ ਮੌਜੂਦ ਸਨ ਜਿਨ੍ਹਾਂ ਨੇ ਮੀਡੀਆ ਕਰਮੀਆਂ ਵਲੋਂ ਕੀਤੇ ਗਏ, ਸਵਾਲਾਂ ਦਾ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿਤਾ। ਸਿਰਫ਼ ਇਹ ਆਖ ਕੇ ਖਹਿੜਾ ਛੁਡਵਾਇਆ ਕਿ ਇਸ ਬਾਰੇ ਵਿਦੇਸ਼ ਮੰਤਰਾਲਾ ਨੂੰ ਪਤਾ ਹੈ, ਉਸ ਤੋਂ ਪੁੱਛ ਲਉ।

File photoFile photo

ਦੇਸ਼ ਵਿਚ ਕਰਫ਼ਿਊ ਲੱਗਾ ਹੋਵੇ, ਏਅਰ ਪੋਰਟ ਪੂਰਨ ਤੌਰ ਉਤੇ ਬੰਦ ਹੋਣ ਪਰ ਵਿਦੇਸ਼ੀ ਯਾਤਰੀਆਂ ਲਈ ਇਸ ਤਰ੍ਹਾਂ ਘੁੰਮਣ ਦੀ ਖੁੱਲ੍ਹ ਦਿਤੀ ਜਾਵੇ ਤੇ ਸਮਾਜ ਵਿਚ ਮਨੁੱਖੀ ਦੂਰੀ ਦਾ ਫ਼ਾਸਲਾ ਰੱਖਣ ਬਾਰੇ ਤਹਿ ਕੀਤੇ ਨਿਯਮ ਦੀਆਂ ਸ਼ਰੇਆਮ ਸਰਕਾਰ ਦੇ ਨੱਕ ਹੇਠ ਧਜੀਆਂ ਉਡਾਈਆਂ ਜਾਣ ਪਰ ਪੁਲਿਸ ਵੀ ਬੇਵਸ ਨਜ਼ਰ ਆਵੇ ਤੇ ਕਿਸੇ ਦੀ ਕੋਈ ਜਵਾਬ ਦੇਹੀ ਤਹਿ ਨਾ ਹੋਵੇ ਤਾਂ ਸੁਭਾਵਕ ਹੀ ਇਹ ਸੱਭ ਕੁੱਝ ਸ਼ੱਕ ਦੇ ਘੇਰੇ ਵਿਚ ਆਉਂਦਾ ਹੈ ਜਿਸ ਬਾਰੇ ਦਿੱਲੀ ਤੇ ਕੇਂਦਰ ਸਰਕਾਰਾਂ ਦੋਵੇਂ ਚੁੱਪ ਹਨ। ਇਹ ਤਾਂ ਸੀ ਦੇਸ਼ ਦੇ ਆਮ ਲੋਕਾਂ ਲਈ ਤਾਲਾਬੰਦੀ ਪਰ ਚਹੇਤਿਆਂ ਨੂੰ ਇਸ ਤਾਲਾਬੰਦੀ ਵਿਚ ਖੁਲ੍ਹਾਂ।

ਇਸ ਨਾਲ ਮਸਲੇ ਦਾ ਦੂਜਾ ਪੱਖ ਵੀ ਵਿਚਾਰਨਯੋਗ ਹੈ, ਜੋ ਕਿ 'ਸਦਮਾ ਮੱਤ' ਨਾਂ ਦੀ ਕਿਤਾਬ  ਵਿਚ, ਇਸ ਦੀ ਲੇਖਕਾ ਨੈਉਮੀ ਕਲੇਨ ਨੇ ਪੇਸ਼ ਕੀਤਾ ਹੈ। ਇਸ ਕਿਤਾਬ ਵਿਚ ਕਾਰਪੋਰੇਟਾਂ ਜਾਂ ਵੱਡੇ ਪੂੰਜੀਪਤੀਆਂ ਬਾਰੇ ਸੱਚ, ਬਾਖ਼ੂਬੀ ਬਿਆਨੇ ਗਏ ਹਨ। ਇਸ ਵਿਚ ਲੇਖਕਾਂ ਨੇ ਕਾਰਪੋਰੇਟਾਂ ਵਲੋਂ, ਪਹਿਲਾਂ ਲੋਕਾਂ ਲਈ ਖ਼ੌਫ਼ ਪੈਦਾ ਕਰ ਕੇ ਤੇ ਬਾਅਦ ਵਿਚ ਉਸ ਖ਼ੌਫ਼ ਨੂੰ ਹੱਲ ਕਰਨ ਦੇ ਬਹਾਨੇ, ਲੋਕਾਂ ਦੀ ਵੱਡੀ ਪੱਧਰ ਉਤੇ ਲੁੱਟ ਕਰਨ ਰਾਹੀਂ ਅਰਬਾਂ-ਖ਼ਰਬਾਂ ਰੁਪਿਆ ਕਮਾਉਣ, ਨੂੰ ਸਿੱਧ ਕੀਤਾ ਹੈ।

ਅਜਿਹੇ ਸਾਮਰਾਜੀਆਂ ਲਈ ਮੰਡੀ ਵਜੋਂ ਸਾਡਾ ਦੇਸ਼ ਵੀ ਸ਼ਾਮਲ ਹੈ ਤੇ ਸਾਡੀਆਂ ਸਰਕਾਰਾਂ ਵੀ ਦੇਸ਼ ਦੀ ਲੋਕ ਭਲਾਈ ਦੀ ਬਜਾਏ, ਸਾਮਰਾਜੀ ਹਿਤਾਂ ਅਨੁਸਾਰ ਹੀ ਪ੍ਰਬੰਧ ਚਲਾਉਂਦੀਆਂ ਹਨ। ਸਾਡੀ ਸਰਕਾਰ ਦੀ ਦੇਸ਼ ਦੇ ਲੋਕਾਂ ਪ੍ਰਤੀ ਗ਼ੈਰ-ਜ਼ਿੰਮੇਵਾਰਾਨਾ ਨੀਤੀ ਇਸ ਗੱਲ ਤੋਂ ਸਾਫ਼ ਜ਼ਾਹਰ ਹੈ ਕਿ ਇਕ ਪਾਸੇ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਜਿਥੇ ਹਸਪਤਾਲਾਂ ਵਿਚ ਡਾਕਟਰ ਤੇ ਸਿਹਤ ਕਾਮੇ ਸਮੇਤ ਲੋਕਾਂ ਦੇ, ਅਪਣਾ ਬਚਾਉ ਕਰਨ ਵਾਲੇ ਸੁਰੱਖਿਅਤ ਸਾਜੋ ਸਮਾਨ ਦੀ ਵੱਡੀ ਥੁੜ ਦੀ ਦੁਹਾਈ ਦੇ ਰਹੇ ਹਨ।

ਪਰ ਸਰਕਾਰ ਕਰੋੜਾਂ ਰੁਪਏ ਇਹ ਸਾਜ਼ੋ ਸਮਾਨ ਖ਼ਰੀਦਣ ਦੀ ਬਜਾਏ, 20 ਹਜ਼ਾਰ ਕਰੋੜ ਰੁ. ਸੰਸਦ ਭਵਨ ਦੀ ਇਮਾਰਤ ਉੱਪਰ ਖ਼ਰਚ ਕਰਨ ਨੂੰ ਪਹਿਲ ਦੇ ਰਹੀ ਹੈ। ਇਜ਼ਰਾਈਲ ਨਾਲ ਹਥਿਆਰ ਖ਼ਰੀਦਣ ਦੇ ਸੌਦੇ ਕਰਨ ਦੀਆਂ ਵੀ ਖ਼ਬਰਾਂ ਹਨ। ਪ੍ਰਧਾਨ ਮੰਤਰੀ ਜੀ ਇਸ ਦੌਰ ਵਿਚ ਜਿੰਨੀ ਵਾਰੀ ਵੀ ਟੀਵੀ ਤੇ ਆ ਕੇ ਲੋਕਾਂ ਨੂੰ ਸੰਬੋਧਤ ਹੋਏ ਹਨ, ਉਨ੍ਹਾਂ ਕਦੇ ਵੀ ਲੋਕਾਂ ਦੀ ਰੋਟੀ ਰੋਜ਼ੀ ਜਾਂ ਜ਼ਿੰਦਗੀ ਵਿਚ ਦਰਪੇਸ਼ ਤੰਗੀਆਂ ਤੁਰਸ਼ੀਆਂ ਨੂੰ ਹੱਲ ਕਰਨ ਦੀ ਗੱਲ ਨਹੀਂ ਕੀਤੀ। ਜਿਹੜੇ ਗ਼ਰੀਬ ਮਜ਼ਦੂਰਾਂ ਦੇ ਢਿੱਡ ਭੁੱਖੇ ਹੋਣਗੇ, ਉਨ੍ਹਾਂ ਦਾ ਮਨੋਬਲ ਥਾਲੀਆਂ, ਤਾੜੀਆਂ, ਘੰਟੀਆਂ ਖੜਕਾ ਕੇ ਤੇ ਮੋਮਬੱਤੀਆਂ ਜਗਾਉਣ ਨਾਲ ਉੱਚਾ ਨਹੀਂ ਹੋਣਾ। ਉਨ੍ਹਾਂ ਲਈ ਤੁਰਤ ਹੀ ਸਾਰਥਕ ਕਦਮ ਚੁੱਕਣ ਦੀ ਲੋੜ ਹੈ।
ਸੰਪਰਕ : 98151-69825

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement