ਖੇਤਾਂ ਦੀ ਉਦਾਸੀ ਪਿੰਡਾਂ ਦੀਆਂ ਜੂਹਾਂ ਤੋਂ ਅਖ਼ਬਾਰਾਂ ਦੇ ਪੰਨਿਆਂ ਤਕ
Published : Aug 28, 2017, 10:39 pm IST
Updated : Aug 28, 2017, 5:09 pm IST
SHARE ARTICLE



ਖੇਤਾਂ ਦੀ ਉਦਾਸੀ ਪਿੰਡ ਦੀਆਂ ਜੂਹਾਂ ਤੋਂ ਲੈ ਕੇ ਅਖ਼ਬਾਰਾਂ ਦੇ ਪੰਨਿਆਂ ਤਕ ਪਸਰ ਗਈ ਹੈ। ਅਖ਼ਬਾਰ ਦੇ ਪੰਨੇ ਪਰਤਣ ਲਗਿਆਂ ਅਜੀਬ ਕਿਸਮ ਦੀ ਘਬਰਾਹਟ ਹੁੰਦੀ ਹੈ। 'ਤਿੰਨ ਹੋਰ ਕਿਸਾਨਾਂ ਵਲੋਂ ਅਪਣੀ ਜੀਵਨ ਲੀਲਾ ਖ਼ਤਮ' ਵਰਗੀਆਂ ਅਖ਼ਬਾਰਾਂ ਦੇ ਸਫ਼ਿਆਂ ਤੇ ਸਰਾਲ ਵਾਂਗ ਲੇਟੀਆਂ ਸੁਰਖ਼ੀਆਂ ਸਵੇਰ ਸਾਰ ਰੂਹ 'ਚ ਭਖੜੇ ਵਾਂਗ ਚੁੱਭ ਜਾਂਦੀਆਂ ਨੇ। ਖੇਤਾਂ ਵਿਚ ਹੁਣ ਫ਼ਸਲਾਂ ਨਹੀਂ, ਕਰਜ਼ਾ ਉਗਦਾ ਹੈ ਜੋ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਮੌਤ ਦਾ ਵਾਰੰਟ ਹੋ ਨਿਬੜਦਾ ਹੈ। ਪਿੰਡਾਂ ਦੇ ਚੌਗਿਰਦੇ ਵਿਚ ਖੜੇ ਦਰੱਖ਼ਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਸਲੀਬਾਂ ਬਣ ਗਏ ਹਨ ਜਿਨ੍ਹਾਂ ਨਾਲ ਲਟਕ ਕੇ ਉਹ ਅਪਣੀ ਸੰਸਾਰਕ ਯਾਤਰਾ ਅਧਵਾਟੇ ਹੀ ਖ਼ਤਮ ਕਰ ਲੈਂਦੇ ਨੇ ।
ਅਕਸਰ ਖ਼ਿਆਲ ਆਉਂਦਾ ਹੈ ਕਿ ਜੇਕਰ ਯੁੱਗ ਕਵੀ ਧਨੀ ਰਾਮ ਚਾਤ੍ਰਿਕ ਅੱਜ ਹੁੰਦਾ ਤਾਂ ਉਹ ਕਿਸਾਨੀ ਦੇ ਦਰਦ ਨੂੰ ਕਿਵੇਂ ਕਲਮਬੰਦ ਕਰਦਾ? ਉਸ ਦੇ ਗੀਤਾਂ ਦੇ ਬੋਲ ਕੀ ਹੁੰਦੇ? ਲੰਘੀ ਸਦੀ 'ਚ ਉਸ ਨੇ ਕਿਸਾਨਾਂ ਦੀ ਖ਼ੁਸ਼ਹਾਲੀ ਦਾ ਚਿਤਰਣ ਬਾਖ਼ੂਬੀ ਕੀਤੀ ਸੀ। ਉਸ ਦੇ ਬੋਲ ਸਨ:
ਤੂੜੀ ਤੰਦ ਸਾਂਭ, ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕਟ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦੁਮਾਮੇ ਜੱਟ ਮੇਲੇ ਆ ਗਿਆ।
ਕਿਸਾਨੀ ਲਈ ਉਹ ਜ਼ਰੂਰ ਭਲਾ ਸਮਾਂ ਹੋਵੇਗਾ। ਚਾਤ੍ਰਿਕ ਨੇ ਸ਼ਾਹਾਂ ਦੇ ਹਿਸਾਬ ਦੀ ਗੱਲ ਕੀਤੀ ਹੈ ਭਾਵ ਉਹ ਕਰਜ਼ੇ ਦਾ ਜ਼ਿਕਰ ਕਰਦਾ ਹੈ। ਪਰ ਇਸ ਦੇ ਬਾਵਜੂਦ ਉਸ ਦੇ ਬੋਲਾਂ ਵਿਚੋਂ ਕਿਸਾਨਾਂ ਦੀ ਚੜ੍ਹਦੀ ਕਲਾ ਡੁੱਲ੍ਹ ਡੁੱਲ੍ਹ ਪੈਂਦੀ ਹੈ। ਪਰ ਚਾਤ੍ਰਿਕ ਦਾ ਸਮਾਂ ਹੋਰ ਸੀ। ਹੁਣ ਹਾਲਾਤ ਬਦਲ ਚੁਕੇ ਹਨ। ਇਸੇ ਕਰ ਕੇ ਕਈ ਸਾਲ ਪਹਿਲਾਂ ਸੰਤ ਰਾਮ ਉਦਾਸੀ ਨੂੰ  ਲਿਖਣਾ ਪਿਆ ਸੀ:
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲਾਂ 'ਚ ਨੀਰ ਵਗਿਆ,
ਲਿਆ ਤੂੜੀ 'ਚੋਂ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ ਜੱਗਿਆ।
ਇਨ੍ਹਾਂ ਬੋਲਾਂ ਵਿਚ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੇ ਮੰਦੜੇ ਹਾਲ ਦਾ ਵਰਨਣ ਰੂਹ ਨੂੰ ਤੜਫਾਉਂਦਾ ਹੈ। ਇਸੇ ਤਰ੍ਹਾਂ ਕਿਸਾਨੀ ਦੀ ਬੇਹਾਲੀ ਦਾ ਜ਼ਿਕਰ ਕਰਦੇ ਪਾਸ਼ ਨੇ ਕਈ ਸਾਲ ਪਹਿਲਾਂ ਲਿਖਿਆ ਸੀ:
ਇਹ ਤਾਂ ਸਾਰੀ ਉਮਰ ਨਹੀਂ ਲੱਥਣਾ,
ਭੈਣਾਂ ਦੇ ਵਿਆਹ ਤੇ ਚੁਕਿਆ ਕਰਜ਼ਾ,
ਪੈਲੀਆਂ ਵਿਚ ਛਿੜਕੇ ਹੋਏ ਲਹੂ ਦਾ,
ਹਰ ਕਤਰਾ ਇਕੱਠਾ ਕਰ ਕੇ,
ਏਨਾ ਰੰਗ ਨਹੀਂ ਬਣਨਾ, ਕਿ ਚਿੱਤਰ ਲਵਾਂਗੇ,
ਇਕ ਸ਼ਾਂਤ ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ।
ਇਕ ਹੋਰ ਥਾਂ ਉਹ ਲਿਖਦਾ ਹੈ:
ਤੇਲ ਦੇ ਘਾਟੇ, ਸੜਦੀਆਂ ਫ਼ਸਲਾਂ,
ਬੈਂਕ ਦੀਆਂ ਮਿਸਲਾਂ ਦੇ ਜਾਲ ਅੰਦਰ
ਫੜਫੜਾਉਂਦੇ ਪਿੰਡ,
ਤੇ ਸ਼ਾਂਤੀ ਲਈ ਫੈਲੀਆਂ ਬਾਹਾਂ,
ਸਾਡੇ ਯੁਗ ਦਾ ਸੱਭ ਤੋਂ ਕਮੀਨਾ ਚੁਟਕਲਾ ਹੈ।
ਵਕਤ ਦੀਆਂ ਸਰਕਾਰਾਂ ਨੇ ਹਰੇ ਇਨਕਲਾਬ ਨੂੰ ਕਿਸੇ ਵੱਡੀ ਤਰਕੀਬ ਅਧੀਨ ਕਿਸਾਨਾਂ ਦੀ ਖ਼ੁਸ਼ਹਾਲੀ ਦੇ ਪ੍ਰਤੀਕ ਵਜੋਂ ਇਸ ਕਦਰ ਉਭਾਰਿਆ ਕਿ ਕਿਸਾਨੀ ਸੁਧ-ਬੁਧ ਗਵਾ ਬੈਠੀ। 'ਦੱਬ ਕੇ ਵਾਹ ਤੇ ਰੱਜ ਕੇ ਖਾ' ਦੇ ਨਾਹਰੇ ਨੂੰ ਰੇਡੀਉ ਤੋਂ ਏਨਾ ਪ੍ਰਚਾਰਿਆ ਗਿਆ ਕਿ ਕਿਸਾਨੀ ਇਸ ਦੀ ਚਕਾਚੌਂਧ ਵਿਚ ਫੱਸ ਗਈ। ਉਨ੍ਹਾਂ ਕਰਜ਼ਾ ਚੁਕ ਕੇ ਟਰੈਕਟਰ ਲੈ ਲਏ, ਟਿਊਬਵੈੱਲ ਲਾ ਲਏ। ਹੋਰ ਸੰਦ ਸੰਦੇੜਾ ਏਨਾ ਖ਼ਰੀਦ ਲਿਆ ਕਿ ਅਪਣਾ ਝੁੱਗਾ ਚੌੜ ਕਰਵਾ ਲਿਆ। ਸਰਕਾਰਾਂ ਦੀ ਫੋਕੀ ਸ਼ਾਬਾਸ਼ ਦਾ ਕਮਲਾ ਕੀਤਾ ਹੋਇਆ ਉਹ ਕਰਜ਼ੇ ਦੀ ਪੰਡ ਚੁਕਦਾ ਰਿਹਾ। ਉਹ ਝੂਠ-ਮੁਠ ਦੀ ਵਾਹ-ਵਾਹ ਦੇ ਜਾਲ 'ਚ ਫਸਿਆ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਤੇ ਆਖ਼ਰ ਉਹ ਖ਼ੁਦ ਮਿੱਟੀ ਹੋ ਗਿਆ। ਦੇਸ਼ ਆਤਮਨਿਰਭਰ ਹੋ ਗਿਆ, ਪਰ ਕਿਸਾਨ ਨਿਰਧਨ ਹੋ ਗਿਆ। ਉੱਘੇ ਅਰਥਸ਼ਾਸਤਰੀ ਡਾ. ਗਿਆਨ ਸਿੰਘ ਦਾ ਕਹਿਣਾ ਹੈ ਕਿ ਹਰ ਤੀਜਾ ਕਿਸਾਨ ਪੰਜਾਬ 'ਚ ਗ਼ਰੀਬੀ ਦੀ ਰੇਖਾ ਤੋਂ ਥੱਲੇ ਹੈ। ਕਿਸਾਨਾਂ ਦੇ ਖ਼ਰਚੇ ਵੱਧ ਗਏ ਹਨ ਤੇ ਆਮਦਨ ਘੱਟ ਗਈ ਹੈ। ਨਤੀਜੇ ਵਜੋਂ ਕਿਸਾਨ ਕਰਜ਼ਈ ਹੋ ਰਿਹਾ ਹੈ। ਕਿਸਾਨ ਪ੍ਰਵਾਰਾਂ ਦੀ ਔਸਤ ਆਮਦਨ 2 ਲੱਖ 90 ਹਜ਼ਾਰ ਹੈ ਪਰ ਖ਼ਰਚਾ 3 ਲੱਖ 35 ਹਜ਼ਾਰ। ਜ਼ਾਹਰ ਹੈ ਕਿ ਉਹ ਘਾਟੇ ਦੀ ਖੇਤੀ ਕਰਦਾ ਹੈ ਜਿਸ ਕਰ ਕੇ ਉਸ ਦੀ ਆਰਥਕ ਹਾਲਤ ਦਿਨੋ-ਦਿਨ ਪਤਲੀ ਹੁੰਦੀ ਜਾਂਦੀ ਹੈ।
ਪੰਜਾਬੀ ਯੂਨੀਵਰਸਟੀ ਵਲੋਂ ਪੰਜਾਬ ਸਰਕਾਰ ਦੇ ਕਹਿਣ ਤੇ ਕੀਤੇ ਗਏ ਸਰਵੇ ਤੋਂ ਪਤਾ ਲਗਿਆ ਹੈ ਕਿ ਪਿਛਲੇ ਕੁੱਝ ਸਾਲਾਂ ਵਿਚ ਆਤਮਹਤਿਆ ਦੀਆਂ ਘਟਨਾਵਾਂ ਵਿਚ ਬਹੁਤ ਵਾਧਾ ਹੋਇਆ ਹੈ। ਇਸ ਯੂਨੀਵਰਸਟੀ ਵਲੋਂ ਕੀਤੇ ਸੱਤ ਜ਼ਿਲ੍ਹਿਆਂ ਦੇ ਸਰਵੇ ਵਿਚ ਜੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਵਿਚ 2000 ਤੋਂ 2010 ਤਕ 365 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਆਤਮਹਤਿਆ ਕੀਤੀ ਸੀ।ਪਰ 2010 ਤੋਂ 2016 ਤਕ ਭਾਵ ਅਗਲੇ 6 ਸਾਲਾਂ ਵਿਚ 1317 ਕਿਸਾਨਾਂ ਨੇ ਖ਼ੁਦਕਸ਼ੀਆਂ ਕੀਤੀਆਂ ਹਨ। ਕਹਿਣ ਤੋਂ ਭਾਵ ਕਿ ਗਿਣÎਤੀ ਵਿਚ ਚਾਰ ਗੁਣਾ ਵਾਧਾ ਹੋਇਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ 2000 ਤੋਂ ਲੈ ਕੇ 2016 ਤਕ 1682 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਆਤਮਹਤਿਆ ਕੀਤੀ ਹੈ।
ਜਦੋਂ ਯੂਨੀਵਰਸਟੀਆਂ ਨੇ ਪਹਿਲਾ ਸਰਵੇ 2000 ਤੋਂ ਮਾਰਚ 2010 ਤਕ ਦਾ ਕੀਤਾ ਸੀ ਤਾਂ ਸਾਰੇ ਪੰਜਾਬ ਵਿਚ ਉਸ ਸਮੇਂ 6926 ਆਤਮਹਤਿਆ ਦੇ ਕੇਸ ਸਾਹਮਣੇ ਆਈ ਸਨ। ਇਨ੍ਹਾਂ ਵਿਚੋਂ 3954 ਕਿਸਾਨ ਅਤੇ 2972 ਖੇਤ ਮਜ਼ਦੂਰ ਸਨ। ਤਕਰੀਬਨ 80 ਫ਼ੀ ਸਦੀ ਖ਼ੁਦਕਸ਼ੀਆਂ ਦਾ ਕਾਰਨ ਕਰਜ਼ਾ ਸੀ। ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਕਿਸਾਨ ਐਸ਼ੋ ਇਸ਼ਰਤ ਅਤੇ ਅਪਣੇ ਸਮਾਜਕ ਸਰੋਕਾਰਾਂ ਉਤੇ ਜ਼ਿਆਦਾ ਖ਼ਰਚਾ ਕਰ ਕੇ ਕਰਜ਼ਈ ਹੋ ਰਿਹਾ ਹੈ ਸ਼ਾਇਦ ਉਨ੍ਹਾਂ ਲੋਕਾਂ ਨੂੰ ਕਿਸਾਨੀ ਦੀ ਆਰਥਕਤਾ ਦਾ ਉਕਾ ਹੀ ਗਿਆਨ ਨਹੀਂ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਕਿਸਾਨ ਮਰ ਰਹੇ ਹਨ, ਉਹ ਜੀਵਨ ਨਿਰਬਾਹ ਕਿਵੇਂ ਕਰਦੇ ਹਨ? ਉਨ੍ਹਾਂ ਨੇ ਐਸ਼ੋ ਂਿÂਸ਼ਰਤ ਬਾਰੇ ਤਾਂ ਕੀ ਸੋਚਣਾ ਸੀ, ਉਨ੍ਹਾਂ ਨੂੰ ਤਾਂ ਦੋ ਡੰਗ ਦੀ ਰੋਟੀ ਹੀ ਮਸਾਂ ਜੁੜਦੀ ਹੈ। ਅਸਲ ਵਿਚ ਜਿਹੜੇ ਲੋਕ ਇਹ ਪ੍ਰਚਾਰ ਕਰ ਰਹੇ ਹਨ ਕਿ ਕਿਸਾਨ ਫ਼ਜ਼ੂਲ ਖ਼ਰਚੇ ਵਿਚ ਰੁੱਝੇ ਹੋਏ ਹਨ, ਉਹ ਕਿਸਾਨਾਂ ਦੇ ਜਜ਼ਬਾਤ ਨਾਲ ਖੇਡ ਰਹੇ ਹਨ। ਅਜਿਹੇ ਲੋਕਾਂ ਨੂੰ ਪਿੰਡਾਂ ਵਿਚ ਰਹਿ ਕੇ ਪਹਿਲਾਂ ਕਿਸਾਨਾਂ ਦੇ ਜੀਵਨ ਨਿਰਬਾਹ ਦੀ  ਅਸਲੀਅਤ ਤੋਂ ਜਾਣੂ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਕੋਈ ਉਨ੍ਹਾਂ ਦੀ ਹਾਲਤ ਬਾਰੇ ਟਿਪਣੀ ਕਰਨੀ ਚਾਹੀਦੀ ਹੈ।
ਅਸਲੀਅਤ ਇਹ ਹੈ ਕਿਸਾਨਾਂ ਦੀ ਮੌਤ ਮਹਿਜ਼ ਇਕ ਅੰਕੜਾ ਬਣ ਕੇ ਰਹਿ ਗਈ ਹੈ। ਸਮੇਂ ਸਮੇਂ ਸਿਰ ਸਰਕਾਰ ਗਿਣਤੀ-ਮਿਣਤੀ ਕਰਨ ਦਾ ਕੰਮ ਯੂਨੀਵਰਸਟੀਆਂ ਨੂੰ ਦੇ ਦਿੰਦੀ ਹੈ। ਕਿਸਾਨਾਂ ਦੀ ਮੌਤ ਰਾਜਸੀ ਪਾਰਟੀਆਂ ਲਈ ਇਕ-ਦੂਜੇ ਨੂੰ ਮਿਹਣੇ ਮਾਰਨ ਦਾ ਧੰਦਾ ਬਣ ਗਈ ਹੈ। ਰਾਜ ਕਰਨ ਵਾਲੀ ਧਿਰ ਕਹਿ ਛਡਦੀ ਹੈ ਕਿ ਤੁਹਾਡੀ ਸਰਕਾਰ ਵੇਲੇ ਜ਼ਿਆਦਾ ਮਰੇ ਸਨ ਅਤੇ ਸਾਡੀ ਵਾਰੀ ਘੱਟ ਮਰੇ ਹਨ। ਵਿਰੋਧੀ ਪਾਰਟੀਆਂ ਕਹਿ ਛਡਦੀਆਂ ਹਨ ਕਿ ਪਹਿਲਾਂ ਘੱਟ ਮਰੇ ਸਨ ਤੇ ਹੁਣ ਜ਼ਿਆਦਾ ਮਰੇ ਹਨ। ਇਹ ਬਿਆਨਬਾਜ਼ੀ ਵੀ ਇਕ ਚੰਗੀ ਰਾਜਸੀ ਕਮਾਈ ਦਾ ਜ਼ਰੀਆ ਬਣ ਗਈ ਹੈ। ਰਾਜਸੀ ਕੋੜਮੇ ਦਾ ਸਬੰਧ ਸਿਰਫ਼ ਬਿਆਨਬਾਜ਼ੀ ਤਕ ਹੀ ਹੈ ਅਤੇ ਉਸ ਤੋਂ ਬਾਅਦ ਸਾਰਾ ਕੁੱਝ ਮਹਿਜ਼ ਮਗਰਮੱਛ ਦੇ ਹੰਝੂ ਹੀ ਹਨ।
ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਕਿ ਲਗਾਤਾਰ ਕਈ ਸਾਲ ਸਮੇਂ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਦੀਆਂ ਖ਼ੁਦਕਸ਼ੀਆਂ ਤੋਂ ਮੁਨਕਰ ਰਹੀਆਂ। ਜਿਉਂਦਾ ਰਹੇ ਇੰਦਰਜੀਤ ਸਿੰਘ ਜੇਜੀ। ਉਸ ਨੇ ਖੇਤੀ ਖੇਤਰ ਵਿਚ ਕਿਸਾਨਾਂ ਦੀਆਂ ਖ਼ੁਦਕਸ਼ੀਆਂ ਦਾ ਅਜਿਹਾ ਬੀੜਾ ਚੁਕਿਆ ਕਿ ਸਰਕਾਰ ਨੂੰ ਅਖ਼ੀਰ ਮੰਨਣਾ ਪਿਆ ਕਿ ਕਿਸਾਨ ਖ਼ੁਦਕਸ਼ੀਆਂ ਕਰ ਰਹੇ ਨੇ। ਇਸ ਸਦੀ ਦੇ ਪਹਿਲੇ ਦਹਾਕੇ ਵਿਚ ਸਰਕਾਰ ਨੇ ਪਹਿਲੀ ਵਾਰ ਬਜਟ ਵਿਚ ਕਿਸਾਨਾਂ ਦੀ ਮਾਲੀ ਮਦਦ ਕਰਨ ਦਾ ਐਲਾਨ ਕੀਤਾ। ਇਹ ਵਖਰੀ ਗੱਲ ਹੈ ਕਿ ਂਿÂਹ ਮਾਲੀ ਮਦਦ ਦੇਣ ਵੇਲੇ ਸਰਕਾਰੀ ਤੰਤਰ ਦਾ ਕਿਸਾਨਾਂ ਪ੍ਰਤੀ ਰਵਈਆ ਬੜਾ ਗ਼ੈਰਮਨੁੱਖੀ ਹੁੰਦਾ ਹੈ। ਕਿਸਾਨਾਂ ਦੀਆਂ ਖ਼ੁਦਕਸ਼ੀਆਂ ਦਾ ਸਿਲਸਿਲਾ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਲਹਿਰ ਅਤੇ ਮੂਨਕ ਇਲਾਕੇ ਦੇ ਕਪਾਹ ਖ਼ਿੱਤੇ ਵਿਚ ਸ਼ੁਰੂ ਹੋਇਆ ਤੇ ਫਿਰ ਸਾਰੀ ਨਰਮਾ ਬੈਲਟ ਵਿਚ ਫੈਲ ਗਿਆ। ਹੌਲੀ ਹੌਲੀ ਇਸ ਦੀ ਲਪੇਟ ਵਿਚ ਹੁਣ ਸਾਰਾ ਪੰਜਾਬ ਆ ਗਿਆ ਹੈ।
ਆਖ਼ਰ ਕਿਸਾਨ ਦੀ ਟੁੱਟ ਰਹੀ ਆਰਥਕਤਾ ਦਾ ਸਰਕਾਰੇ-ਦਰਬਾਰੇ ਜ਼ਿਕਰ ਹੋਣਾ ਸ਼ੁਰੂ ਹੋਇਆ ਹੈ। ਕਿਸਾਨ ਜਥੇਬੰਦੀਆਂ ਦਾ ਵੀ ਇਸ ਵਿਚ ਯੋਗਦਾਨ ਰਿਹਾ ਹੈ। ਕਿਸਾਨਾਂ ਦੀ ਮੰਦਹਾਲੀ ਹੁਣ ਸਿਆਸੀ ਮੰਚ ਉਤੇ ਜ਼ੇਰੇ ਬਹਿਸ ਹੈ। ਕਰਜ਼ਾ ਹੁਣ ਇਕ ਵੱਡਾ ਸਿਆਸੀ ਮੁੱਦਾ ਬਣ ਗਿਆ ਹੈ। ਰਾਜਸੀ ਪਾਰਟੀਆਂ ਤੇ ਖੇਤਾਂ ਵਿਚੋਂ ਉਠ ਰਹੀ ਗੁੱਸੇ ਦੀ ਲਹਿਰ ਦਾ ਦਬਾਅ ਵੱਧ ਰਿਹਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ  ਦੇਸ਼ ਦੇ ਅਰਥਚਾਰੇ ਦੇ ਨੀਤੀਘਾੜਿਆਂ ਦੀ ਸੋਚ 'ਚੋਂ ਕਿਸਾਨ ਮਨਫ਼ੀ ਹੋ ਰਿਹਾ ਹੈ ਜਦਕਿ ਦੇਸ਼ ਦਾ ਅਰਥਚਾਰਾ ਉਸ ਉਤੇ ਨਿਰਭਰ ਹੈ। ਜੇਕਰ ਉਹ ਟੁੱਟ ਗਿਆ ਤਾਂ ਇਸ ਦੇਸ਼ ਦਾ ਬੁਰਾ ਹਾਲ ਹੋ ਜਾਵੇਗਾ। ਸਵਾਲ ਹੈ ਕਿ ਕੌਣ ਭਰੇਗਾ 120 ਕਰੋੜ ਲੋਕਾਂ ਦਾ ਢਿੱਡ?
ਸੱਭ ਤੋਂ ਤਕਲੀਫ਼ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਕਿਸਾਨੀ ਨਿਰਾਸ਼ਾ ਦੇ ਆਲਮ ਵਿਚ ਡੁੱਬੀ ਹੋਈ ਹੈ ਤਾਂ ਉਸ ਸਮੇਂ ਕੇਂਦਰ ਸਰਕਾਰ ਦਾ ਖੇਤੀ ਅਰਥਚਾਰੇ ਬਾਰੇ ਵਤੀਰਾ ਬਹੁਤ ਹੀ ਦਿਲ ਦੁਖਾਊ ਹੈ। ਦੇਸ਼ ਦਾ ਵਿੱਤ ਮੰਤਰੀ ਅਰੁਣ ਜੇਤਲੀ ਵਾਰ ਵਾਰ ਕਹਿ ਚੁਕਾ ਹੈ ਕਿ ਕੇਂਦਰ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਲਈ ਰਾਜਾਂ ਦੀ ਮਦਦ ਨਹੀਂ ਕਰੇਗਾ। ਪਹਿਲਾਂ ਹੀ ਕੇਂਦਰ ਸਰਕਾਰ ਸਵਾਮੀਨਾਥਨ ਰੀਪੋਰਟ ਲਾਗੂ ਕਰਨ ਤੋਂ ਭੱਜ ਗਈ ਹੈ ਹਾਲਾਂਕਿ 2014 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਇਹ ਰੀਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ।
ਇਹੀ ਕਾਰਨ ਹੈ ਕਿ ਕਿਸਾਨੀ ਵਿਚ ਸਾਰੇ ਦੇਸ਼ ਵਿਚ ਗੁੱਸੇ ਦੀ  ਲਹਿਰ ਜ਼ੋਰ ਫੜ ਰਹੀ ਹੈ। ਕੁੱਝ ਦਿਨ ਪਹਿਲਾਂ ਤਾਮਿਲਨਾਡੂ ਦੇ ਕਿਸਾਨ ਕਈ ਦਿਨ ਦਿੱਲੀ ਵਿਚ ਅਪਣਾ ਮੁਜ਼ਾਹਰਾ ਕਰ ਕੇ ਗਏ ਹਨ। ਮਹਾਰਾਸ਼ਟਰ ਵਿਚ ਵੀ ਇਹ ਹੋ ਚੁਕਾ ਤੇ ਪੰਜਾਬ ਦੇ ਕਿਸਾਨ ਵੀ ਬਹੁਤ ਵਾਰ ਦਿੱਲੀ ਜਾ ਚੁਕੇ ਹਨ।  ਹਰਿਆਣਾ ਅਤੇ ਗੁਜਰਾਤ ਦੇ ਕਿਸਾਨ ਵੀ ਕਾਫ਼ੀ ਲੰਮੇ ਸਮੇ ਤੋਂ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਦਾ ਰੋਹ ਆਉਣ ਵਾਲੇ ਦਿਨਾਂ ਵਿਚ ਹੋਰ ਪ੍ਰਚੰਡ ਰੂਪ ਧਾਰਨ ਕਰ ਸਕਦਾ ਹੈ। ਅਸਲ ਵਿਚ ਕੇਂਦਰੀ ਵਿਤ ਮੰਤਰੀ ਨੇ ਕਿਸਾਨ ਕਰਜ਼ਿਆਂ ਬਾਰੇ ਏਨਾ ਰੁੱਖਾ ਬਿਆਨ ਦਿਤਾ ਜਿਸ ਨਾਲ ਕਿਸਾਨਾਂ ਦੇ ਹਿਰਦਿਆਂ ਉਤੇ ਸੱਟ ਵੱਜੀ ਹੈ। ਕੇਂਦਰ ਸਰਕਾਰ ਕੋਲ ਆਮਦਨ ਦੇ ਏਨੇ ਜ਼ਿਆਦਾ ਵਸੀਲੇ ਹਨ ਕਿ ਉਹ ਕਰਜ਼ੇ ਦਾ ਭਾਰ ਸਹਿਜੇ ਹੀ ਚੁੱਕ ਸਕਦੀ ਹੈ ਹਾਲਾਂਕਿ ਕਰਜ਼ਾ ਮਾਫ਼ ਕਰਨ ਨਾਲ ਗੱਲ ਨਿਬੜਨੀ ਨਹੀਂ। ਪੰਜਾਬ ਵਰਗੇ ਸੂਬੇ ਵਿਚ ਕਿਸਾਨੀ ਦੇ ਕਰਜ਼ੇ ਮਾਫ਼ੀ ਦੇ ਐਲਾਨ ਮਗਰੋਂ ਖ਼ੁਦਕਸ਼ੀਆਂ ਦਾ ਸਿਲਸਿਲਾ ਹੋਰ ਤੇਜ਼ ਹੋ ਗਿਆ ਹੈ।
ਖ਼ੁਦਕੁਸ਼ੀਆਂ ਰੋਕਣ ਲਈ ਵੱਡੇ ਉਪਰਾਲੇ ਦੀ ਜ਼ਰੂਰਤ ਹੈ। ਕਿਸਾਨੀ ਦਾ ਮਨੋਬਲ ਏਨਾ ਡਿੱਗ ਪਿਆ ਹੈ ਕਿ ਉਸ ਨੂੰ ਮੁੜ ਬਹਾਲ ਕਰਨ ਲਈ ਸਮਾਜਕ, ਰਾਜਨੀਤਕ ਅਤੇ ਧਾਰਮਕ ਪੱਧਰ ਤੇ ਵੱਡੀ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ। ਮਨੋਬਲ ਡਿੱਗਣ ਦੇ ਕਈ ਕਾਰਨ ਹਨ। ਕਿਸਾਨ ਅਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਤ ਹੈ। ਭ੍ਰਿਸ਼ਟ ਵਿਵਸਥਾ ਵਿਚ ਉਹ ਇਕੱਲਾ ਪੈ ਗਿਆ ਹੈ। ਵਿਦਿਅਕ ਢਾਂਚਾ ਨਿਘਰ ਗਿਆ ਹੈ ਜਿਸ ਕਰ ਕੇ ਉਸ ਦੇ ਬੱਚੇ ਨੌਕਰੀ ਦੇ ਕਾਬਲ ਵੀ ਨਹੀਂ ਬਣਦੇ। ਵੱਡਾ ਸਵਾਲ ਇਹ ਹੈ ਕਿ ਕਿਵੇਂ ਖੇਤੀ ਛੋਟੀ ਅਤੇ ਦਰਮਿਆਨੀ ਕਿਸਾਨੀ ਲਈ ਲਾਹੇਵੰਦ ਧੰਦਾ ਬਣੇ? ਛੋਟੀ ਤੇ ਦਰਮਿਆਨੀ ਕਿਸਾਨੀ ਲਈ ਖੇਤੀ ਦੇ ਨਾਲ-ਨਾਲ ਸਰਕਾਰ ਨੂੰ ਨੌਕਰੀਆਂ ਦਾ ਪ੍ਰਬੰਧ ਵੀ ਕਰਨਾ ਪਵੇਗਾ। ਸਰਕਾਰੀ ਨੌਕਰੀਆਂ ਦੀ ਥੁੜ ਹੈ, ਇਸ ਲਈ ਕਿਸਾਨਾਂ ਦੇ ਬੱਚਿਆਂ ਨੂੰ ਗ਼ੈਰਸਰਕਾਰੀ ਖੇਤਰ ਵਿਚ ਨੌਕਰੀਆਂ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ। ਸਿਖਲਾਈ ਦੇਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਕਿਸਾਨ ਨੂੰ ਕਣਕ-ਚਾਵਲ ਦੇ ਚੱਕਰ ਵਿਚੋਂ ਬਾਹਰ ਕਢਣਾ ਪਵੇਗਾ। ਇਸ ਲਈ ਖੇਤੀ ਖੇਤਰ ਵਿਚ ਵੱਡੀ ਤਬਦੀਲੀ ਕਰਨੀ ਪਵੇਗੀ ਅਤੇ ਸਖ਼ਤ ਫ਼ੈਸਲੇ ਲੈਣੇ ਪੈਣਗੇ ਭਾਵ ਕੌੜਾ ਘੁੱਟ ਭਰਨਾ ਪਵੇਗਾ। ਇਸ ਲਈ ਰਾਜਸੀ ਇੱਛਾਸ਼ਕਤੀ ਦੀ ਜ਼ਰੂਰਤ ਹੈ। ਛੋਟੇ ਤੇ ਦਰਮਿਆਨੇ ਕਿਸਾਨ ਲਈ ਸਹਿਕਾਰੀ ਖੇਤੀ ਦਾ ਮਾਡਲ ਲਾਗੂ ਕਰਨਾ ਪਵੇਗਾ। ਉਨ੍ਹਾਂ ਲਈ ਪੈਨਸ਼ਨ ਦਾ ਪ੍ਰਬੰਧ ਕਰਨਾ ਪਵੇਗਾ। 1000-2000 ਪ੍ਰਤੀ ਮਹੀਨਾ ਨਾਲ ਕੰਮ ਨਹੀਂ ਚਲਣਾ। ਇਹ ਘੱਟੋ-ਘੱਟ 8000-10000 ਰੁਪਏ ਮਹੀਨਾ ਦੇਣੀ ਪਵੇਗੀ। ਕਿਸਾਨੀ ਦਾ ਦੇਸ਼ ਦੇ ਵਿਕਾਸ ਅਤੇ ਆਰਥਕਤਾ ਵਿਚ ਵੱਡਾ ਯੋਗਦਾਨ ਹੈ। ਜੇਕਰ ਮੁਲਾਜ਼ਮ, ਫ਼ੌਜੀਆਂ ਅਤੇ ਹੋਰਨਾਂ ਨੂੰ ਪੈਨਸ਼ਨ ਮਿਲ ਸਕਦੀ ਹੈ ਤਾਂ ਫਿਰ ਕਿਸਾਨਾਂ ਨੂੰ ਕਿਉਂ ਨਹੀਂ? ਖੇਤ ਮਜ਼ਦੂਰਾਂ ਲਈ ਵੀ ਇਹ ਕੁੱਝ ਕਰਨਾ ਪਵੇਗਾ। ਪੇਂਡੂ ਅਰਥਚਾਰੇ ਦਾ ਖੇਤ ਮਜ਼ਦੂਰ ਅਨਿੱਖੜਵਾਂ ਅੰਗ ਹੈ। ਉਸ ਨੂੰ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਉਸ ਨੂੰ ਵੀ ਸੰਕਟ ਵਿਚੋਂ ਕੱਢਣ ਦੀ ਲੋੜ ਹੈ। ਕਿਸਾਨਾਂ ਦੇ ਮੁਫ਼ਤ ਇਲਾਜ ਅਤੇ ਉਨ੍ਹਾਂ ਦੇ ਬੱਚਿਆਂ ਦੇ ਮੁਫ਼ਤ ਪੜ੍ਹਾਈ ਦਾ ਇੰਤਜ਼ਾਮ ਵੀ ਕਰਨਾ ਪਵੇਗਾ। ਸਮਾਜਕ ਸੁਧਾਰ ਲਹਿਰ ਚਲਾਉਣੀ ਪਵੇਗੀ। ਪੰਜਾਬ ਨੂੰ ਸੋਗ ਦੇ ਮਾਹੌਲ 'ਚੋਂ ਕੱਢਣ ਲਈ ਇਕ ਬਹੁਤ ਵੱਡੇ ਸਾਂਝੇ ਹੰਭਲੇ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੈ ਜੇ ਸਾਰੇ ਪੰਜਾਬੀ ਇਕਮੁਠ ਹੋ ਕੇ ਇਸ ਦਿਸ਼ਾ ਵਲ ਯਤਨ ਕਰਨ। ਸੰਪਰਕ : 98141-23338

SHARE ARTICLE
Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement