
ਚੰਡੀਗੜ੍ਹ ਵਿਚ ਇਕ ਪੱਤਰਕਾਰ ਨਾਲ ਪੁਲਿਸ ਵਲੋਂ ਕੀਤੀ ਧੱਕੇਸ਼ਾਹੀ ਤੇ ਦੂਜੇ ਪੱਤਰਕਾਰ ਨਾਲ ਹੋਈ ਲੁੱਟ ਖੋਹ
ਚੰਡੀਗੜ੍ਹ ਵਿਚ ਇਕ ਪੱਤਰਕਾਰ ਨਾਲ ਪੁਲਿਸ ਵਲੋਂ ਕੀਤੀ ਧੱਕੇਸ਼ਾਹੀ ਤੇ ਦੂਜੇ ਪੱਤਰਕਾਰ ਨਾਲ ਹੋਈ ਲੁੱਟ ਖੋਹ ਤੇ ਮਾਰ ਕੁੱਟ ਬੇਹਦ ਨਿੰਦਣਯੋਗ, ਚਿੰਤਾਜਨਕ ਤੇ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀ ਹੈ। ਆਏ ਦਿਨ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸਪੱਸ਼ਟ ਕਰਦਾ ਹੈ ਕਿ ਸੂਬੇ ਅੰਦਰ ਗੁੰਡਾ ਸਿਆਸੀ ਪੁਲਿਸ ਗੱਠਜੋੜ ਦਾ ਬੋਲਬਾਲਾ ਹੈ। ਸੱਚ ਬੋਲਣਾ ਤੇ ਲਿਖਣਾ ਇਸ ਗਠਜੋੜ ਦੀਆਂ ਨਜ਼ਰਾਂ ਵਿਚ ਨਾ-ਬਖ਼ਸ਼ਣਯੋਗ ਗੁਨਾਹ ਹੈ।
ਪੱਤਰਕਾਰੀ ਇਕ ਜ਼ਿੰਮੇਵਾਰੀ ਵਾਲਾ ਪੇਸ਼ਾ ਹੈ। ਪਰ ਸਾਡੀਆਂ ਸਰਕਾਰਾਂ ਨੂੰ ਨਾ ਤਾਂ ਅਖ਼ਬਾਰਾਂ ਨਾਲ ਕੋਈ ਹਮਦਰਦੀ ਹੈ ਤੇ ਨਾ ਹੀ ਇਨ੍ਹਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨਾਲ ਜਿਸ ਕਰ ਕੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਉਪਰੋਕਤ ਦੋਵੇਂ ਘਟਨਾਵਾਂ ਤੋਂ ਸਬਕ ਲੈਂਦੇ ਹੋਏ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ ਤੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਬਿਨਾਂ ਈਰਖਾਬਾਜ਼ੀ ਏਕਤਾ ਦਾ ਸਬੂਤ ਦਿੰਦੇ ਹੋਏ ਜਬਰ ਜ਼ੁਲਮ ਵਿਰੁਧ ਸੰਘਰਸ਼ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
ਸੋ ਸਮੂਹ ਜਮਹੂਰੀ ਜਥੇਬੰਦੀਆਂ ਤੇ ਇਨਸਾਫ਼ ਪਸੰਦਾਂ ਨੂੰ ਪੱਤਰਕਾਰ ਭਾਈਚਾਰੇ ਨਾਲ ਹੁੰਦੀਆਂ ਵਧੀਕੀਆਂ ਵਿਰੁਧ ਬੋਲਣਾ ਚਾਹੀਦਾ ਹੈ ਕਿਉਂਕਿ ਇਕ ਪੱਤਰਕਾਰ ਭਾਈਚਾਰਾ ਹੀ ਹੈ ਜਿਸ ਨੇ ਹਰ ਵਰਗ ਦੀ ਗੱਲ ਕਰਨੀ ਹੈ, ਹਰ ਵਰਗ ਦੀ ਸਮੱਸਿਆ ਨੂੰ ਸਰਕਾਰਾਂ ਦੇ ਬੋਲੇ ਕੰਨਾਂ ਤਕ ਪਹੁੰਚਾਉਣਾ ਹੁੰਦਾ ਹੈ। ਜੇਕਰ ਇਹ ਖੇਤਰ ਦੇ ਲੋਕ ਹੀ ਸੁਰੱਖਿਅਤ ਨਾ ਰਹੇ ਤਾਂ ਲੋਕ ਸਮੱਸਿਆਵਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ ਬਚੇਗਾ।
ਇਸ ਲਈ ਲੋਕਾਂ ਦੀ ਆਵਾਜ਼ ਨੂੰ ਜਿਊਂਦਾ ਰੱਖਣ ਲਈ ਲੋਕਤੰਤਰ ਦੇ ਇਸ ਚੌਥੇ ਥੰਮ੍ਹ ਨੂੰ ਮਜ਼ਬੂਤ ਕਰਨਾ ਬੇਹਦ ਜ਼ਰੂਰੀ ਹੈ ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਤਕੜਾ ਕੀਤਾ ਜਾ ਸਕਦਾ ਹੈ। ਅੰਤ ਵਿਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਦੋਵੇਂ ਪੱਤਰਕਾਰਾਂ ਨਾਲ ਵਾਪਰੀ ਲੁੱਟਖੋਹ ਤੇ ਮਾਰਕੁਟ ਦੀ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਪੱਤਰਕਾਰਾਂ ਦੀ ਜਾਨ ਮਾਲ ਦੀ ਰਾਖੀ ਦੇ ਸੰਦਰਭ ਵਿਚ ਪ੍ਰਸ਼ਾਸਨਿਕ ਵਿਵਸਥਾਵਾਂ ਤੇ ਸਵਾਲੀਆ ਚਿੰਨ੍ਹ ਲਗਾਉਂਦੀਆਂ ਹਨ।
-ਬਘੇਲ ਸਿੰਘ ਧਾਲੀਵਾਲ,
ਸੰਪਰਕ : 99142-58142
ਡੀਜੀਪੀ ਦਾ ਸ਼ਲਾਘਾਯੋਗ ਆਦੇਸ਼
ਕੋਰੋਨਾ ਵਾਇਰਸ ਕਾਰਨ ਡਿਊਟੀ ਉਤੇ ਲੱਗੇ 55 ਸਾਲ ਤੋਂ ਵੱਧ ਵਾਲੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਜਾਂ ਡਾਕਟਰੀ ਇਲਾਜ ਅਧੀਨ ਮੁਲਾਜ਼ਮਾਂ ਨੂੰ ਤਾਇਨਾਤ ਨਾ ਕਰਨ ਦੇ ਡੀਜ਼ੀਪੀ ਨੇ ਆਦੇਸ਼ ਦਿਤੇ ਹਨ। ਇਸ ਨਾਲ ਹੀ ਉਨ੍ਹਾਂ ਨੇ ਮੌਹਰਲੀ ਕਤਾਰ ਵਿਚ ਡਟੇ ਪੁਲਿਸ ਜਵਾਨਾਂ ਦੀ ਹਫ਼ਤਾਵਾਰੀ ਛੁਟੀ ਆਰਾਮ ਦੇ ਦਿਨਾਂ ਦਾ ਸਖ਼ਤੀ ਨਾਲ ਪਾਲਣਾ ਕਰਨ ਦੇ ਵੀ ਆਦੇਸ਼ ਦਿਤੇ ਹਨ। ਕਾਬਲੇ ਤਰੀਫ਼ ਸੋਚ ਹੈ। ਮੁਲਾਜ਼ਮ ਦਿਨ ਰਾਤ ਡਿਊਟੀ ਕਰਨ ਕਰ ਕੇ ਨੀਦਰ ਪੂਰੀ ਤਰ੍ਹਾਂ ਨਾ ਮਿਲਣ ਤੇ ਆਰਾਮ ਨਾ ਮਿਲਣ ਤੇ ਤਣਾਉ ਵਿਚ ਰਹਿਣ ਕਰ ਕੇ ਉਨ੍ਹਾਂ ਨੂੰ ਚਿੜਚਿੜੇਪਣ ਦਾ ਅਹਿਸਾਸ ਹੋਣ ਲੱਗ ਪਿਆ ਸੀ
ਜਿਸ ਤਰ੍ਹਾਂ ਜਲਾਲਾਬਾਦ ਏਐਸਆਈ ਦੀ ਕੋਰੋਨਾ ਵਾਇਰਸ ਦੇ ਚਲਦਿਆਂ ਅਨਾਜ ਮੰਡੀ ਵਿਚ ਡਿਊਟੀ ਲੱਗੀ ਸੀ ਤੇ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਹੋ ਗਈ ਹੈ। ਇਸ ਆਦੇਸ਼ ਨਾਲ ਪੁਲਿਸ ਨੂੰ ਹਫ਼ਤਾਵਾਰੀ ਆਰਾਮ ਮਿਲਣ ਨਾਲ ਰਾਹਤ ਮਿਲੇਗੀ ਤੇ ਉਪਰੋਕਤ ਅਲਾਮਤਾਂ ਤੋਂ ਨਜਾਤ ਮਿਲੇਗੀ। ਡਿਊਟੀ ਸਹੀ ਤਰੀਕੇ ਨਾਲ ਕਰਨ ਦਾ ਜਜ਼ਬਾ ਤੇ ਸਪਿਰਿਟ ਪੈਦਾ ਹੋਵੇਗੀ। ਪੁਲਿਸ ਮੁਲਾਜ਼ਮਾਂ ਦੇ ਇਮਿਊਨਿਟੀ ਸਿਸਟਮ ਨੂੰ ਵਧਾਉਣ ਲਈ ਜੋ ਮਲਟੀਵਿਟਾਮਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਪੁਲਿਸ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਨ ਲਈ ਜ਼ਰੂਰੀ ਉਪਕਰਨ ਪੀਪੀਈ ਕਿੱਟਾਂ, ਐਨ-95 ਮਾਸਕ ਦੇ ਨਾਲ-ਨਾਲ ਸਰਕਾਰ ਨੂੰ ਦਸਤਾਨੇ, ਹੈਂਡਸੈਨੇਟਾਈਜ਼ਰ, ਸਾਬਣ, ਹੈੱਡਵਾਈਜ਼ ਲੋੜ ਅਨੁਸਾਰ ਦੇਣਾ ਯਕੀਨੀ ਬਣਾਇਆ ਜਾਵੇ। ਜੋ 55 ਸਾਲ ਦੇ ਕਰਮਚਾਰੀ ਤੇ ਜੋ ਬੀਮਾਰ ਹਨ, ਉਨ੍ਹਾਂ ਦੀ ਰਿਜਰਵ ਡਿਊਟੀ ਲਗਾਈ ਜਾਵੇ। ਇਸ ਨਾਲ ਮੁਲਾਜ਼ਮ ਸਿਹਤਮੰਦ ਰਹਿ ਕੇ ਡਿਊਟੀ ਕਰਨਗੇ ਤੇ ਜਿਸ ਤਰ੍ਹਾਂ ਅਤਿਵਾਦ ਵਿਰੁਧ ਲੋਕਾਂ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਕੀਤੀ ਸੀ, ਕੋਰੋਨਾ ਤੇ ਵੀ ਜਿੱਤ ਪ੍ਰਾਪਤ ਕਰ ਲੈਣਗੇ। ਇਸ ਕਰ ਕੇ ਲੋਕਾਂ ਨੂੰ ਤਾਲਾਬੰਦੀ ਵਿਚ ਰਹਿ ਕੇ ਇਸ ਦੁੱਖ ਦੀ ਕਠਨਾਈ ਵਿਚ ਪੁਲਿਸ ਦਾ ਤੇ ਪ੍ਰਸ਼ਾਸਨ ਤਾਂ ਸਾਥ ਦੇ ਕੇ ਕੋਰੋਨਾ ਨੂੰ ਮਾਰ ਭਜਾ ਦੇਣ ਦਾ ਦ੍ਰਿੜ ਨਿਸ਼ਚਾ ਕਰ ਲੈਣਾ ਚਾਹੀਦਾ ਹੈ। ਨਿਸ਼ਚੇ ਕਰ ਆਪ ਦੀ ਜਿੱਤ ਹੋਵੇਗੀ।
-ਗੁਰਮੀਤ ਸਿੰਘ ਵੇਰਕਾ, ਸੰਪਰਕ 98786-00221