ਵਿਸ਼ੇਸ਼ ਲੇਖ: ‘ਸੱਪ ਵਿਚ ਇਕ ਸੱਸਾ, ਸੱਸ ਵਿਚ ਦੋ ਸੱਸੇ’
Published : Jul 29, 2024, 12:11 pm IST
Updated : Jul 29, 2024, 12:13 pm IST
SHARE ARTICLE
Special article:
Special article: "One mother-in-law in a snake, two mother-in-laws in a mother-in-law"

ਪਿਛਲੇ ਕੁੱਝ ਸਮੇਂ ਤੋਂ ਇਨ੍ਹਾਂ ਗੱਲਾਂ ਦੀ ਬੜੀ ਚਰਚਾ ਚਲਦੀ ਆ ਰਹੀ ਹੈ ਕਿ ਸਾਡੀ ਅੱਜ ਦੀ ਚੰਗੀ ਜਾਂ ਮਾੜੀ ਸੋਚ, ਸਾਡਾ ਚੰਗਾ ਜਾਂ ਮਾੜਾ ਭਵਿੱਖ ਤੈਅ ਕਰਦੀ ਹੈ

Special article: "One mother-in-law in a snake, two mother-in-laws in a mother-in-law": ਪਿਛਲੇ ਕੁੱਝ ਸਮੇਂ ਤੋਂ ਇਨ੍ਹਾਂ ਗੱਲਾਂ ਦੀ ਬੜੀ ਚਰਚਾ ਚਲਦੀ ਆ ਰਹੀ ਹੈ ਕਿ ਸਾਡੀ ਅੱਜ ਦੀ ਚੰਗੀ ਜਾਂ ਮਾੜੀ ਸੋਚ, ਸਾਡਾ ਚੰਗਾ ਜਾਂ ਮਾੜਾ ਭਵਿੱਖ ਤੈਅ ਕਰਦੀ ਹੈ। ਕਈ ਸਾਲ ਪਹਿਲਾਂ ਰੌਂਡਾ ਬਾਇਰਨ (Rhonda 2yrne) ਦੀ ਲਿਖੀ ਕਿਤਾਬ ਰਹੱਸ (Secret) ਪੜ੍ਹਨ ਦਾ ਮੌਕਾ ਮਿਲਿਆ। ਜਦੋਂ ਮੈਂ ਕਿਤਾਬ ਪੜ੍ਹੀ ਤਾਂ ਕਾਫ਼ੀ ਗੱਲਾਂ ਸਮਝ ’ਚ ਆਈਆਂ ਕਿ ਕਈ ਵਾਰ ਅਸੀ ਅਪਣੀ ਨਕਾਰਾਤਮਕ ਸੋਚ ਕਾਰਨ ਅਪਣਾ ਜੀਵਨ ਉਲਝਾ ਲੈਂਦੇ ਹਾਂ। ਸਕਾਰਾਤਮਕ ਸੋਚ ਨਾਲ ਅਸੀਂ ਚੰਗੀ ਊਰਜਾ ਨਾਲ ਭਰ ਜਾਂਦੇ ਹਾਂ। ਅਸੀਂ ਜੋ ਸੋਚਦੇ ਹਾਂ, ਉਹੀ ਸਾਨੂੰ ਕਈ ਗੁਣਾਂ ਵੱਧ ਕੇ ਵਾਪਸ ਮਿਲਦਾ ਹੈ। ਜੇ ਅਸੀ ਅਪਣੀ ਸੋਚ ਸਹੀ ਰਖੀਏ ਤਾਂ। ਇਸ ’ਚ ਆਕਰਸ਼ਣ ਵਿਧੀ ਦੀ ਗੱਲ ਤੇ ਬੜਾ ਜ਼ੋਰ ਦਿਤਾ ਹੈ। ਇਸੇ ਵਿਸ਼ੇ ਤੇ ਸੋਚਦਿਆਂ ਮੈਂ ਰਿਸ਼ਤਿਆਂ ਬਾਰੇ ਸੋਚਿਆ ਕਿ ਕਿੱਥੇ ਕਿਸ ਨੇ, ਕਿਸ ਨੂੰ, ਕੀ ਕਿਹਾ, ਕਿਸ ਤਰ੍ਹਾਂ ਗ਼ਲਤ-ਫ਼ਹਿਮੀਆਂ ’ਚ ਫਸ ਕੇ ਬਾਤ ਦੇ ਬਤੰਗੜ ਬਣ ਜਾਂਦੇ ਹਨ ਤੇ ਰਿਸ਼ਤਿਆਂ ਦਾ ਵਰਤਵਾਰਾ ਖ਼ਰਾਬ ਹੋ ਜਾਂਦਾ ਹੈ। ਦਿਮਾਗ਼ ਲੋਕ ਗੀਤਾਂ ਤਕ ਪਹੁੰਚ ਗਿਆ ਤੇ ਫਿਰ ਇਸ ਤੋਂ ਵੀ ਅੱਗੇ ਸੱਸ-ਨੂੰਹ ਦੇ ਰਿਸ਼ਤੇ ਵਾਰੇ ਸੋਚਣ ਲੱਗੀ ਕਿਉਂਕਿ ਇਸ ਇਕ ਰਿਸ਼ਤੇ ਕਾਰਨ ਬਹੁਤ ਸਾਰੇ ਪ੍ਰਵਾਰ ਟੁੱਟ ਜਾਂਦੇ ਹਨ, ਨੂੰਹਾਂ ਪੁੱਤ ਵੱਖ ਹੋ ਜਾਂਦੇ ਹਨ। ਮਰਨ ਮਰਾਉਣ ਤਕ ਗੱਲ ਪਹੁੰਚ ਜਾਂਦੀ ਹੈ। ਕੋਰਟ ਕਚਹਿਰੀ ਜਾਣਾ ਪੈਂਦਾ ਹੈ। ਜਿਹੜੇ ਨਾ ਤਾਂ ਵੱਖ ਹੁੰਦੇ ਹਨ, ਨਾ ਕੋਰਟ ਕਚਹਿਰੀ ਜਾਂਦੇ ਹਨ। ਕਿਤੇ ਇਥੇ ਆਕਰਸ਼ਣ ਵਿਧੀ (Law of attraction) ਤਾਂ ਨਹੀਂ ਕੰਮ ਕਰ ਰਹੀ। ਜਦੋਂ ਕਦੇ ਕਿਸੇ ਨੇ ਇਸ ਰਿਸ਼ਤੇ ਬਾਰੇ ਚੰਗਾ ਸੋਚਿਆ ਹੀ ਨਹੀਂ ਫਿਰ ਇਹ ਰਿਸ਼ਤਾ ਸਹੀ ਤਰੀਕੇ ਨਾਲ ਕਿਵੇਂ ਨਿਭ ਸਕਦਾ ਹੈ? ਲੋਕ ਗੀਤਾਂ ’ਚੋਂ  ਸੱਸ-ਨੂੰਹ ਦੀਆਂ ਬੋਲੀਆਂ ਵੀ ਇਹੋ ਜਹੀ ਤਸਵੀਰ ਪੇਸ਼ ਕਰਦੀਆਂ ਹਨ :
‘ਮਾਪਿਆਂ ਨੇ ਰੱਖੀ ਲਾਡਲੀ,
 ਅੱਗੋਂ ਸੱਸ ਬਘਿਆੜੀ ਟਕਰੀ।
‘ਨਿੰਮ ਦਾ ਲਿਆ ਦੇ ਘੋਟਣਾ,
 ਸੱਸ ਕੁਟਣੀ ਸੰਦੂਕਾਂ ਓਹਲੇ।’
ਇਹ ਬੋਲੀਆਂ ਕੁਆਰੀਆਂ ਕੁੜੀਆਂ ਬੜੇ ਚਾਵਾਂ ਨਾਲ ਪਾਉਂਦੀਆਂ ਨੇ। ਇਨ੍ਹਾਂ ’ਚ ਸੱਸ ਲਈ ਸੋਚ ਬੁਰੀ ਹੀ ਰੱਖੀ ਗਈ ਹੈ।


ਕੁੱਝ ਕੁ ਦਹਾਕੇ ਪਹਿਲਾਂ ਜਦੋਂ ਸਾਉਣ ਦੇ ਮਹੀਨੇ ਹਰ ਘਰ ਦੇ ਵਿਹੜੇ ’ਚ ਲੱਗੇ ਦਰੱਖ਼ਤ ’ਤੇ ਪੀਂਘ ਪਾਈ ਹੁੰਦੀ ਸੀ। ਕਈ ਵਾਰ ਤਾਂ ਸੁੱਤੇ ਉਠਦੇ ਹੀ ਝੂਟਣ ਲੱਗ ਪੈਂਦੇ। ਘਰ ਦੀਆਂ ਜਵਾਨ ਕੁੜੀਆਂ ਵੀ ਕੰਮ ਧੰਦਿਆਂ ’ਚੋਂ ਸਮਾਂ ਕੱਢ ਕੇ ਪੀਂਘ ਝੂਟ ਲੈਂਦੀਆਂ ਸਨ। ਉਹ ਪੀਂਘ ਦੀ ਫੱਟੀ ’ਤੇ ਖੜੀਆਂ ਹੋ ਕੇ ਪੂਰੇ ਜ਼ੋਰ ਨਾਲ ਪੀਂਘ ਚੜ੍ਹਾਉਂਦੀਆਂ ਜਿਸ ਨੂੰ ਅਸੀਂ ‘ਹੀਂਘ ਚੜ੍ਹਾਉਣਾ’ ਆਖਦੇ ਸੀ। ਜਦੋਂ ਪੀਂਘ ਝੂਟਣ ਵਾਲੀ ਕੁੜੀ ਬਹੁਤ ਵੱਡੀ ਹੀਂਘ ਚੜ੍ਹਾਉਂਦੀ ਦਰੱਖ਼ਤ ਦੀਆਂ ਟਾਹਣੀਆਂ ਤਕ ਪਹੁੰਚ ਜਾਂਦੀ ਤਾਂ ਉੱਥੋਂ ਦਰੱਖ਼ਤ ਦੇ ਕੁੱਝ ਪੱਤੇ ਸੂਤ ਲੈਂਦੀ ਤੇ ਇਸ ਨੂੰ ਸੱਸ ਦਾ ਚੂੰਡਾ ਜਾਂ ਜੂੜਾ ਪੁਟਣਾ ਆਖਿਆ ਜਾਂਦਾ। ਇਸ ਦਾ ਮਤਲਬ ਹੈ ਕਿ ਧੀਆਂ ਨੂੰ ਸੱਸ ਦਾ ਸਤਿਕਾਰ ਕਰਨਾ ਨਹੀਂ ਸਿਖਾਇਆ ਜਾਂਦਾ। ਬਚਪਨ ਤੋਂ ਹੀ ਉਨ੍ਹਾਂ ਦੇ ਮਨ ’ਚ ਸੱਸ ਦੇ ਭੈੜੇ ਰੂਪ ਚਿਤਰੇ ਜਾਂਦੇ ਹਨ। ਜੇ ਕੋਈ ਕੁੜੀ ਘਰ ਦੇ ਕੰਮ ਧੰਦਿਆਂ ’ਚ ਗ਼ਲਤੀ ਕਰ ਦਿੰਦੀ ਤਾਂ ਉਸ ਨੂੰ ਆਖਿਆ ਜਾਂਦਾ, ‘‘ਕੋਈ ਨਾ, ਤੇਰੀ ਸੱਸ ਈ ਤੈਨੂੰ ਸਿੱਧੀ ਕਰੂ।”


 ਦੂਜੇ ਪਾਸੇ ਜੇਕਰ ਵਿਆਹੁਣ ਯੋਗ ਮੁੰਡੇ ਦੀ ਮਾਂ ਦਾ ਸੁਭਾਅ ਥੋੜ੍ਹਾ ਤੱਤਾ ਹੋਵੇ ਤਾਂ ਉਸ ਦੀਆਂ ਰਿਸ਼ਤੇਦਾਰ ਬੀਬੀਆਂ ਵੀ ਆਖ ਦਿੰਦੀਆਂ ‘ਇਸ ਦੀਆਂ ਨੂੰਹ ਨਾਲ ਤਾਰਾਂ ਭਿੜਿਆ ਕਰਨਗੀਆਂ, ਫਿਰ ਲੱਗੂ ਪਤਾ।’
ਆਮ ਸੁਣਿਆ ਜਾਂਦਾ ਹੈ ਕਿ ‘ਸੱਪ ’ਚ ਇਕ ਸੱਸਾ (ਸ) ਤੇ ਸੱਸ ’ਚ ਦੋ ਸੱਸੇ’ ਮਤਲਬ ਸੱਸ ਨੂੰ ਸੱਪ ਤੋਂ ਵੀ ਵੱਧ ਜ਼ਹਿਰੀ ਆਖਿਆ ਗਿਆ ਹੈ। ਕਈ ਲੋਕ ਗੱਲ ਨੂੰ ਭੁੰਜੇ ਨਹੀਂ ਡਿੱਗਣ ਦਿੰਦੇ। ਇਕ ਨਵੀਂ ਵਿਆਹੀ ਕੁੜੀ ਦੇ ਕੰਨ ’ਚ ਕਿਸੇ ਸਹੇਲੀ ਨੇ ਉਸ ਦੀ ਸੱਸ ਵਲ ਦੇਖ ਕੇ ਦੋ ਸੱਸਿਆਂ ਵਾਲੀ ਗੱਲ ਕੁੜੀ  ਨੂੰ ਨੇੜੇ ਹੋ ਕੇ ਆਖ ਦਿਤੀ। ਕੁੜੀ ਤਾਂ ਕੁੱਝ ਨਾ ਬੋਲੀ ਪਰ ਨਾਲ ਖੜੀ ਛੋਟੀ ਭੈਣ ਬੋਲ ਪਈ, ‘‘ਨੂੰਹ ਦਾ ਇਕ ਨੰਨਾ (ਨ) ਤੇ ਨਿਉਲੇ ਦਾ ਵੀ ਇਕੋ ‘ਨ’ ਹੁੰਦਾ ਹੈ। ਸੱਪ ਜਿੰਨਾ ਮਰਜ਼ੀ ਜ਼ਹਿਰੀ ਹੋਵੇ ਨਿਉਲੇ ਦੀ ਕੁੜਿੱਕੀ ’ਚੋਂ ਨਹੀਂ ਨਿਕਲ ਸਕਦਾ।’’


ਇਹ ਗੱਲਾਂ ਸਿਰਫ਼ ਕੁੜੀਆਂ ਹੀ ਨਹੀਂ ਕਰਦੀਆਂ ਮੁੰਡਿਆਂ ਦੀਆਂ ਮਾਵਾਂ ਵੀ ਇਸ ਦੀ ਪੂਰੀ ਤਿਆਰੀ ਰਖਦੀਆਂਂ ਹਨ। ਕਿਸੇ ਵਿਆਹ ’ਤੇ ਇਕੱਠੀਆਂ ਹੋਈਆਂ ਦੋ ਸਹੇਲੀਆਂ ’ਚੋਂ ਇਕ ਨੇ ਦੂਜੀ ਨੂੰ ਕਿਹਾ, ‘‘ਤੇਰਾ ਪੁੱਤ ਵਿਆਹੁਣ ਵਾਲਾ ਏ ਤੂੰ ਵੀ ਵਿਆਹ ਕਰ ਹੀ ਲੈ ਹੁਣ।” ਦੂਜੀ ਨੇ ਝੱਟ ਜਵਾਬ ਸੁਣਾਇਆ , ‘‘ਮੇਰੀ ਗੁੱਤ ਦੇ ਵਾਲ਼ ਤੈਨੂੰ ਚੰਗੇ ਨਹੀਂ ਲਗਦੇ?” ਇਸ ਗੱਲ ਦਾ ਮਤਲਬ ਸਾਰੇ ਸਮਝਦੇ ਹਨ ਕਿ ਉਹ ਕਿਹੋ ਜਿਹੀ ਨੂੰਹ ਚਿਤਵਦੀ ਹੋਵੇਗੀ। ਪਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਇਸ ਲਈ ਕਈ ਪੁੱਤਾਂ ਦੀਆਂ ਮਾਵਾਂ ਏਦਾਂ ਵੀ ਸੋਚਦੀਆਂ ਹਨ ਤੇ ਕਈ ਸਿਆਣੀਆਂ ਕੁੜੀਆਂ ਵੀ ਘਰ ਵਿਚ ਕਲੇਸ਼ ਨਹੀਂ ਚਾਹੁੰਦੀਆਂ। ਕੁੱਝ ਕੁ ਗੱਲਾਂ ਸਹਿ ਲੈਂਦੀਆਂ ਨੇ। ਦੋਵੇਂ ਪਾਸੇ ਸੰਤੁਲਨ ਬਣਿਆ ਰਹਿੰਦੈ ਤੇ ਘਰ ਸਵਰਗ ਵਰਗਾ ਸੁੱਖਾਂ ਭਰਿਆ ਬਣ ਜਾਂਦਾ ਹੈ।  ਘਰ ਵਿਚ ਵੀਰ ਬਜ਼ੁਰਗਾਂ ਦੀ ਜਾਨ ਵੀ ਸੁਖਾਲੀ ਰਹਿੰਦੀ ਹੈ। ਇਸ ਤਰ੍ਹਾਂ ਬਹੁਤ ਸਾਰੇ ਪ੍ਰਵਾਰ ਸੁਖੀ ਵਸਦੇ ਹਨ।


ਸਿਆਣਪ ਨਾਲ ਚਲਦੇ ਘਰਾਂ ਦੇ ਜੀਆਂ ਕੋਲ ਉਸਾਰੂ ਕੰਮਾਂ ਲਈ ਬਹੁਤ ਸਾਰਾ ਸਮਾਂ ਹੁੰਦੈ। ਉਹ ਤਰੱਕੀ ਕਰਦੇ ਹਨ। ਕਾਰਨ ਇਹ ਹੁੰਦੈ ਕਿ ਜਿੰਨੀ ਊਰਜਾ ਬੇਸਮਝ ਪ੍ਰਵਾਰਾਂ ’ਚ ਕਾਟੋ ਕਲੇਸ਼ ’ਤੇ ਖ਼ਰਚ ਹੁੰਦੀ ਹੈ।  ਬਿਮਾਰੀਆਂ ਵੱਧ ਜਾਂਦੀਆਂ ਹਨ ਤੇ ਤਰੱਕੀ ਰੁਕ ਜਾਂਦੀ ਹੈ। ਪਰ ਚੰਗੇ ਪ੍ਰਵਾਰ ਇਹੀ ਊਰਜਾ ਅਪਣੇ ਪ੍ਰਵਾਰ ਦੇ ਜੀਆਂ ਦੀ ਖ਼ੁਸ਼ਹਾਲੀ ਲਈ ਵਰਤਦੇ ਹਨ। ਇਸ ਤਰ੍ਹਾਂ ਦੇ ਪ੍ਰਵਾਰ ਘਰ ਆਈਆਂ ਨੂੰਹਾਂ ਨੂੰ ਨੌਕਰਾਣੀਆਂ ਨਹੀਂ ਸਮਝਦੇ। ਨੂੰਹਾਂ ਵੀ ਅਪਣੇ ਵੱਡਿਆਂ ਨੂੰ ਪੂਰਾ ਮਾਣ ਸਤਿਕਾਰ ਦਿੰਦੀਆਂ ਹਨ। ਆਮ ਕਰ ਕੇ ਆਖਿਆ ਜਾਂਦੈ ਕਿ ਸੱਸਾਂ ਮਾਵਾਂ ਨਹੀਂ ਬਣ ਸਕਦੀਆਂ ਤੇ ਨੂੰਹਾਂ ਧੀਆਂ ਨਹੀਂ ਬਣ ਸਕਦੀਆਂ। ਚੰਗਾ ਤਾਂ ਇਹੀ ਹੈ ਕਿ ਸੱਸ ਨੂੰ ਸੱਸ ਤੇ ਨੂੰਹ ਨੂੰ ਨੂੰਹ ਹੀ ਰਹਿਣ ਦਿਉ। ਲੋੜ ਹੈ ਸੋਚ ਨੂੰ ਬਦਲਣ ਦੀ। ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਸੋਚ ਬਦਲਣ ਦੀ ਜ਼ਰੂਰਤ ਹੈ। ਹਰ ਇਨਸਾਨ ’ਚ ਗੁਣ-ਔਗੁਣ ਹੁੰਦੇ ਹਨ। ਜੇ ਔਗੁਣਾਂ ਨੂੰ ਲੈ ਕੇ ਔਖੇ ਭਾਰੇ ਹੁੰਦੇ ਹਾਂ ਤਾਂ ਗੁਣਾਂ ਦੀ ਤਾਰੀਫ਼ ਵੀ ਕਰਨੀ ਜ਼ਰੂਰੀ ਹੈ। ਜੇ ਇਨ੍ਹਾਂ ਰਿਸ਼ਤਿਆਂ ਬਾਰੇ ਚੰਗਾ ਸੋਚੀਏ ਤੇ ਸੰਤੁਲਨ ਬਣਾ ਕੇ ਰਖੀਏ ਤਾਂ ਇਨ੍ਹਾਂ ਪਿਆਰੇ ਜਿਹੇ ਰਿਸ਼ਤਿਆਂ ਨਾਲ ਨਿਭਦੇ ਨਿਭਾਉਂਦਿਆਂ ਜ਼ਿੰਦਗੀ ਦਾ ਪੈਂਡਾ ਸੁਖਾਲਾ ਹੋ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement