
ਕੀ ਅਸੀ ਸੱਚਮੁਚ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਜਾਂ ਫਿਰ ਆਜ਼ਾਦੀ ਦੇ ਨਾਂ ਤੇ ਪੂਰੀ ਇਨਸਾਨੀਅਤ ਦਾ ਸ਼ੋਸ਼ਣ ਹੋ ਰਿਹਾ ਹੈ?
ਗੱਲ ਕਰਦੇ ਹਾਂ ਸਾਡੇ ਮਹਾਨ ਸ਼ਹੀਦਾਂ ਅਤੇ ਮਹਾਨ ਕ੍ਰਾਂਤੀਕਾਰੀਆਂ ਦੀ। ਸਾਡੀ ਕੌਮ ਦੇ ਹੀਰਿਆਂ ਦੀ। ਅਸੀ ਅੱਜ ਜੋ ਸੰਘਰਸ਼ ਕਰ ਰਹੇ ਹਾਂ, ਸ਼ਾਇਦ ਇਹੋ ਜਹੀ ਹੀ ਪੀੜਾ ਉਨ੍ਹਾਂ ਸ਼ਹੀਦਾਂ ਦੇ ਦਿਲਾਂ ਵਿਚ ਹੋਵੇ। ਪਰ ਕੀ ਆਜ਼ਾਦ ਭਾਰਤ ਵਿਚ ਅਸੀ ਸ਼ਹੀਦਾਂ ਦੀ ਸੋਚ ਵਾਲੀ ਆਜ਼ਾਦੀ ਮਾਣ ਰਹੇ ਹਾਂ ਜਾਂ ਉਹ ਆਜ਼ਾਦੀ ਸਾਨੂੰ ਮਿਲ ਰਹੀ ਹੈ? ਉਹ ਆਜ਼ਾਦੀ ਸਾਨੂੰ ਨਹੀਂ ਮਿਲੀ। ਪਹਿਲਾਂ ਗੋਰੇ ਚੰਮ ਵਾਲੇ ਅੰਗਰੇਜ਼ਾਂ ਤੋਂ ਸਾਡਾ ਸ਼ੋਸ਼ਣ ਹੁੰਦਾ ਰਿਹਾ। ਸਾਡੀ ਕਮਾਈ ਦਾ ਸ਼ੋਸ਼ਣ ਹੁੰਦਾ ਰਿਹਾ ਜਾਂ ਗੱਲ ਕਰ ਲਈਏ ਸਾਡੀ ਜ਼ਿੰਦਗੀ ਦਾ ਸ਼ੋਸ਼ਣ, ਇਨਸਾਨੀਅਤ ਦਾ ਸ਼ੋਸ਼ਣ ਹੁੰਦਾ ਰਿਹਾ। ਆਖ਼ਰ ਅਸੀ ਕਦੋਂ ਤਕ ਲੁੱਟੇ ਜਾਂਦੇ ਰਹਾਂਗੇ?
ਸਾਡੇ ਦੇਸ਼ ਦੇ ਮਹਾਨ ਯੋਧਿਆਂ, ਕ੍ਰਾਂਤੀਕਾਰੀਆਂ, ਬਲੀਦਾਨੀਆਂ ਨੇ ਅਪਣੀਆਂ ਜਿੰਦਾਂ ਵਾਰ ਕੇ ਅਪਣਾ-ਆਪ ਵਾਰ ਕੇ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾ ਦਿਤੀ। ਪਰ ਕੀ ਅੰਗਰੇਜ਼ ਸੱਚਮੁਚ ਏਨੇ ਹੀ ਮਾੜੇ ਸਨ? ਸ਼ਾਇਦ ਹੋ ਸਕਦਾ ਹੈ, ਪਰ ਸਾਡੇ ਦੇਸ਼ ਦੇ ਹੀ, ਸਾਡੇ ਅਪਣੇ ਹੀ ਕੀ ਅੰਗਰੇਜ਼ੀ ਹਕੂਮਤ ਨਾਲੋਂ ਘੱਟ ਹਨ? ਅੱਜ ਸਾਨੂੰ ਸੱਭ ਨੂੰ ਕਿਉਂ ਉਨ੍ਹਾਂ ਦਾ ਵਿਦੇਸ਼ੀ ਮੁਲਕ, ਵਿਦੇਸ਼ੀ ਲੋਕ ਚੰਗੇ ਲੱਗ ਰਹੇ ਹਨ? ਉਨ੍ਹਾਂ ਦੀ ਜ਼ਿੰਦਗੀ ਚੰਗੀ ਲਗਦੀ ਹੈ, ਉਨ੍ਹਾਂ ਦੇ ਕਾਨੂੰਨ ਚੰਗੇ ਲਗਦੇ ਹਨ ਅਤੇ ਉਨ੍ਹਾਂ ਵਾਲਾ ਭਵਿੱਖ ਚੰਗਾ ਲੱਗ ਰਿਹਾ ਹੈ। ਆਖ਼ਰ ਅਜਿਹਾ ਕੀ ਹੈ ਵਿਦੇਸ਼ੀ ਮੁਲਕ ਵਿਚ? ਜੇਕਰ ਤੁਸੀ ਕਿਸੇ ਭਾਰਤ ਵਾਸੀ ਨੂੰ ਪੁੱਛ ਲਉ, ''ਕੀ ਤੁਸੀ ਵਿਦੇਸ਼ ਜਾਣਾ ਹੈ?'' ਜਾਂ ਫਿਰ ਵਿਦੇਸ਼ੀ ਮੁਲਕ ਪੂਰੀ ਖੁੱਲ੍ਹ ਦੇ ਦੇਣ ਆਉਣ-ਜਾਣ ਦੀ ਤਾਂ ਦੇਸ਼ ਵਾਸੀਆਂ ਵਿਚੋਂ ਸ਼ਾਇਦ ਹੀ ਕੋਈ ਸਾਡੇ ਭਾਰਤ ਮਹਾਨ ਵਿਚ ਰਹਿਣਾ ਪਸੰਦ ਕਰੇਗਾ।ਆਖ਼ਰ ਕਿਉਂ ਏਨਾ ਵੱਡਾ ਨਿਘਾਰ ਸਾਡੇ ਦੇਸ਼ ਅੰਦਰ ਆਇਆ? ਕਿਉਂ ਸਾਡੀ ਸੋਚ ਨੇ ਦੂਜੇ ਮੁਲਕਾਂ ਵਿਚ ਸ਼ਰਨ ਲੈਣਾ ਜਾਂ ਰਹਿਣਾ ਪਸੰਦ ਕਰ ਲਿਆ? ਅਸੀ ਕਿਉਂ ਅਪਣੀ ਸੋਚ ਉਤੇ ਵਿਦੇਸ਼ੀ ਮੁਲਕ ਦੀ ਛਾਪ ਲਗਵਾ, ਉਥੋਂ ਦੀ ਦੁਨੀਆਂ ਨੂੰ ਅਹਿਮੀਅਤ ਦੇਣ ਲੱਗੇ? ਜੇਕਰ ਵੇਖਿਆ ਜਾਵੇ ਫ਼ਰਕ ਮੁਲਕਾਂ ਦਾ ਨਹੀਂ ਫ਼ਰਕ ਸਾਡੀ ਸੋਚ ਦਾ ਹੈ। ਫ਼ਰਕ ਸਾਡੀ ਨੀਤ ਦਾ ਹੈ। ਫ਼ਰਕ ਸਾਡੀ ਡਿਗਦੀ ਅਤੇ ਗਰਕ ਹੁੰਦੀ ਜਾਂਦੀ ਇਨਸਾਨੀਅਤ ਦਾ ਹੈ।ਵਿਦੇਸ਼ੀ ਮੁਲਕਾਂ ਵਿਚ ਇਨਸਾਨ ਦੀ ਕੀਮਤ ਹੈ, ਇਨਸਾਨੀਅਤ ਦੀ ਕੀਮਤ ਹੈ, ਇਨਸਾਨਾਂ ਦੀ ਸਿਹਤ ਦੀ ਕੀਮਤ ਹੈ, ਵਾਤਾਵਰਣ ਦੀ ਕੀਮਤ ਹੈ, ਤੰਦਰੁਸਤ ਜ਼ਿੰਦਗੀ ਦੀ ਕੀਮਤ ਹੈ, ਸੱਭ ਲਈ ਬਰਾਬਰ ਵਾਲੇ ਕਾਨੂੰਨਾਂ ਦੀ ਇੱਜ਼ਤ ਹੈ ਵੀ.ਆਈ.ਪੀ. ਕਲਚਰ ਖ਼ਤਮ ਕੀਤਾ ਹੋਇਆ ਹੈ। ਵਿਦੇਸ਼ੀ ਮੁਲਕਾਂ ਦੀ ਤਰੱਕੀ ਦਾ ਸੱਭ ਤੋਂ ਵੱਡਾ ਗੁਣ ਇਹ ਹੈ ਕਿ ਉਥੋਂ ਦੇ ਸੱਭ ਲੋਕ ਨਹੀਂ ਤਾਂ ਜ਼ਿਆਦਾਤਰ ਲੋਕ ਈਮਾਨਦਾਰ ਅਤੇ ਨਿਆਂਪਸੰਦ ਹਨ। ਉਥੋਂ ਦੇ ਵੀ.ਆਈ.ਪੀ. ਆਮ ਲੋਕਾਂ, ਆਮ ਨਾਗਰਿਕਾਂ ਵਾਂਗ ਹੀ ਹਨ। ਉਥੋਂ ਦੇ ਲੋਕ ਪੈਸੇ ਨਾਲੋਂ ਵੱਧ ਇਨਸਾਨੀਅਤ ਦੇ ਕਦਰਦਾਨ ਹਨ, ਜ਼ਿੰਦਗੀ ਦੇ ਕਦਰਦਾਨ ਹਨ।
Vijay Malya
ਦੂਜੇ ਪਾਸੇ ਜੇਕਰ ਆਪਾਂ ਅਪਣੇ ਹੀ ਦੇਸ਼ ਦੀ ਗੱਲ ਕਰੀਏ ਤਾਂ ਅਸੀ ਲੋਕ ਪਿੱਛੇ ਕਿਉਂ ਹਾਂ? ਹਰ ਖੇਤਰ ਵਿਚ ਪਿੱਛੇ, ਪੜ੍ਹਾਈ ਵਿਚ, ਤਕਨਾਲੋਜੀ ਪੱਖੋਂ, ਸਾਇੰਸ, ਕਾਨੂੰਨ ਵਿਵਸਥਾ ਵਿਚ, ਸਿਹਤ ਪ੍ਰਣਾਲੀ ਪੱਖੋਂ, ਇਨਸਾਫ਼ ਪੱਖੋਂ ਸਾਫ਼-ਸੁਥਰੇ ਵਾਤਾਵਰਣ ਪੱਖੋਂ ਵੀ ਅਸੀ ਪਿੱਛੇ ਹੀ ਹਾਂ। ਅਸੀ ਭਾਰਤੀ ਲੋਕ ਕੀ ਕਹਿ ਕੇ ਦਿਲ ਨੂੰ ਤਸੱਲੀ ਦੇਈਏ ਕਿ ਸਾਡਾ ਦੇਸ਼ ਇਸ ਪੱਖੋਂ, ਇਸ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ? ਨਾ ਨੌਜਵਾਨੀ ਰਹੀ, ਨਾ ਨੌਜਵਾਨਾਂ ਦਾ ਕੋਈ ਇਸ ਦੇਸ਼ ਵਿਚ ਭਵਿੱਖ ਨਜ਼ਰ ਆ ਰਿਹਾ ਹੈ। ਸਿਖਿਆ, ਸਿਹਤ, ਕਾਨੂੰਨ, ਨਿਆਂ ਪ੍ਰਣਾਲੀ, ਕੁਦਰਤੀ ਸਰੋਤ ਆਖ਼ਰ ਅਸੀ ਕਿਸ ਪ੍ਰਤੀ ਈਮਾਨਦਾਰ ਹਾਂ? ਕੀ ਅਸੀ ਕਦੇ ਇਨ੍ਹਾਂ ਪ੍ਰਤੀ ਈਮਾਨਦਾਰ ਹੁੰਦੇ ਹਾਂ ਜਾਂ ਹੋਵਾਂਗੇ? ਭਾਰਤ ਦੇਸ਼ ਨੂੰ ਮਹਾਨ ਕਹਿਣਾ ਭਾਰਤ ਦੇਸ਼ ਜਾਂ ਮਹਾਨ ਸ਼ਬਦ ਨਾਲ ਇਕ ਕੋਝਾ ਮਜ਼ਾਕ ਹੋਵੇਗਾ। ਜੇਕਰ ਭਾਰਤ ਦੇਸ਼ ਨੂੰ ਬੇਈਮਾਨਾਂ, ਰਿਸ਼ਵਤਖੋਰਾਂ, ਮਿਲਾਵਟਖ਼ੋਰਾਂ, ਇਨਸਾਨੀਅਤ ਦੇ ਦੋਖੀਆਂ, ਲੁਟੇਰਿਆਂ ਵਾਲਾ, ਵੀ.ਆਈ.ਪੀ. ਕਲਚਰ, ਪੈਸੇ ਦੇ ਭੁੱਖਿਆਂ ਦਾ ਦੇਸ਼ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਕਥਨੀ ਜਾਂ ਦੋ ਰਾਏ ਨਹੀਂ ਹੋਵੇਗੀ।
ਆਖ਼ਰਕਾਰ ਸਾਡੇ ਦੇਸ਼ ਦੇ ਲੋਕ ਏਨੇ ਭ੍ਰਿਸ਼ਟ ਕਿਉਂ ਅਤੇ ਕਿਵੇਂ ਹੋਏ? ਭਾਰਤੀ ਲੋਕ ਨੀਚ ਤੋਂ ਨੀਚ ਕਿਵੇਂ ਹੁੰਦੇ ਗਏ? ਕਿਉਂ ਸਿਆਸਤਦਾਨਾਂ ਦੀ ਪੈਸੇ ਦੀ ਭੁੱਖ ਵਧਦੀ ਗਈ? ਕਿਉਂ ਗ਼ਰੀਬ ਹੋਰ ਗ਼ਰੀਬ ਹੁੰਦਾ ਗਿਆ? ਕਿਉਂ ਅਮੀਰ ਹੋਰ ਅਮੀਰ ਹੁੰਦਾ ਗਿਆ?
ਜੇਕਰ ਗੱਲ ਭ੍ਰਿਸ਼ਟਾਚਾਰ ਦੀ ਕੀਤੀ ਜਾਵੇ ਤਾਂ ਸਾਡੇ ਦੇਸ਼ ਦਾ ਨਾਂ ਪਹਿਲੇ ਨੰਬਰ ਉਤੇ ਆਵੇਗਾ। ਕਿੰਨੇ ਹੀ ਘਪਲੇ ਹੋਏ। ਕਿੰਨੇ ਹੀ ਬੈਂਕ ਕੰਗਾਲੀ ਦੇ ਕਿਨਾਰੇ ਆ ਪਹੁੰਚੇ। ਸ਼ਾਇਦ ਆਪ ਸੱਭ ਨੂੰ ਯਾਦ ਹੀ ਹੋਵੇ, ਵਿਜੇ ਮਾਲਿਆ ਹਜ਼ਾਰਾਂ ਕਰੋੜਾਂ ਦੇ ਕਰਜ਼ੇ ਸਮੇਤ ਵਿਦੇਸ਼ ਜਾ ਬੈਠਾ, ਫਿਰ ਨੀਰਵ ਮੋਦੀ 12400 ਕਰੋੜ ਦਾ ਘਪਲਾ ਜਾਂ ਬੈਂਕ ਨਾਲ ਧੋਖਾ ਕੀਤਾ ਗਿਆ। ਸਰਕਾਰ ਜਾਂ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਖ਼ੁਦ ਨੂੰ ਚੌਕੀਦਾਰ ਕਹਿਣ ਵਾਲਾ ਕੀ ਅਪਣੀ ਡਿਊਟੀ ਪ੍ਰਤੀ ਵਫ਼ਾਦਾਰ ਹੈ? ਕਿਉਂ ਆਮ ਜਨਤਾ ਦਾ ਪੈਸਾ ਵੱਡੇ ਘਰਾਣੇ ਖਾਈ ਜਾਂ ਲੁੱਟੀ ਜਾ ਰਹੇ ਹਨ? ਆਖ਼ਰ ਇਹ ਕਿਥੋਂ ਤਕ ਠੀਕ ਹੈ ਕਿ ਦੇਸ਼ ਦੇ ਰਾਖੇ ਵੀ ਚੋਰਾਂ ਨਾਲ ਜਾ ਰਲੇ ਹਨ?
Lalit Modi
ਸੁਣਿਆ ਹੈ ਮੋਦੀ ਜੀ ਦਾ ਪਾਇਆ ਹੋਇਆ ਸੂਟ ਕਰੋੜਾਂ ਵਿਚ ਖ਼ਰੀਦਣ ਵਾਲਾ ਕੋਈ ਹੋਰ ਨਹੀਂ ਨੀਰਵ ਮੋਦੀ ਹੀ ਸੀ। ਇਕ ਗੱਲ ਤਾਂ ਜ਼ਰੂਰ ਹੈ ਕਿ ਬਿਨਾਂ ਵੀ.ਆਈ.ਪੀ. ਸਹਿਯੋਗ ਦੇ ਨਾ ਕੋਈ ਅਮੀਰ ਬਣਿਆ ਹੈ ਅਤੇ ਨਾ ਹੀ ਕੋਈ ਬਣ ਸਕਦਾ ਹੈ। ਜੇਕਰ ਵੱਡੇ ਵੱਡੇ ਕਰਜ਼ੇ ਜਾਂ ਵੱਡੇ ਘਪਲੇ, ਵੱਡੀਆਂ ਵੱਡੀਆਂ ਧੋਖਾਧੜੀਆਂ ਕਰਨੀਆਂ ਹਨ ਤਾਂ ਸਿਆਸਤ ਵਿਚ ਆਉਣ ਦੀ ਕੀ ਲੋੜ ਸੀ? ਚਾਹ ਦਾ ਕੰਮ ਤਾਂ ਆਪ ਜੀ ਦਾ ਵੀ ਵਧੀਆ ਚਲਦਾ ਹੋਣੈ ਪ੍ਰਧਾਨ ਮੰਤਰੀ ਜੀ? ਚਾਹ ਪਕੌੜਿਆਂ ਨਾਲ ਜ਼ਿੰਦਗੀ ਨਹੀਂ ਚਲਦੀ। ਸਿਰਫ਼ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਹੈ।
ਚਲੋ ਮੰਨ ਲੈਂਦੇ ਹਾਂ ਕਿ ਚਾਹ-ਪਕੌੜੇ ਵਾਲਾ ਬੇਰੁਜ਼ਗਾਰ ਨਹੀਂ ਹੈ। ਪਰ ਇਥੇ ਸਰਕਾਰਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਹਰ ਨਾਗਰਿਕ ਨੂੰ ਹਰ ਵੇਲੇ ਵਧੀਆ ਸਿਹਤ ਸਹੂਲਤ, ਮੁਫ਼ਤ ਪੜ੍ਹਾਈ, ਉੱਚ ਤਕਨਾਲੋਜੀ, ਹਰ ਖੇਤਰ ਵਿਚ ਵਧੀਆ ਸਹੂਲਤਾਂ ਸਰਕਾਰ ਘੱਟੋ-ਘੱਟ ਖ਼ਰਚੇ ਵਿਚ ਮੁਹਈਆ ਕਰਵਾਏ।
ਚਾਹ-ਪਕੌੜੇ ਵਾਲਾ ਅਪਣੇ ਬੱਚਿਆਂ ਨੂੰ ਸਿਰਫ਼ ਅਤੇ ਸਿਰਫ਼ ਮਸਾਂ ਦੋ ਵੇਲੇ ਦੀ ਰੋਟੀ ਖਵਾ ਸਕਦਾ ਹੈ। ਪੜ੍ਹਾਈ ਨਹੀਂ, ਨਾ ਹੀ ਸਿਹਤ ਪੱਖੋਂ ਵਧੀਆ ਇਲਾਜ ਕਰਵਾ ਸਕਦਾ ਹੈ। ਸਿਆਸਤਦਾਨੋ! ਨਾ ਕਰੋ ਸਿਆਸਤ ਮੇਰੇ ਦੇਸ਼ ਵਾਸੀਆਂ ਨਾਲ, ਨਾ ਖੇਡੋ ਮੇਰੇ ਦੇਸ਼ ਦੇ ਵਾਸੀਆਂ ਦੀਆਂ ਜ਼ਿੰਦਗੀਆਂ ਨਾਲ। ਨਾ ਰੁਵਾਉ, ਸਾਨੂੰ ਖ਼ੂਨ ਦੇ ਹੰਝੂ। ਮੇਰੇ ਦੇਸ਼ ਵਾਸੀਉ ਜੇ ਇਹ ਸਿਆਸਤਦਾਨ ਨਹੀਂ ਸੁਧਰ ਸਕਦੇ ਤਾਂ ਤੁਸੀ ਹੀ ਸੁਧਰ ਜਾਉ। ਨਾ ਗੰਦੇ ਬੰਦੇ ਚੁਣ ਕੇ ਸੰਸਦ ਵਿਚ ਭੇਜੋ। ਚੰਗਿਆਂ ਦੀ ਸਰਕਾਰ ਬਣਾਉ। ਅਪਣੇ ਵਿਚੋਂ ਚੰਗੇ ਚੁਣੋ। ਜੇਕਰ ਮੇਰੇ ਦੇਸ਼ ਵਾਸੀਆਂ ਲਈ ਸਿਆਸਤਦਾਨ ਚੰਗਾ ਨਹੀਂ ਸੋਚ ਸਕਦੇ ਤਾਂ ਦੇਸ਼ ਵਾਸੀਉ ਤੁਸੀ ਇਹ ਸੋਚ ਲੈਣਾ ਕਿ ਅਸੀ ਆਜ਼ਾਦੀ ਦੇ ਨਾਂ ਤੇ ਨਰਕ ਭੋਗ ਰਹੇ ਹਾਂ। ਉਹ ਨਰਕ ਜੋ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਵੀ ਭੋਗਣਗੀਆਂ ਕਿਉਂਕਿ ਅਸੀ ਜ਼ਮੀਰ ਵੇਚ ਚੁੱਕੇ ਹਾਂ ਕੁੱਝ ਪੈਸਿਆਂ ਲਈ ਅਤੇ ਕੁੱਝ ਉੱਚੇ ਅਹੁਦਿਆਂ ਲਈ। ਜਦੋਂ ਅਸੀ ਵਿਕਣਾ ਹੱਟ ਜਾਵਾਂਗੇ ਅਸੀ ਅਪਣੀ ਕੀਮਤ ਪਛਾਣ ਲਵਾਂਗੇ। ਸਾਡੀ ਸਾਡੇ ਨਾਲ ਪਛਾਣ ਹੋ ਜਾਵੇਗੀ ਤਾਂ ਉਸ ਵੇਲੇ ਅਸੀ ਅਸਲ ਆਜ਼ਾਦੀ ਦੀ ਕੀਮਤ ਸਮਝਾਂਗੇ। ਉਦੋਂ ਇਹ ਆਜ਼ਾਦੀ ਨਰਕ ਨਹੀਂ, ਸਾਨੂੰ ਸਵਰਗ ਲੱਗੇਗੀ।