
ਇਸ ਲੇਖ ਦਾ ਸਿਰਲੇਖ ਪੜ੍ਹ ਕੇ ਪਾਠਕ ਅਪਣੇ ਆਪ ਵਿਚ
ਜ਼ਰੂਰ ਸੋਚਣਗੇ ਕਿ ਅਸੀ ਕਿਥੇ ਗੁਆਚ ਗਏ ਹਾਂ? ਅਪਣੇ ਆਪ ਨੂੰ ਲੱਭਣ ਵਾਲੀ ਕਿਹੜੀ ਗੱਲ ਹੈ?
ਅਸੀ ਗੁਆਚੇ ਹੀ ਨਹੀਂ ਸਗੋਂ ਸਾਡੀ ਪਛਾਣ ਖ਼ਤਮ ਹੋ ਗਈ ਹੈ। ਅਸੀ ਬੁੱਤ ਬਣ ਕੇ ਰਹਿ ਗਏ
ਹਾਂ। ਸਾਡੀ ਸੰਵੇਦਨਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ। ਜ਼ਰਾ ਅਪਣੇ ਪ੍ਰਵਾਰਾਂ ਵਿਚ ਹੀ ਪੰਛੀ
ਝਾਤ ਮਾਰ ਕੇ ਵੇਖ ਲਵੋ। ਮੋਬਾਈਲ ਸਾਡੇ ਉਤੇ ਭਾਰੂ ਹੁੰਦੇ ਜਾ ਰਹੇ ਹਨ। ਸਾਡੇ ਆਪਸੀ
ਸੰਵਾਦ ਖ਼ਤਮ ਹੋ ਕੇ ਰਹਿ ਗਏ ਹਨ। ਘਰ ਪਰਤ ਕੇ ਸਾਰੇ ਜੀਅ ਅਪਣੇ ਅਪਣੇ ਮੋਬਾਈਲ ਵਿਚ ਗੁਆਚ
ਜਾਂਦੇ ਹਨ। ਹੈ ਕੋਈ ਕਿਸੇ ਨੂੰ ਪੁਛਦਾ ਕਿ ਤੇਰਾ ਸਾਰਾ ਦਿਨ ਕਿਵੇਂ ਬੀਤਿਆ?
ਕਿਸੇ ਨੂੰ
ਕਿਸੇ ਦਾ ਫ਼ਿਕਰ ਹੈ ਭਲਾ? ਅਸੀ ਅਪਣੇ ਮਨਾਂ ਦੀ ਸਾਂਝ ਗੁਆ ਬੈਠੇ ਹਾਂ। ਕੋਈ ਵਟਸਐਪ ਵਿਚ
ਮਸਤ ਹੁੰਦਾ ਹੈ ਅਤੇ ਕੋਈ ਫ਼ੇਸਬੁਕ ਵਿਚ। ਕੋਈ ਅਪਣੇ ਸੌਣ ਵਾਲੇ ਕਮਰੇ ਵਿਚ ਵੜਿਆ ਹੁੰਦਾ
ਹੈ ਅਤੇ ਕੋਈ ਘਰ ਦੇ ਕਿਸੇ ਕੋਨੇ ਵਿਚ ਮੋਬਾਈਲ ਫੜ ਕੇ ਕੁੱਝ ਲੱਭ ਰਿਹਾ ਹੁੰਦਾ ਹੈ।
ਸਾਨੂੰ ਅਪਣੇ ਪ੍ਰਵਾਰਾਂ ਦੇ ਜੀਆਂ ਨਾਲੋਂ ਯੂ-ਟਿਊਬ, ਵਟਸਐਪ, ਫ਼ੇਸਬੁਕ ਅਤੇ ਸੋਸ਼ਲ ਮੀਡੀਆ
ਦਾ ਵੱਧ ਫ਼ਿਕਰ ਹੁੰਦਾ ਹੈ। ਮੋਬਾਈਲ ਵਿਚ ਵੜਿਆਂ ਨੂੰ ਸਾਨੂੰ ਕੋਈ ਬੁਲਾ ਤਾਂ ਲਵੇ, ਉਸ
ਵੇਲੇ ਸਾਨੂੰ ਇੰਜ ਲੱਗਣ ਲੱਗ ਪੈਂਦਾ ਹੈ ਕਿ ਜਿਵੇਂ ਉਸ ਨੇ ਸਾਡੇ ਕੋਲੋਂ ਸਾਡੀ ਜਗੀਰ ਖੋਹ
ਲਈ ਹੋਵੇ।
ਟੈਲੀਵਿਜ਼ਨਾਂ ਦੇ ਲੜੀਵਾਰ ਨਾਟਕਾਂ ਅਤੇ ਇੰਟਰਨੈੱਟ ਨੇ ਸਾਨੂੰ ਮਸ਼ੀਨ ਬਣਾ ਕੇ ਰੱਖ ਦਿਤਾ ਹੈ। ਅਸੀ ਕਠਪੁਤਲੀਆਂ ਬਣ ਕੇ ਰਹਿ ਗਏ ਹਾਂ। ਕੰਨਾਂ ਵਿਚ ਈਅਰਫ਼ੋਨ ਫਸਾ ਕੇ ਅਸੀ ਇਵੇਂ ਗੁਆਚੇ ਹੋਏ ਹੁੰਦੇ ਹਾਂ ਜਿਵੇਂ ਆਈ.ਸੀ.ਯੂ. ਵਿਚ ਲਾਸ਼ ਪਈ ਹੋਵੇ। ਉਸ ਨੂੰ ਸਿਰਫ਼ ਸਾਹ ਆ ਰਿਹਾ ਹੋਵੇ ਪਰ ਉਸ ਨੂੰ ਹੋਸ਼ ਕੋਈ ਨਾ ਹੋਵੇ। ਘਰਾਂ ਵਿਚ ਸਾਡੇ ਬਜ਼ੁਰਗ ਸਾਡੇ ਨਾਲ ਅਪਣੇ ਮਨਾਂ ਦੀ ਸਾਂਝ ਪਾਉਣ ਦੇ ਚਾਹਵਾਨ ਹੁੰਦੇ ਹਨ ਪਰ ਅਸੀ ਮੋਬਾਈਲਾਂ ਵਿਚ ਗੁਆਚੇ ਹੋਏ ਹੁੰਦੇ ਹਾਂ। ਦਫ਼ਤਰਾਂ, ਸਿਖਿਆ ਸੰਸਥਾਵਾਂ ਅਤੇ ਹੋਰ ਅਦਾਰਿਆਂ ਵਿਚ ਕੰਮ ਕਰਨ ਨਾਲੋਂ ਸਮਾਰਟ ਫ਼ੋਨਾਂ ਨੂੰ ਜ਼ਿਆਦਾ ਤਰਜੀਹ ਦਿਤੀ ਜਾ ਰਹੀ ਹੈ। ਚੈਟਿੰਗ, ਗੇਮਾਂ ਖੇਡਣ ਅਤੇ ਲੰਮਾ ਸਮਾਂ ਫ਼ੋਨ ਉਤੇ ਗੱਲਬਾਤ ਕਰਨ ਦੇ ਰੁਝਾਨ ਨੇ ਸਰਕਾਰੀ ਅਦਾਰਿਆਂ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਕਰ ਦਿਤੀਆਂ ਹਨ।
ਵਿਗਿਆਨੀਆਂ ਵਲੋਂ ਈਜਾਦ ਕੀਤੇ ਇਸ ਮੋਬਾਈਲ ਯੰਤਰ
ਨੇ ਮਨੁੱਖੀ ਮਨ ਨੂੰ ਸ਼ੈਤਾਨੀਆਂ ਅਤੇ ਤਿਕੜਮਬਾਜ਼ੀਆਂ ਵਲ ਨੂੰ ਵੀ ਤੋਰ ਦਿਤਾ ਹੈ। ਦੂਜਿਆਂ
ਨੂੰ ਫਸਾਉਣ ਲਈ ਉਸ ਦੀ ਆਵਾਜ਼ ਰੀਕਾਰਡ ਕਰ ਲੈਣਾ, ਦਸਤਾਵੇਜ਼ਾਂ ਦੀਆਂ ਤਸਵੀਰਾਂ ਖਿੱਚ
ਲੈਣਾ, ਕਿਸੇ ਦੀ ਗੁਪਤ ਗੱਲ ਨੂੰ ਵੀ ਵੀਡੀਉ ਬਣਾ ਕੇ ਫੈਲਾ ਦੇਣਾ, ਸਰਕਾਰੀ ਭੇਤਾਂ ਨੂੰ
ਵੀਡੀਉ ਬਣਾ ਕੇ ਨਸ਼ਰ ਕਰ ਦੇਣਾ ਮਨੁੱਖੀ ਜ਼ਿੰਦਗੀ ਦੀ ਸੋਚ ਦਾ ਹਿੱਸਾ ਬਣਦੇ ਜਾ ਰਹੇ ਹਨ।
ਕਿਸੇ ਨਾਲ ਆਵਾਜ਼ ਬਦਲ ਕੇ ਗੱਲਾਂ ਕਰਨਾ, ਸੌ ਤਰ੍ਹਾਂ ਦੇ ਝੂਠ ਬੋਲਣਾ, ਵਟਸਐਪ ਅਤੇ
ਫ਼ੇਸਬੁਕ ਤੇ ਅਸ਼ਲੀਲ ਸਮੱਗਰੀ ਪਾਉਣਾ ਮੋਬਾਈਲ ਵਰਤੋਂ ਦਾ ਹਿੱਸਾ ਬਣਦੇ ਜਾ ਰਹੇ ਹਨ। ਭਾਵੇਂ
ਮੋਬਾਈਲ ਵਿਚ ਸਾਰਾ ਕੁੱਝ ਬੁਰਾ ਨਹੀਂ ਹੈ।
ਇਹ ਸਾਡੀ ਸੋਚ ਅਤੇ ਇੱਛਾ ਉਤੇ ਨਿਰਭਰ ਕਰਦਾ
ਹੈ ਕਿ ਅਸੀ ਇਸ ਉਤੇ ਚੰਗਾ ਵੇਖਣਾ ਹੈ ਜਾਂ ਮਾੜਾ। ਜੋ ਮਨੁੱਖ ਦੇ ਹਿਤ ਵਿਚ ਹੈ ਉਸ ਨੇ
ਮਨੁੱਖ ਦੀ ਜ਼ਿੰਦਗੀ ਵਿਚ ਅਲੋਕਾਰੀਆਂ ਤਬਦੀਲੀਆਂ ਲਿਆਂਦੀਆਂ ਹਨ। ਉਸ ਦਾ ਜੀਵਨ ਸੁਖਾਲਾ
ਅਤੇ ਤਰੱਕੀ ਵਲ ਵਧਣ ਵਾਲਾ ਬਣ ਗਿਆ ਹੈ ਪਰ ਜੋ ਉਸ ਲਈ ਨਾਕਾਰਾਤਮਕ ਹੈ ਉਸ ਨੇ ਉਸ ਦੀ
ਜ਼ਿੰਦਗੀ ਨੂੰ ਨਿਘਾਰ ਦੇ ਸਮੁੰਦਰ ਵਿਚ ਡੋਬ ਦਿਤਾ ਹੈ। ਜੇਕਰ ਅਸੀ ਅਪਣੇ ਆਪ ਨੂੰ ਲੱਭ ਲਈਏ
ਤਾਂ ਅਸੀ ਮੋਬਾਈਲ ਉਤੇ ਉਹ ਕੁੱਝ ਨਾ ਵੇਖੀਏ ਜੋ ਸਾਡੇ ਹਿਤ ਵਿਚ ਨਾ ਹੋਵੇ। ਅਸੀ ਉਹ
ਸ਼ੈਤਾਨੀਆਂ ਨਾ ਕਰੀਏ ਜੋ ਸਾਡੇ ਮਨੁੱਖੀ ਅਕਸ ਨੂੰ ਵਿਗਾੜਦਾ ਹੋਵੇ। ਕੋਈ ਸਮਾਂ ਸੀ ਕਿ
ਜਦੋਂ ਕਾਲਜਾਂ, ਯੂਨੀਵਰਸਟੀਆਂ ਵਿਚ ਪੜ੍ਹਦੇ ਬੱਚਿਆਂ ਦੇ ਹੱਥਾਂ ਵਿਚ ਕਿਤਾਬਾਂ ਹੁੰਦੀਆਂ
ਸਨ ਪਰ ਹੁਣ ਉਨ੍ਹਾਂ ਦੇ ਕੰਨਾਂ ਵਿਚ ਈਅਰਫ਼ੋਨ ਅਤੇ ਹੱਥਾਂ ਵਿਚ ਸਮਾਰਟਫ਼ੋਨ ਹੁੰਦੇ ਹਨ।
ਇਨ੍ਹਾਂ ਪਾੜ੍ਹਿਆਂ ਨੂੰ ਵੀ ਪਤਾ ਹੈ ਕਿ ਇਹ ਸਾਰਾ ਕੁੱਝ ਉਨ੍ਹਾਂ ਦੇ ਭਵਿੱਖ ਨੂੰ ਬਰਬਾਦ ਕਰ ਰਿਹਾ ਹੈ ਪਰ ਫਿਰ ਵੀ ਉਹ ਇਸ ਵਿਚ ਗੁਆਚਦੇ ਜਾ ਰਹੇ ਹਨ। ਜੇਕਰ ਉਹ ਅਪਣੇ ਆਪ ਨੂੰ ਲੱਭ ਲੈਣ ਤਾਂ ਹੋ ਸਕਦਾ ਹੈ ਕਿ ਉਹ ਸੰਭਲ ਜਾਣ। ਅਧਿਆਪਕ ਅਤੇ ਮਾਪੇ ਬੱਚਿਆਂ ਦੀਆਂ ਵਿਗੜਦੀਆਂ ਜਾ ਰਹੀਆਂ ਆਦਤਾਂ ਅੱਗੇ ਖ਼ੁਦ ਨੂੰ ਬੇਵੱਸ ਮਹਿਸੂਸ ਕਰ ਰਹੇ ਹਨ।
ਅੱਜ ਪ੍ਰਵਾਰ ਦੇ ਹਰ
ਵਿਅਕਤੀ ਕੋਲ ਸਮਾਰਟਫ਼ੋਨ ਜ਼ਰੂਰ ਹੁੰਦਾ ਹੈ। ਇੰਟਰਨੈੱਟ ਦੀ ਵਰਤੋਂ ਸਾਨੂੰ ਅਫ਼ੀਮ ਦੇ ਨਸ਼ੇ
ਵਾਂਗ ਲਗਦੀ ਜਾ ਰਹੀ ਹੈ। ਕਿਤੇ ਰਾਤ ਬਰਾਤੇ, ਬੱਸ ਗੱਡੀ ਵਿਚ ਸਫ਼ਰ ਕਰਦਿਆਂ ਮੋਬਾਈਲ
ਰੀਚਾਰਜ ਖ਼ਤਮ ਹੋ ਜਾਵੇ, ਨੈੱਟ ਦੀ ਸਪੀਡ ਚਲੀ ਜਾਵੇ ਜਾਂ ਫਿਰ ਮੋਬਾਈਲ ਵਿਚ ਕੁੱਝ ਖ਼ਰਾਬੀ
ਪੈ ਜਾਵੇ ਤਾਂ ਬੰਦਾ ਇੰਜ ਤੜਪਣ ਲੱਗ ਜਾਂਦਾ ਹੈ ਜਿਵੇਂ ਉਸ ਨੂੰ ਡਾਕਟਰ ਨੇ ਕਹਿ ਦਿਤਾ
ਹੋਵੇ ਤੇਰੀ ਜ਼ਿੰਦਗੀ ਬਸ ਕੁੱਝ ਦਿਨਾਂ ਦੀ ਹੀ ਹੈ।
ਉਹ ਮੋਬਾਈਲ ਚਲਾਉਣ ਲਈ ਮੱਛੀ ਵਾਂਗ ਤੜਪਣ ਲੱਗ ਪੈਂਦਾ ਹੈ। ਬੰਦੇ ਨੂੰ ਐਨਾ ਫ਼ਿਕਰ ਅਪਣੀ ਡਿਊਟੀ ਤੇ ਸਮੇਂ ਸਿਰ ਪਹੁੰਚਣ ਦਾ ਨਹੀਂ ਹੁੰਦਾ ਜਿੰਨਾ ਫ਼ਿਕਰ ਉਸ ਨੂੰ ਅਪਣੇ ਮੋਬਾਈਲ ਦੀ ਬੈਟਰੀ ਚਾਰਜ ਕਰਨ ਦਾ ਹੁੰਦਾ ਹੈ। ਡਾਕਟਰ ਸਾਨੂੰ ਸੌ ਸਲਾਹਾਂ ਦੇ ਰਹੇ ਹਨ ਕਿ ਕੰਨਾਂ ਵਿਚ ਈਅਰਫ਼ੋਨ ਦੀ ਵਰਤੋਂ ਨਾ ਕਰੋ। ਇਹ ਸਾਡੀ ਸੁਣਨਸ਼ਕਤੀ ਨੂੰ ਪ੍ਰਭਾਵਤ ਕਰਦੇ ਹਨ। ਮੋਬਾਈਲ ਦੀਆਂ ਕਿਰਨਾਂ ਸਾਡੇ ਦਿਲ ਅਤੇ ਦਿਮਾਗ਼ ਉਤੇ ਮਾੜਾ ਅਸਰ ਪਾ ਰਹੀਆਂ ਹਨ। ਇਸ ਲਈ ਮੋਬਾਈਲ ਦੀ ਜ਼ਿਆਦਾ ਵਰਤੋਂ ਨਾ ਕਰੋ। ਰਾਤ ਨੂੰ ਹਨੇਰੇ ਵਿਚ ਮੋਬਾਈਲ ਦੀ ਵਰਤੋਂ ਨਾ ਕਰੋ, ਇਹ ਸਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਪਰ ਸਾਡੇ ਉਤੇ ਡਾਕਟਰਾਂ ਦੇ ਕਹਿਣ ਦਾ ਕੋਈ ਅਸਰ ਹੈ ਭਲਾ? ਅਸੀ ਡਾਕਟਰਾਂ ਦੇ ਕਹੇ
ਤੋਂ ਸੱਭ ਕੁੱਝ ਉਲਟ ਕਰਦੇ ਹਾਂ। ਅਸੀ ਐਨੇ ਗੁਆਚੇ ਹੋਏ ਹਾਂ ਕਿ ਸਾਨੂੰ ਮਾੜੇ-ਚੰਗੇ ਵਿਚ
ਫ਼ਰਕ ਦੀ ਪਛਾਣ ਹੋਣੀ ਬੰਦ ਹੋ ਗਈ ਹੈ। ਸਾਡੇ ਬੱਚਿਆਂ ਕੋਲ ਲੋੜ ਅਨੁਸਾਰ ਕਿਤਾਬਾਂ ਹੋਣ
ਜਾਂ ਨਾ ਹੋਣ ਪਰ ਉਨ੍ਹਾਂ ਕੋਲ ਸਮਾਰਟ ਫ਼ੋਨ ਜ਼ਰੂਰ ਹੁੰਦਾ ਹੈ। ਇਕ ਹਸਪਤਾਲ ਵਿਚ ਇਕ
ਵਿਅਕਤੀ ਨੂੰ ਮਰੀਜ਼ ਹੋਣ ਦੀ ਹਾਲਤ ਵਿਚ ਖ਼ੂਨ ਚੜ੍ਹ ਰਿਹਾ ਸੀ। ਉਸ ਦੀ ਪਤਨੀ ਉਸ ਦੇ ਬੈੱਡ
ਕੋਲ ਬੈਠਿਆਂ ਮੋਬਾਈਲ ਉਤੇ ਚੈਟਿੰਗ ਕਰ ਰਹੀ ਸੀ। ਉਹ ਮੋਬਾਈਲ ਉਤੇ ਐਨਾ ਗੁਆਚ ਗਈ ਸੀ ਕਿ
ਉਸ ਨੂੰ ਪਤਾ ਹੀ ਨਾ ਲੱਗਾ ਕਿ ਉਸ ਦੇ ਪਤੀ ਨੂੰ ਖ਼ੂਨ ਰਿਐਕਸ਼ਨ ਕਰ ਗਿਆ ਹੈ। ਜੇਕਰ ਡਾਕਟਰ
ਸਮੇਂ ਸਿਰ ਆ ਕੇ ਨਾ ਦਸਦਾ ਤਾਂ ਸ਼ਾਇਦ ਉਸ ਔਰਤ ਦੇ ਸਿਰ ਤੇ ਚਿੱਟਾ ਦੁਪੱਟਾ ਹੋਣਾ ਸੀ।
ਸੰਪਰਕ : 98726-27136