
ਅੰਮ੍ਰਿਤਾ ਵੜਿੰਗ ਅਤੇ ਰਾਜਾ ਵੜਿੰਗ ਦੀ ਰੋਜ਼ਾਨਾ ਸਪੋਕਸਮੈਨ ਨਾਲ ਖ਼ਾਸ ਮੁਲਾਕਾਤ
Raja Warring and Amrita Warring Interview: ਲੋਕ ਸਭਾ ਚੋਣਾਂ ਦੇ ਮਾਹੌਲ ਵਿਚਾਲੇ ਪੰਜਾਬ ਦੀ ਸਿਆਸਤ ਵਿਚ ਕਈ ਜੋੜੇ ਬਹੁਤ ਸਰਗਰਮ ਹਨ, ਜੋ ਅਪਣੇ ਹਮਸਫ਼ਰ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਅਜਿਹੀ ਇਕ ਜੋੜੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨਾਲ ‘ਰੋਜ਼ਾਨਾ ਸਪੋਕਸਮੈਨ’ ਵਲੋਂ ਖ਼ਾਸ ਗੱਲਬਾਤ ਕੀਤੀ ਗਈ। ਇਹ ਜੋੜੀ ਇਨ੍ਹੀਂ ਦਿਨੀਂ ਲੁਧਿਆਣਾ ਵਿਚ ਕਾਫੀ ਸਰਗਰਮ ਹੈ ਕਿਉਂਕਿ ਰਾਜਾ ਵੜਿੰਗ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਹਨ। ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੰਮ੍ਰਿਤਾ ਵੜਿੰਗ ਵੀ ਅੱਗੇ ਹੋ ਕੇ ਚੋਣ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਹਨ।
ਸਵਾਲ: ਤੁਸੀਂ ਕਰੀਬ 3 ਹਫ਼ਤੇ ਪਹਿਲਾਂ ਲੁਧਿਆਣਾ ਆਏ ਸੀ। ਇਸ ਦੌਰਾਨ ਕੀ ਕੁੱਝ ਬਦਲਿਆ ਅਤੇ ਮੌਜੂਦਾ ਦ੍ਰਿਸ਼ ਕੀ ਕਹਿੰਦਾ ਹੈ?
ਜਵਾਬ (ਰਾਜਾ ਵੜਿੰਗ) : ਇਨ੍ਹਾਂ ਤਿੰਨ ਹਫ਼ਤਿਆਂ ਵਿਚ ਲੋਕਾਂ ਨੇ ਬਹੁਤ ਸਾਰਾ ਪਿਆਰ ਦਿਤਾ ਤੇ ਮੈਂ ਇੰਨੀ ਜਲਦੀ ਕਿਸੇ ਸਿਆਸਤਦਾਨ ਨੂੰ ਐਨਾ ਪਿਆਰ ਮਿਲਦਾ ਨਹੀਂ ਦੇਖਿਆ। 25 ਸਾਲ ਦਾ ਸਿਆਸੀ ਤਜਰਬਾ ਹੈ, ਜਿਨ੍ਹਾਂ ਨੂੰ ਤੁਸੀਂ ਜਾਣਦੇ ਤਕ ਨਹੀਂ ਸੀ, ਉਹ ਤੁਹਾਡੇ ਲਈ ਦੁਆਵਾਂ ਕਰਦੇ ਹਨ ਅਤੇ ਜੱਫੀਆਂ ਪਾ ਕੇ ਮਿਲ ਰਹੇ ਹਨ, ਇਹ ਬਹੁਤ ਵੱਡੀ ਗੱਲ ਹੈ। ਲੋਕ ਉਸ ਨੂੰ ਵੋਟ ਦੇਣ ਦੀ ਗੱਲ ਕਰ ਰਹੇ ਹਨ, ਜਿਸ ਨੂੰ ‘ਬਾਹਰੀ’ ਕਿਹਾ ਜਾ ਰਿਹਾ ਹੈ। ਇਹ ਲੁਧਿਆਣਾ ਦੇ ਲੋਕਾਂ ਦਾ ਭਾਵਨਾ ਹੈ।
ਸਵਾਲ : ਤੁਸੀਂ ਗਿੱਦੜਬਾਹਾ ਜਾਂ ਬਠਿੰਡਾ ਵਿਚ ਪ੍ਰਚਾਰ ਕਰਦੇ ਰਹੇ ਹੋ ਪਰ ਲੁਧਿਆਣਾ ਦਾ ਸਿਆਸੀ ਮੈਦਾਨ ਬਿਲਕੁਲ ਵੱਖਰਾ ਹੈ। ਤੁਸੀਂ ਲੁਧਿਆਣਾ ਨੂੰ ਕਿਵੇਂ ਦੇਖਦੇ ਹੋ?
ਜਵਾਬ (ਅੰਮ੍ਰਿਤਾ ਵੜਿੰਗ ): ਮੈਨੂੰ ਕੁੱਝ ਫਰਕ ਨਜ਼ਰ ਨਹੀਂ ਆਇਆ। ਪੰਜਾਬ ਦੀਆਂ ਮਾਵਾਂ ਚਾਹੇ ਲੁਧਿਆਣਾ ਵਿਚ ਰਹਿੰਦੀਆਂ ਹੋਣ ਜਾਂ ਸ੍ਰੀ ਮੁਕਤਸਰ ਸਾਹਿਬ ਵਿਚ ਰਹਿ ਰਹੀਆਂ ਹੋਣ, ਪਿਆਰ ਇਕੋ ਜਿਹਾ ਹੈ। ਬਜ਼ੁਰਗਾਂ ਦੀ ਇਕੋ ਜਿਹੀ ਅਸੀਸ ਹੈ।
ਸਵਾਲ (ਅੰਮ੍ਰਿਤਾ ਵੜਿੰਗ ਲਈ): ਤੁਸੀਂ ਰਾਜਾ ਵੜਿੰਗ ਦੇ ਸਟਾਰ ਪ੍ਰਚਾਰਕ ਹੋ। ਕਹਿੰਦੇ ਨੇ ਕਿ ਜਿਥੇ ਅੰਮ੍ਰਿਤਾ ਵੜਿੰਗ ਪ੍ਰਚਾਰ ਕਰਨ ਜਾਂਦੇ ਨੇ ਤਾਂ ਘੱਟੋ-ਘੱਟ 250-300 ਵੋਟ ਪੱਕੀ ਕਰ ਆਉਂਦੇ ਨੇ।
ਜਵਾਬ: ਰਾਜਾ ਵੜਿੰਗ ਬਹੁਤ ਮਿਹਨਤੀ ਹਨ। ਜੀਵਨ ਸਾਥੀ ਹੋਣ ਦੇ ਨਾਤੇ ਅਸੀਂ ਇਕ-ਦੂਜੇ ਦਾ ਸਾਥ ਦਿੰਦੇ ਹਾਂ ਪਰ ਉਹ ਬਹੁਤ ਲਗਨ ਨਾਲ ਕੰਮ ਕਰਦੇ ਹਨ। ਜਦੋਂ ਕੋਈ 100 ਫ਼ੀ ਸਦੀ ਦਿੰਦਾ ਹੈ ਤਾਂ ਸੱਚੇ ਪਾਤਸ਼ਾਹ ਨੀਅਤ ਦਾ ਫਲ ਵੀ ਦਿੰਦੇ ਹਨ।
ਰਾਜਾ ਵੜਿੰਗ ਦਾ ਜਵਾਬ: ਅੰਮ੍ਰਿਤਾ ਵੜਿੰਗ, ਜਿਥੇ ਵੀ ਜਾਂਦੇ ਨੇ ਉਥੇ ਕਾਫੀ ਲੋਕਾਂ ਦੇ ਵਿਚਾਰ ਬਦਲਦੇ ਹਨ। ਇਹ ਮੇਰੇ ਸਿਰਫ਼ ਸਟਾਰ ਪ੍ਰਚਾਰਕ ਨਹੀਂ ਸਗੋਂ ਸਾਰਾ ਕੁੱਝ ਹੀ ਹਨ।
ਸਵਾਲ (ਅੰਮ੍ਰਿਤਾ ਵੜਿੰਗ ਲਈ): ਅਸੀਂ ਰਾਜਾ ਵੜਿੰਗ ਦੇ ਸਿਆਸੀ ਸਫ਼ਰ ਨੂੰ ਜੋਬਨ ਵਿਚ ਆਉਂਦੇ ਦੇਖਿਆ ਹੈ। ਹਮਸਫ਼ਰ ਹੋਣ ਦੇ ਨਾਤੇ ਤੁਸੀਂ ਉਨ੍ਹਾਂ ਵਿਚ ਕੀ ਬਦਲਾਅ ਦੇਖਿਆ?
ਜਵਾਬ: ਰਾਜਾ ਵੜਿੰਗ ਪਹਿਲਾਂ ਵੀ ਬਹੁਤ ਚੰਗੇ ਸੀ ਅਤੇ ਹੁਣ ਵੀ ਬਹੁਤ ਚੰਗੇ ਹਨ ਪਰ ਜਿਵੇਂ-ਜਿਵੇਂ ਇਨਸਾਨ ਦੀ ਉਮਰ ਵਧਦੀ ਹੈ ਤੇ ਤਜਰਬਾ ਆਉਂਦਾ ਹੈ ਤਾਂ ਉਸ ਨੂੰ ਸਮਝ ਆਉਣ ਲੱਗਦੀ ਹੈ ਕਿ ਸ਼ਾਇਦ ਕਈ ਗੱਲਾਂ ਬੋਲਣੀਆਂ ਨਹੀਂ ਚਾਹੀਦੀਆਂ ਕਿਉਂਕਿ ਸੱਚ ਹਰ ਕਿਸੇ ਕੋਲੋਂ ਜ਼ਰਿਆ ਨਹੀਂ ਜਾਂਦਾ। ਉਹ ਅੰਦਰ ਦੀਆਂ ਕੁੱਝ ਗੱਲਾਂ ਅੰਦਰ ਹੀ ਰੱਖ ਲੈਂਦੇ ਹਨ। ਰਾਜਾ ਵੜਿੰਗ ਵਿਚ ਕੋਈ ਕਮੀ ਨਹੀਂ ਹੈ ਪਰ ਕਈ ਲੋਕ ਗੱਲ ਨੂੰ ਜ਼ਿਆਦਾ ਚੁੱਕ ਲੈਂਦੇ ਹਨ।
ਰਾਜਾ ਵੜਿੰਗ ਦਾ ਜਵਾਬ: ਕਈ ਵਾਰ ਮੈਨੂੰ ਕੋਈ ਪੁੱਛ ਲੈਂਦਾ ਹੈ ਕਿ ਤੁਸੀਂ ਬਿੱਟੂ ਬਾਰੇ ਕੀ ਕਹੋਗੇ? ਤਾਂ ਮੈਂ ਕੁੱਝ ਨਹੀਂ ਕਹਿੰਦਾ ਕਿਉਂਕਿ ਮੈਂ ਕਿਸੇ ਬਾਰੇ ਬੋਲਣ ਦੀ ਬਜਾਏ ਅਪਣੀ ਸਕਾਰਾਤਮਕਤਾ ਬਾਰੇ ਗੱਲ ਕਰਨਾ ਪਸੰਦ ਕਰਦਾ ਹਾਂ। ਪਹਿਲਾਂ ਮੈਂ ਤੈਸ਼ ਵਿਚ ਆ ਕੇ ਬੋਲ ਜਾਂਦਾ ਸੀ ਪਰ ਹੁਣ ਥੋੜ੍ਹਾ ਪਰਹੇਜ਼ ਰੱਖਦਾ ਹਾਂ।
ਸਵਾਲ: ਇਹੀ ਸਿਧਾਂਤ ਰਵਨੀਤ ਬਿੱਟੂ ਵੀ ਅਪਣਾਉਂਦੇ ਹਨ। ਉਹ ਕਹਿੰਦੇ ਨੇ ਕਿ ਅਸੀਂ ਉਸ ਬੰਦੇ ਦਾ ਨਾਂਅ ਹੀ ਕਿਉਂ ਲਈਏ ਜੋ ਕਾਂਗਰਸ ਦਾ ਉਮੀਦਵਾਰ ਹੈ।
ਜਵਾਬ (ਰਾਜਾ ਵੜਿੰਗ) : ਅਜਿਹਾ ਨਹੀਂ ਕਿ ਮੈਂ ਰਵਨੀਤ ਬਿੱਟੂ ਦੀ ਗੱਲ ਨਹੀਂ ਕਰਾਂਗਾ, ਮੈਂ ਕਰਾਂਗਾ। ਉਨ੍ਹਾਂ ਨੇ ਲੋਕਾਂ ਦੇ ਫ਼ੋਨ ਨਹੀਂ ਚੁੱਕੇ ਅਤੇ ਸੰਸਦ ਵਿਚ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ, ਉਹ ਨਹੀਂ ਕਰ ਸਕੇ। ਇਸੇ ਕਰ ਕੇ ਉਨ੍ਹਾਂ ਨੂੰ ਭਾਜਪਾ (ਭਾਰਤੀ ਜਨਤਾ ਪਾਰਟੀ) ਦਾ ਸਹਾਰਾ ਲੈਣਾ ਪਿਆ।
ਇਸੇ ਤਰ੍ਹਾਂ ਮੈਂ ਅਸ਼ੋਕ ਪਰਾਸ਼ਰ ਦੀ ਗੱਲ ਕਰਾਂਗਾ ਕਿ ਉਨ੍ਹਾਂ ਨੂੰ ਢਾਈ ਸਾਲ ਦੌਰਾਨ ਜੋ ਕੰਮ ਕਰਨਾ ਚਾਹੀਦਾ ਸੀ, ਉਹ ਨਹੀਂ ਕਰ ਸਕੇ। ਇਕ ਵਾਰ ਵੀ ਮੈਂ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿਚ ਬੋਲਦੇ ਨਹੀਂ ਦੇਖਿਆ, ਉਹ ਲੋਕ ਸਭਾ ਵਿਚ ਕੀ ਬੋਲਣਗੇ। ਕੋਈ ਰੀਪੋਰਟ ਕਾਰਡ ਮੰਗਣ ਨਹੀਂ ਆਵੇਗਾ, ਉਹ ਅਪਣੇ ਭਾਸ਼ਣ ਹੀ ਦਿਖਾ ਦੇਣ ਕਿ ਕਿਹੜੇ ਮੁੱਦੇ ਉਨ੍ਹਾਂ ਨੇ ਚੁੱਕੇ। ਉਮੀਦਵਾਰਾਂ ਬਾਰੇ ਤਹਿਜ਼ੀਬ ਨਾਲ ਗੱਲ ਮੈਂ ਜ਼ਰੂਰ ਕਰਾਂਗਾ ਪਰ ਕਿਸੇ ਨੂੰ ਨੀਵਾਂ ਦਿਖਾਉਣਾ ਜਾਂ ਜਾਣਬੁੱਝ ਕੇ ਬੇਤੁਕੀਆਂ ਗੱਲਾਂ ਕਰਨਾ ਅਜਿਹਾ ਬਿੱਟੂ ਜੀ ਕਦੇ-ਕਦੇ ਕਰਦੇ ਨੇ।
ਸਵਾਲ: ਘੜੀਆਂ ਦੀਆਂ ਕੀਮਤਾਂ ਜਾਂ ਗੱਡੀਆਂ ਦੀਆਂ ਕੀਮਤਾਂ ਨੂੰ ਲੈ ਕੇ ਗੱਲਾਂ ਕੀਤੀਆਂ ਜਾਂਦੀਆਂ ਹਨ। ਇਹ ਗੱਲਾਂ ਕਿੰਨੀਆ ਕੁ ਜਾਇਜ਼ ਲਗਦੀਆਂ ਹਨ।
ਜਵਾਬ (ਅੰਮ੍ਰਿਤਾ ਵੜਿੰਗ): ਜਦੋਂ ਵਿਅਕਤੀ ਕੋਲ ਗੱਲ ਕਰਨ ਦਾ ਕੋਈ ਮੁੱਦਾ ਨਾ ਹੋਵੇ ਜਾਂ ਜਦੋਂ ਖੁਦ ਕੰਮ ਨਾ ਕੀਤੇ ਹੋਣ ਤਾਂ ਇਨਸਾਨ ਅਪਣੇ ਰਾਹ ਤੋਂ ਭਟਕ ਜਾਂਦਾ ਹੈ ਅਤੇ ਅਪਣੀ ਹਾਰ ਸਾਹਮਣੇ ਦੇਖ ਕੇ ਅਜਿਹੀਆਂ ਬੇਤੁਕੀਆਂ ਗੱਲਾਂ ਕਰਦਾ ਹੈ।
ਜਵਾਬ (ਰਾਜਾ ਵੜਿੰਗ): ਘੜੀ ਕਿੰਨੇ ਦੀ ਹੈ, ਇਹ ਕਿਸੇ ਨੂੰ ਕੀ ਪਤਾ? ਮੇਰੀ ਗੱਡੀ ਦੀ ਕੀਮਤ ਢਾਈ ਕਰੋੜ ਦੱਸੀ ਜਾਂਦੀ ਹੈ ਪਰ ਮੇਰੀ ਬੀਲਿੰਗ ਸਵਾ ਕਰੋੜ ਰੁਪਏ ਦੀ ਹੋਵੇਗੀ। ਰਾਜਾ ਵੜਿੰਗ ਸਾਰੀ ਉਮਰ ਉਸੇ ਤਰ੍ਹਾਂ ਦਾ ਰਿਹਾ ਹੈ। ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਚੀਜ਼ ਦਾ ਸ਼ੌਕ ਹੁੰਦਾ ਹੈ, ਕਿਸੇ ਨੂੰ ਗੱਡੀਆਂ ਦਾ ਹੁੰਦਾ ਹੈ, ਕਿਸੇ ਨੂੰ ਘਰ ਦਾ ਹੁੰਦਾ ਹੈ ਅਤੇ ਕਿਸੇ ਨੂੰ ਪਾਰਟੀ ਬਦਲਣ ਦਾ ਹੁੰਦਾ ਹੈ। ਬਿੱਟੂ ਜੀ ਦੱਸਣ ਕਿ ਉਹ ਇਕ ਕਰੋੜ 93 ਲੱਖ ਰੁਪਏ ਕਿਥੋਂ ਲੈ ਕੇ ਆਏ? ਜੇ ਜ਼ਮੀਨ ਗਹਿਣੇ ਰੱਖੀ ਹੈ ਤਾਂ ਉਹ ਕਿਸ ਦੀ ਜ਼ਮੀਨ ਸੀ।
ਬਿੱਟੂ ਇਕ ਦਿਨ ਤਾਂ ਭਾਜਪਾ ਦੇ ਦਫ਼ਤਰ ਵਿਚ ਰਹੇ ਪਰ ਹੁਣ ਉਹ ਕਿਥੇ ਨੇ? ਮੈਂ ਸੁਣਿਆ ਕਿ ਹੁਣ ਉਹ ਕਿਸੇ ਫਾਰਮ ਹਾਊਸ ਵਿਚ ਹਨ। ਲੋਕਾਂ ਨੂੰ ਦਿਖਾਉਣ ਲਈ ਇਕ ਦਿਨ ਦਾ ਡਰਾਮਾ ਕਿਉਂ ਕੀਤਾ? ਤੁਹਾਡੇ ਕੋਲ ਤਿੰਨ ਘਰ ਹਨ, ਸਰਕਾਰੀ ਮਕਾਨ ਹਨ। ਪੰਜਾਬ ਦੇ ਹਰ ਸੰਸਦ ਮੈਂਬਰ ਕੋਲ ਇਕ-ਇਕ ਘਰ ਹੈ, ਬਿੱਟੂ ਨੂੰ ਤਿੰਨ ਘਰ ਕਿਵੇਂ ਮਿਲੇ।
ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਤਿੰਨ ਵਾਰ ਦਾ ਸੰਸਦ ਮੈਂਬਰ ਤੇ ਅਮਿਤ ਸ਼ਾਹ ਜੀ ਦਾ ਚਹੇਤਾ ਰਾਜਾ ਵੜਿੰਗ ਨੂੰ ਸਵੇਰ ਤੋਂ ਲੈ ਕੇ ਸ਼ਾਮ ਤਕ ਵੀਡੀਉਜ਼ ਵਿਚ ਦੇਖਦਾ ਹੈ ਪਰ ਮੈਂ ਬਿੱਟੂ ਨੂੰ ਨਹੀਂ ਦੇਖਦਾ।
ਸਵਾਲ: ਗੋਲ ਗੱਪੇ ਖਾ ਲੈਣਾ, ਕੁਲਫੀਆਂ ਖਾ ਲੈਣਾ ਜਾਂ ਜਲੇਬੀਆਂ ਤਲ ਲੈਣਾ, ਇਸ ਨਾਲ ਲੋਕਾਂ ਉਤੇ ਕੋਈ ਅਸਰ ਪੈਂਦਾ ਹੈ?
ਜਵਾਬ: ਰਾਜਾ ਵੜਿੰਗ ਪਿਛਲੇ 15 ਸਾਲ ਤੋਂ ਗਿੱਦੜਬਾਹਾ ਦੀਆਂ ਰੇੜ੍ਹੀਆਂ ਉਤੇ ਗੋਲਗੱਪੇ, ਛੱਲੀਆਂ ਖਾਂਦਾ ਆ ਰਿਹਾ ਹੈ, ਚਾਹੇ ਵੀਡੀਉਜ਼ ਦੇਖ ਲਉ। ਮੈਂ ਅਪਣੇ ਮੋਚੀ ਦੇ ਭਰਾ ਕੋਲ ਬੈਠ ਕੇ ਗੱਲਾਂ ਕਰਦਾ ਹਾਂ। ਪਿਛਲੀਆਂ ਚੋਣਾਂ ਵਿਚ ਮੈਂ ਗਰੀਬ ਲੋਕਾਂ ਦੇ ਘਰਾਂ ਵਿਚ ਸੁੱਤਾ ਸੀ। ਇਹ ਕੋਈ ਨਵੀਂ ਚੀਜ਼ ਨਹੀਂ, ਰਾਜਾ ਵੜਿੰਗ ਅਕਸਰ ਅਜਿਹਾ ਕਰਦਾ ਹੈ।
ਸਵਾਲ: ਚੋਣ ਪ੍ਰਚਾਰ ਨੂੰ ਲੈ ਕੇ ਆਪਸ ਵਿਚ ਚਰਚਾ ਕਰਦੇ ਹੋ?
ਜਵਾਬ (ਅੰਮ੍ਰਿਤਾ ਵੜਿੰਗ): ਅਸੀਂ ਕਦੇ ਆਪਸ ਵਿਚ ਬੈਠ ਕੇ ਚਰਚਾ ਨਹੀਂ ਕੀਤੀ। ਕਦੇ ਰਾਜਾ ਵੜਿੰਗ ਜੀ ਨੇ ਮੈਨੂੰ ਨਹੀਂ ਦਸਿਆ ਕਿ ਤੁਸੀਂ ਜਾ ਕੇ ਕੀ ਬੋਲਣਾ ਹੈ। ਜੋ ਦਿਲ ਵਿਚ ਆਉਂਦਾ ਹੈ, ਉਹੀ ਜਾ ਕੇ ਬੋਲਦੇ ਹਾਂ।
ਸਵਾਲ: ਜਦੋਂ ਗਿੱਦੜਬਾਹਾ ਤੋਂ ਲੁਧਿਆਣਾ ਆਉਣਾ ਸੀ ਤਾਂ ਕੀ ਅਰਦਾਸ ਕਰ ਕੇ ਆਏ ਸੀ?
ਜਵਾਬ (ਅੰਮ੍ਰਿਤਾ ਵੜਿੰਗ): ਸੱਚੇ ਪਾਤਸ਼ਾਹ ਹਾਜ਼ਰ-ਨਾਜ਼ਰ ਰਹਿ, ਤੁਸੀਂ ਇਥੇ ਲਿਆਂਦਾ ਹੈ ਅਤੇ ਤੁਸੀਂ ਹੀ ਚੋਣ ਲੜਨੀ ਹੈ।
ਸਵਾਲ : ਪ੍ਰਧਾਨਗੀ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਹਨ। ਕਿਹਾ ਜਾ ਰਿਹਾ ਹੈ ਕਿ ਕਿਸੇ ਆਗੂ ਨੇ ਸਾਜ਼ਿਸ਼ ਰਚੀ ਅਤੇ ਮੁੱਖ ਮੰਤਰੀ ਚਿਹਰੇ ਦੀ ਦੌੜ ਵਾਲੇ ਲੋਕਾਂ ਨੂੰ ਦਿੱਲੀ ਭੇਜ ਦਿਤਾ ਤੇ ਉਸ ਨੇ ਅਪਣਾ ਰਾਹ ਸਾਫ ਕਰ ਲਿਆ ਹੈ।
ਜਵਾਬ : ਮੈਨੂੰ ਨਹੀਂ ਲੱਗਦਾ ਹੈ ਕਿ ਅਜਿਹੀਆਂ ਭਵਿੱਖਬਾਣੀਆਂ ਸਿਰੇ ਚੜ੍ਹਦੀਆਂ ਹਨ। ਹਾਲਾਤ ਅਤੇ ਸਮਾਂ ਬਦਲਦੇ ਰਹਿੰਦੇ ਹਨ। ਇਹ ਮਨਘੜਤ ਗੱਲਾਂ ਹਨ, ਸਕੀਮਾਂ ਪ੍ਰਮਾਤਮਾ ਹੀ ਘੜਦਾ ਹੈ। ਕੁਦਰਤ ਦਾ ਇਹੀ ਨਿਯਮ ਹੈ ਕਿ ਜੋ ਹੋਣਾ ਹੈ, ਉਹ ਹੋ ਕੇ ਰਹੇਗਾ।
ਪ੍ਰਧਾਨਗੀ ਦਾਅ ਉਤੇ ਨਹੀਂ ਲੱਗੀ ਸਗੋਂ ਹੋਰ ਮਜ਼ਬੂਤ ਹੋਈ ਹੈ। ਰਾਜਾ ਵੜਿੰਗ ਰਾਹੁਲ ਗਾਂਧੀ ਅਤੇ ਕਾਂਗਰਸ ਦਾ ਸੱਭ ਤੋਂ ਚੁਣੌਤੀਪੂਰਨ ਕੰਮ ਕਰ ਰਿਹਾ ਹੈ। ਰਾਜਾ ਵੜਿੰਗ ਉਦੋਂ ਮੈਦਾਨ ਵਿਚ ਆਇਆ ਹੈ ਜਦੋਂ ਕਾਂਗਰਸ ਨੂੰ ਥਾਪੀਆਂ ਮਾਰੀਆਂ ਜਾ ਰਹੀਆਂ ਸਨ ਕਿ ਉਸ ਕੋਲ ਉਮੀਦਵਾਰ ਨਹੀਂ ਹੈ।
ਰਾਜਾ ਵੜਿੰਗ ਅਤੇ ਅੰਮ੍ਰਿਤਾ ਵੜਿੰਗ ਦੇ ਆਪਸੀ ਰਿਸ਼ਤੇ ਬਾਰੇ ਵੀ ਕੀਤੀ ਗੱਲਬਾਤ
ਇੰਟਰਵਿਊ ਦੌਰਾਨ ਰਾਜਾ ਵੜਿੰਗ ਅਤੇ ਅੰਮ੍ਰਿਤਾ ਵੜਿੰਗ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਗੱਲਬਾਤ ਕੀਤੀ ਗਈ। ਇਸ ਦੌਰਾਨ ਰਾਜਾ ਵੜਿੰਗ ਨੇ ਅਪਣੀ ਪੱਗ ਬਾਰੇ ਦਸਿਆ ਕਿ ਉਨ੍ਹਾਂ ਨੇ ਇਸ ਲਈ ਕੋਈ ਪ੍ਰੈਕਟਿਸ ਨਹੀਂ ਕੀਤੀ, ਉਹ ਪੰਜ ਮਿੰਟ ਵਿਚ ਪੱਗ ਬੰਨ੍ਹ ਲੈਂਦੇ ਹਨ। ਕਦੀ-ਕਦੀ ਆਖਰੀ ਲੜ ਰਹਿ ਜਾਂਦਾ ਹੈ ਤਾਂ ਉਸ ਨੂੰ ਸਮਾਂ ਲੱਗ ਜਾਂਦਾ ਹੈ।
ਇਸ ਮਗਰੋਂ ਅੰਮ੍ਰਿਤਾ ਵੜਿੰਗ ਨੇ (ਮਜ਼ਾਕੀਆ ਲਹਿਜ਼ੇ ਵਿਚ) ਕਿਹਾ ਕਿ ਜਦੋਂ ਆਖਰੀ ਲੜ ਅੜ ਜਾਂਦਾ ਹੈ ਤਾਂ ਪੂਣੀ ਕਰਵਾਉਣ ਵਾਲੇ ਬੰਦੇ ਦੀ ਖੈਰ ਨਹੀਂ ਰਹਿੰਦੀ। ਉਨ੍ਹਾਂ ਦਸਿਆ ਕਿ ਰਾਜਾ ਵੜਿੰਗ ਲਈ ਪੱਗਾਂ ਦੇ ਰੰਗ ਉਹ ਖੁਦ ਹੀ ਚੁਣਦੇ ਹਨ। ਅੰਮ੍ਰਿਤਾ ਵੜਿੰਗ ਦਾ ਕਹਿਣਾ ਹੈ ਕਿ ਲੋਕਾਂ ਨੂੰ ਉਨ੍ਹਾਂ ਦਾ ਪਰਿਵਾਰਕ ਮਾਹੌਲ ਬਹੁਤ ਚੰਗਾ ਲੱਗਦਾ ਹੈ। ਆਪਸੀ ਨੋਕ ਝੋਕ ਬਾਰੇ ਅੰਮ੍ਰਿਤਾ ਵੜਿੰਗ ਨੇ ਦਸਿਆ ਕਿ ਉਨ੍ਹਾਂ ਦੀ ਲੜਾਈ ਇਹੀ ਹੁੰਦੀ ਹੈ ਕਿ ਉਹ ਗੱਲ ਨਹੀਂ ਕਰਦੇ। ਰਾਜਾ ਵੜਿੰਗ ਨੇ ਕਿਹਾ ਕਿ ਹਮੇਸ਼ਾ ਉਹ ਹੀ ਮੁਆਫ਼ੀ ਮੰਗਦੇ ਹਨ ਅਤੇ ਉਹ ਦਿਨ ਵਿਚ 150 ਵਾਰ ‘ਸੌਰੀ’ ਬੋਲਦੇ ਹਨ। ਮੁੱਖ ਮੰਤਰੀ ਬਣਨ ਸਬੰਧੀ ਸਵਾਲ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਅੰਮ੍ਰਿਤਾ ਵੜਿੰਗ ਤਾਂ ਚਾਹੁੰਦੇ ਨੇ ਮੈਂ ਕੱਲ੍ਹ ਮੁੱਖ ਮੰਤਰੀ ਬਣ ਜਾਵਾਂ। ਸਿਆਸਤ ਬਾਰੇ ਗੱਲ ਕਰਦਿਆਂ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਸਿਆਸਤਦਾਨ ਕੋਲ ਪਰਿਵਾਰ ਲਈ ਸਮਾਂ ਨਹੀਂ ਹੁੰਦਾ। ਪਰਿਵਾਰ ਨਾਲ ਸਮਾਂ ਬਤੀਤ ਕਰਨਾ ਜ਼ਿੰਦਗੀ ਦੀ ਸੱਭ ਤੋਂ ਵੱਡੀ ਦੌਲਤ ਹੈ ਪਰ ਉਹ ਅਕਸਰ ਇਸ ਅਮੀਰੀ ਤੋਂ ਵਾਂਝੇ ਰਹਿ ਜਾਂਦੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਸਿਆਸਤਦਾਨ ਨੂੰ ਕੋਈ ਨਾ ਕੋਈ ਕੁਰਬਾਨੀ ਜ਼ਰੂਰ ਦੇਣੀ ਪੈਂਦੀ ਹੈ ਪਰ ਪਰਿਵਾਰ ਨਾਲ ਬਿਤਾਉਣ ਵਾਲਾ ਸਮਾਂ ਵਾਪਸ ਨਹੀਂ ਆਉਂਦਾ। ਬੱਚਿਆਂ ਨੂੰ ਸਿਆਸਤ ਵਿਚ ਲਿਆਉਣ ਸਬੰਧੀ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਅਪਣੀ ਮਰਜ਼ੀ ਹੈ।
(For more Punjabi news apart from Raja Warring and Amrita Warring Interview, stay tuned to Rozana Spokesman)