
ਭਾਰਤੀ ਲੋਕਤੰਤਰ ਨੂੰ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ। ਇਸ ਦੇਸ਼ ਦੀਆਂ ਸਿਆਸੀ ਪਾਰਟੀਆਂ ਇਸ ਵਿਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਲੋਕਾਂ ਨੂੰ ਇਨ੍ਹਾਂ ਪਾਰਟੀਆਂ ਤੋਂ ਵੱਡੀਆਂ ਆਸਾਂ ਹੁੰਦੀਆਂ ਹਨ ਕਿ ਫਲਾਣੀ ਪਾਰਟੀ ਜੇ ਰਾਜ ਭਾਗ ਵਿਚ ਆਵੇਗੀ ਤਾਂ ਉਨ੍ਹਾਂ ਦੀਆਂ ਇਛਾਵਾਂ ਅਨੁਸਾਰ ਕੰਮ ਕਰੇਗੀ, ਰਾਜਭਾਗ ਤੇ ਕਾਬਜ਼ ਪਹਿਲੀਆਂ ਪਾਰਟੀਆਂ ਤੋਂ ਨਵਾਂ ਤੇ ਕੁੱਝ ਚੰਗਾ ਕਰੇਗੀ ਅਤੇ ਸਾਡੇ ਨਾਲ ਜੋ ਵਾਅਦੇ ਕਰ ਰਹੀ ਹੈ, ਉਨ੍ਹਾਂ ਤੇ ਪੂਰਾ ਉਤਰੇਗੀ।
ਇਨ੍ਹਾਂ ਆਸਾਂ ਨਾਲ ਦੇਸ਼ ਦੀ ਆਜ਼ਾਦੀ ਤੋਂ 70 ਸਾਲ ਬਾਅਦ, ਇਸ ਦੇਸ਼ ਵਿਚ ਲੋਕ ਹਾਂਪੱਖੀ ਤਬਦੀਲੀ ਦੀ ਆਸ ਰੱਖ ਰਹੇ ਹਨ। ਜ਼ਿਆਦਾਤਰ ਭਾਰਤੀ ਲੋਕਤੰਤਰਿਕ ਅਤੇ ਧਰਮਨਿਰਪੱਖ ਪਾਰਟੀਆਂ ਤੋਂ ਵੱਡੀਆਂ ਆਸਾਂ ਰਖਦੇ ਹਨ। ਕੁੱਝ ਫ਼ਿਰਕਾਪ੍ਰਸਤ ਵਿਚਾਰਧਾਰਾ ਵਾਲੀਆਂ ਪਾਰਟੀਆਂ ਵੀ ਕਦੇ ਕਦੇ ਦੇਸ਼ ਅਤੇ ਸੂਬਿਆਂ ਵਿਚ ਕਾਬਜ਼ ਹੋ ਰਹੀਆਂ ਹਨ, ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਨਹੀਂ ਰੱਖ ਸਕਦੀਆਂ।
ਦੇਸ਼ ਦਾ ਸੰਵਿਧਾਨ ਲੋਕਤਾਂਤਰਿਕ ਅਤੇ ਧਰਮਨਿਰਪੱਖ ਰਾਜ ਉਸਾਰਨ ਦੀ ਗੱਲ ਕਰਦਾ ਹੈ। ਦੇਸ਼ ਵਿਚ ਗ਼ਰੀਬੀ, ਭੁੱਖ, ਨੰਗ, ਕੰਗਾਲੀ, ਅਨਪੜ੍ਹਤਾ, ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦੀ ਜਿਥੇ ਸਾਰੇ ਸਿਆਸੀ ਲੋਕ ਗੱਲ ਕਰਦੇ ਹਨ, ਉਥੇ ਦੇਸ਼ ਦੇ ਲੋਕਾਂ ਨੂੰ ਲੰਮੇ ਸਮੇਂ ਤੋਂ ਮੌਜੂਦ ਇਨ੍ਹਾਂ ਸਮੱਸਿਆਵਾਂ ਦੇ ਹੱਲ ਹੋਣ ਦੀ ਆਸ ਘਟਦੀ ਜਾ ਰਹੀ ਹੈ। ਦੇਸ਼ ਦੇ ਪਿੰਡ ਅਤੇ ਸ਼ਹਿਰ ਪਾਖੰਡੀ ਬਾਬਿਆਂ ਦੇ ਡੇਰਿਆਂ ਨਾਲ ਭਰੇ ਪਏ ਹਨ। ਕੋਈ ਸ਼ਰਾਬ ਛੱਡ ਕੇ, ਉਨ੍ਹਾਂ ਤੋਂ 'ਨਾਮ' ਲੈ ਕੇ ਡੇਰੇ ਦਾ ਸ਼ਰਧਾਲੂ ਬਣਾਉਂਦਾ ਹੈ। ਔਰਤਾਂ ਅਪਣੇ ਪਤੀਆਂ ਦੇ ਸ਼ਰਾਬ ਪੀਣ ਦੀ ਆਦਤ ਤੋਂ ਨਫ਼ਰਤ ਕਰਦੀਆਂ ਹਨ। ਇਸੇ ਲਈ ਉਹ ਇਨ੍ਹਾਂ ਨਸ਼ਾ ਛੁਡਾਉਣ ਵਾਲੇ ਡੇਰਿਆਂ ਦੇ ਸ਼ਰਧਾਲੂ ਬਣਨ ਤੇ ਖ਼ੁਸ਼ ਹੁੰਦੀਆਂ ਹਨ ਅਤੇ ਕਹਿੰਦੀਆਂ ਹਨ 'ਚੰਗਾ ਹੋਵੇ ਜੇ ਸਾਡੇ ਬੰਦੇ ਡੇਰੇ ਦੇ ਸ਼ਰਧਾਲੂ ਬਣ ਕੇ ਨਸ਼ਾ ਛੱਡ ਦੇਣਗੇ ਅਤੇ ਮਹਾਰਾਜ ਦੇ ਭਗਤ ਬਣਨਗੇ। ਸ਼ਾਇਦ ਸਾਡੀ ਭੁੱਖ-ਨੰਗ ਦੀ ਹਾਲਤ ਵੀ ਠੀਕ ਹੋਵੇਗੀ ਤੇ ਸਾਡੀ ਕਿਸਮਤ ਦੀਆਂ ਲਕੀਰਾਂ ਵੀ ਠੀਕ ਹੋਣਗੀਆਂ।'
ਇਸੇ ਤਰ੍ਹਾਂ ਕੁੱਝ ਬਾਬੇ ਸ਼ਰਾਬ ਪੀਣ ਤੋਂ ਨਹੀਂ ਵਰਜਦੇ। ਇਹੋ ਜਹੇ ਖਾਣ-ਪੀਣ ਵਾਲੇ ਲੋਕ ਉਨ੍ਹਾਂ ਦੀ ਅੰਧ-ਵਿਸ਼ਵਾਸੀ ਫ਼ੌਜ ਵਿਚ ਰਲ ਜਾਂਦੇ ਹਨ। ਡੇਰਿਆਂ ਵਿਚ ਸ਼ਰਾਬਾਂ ਆਦਿ ਦੇ ਚੜ੍ਹਾਵੇ ਵੀ ਚੜ੍ਹਦੇ ਹਨ। ਇਸ ਤਰ੍ਹਾਂ ਨਸ਼ਾ ਵਿਰੋਧੀ ਨਾਮ ਦੇਣ ਵਾਲੇ ਅਤੇ ਨਸ਼ਾ ਖਾਣ ਦੀ ਛੋਟ ਦੇਣ ਵਾਲੇ ਦੋਵੇਂ ਵਿਚਾਰਾਂ ਦੇ ਵਿਗਿਆਨਕ ਸੋਚ ਨਾ ਰੱਖਣ ਵਾਲੇ ਅਨਪੜ੍ਹ ਅਤੇ ਘੱਟ ਪੜ੍ਹੇ-ਲਿਖੇ ਲੋਕ ਡੇਰਿਆਂ ਦੀ ਚੜ੍ਹਦੀ ਕਲਾ ਕਰਨ ਵਿਚ ਜੁਟ ਜਾਂਦੇ ਹਨ ਅਤੇ ਅਪਣੀਆਂ ਸਮਸਿਆਵਾਂ ਦੇ ਹੱਲ ਦੀ ਉਮੀਦ ਕਰਦੇ ਹਨ। ਪੂਰਬ ਵਾਲੇ ਕੁੱਝ ਲੋਕ ਪੱਛਮ ਅਤੇ ਕੁੱਝ ਪੱਛਮ ਵਲੋਂ ਪੂਰਬ ਵਲ ਅਪਣਾ 'ਸੰਤ-ਬਾਬਾ' ਲੱਭ ਕੇ ਡੇਰਿਆਂ ਦੀ ਮਹਿਮਾ ਵਧਾਉਣ ਵਿਚ ਲੱਗੇ ਹੋਏ ਹਨ। ਦੇਸ਼ ਦਾ ਸਰਮਾਏਦਾਰ ਜਾਗੀਰਦਾਰੀ ਪ੍ਰਬੰਧ ਲੋਕਾਂ ਦੇ ਮਸਲੇ ਹੱਲ ਕਰਨੋਂ ਅਸਮਰੱਥ ਹੈ। ਲਾਰੇ-ਲੱਪੇ ਲਾ ਕੇ ਇਕ ਸਰਕਾਰ ਬਦਲ ਕੇ ਨਵੀਂ ਸਰਕਾਰ ਨਵੀਂ ਤੇ ਪਾਰਟੀ ਆ ਜਾਂਦੀ ਹੈ। ਲੁਟੇਰੀਆਂ ਜਮਾਤਾਂ ਮਿਹਨਤੀ ਲੋਕਾਂ ਦੀ ਲੁੱਟ ਜਾਰੀ ਰਖਦੀਆਂ ਹਨ। ਇਸ ਤਰ੍ਹਾਂ ਨਾਲ ਪਾਖੰਡੀ ਡੇਰਿਆਂ ਵਾਲੇ ਲੋਕ ਮਿਹਨਤੀ ਲੋਕਾਂ ਦਾ ਧਿਆਨ ਅਪਣੀ ਹੋ ਰਹੀ ਲੁੱਟ ਵਲ ਨਹੀਂ ਜਾਣ ਦਿੰਦੇ ਬਲਕਿ ਹੋਰ ਪਾਸੇ ਲਾਈ ਰਖਦੇ ਹਨ।
ਆਸਥਾ ਦੇ ਨਾਂ ਤੇ ਪਾਖੰਡੀ ਲੋਕ ਵਧਦੇ ਫੁਲਦੇ ਵੱਡੇ ਵੱਡੇ ਇਕੱਠ ਕਰਨ ਦੇ ਸਮਰੱਥ ਹੋ ਜਾਂਦੇ ਹਨ। ਉਨ੍ਹਾਂ ਇਕੱਠਾਂ ਨੂੰ ਵਿਖਾ ਕੇ ਉਹ ਸਿਆਸੀ ਲੋਕਾਂ ਨੂੰ ਆਕਰਸ਼ਿਤ ਕਰ ਲੈਂਦੇ ਹਨ। ਸੱਤਾ ਉਤੇ ਕਾਬਜ਼ ਲੋਕ ਅਤੇ ਵੱਡੇ-ਵੱਡੇ ਨੇਤਾ ਇਨ੍ਹਾਂ ਡੇਰਿਆਂ ਦੇ ਚੱਕਰ ਲਾਉਣ ਲੱਗ ਪੈਂਦੇ ਹਨ ਅਤੇ ਪਾਖੰਡੀ ਬਾਬਿਆਂ ਸਾਹਮਣੇ ਅਪਣੀ ਮਦਦ ਲਈ ਹੱਥ ਅਡਦੇ ਹਨ। ਇਹ ਬਾਬੇ ਕਈ ਵਾਰ ਉਨ੍ਹਾਂ ਦੇ ਹੱਕ ਵਿਚ ਐਲਾਨ ਵੀ ਕਰਦੇ ਹਨ। ਕਈ ਵਾਰ ਆਸ਼ੀਰਵਾਦ ਨਾਲ ਹੀ ਸਾਰ ਲੈਂਦੇ ਹਨ। ਅਜਿਹੇ ਬਾਬਿਆਂ ਦੇ ਡੇਰਿਆਂ ਦੇ ਸ਼ਰਧਾਲੂ ਦੂਜੇ ਲੋਕਾਂ ਨੂੰ ਇਹ ਕਹਿ ਕੇ ਪ੍ਰਭਾਵਤ ਕਰਦੇ ਹਨ ਕਿ ਵੇਖੋ 'ਫ਼ਲਾਣੀ ਪਾਰਟੀ ਦਾ ਵੱਡਾ ਨੇਤਾ ਵੀ ਬਾਬਿਆਂ ਦੇ ਪੈਰ ਛੂੰਹਦਾ ਹੈ। ਅਸੀ ਵੀ ਐਵੇਂ ਨਹੀਂ ਜਾਂਦੇ। ਇਹ ਬਾਬੇ ਪ੍ਰਮਾਤਮਾ ਤਕ ਪੁੱਜੇ ਹੋਏ ਹਨ।' ਭੋਲੇ-ਭਾਲੇ ਦੂਜੇ ਲੋਕ ਵੀ ਇਨ੍ਹਾਂ ਸਿਆਸੀ ਆਗੂਆਂ ਦੇ ਦੌਰਿਆਂ ਤੋਂ ਪ੍ਰਭਾਵਤ ਹੋ ਕੇ ਬਾਬਿਆਂ ਦੇ ਚੇਲੇ ਬਣ ਜਾਂਦੇ ਹਨ। ਫਿਰ ਇਹ ਵੱਡੇ ਵੋਟ ਬੈਂਕਾਂ ਦਾ ਰੂਪ ਧਾਰ ਲੈਂਦੇ ਹਨ। ਪਹਿਲਾਂ-ਪਹਿਲਾਂ ਇਹ ਬਾਬੇ, ਜਿਨ੍ਹਾਂ ਦੀ ਯੋਗਤਾ ਵੀ ਕੁੱਝ ਨਹੀਂ ਹੁੰਦੀ, ਅਪਣੀਆਂ ਚਲਾਕੀ ਭਰੀਆਂ ਬਾਤਾਂ ਜਿਹੀਆਂ ਸੁਣਾ ਕੇ ਲੋਕਾਂ ਨੂੰ ਪ੍ਰਭਾਵਤ ਕਰਦੇ ਹਨ। ਹੌਲੀ ਹੌਲੀ ਚੇਲਿਆਂ ਦੇ ਪ੍ਰਚਾਰ ਉਤੇ ਸਿਆਸੀ ਨੇਤਾਵਾਂ ਦੇ ਗੇੜਿਆਂ ਨਾਲ ਇਕ ਵੱਡੀ ਤਾਕਤ ਬਣ ਬੈਠਦੇ ਹਨ।
ਅਜਿਹਾ
ਹੀ ਸਰਸੇ ਵਾਲੇ ਸੌਦਾ ਸਾਧ ਦੇ ਡੇਰੇ ਦਾ ਕਿੱਸਾ ਹੈ, ਜੋ ਅਪਣੇ ਤੋਂ ਪਹਿਲੇ ਬਾਬੇ ਤੋਂ
ਵਿੰਗੇ ਟੇਢੇ ਢੰਗ ਨਾਲ ਉਸ ਡੇਰੇ ਦੀ ਜਾਇਦਾਦ ਉਤੇ ਕਾਬਜ਼ ਹੋਇਆ। ਕੁੱਝ ਭਲਾਈ ਸਕੀਮਾਂ ਵੀ
ਬਣਾਈਆਂ ਜਿਨ੍ਹਾਂ ਨੂੰ ਸ਼ਰਧਾਲੂ ਅਪਣੀ ਤਾਕਤ ਨਾਲ ਚਲਾਉਂਦੇ ਰਹੇ। ਜਿਵੇਂ ਖ਼ੂਨਦਾਨ,
ਗ਼ਰੀਬਾਂ ਨੂੰ ਰਾਹਤ ਦੀਆਂ ਸਕੀਮਾਂ ਚਲਾ ਕੇ ਦੇਸ਼ ਦੇ ਗ਼ਰੀਬ ਲੋੜਵੰਦਾਂ ਨੂੰ ਆਕਰਸ਼ਿਤ ਕਰਨ
ਲੱਗਾ। ਸਿਆਸੀ ਆਗੂਆਂ ਨੇ ਉਸ ਅੱਗੇ ਹੱਥ ਅੱਡ-ਅੱਡ ਕੇ ਉਸ ਨੂੰ ਬਹੁਤ ਹੀ ਮਸ਼ਹੂਰ ਕਰ
ਦਿਤਾ। ਉਹ ਕਹਿਣ ਲਗਿਆ ਕਿ 'ਮੇਰੇ ਤੋਂ ਬਗ਼ੈਰ ਪੰਜਾਬ-ਹਰਿਆਣਾ ਅਤੇ ਕੇਂਦਰ ਦੀਆਂ ਸਰਕਾਰਾਂ
ਨਹੀਂ ਬਣਦੀਆਂ।' ਉਸ ਨੇ ਸਿਆਸੀ ਵਿੰਗ ਵੀ ਬਣਾਇਆ। ਸਿਆਸੀ ਪਾਰਟੀਆਂ ਦੇ ਵੱਡੇ ਨੇਤਾ ਉਸ
ਵਿੰਗ ਸਾਹਮਣੇ ਪੇਸ਼ ਹੁੰਦੇ ਅਤੇ ਬਾਬਾ ਕਈ ਵਾਰ ਜਨਤਾ ਵਿਚ ਉਨ੍ਹਾਂ ਨੂੰ ਨੀਵਾਂ ਵਿਖਾਉਂਦਾ
ਅਤੇ ਕਹਿੰਦਾ ਕਿ 'ਭਾਈ ਤੇਰੀ ਪਾਰਟੀ ਨੇ ਪਿਛਲੇ ਸਮੇਂ ਸਾਡਾ ਹੁਕਮ ਨਹੀਂ ਸੀ ਮੰਨਿਆ।
ਹੁਣ ਅੱਗੇ ਨੂੰ ਵੇਖ ਲਈਂ।' ਜ਼ਲੀਲ ਹੋ ਕੇ ਵੀ ਸਿਆਸੀ ਲੋਕਾਂ ਨੂੰ ਸ਼ਰਮ ਨਾ ਆਉਂਦੀ।
ਰਾਜ
ਕਰਦੀਆਂ ਅਤੇ ਵਿਰੋਧੀ ਦੋਵੇਂ ਧਿਰਾਂ ਦੇ ਉਮੀਦਵਾਰ ਉਸ ਦੇ ਦਰਬਾਰ ਵਿਚ ਹਾਜ਼ਰੀ ਲਵਾਉਂਦੇ।
ਉਹ ਬਾਬਾ ਹੋਰ ਵੀ ਮਜ਼ਬੂਤ ਹੁੰਦਾ ਗਿਆ। ਅਪਣੇ ਡੇਰੇ ਵਿਚ ਅਪਣਾ ਰਾਜ-ਭਾਗ ਹੀ ਨਹੀਂ ਸਗੋਂ
ਦੋਵੇਂ ਸੂਬਿਆਂ ਵਿਚ ਥਾਂ-ਥਾਂ ਨਾਮ ਚਰਚਾ ਘਰ (ਡੇਰੇ) ਬਣਾ ਕੇ ਅਪਣੀ ਰਿਆਸਤ ਦਾ ਫੈਲਾਅ
ਕਰਦਾ ਗਿਆ। ਵੱਡੇ-ਵੱਡੇ ਸ਼ਹਿਰਾਂ ਬੰਬਈ ਆਦਿ ਤਕ ਵੀ ਇਸ ਦੀ ਰਿਆਸਤ ਫੈਲ ਚੁੱਕੀ ਸੀ।
ਹਰਿਆਣਾ ਵਿਚ ਉਸ ਦਾ ਸਰਸਾ ਡੇਰਾ 700 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਹੈ ਜਿਥੇ ਲੋਕ ਸੇਵਾ
ਦੇ ਨਾਂ ਹੇਠ ਮੁਫ਼ਤ ਦਿਹਾੜੀਆਂ ਲਾਉਂਦੇ। ਕੋਈ ਇਕ ਦਿਨ, ਕੋਈ ਪੰਜ ਦਿਨ ਅਤੇ ਕਈ ਲੋਕ
ਮਹੀਨਿਆਂ ਤਕ ਮੁਫ਼ਤ ਕੰਮ ਕਰ ਕੇ ਉਸ ਦੀਆਂ ਫ਼ਸਲਾਂ ਪਾਲਦੇ, ਬਾਗ਼ ਬੀਜ ਕੇ ਪਾਲਦੇ। ਹਜ਼ਾਰਾਂ
ਲੋਕ ਉਸ ਦੇ ਮੁਫ਼ਤ ਕਾਮੇ ਬਣ ਕੇ ਲੱਗੇ ਰਹਿੰਦੇ ਹਨ। ਉਸ ਦੇ ਵਪਾਰਕ ਅਦਾਰਿਆਂ ਵਿਚ ਕੰਮ
ਕਰਦੇ ਉਸ ਦੀ ਆਮਦਨ 'ਚ ਹਰ ਸਾਲ ਕਰੋੜਾਂ ਰੁਪਏ ਦਾ ਵਾਧਾ ਕਰਦੇ। ਮਿਹਨਤੀ ਲੋਕ ਅਪਣਾ ਚੰਮ
ਮੁਫ਼ਤ ਲਹਾਉਂਦੇ ਅਤੇ ਉਹ ਉਨ੍ਹਾਂ ਨੂੰ ਰੱਬ ਮਿਲਾਉਣ ਤੇ ਉਨ੍ਹਾਂ ਦੀ ਕਿਸਮਤ ਬਦਲਣ ਦਾ
ਭਰੋਸਾ ਦਿੰਦਾ।
ਉਹ ਵਿਹਲੜ ਪਾਖੰਡੀ ਬਾਬਾ ਮਨਮਰਜ਼ੀ ਦੇ ਸ਼ੌਕ ਪੂਰੇ ਕਰਦਾ। ਅਪਣੀ ਗੁਪਤ
ਗੁਫ਼ਾ ਵਿਚ ਲੋਕਾਂ ਦੀਆਂ ਇਜ਼ਤਾਂ ਨਾਲ ਖੇਡਦਾ। ਕਤਲ ਤਕ ਕਰਵਾਉਣ ਦੀਆਂ ਕਹਾਣੀਆਂ ਅਖ਼ਬਾਰਾਂ
ਅਤੇ ਹੋਰ ਮੀਡੀਆ ਰਾਹੀਂ ਸਾਹਮਣੇ ਆਈਆਂ। ਪੰਦਰਾਂ ਸਾਲ ਤਕ ਉਸ ਦੇ ਲੱਖਾਂ ਚੇਲਿਆਂ ਨੇ
ਸੱਚ ਹੀ ਨਹੀਂ ਮੰਨਿਆ। ਸਿਆਸੀ ਆਗੂਆਂ ਨੂੰ ਹਰ ਵੋਟ ਸੀਜ਼ਨ ਤੇ ਉਸ ਪਾਸ ਨਤਮਸਤਕ ਹੋਣ ਤੇ
ਕਹਾਣੀਆਂ ਸੁਣਨ ਦੇ ਬਾਵਜੂਦ ਕੋਈ ਸ਼ਰਮ ਨਾ ਆਈ। ਇਹ ਜੋ ਸਾਨੂੰ ਵਧੀਆ ਨਿਜ਼ਾਮ ਦੇਣ ਦੀ ਗੱਲ
ਕਰਦੇ ਹਨ, ਉਹ ਉਸ ਦੀਆਂ ਝਿੜਕਾਂ ਸਹਿੰਦੇ ਜ਼ਲੀਲ ਹੁੰਦੇ ਅਤੇ ਹੱਥ ਜੋੜ ਕੇ ਉਸ ਅੱਗੇ
ਵੋਟਾਂ ਪਵਾਉਣ ਲਈ ਤਰਲੇ ਕਰਦੇ। ਇਨ੍ਹਾਂ ਸਿਆਸੀ ਪਾਰਟੀਆਂ 'ਚੋਂ ਕੌਣ ਹਨ ਜਿਨ੍ਹਾਂ ਨੇ ਇਸ
ਬਾਬੇ ਦੀ ਅਸਲੀਅਤ ਜਨਤਾ 'ਚ ਦੱਸ ਕੇ ਲੋਕਾਂ ਨੂੰ ਠੱਗੇ ਜਾਣ ਤੋਂ ਬਚਾਉਣ ਲਈ ਮਦਦ ਕੀਤੀ?
ਆਮ ਰਾਜ ਕਰਦੀਆਂ ਪਾਰਟੀਆਂ ਦੇ ਆਗੂ ਸਾਨੂੰ ਉਸ ਬਾਬੇ ਨੂੰ ਲੁੱਟਣ, ਇਜ਼ਤਾਂ ਰੋਲਣ ਲਈ
ਖੁੱਲ੍ਹਾ ਛਡਦੇ ਰਹੇ।
ਪੱਤਰਕਾਰ ਛਤਰਪਤੀ, ਰਣਜੀਤ ਸਿੰਘ ਪ੍ਰੇਮੀ ਅਤੇ ਦੋ ਬਹਾਦਰ ਕੁੜੀਆਂ,
ਜਿਨ੍ਹਾਂ ਨੇ ਇਸ ਢੋਲ ਦਾ ਪੋਲ ਖੋਲ੍ਹਿਆ, ਉਨ੍ਹਾਂ ਨੂੰ ਸਲਾਮ ਕਰਨੀ ਬਣਦੀ ਹੈ। 15 ਸਾਲ
ਕੀਤੀ ਜੱਦੋ-ਜਹਿਦ ਦਾ ਨਤੀਜਾ ਹੈ ਕਿ ਅੱਜ ਦੋਸ਼ੀ ਸਲਾਖਾਂ ਪਿੱਛੇ ਹੈ। ਪਰ ਜਿਨ੍ਹਾਂ
ਸਰਕਾਰੀ ਅਫ਼ਸਰਾਂ, ਸਿਆਸੀ ਆਗੂਆਂ, ਖ਼ਾਸ ਕਰ ਕੇ ਕੇਂਦਰ ਅਤੇ ਹਰਿਆਣਾ ਦੀ ਸਰਕਾਰ ਜੋ ਉਸ
ਨਾਲ ਚੋਰ ਝਾਤੀਆਂ ਤੇ ਹੇਜ ਲੜਾਉਂਦੀ ਰਹੀ, ਲੋਕਾਂ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਦੀ।
ਬਲਾਤਕਾਰ ਦੀ ਘਟਨਾ ਸਮੇਂ ਜੋ ਲੋਕ ਹਰਿਆਣਾ ਵਿਚ ਕਾਬਜ਼ ਸਨ, ਕੀ ਉਹ ਦੋਸ਼ੀ ਨਹੀਂ ਜਿਨ੍ਹਾਂ
ਨੇ ਅਜਿਹੇ ਬਘਿਆੜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ? ਉਨ੍ਹਾਂ ਦੇ ਸੱਤਾ 'ਚ ਹੁੰਦਿਆਂ ਛਤਰਪਤੀ
ਵਰਗੇ ਬਹਾਦਰ ਪੱਤਰਕਾਰ ਦਾ ਕਤਲ ਹੋਇਆ। ਉਨ੍ਹਾਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।
ਦੇਸ਼
ਦੀ ਨਿਆਂਪਾਲਿਕਾ ਨੂੰ ਸਲਾਮ ਹੈ ਜਿਸ ਨੇ ਨਿਆਂ ਦਿਤਾ। ਦੇਸ਼ ਵਿਚ ਅਜਿਹੇ ਹਜ਼ਾਰਾਂ ਪਾਖੰਡੀ
ਬਾਬੇ ਹਨ ਅਤੇ ਅੰਧ-ਵਿਸ਼ਵਾਸ਼ ਦੇ ਅੱਡੇ ਹਨ। ਕੀ ਇਹ ਧਰਮਨਿਰਪੱਖ ਅਤੇ ਲੋਕਤੰਤਰੀ ਕਹਿਣ
ਵਾਲੇ ਲੀਡਰ ਇਸ ਪਾਖੰਡੀ ਅਤੇ ਬਲਾਤਕਾਰੀ ਬਾਬੇ ਦੇ ਘਟਨਾਕ੍ਰਮ ਤੋਂ ਸਬਕ ਲੈਣਗੇ? ਲੋਕਾਂ
ਨੂੰ ਅਜਿਹੀ ਆਸਥਾ ਅਤੇ ਅੰਧ-ਵਿਸ਼ਵਾਸ਼ ਤੋਂ ਬਚਾਉਣ ਲਈ ਕੁੱਝ ਕਰਨਗੇ? ਅੱਜ 21ਵੀਂ ਸਦੀਵੀਂ
ਦੇ ਵਿਗਿਆਨਕ ਯੁੱਗ ਵਿਚ ਅਜਿਹੇ ਮੌਕਾਪ੍ਰਸਤ ਲੀਡਰਾਂ ਤੋਂ ਵੀ ਸਾਨੂੰ ਕੋਈ ਆਸ ਨਹੀਂ ਰਖਣੀ
ਚਾਹੀਦੀ ਅਤੇ ਚੋਣਾਂ ਵਿਚ ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਲੁੱਟੇ-ਪੁੱਟੇ
ਜਾਂਦੇ ਮਿਹਨਤੀ ਲੋਕਾਂ ਨੂੰ ਅਜਿਹੇ ਪਾਖੰਡੀਆਂ ਦੇ ਚੁੰਗਲ 'ਚੋਂ ਨਿਕਲ ਕੇ ਮਿਹਨਤੀ ਲੋਕਾਂ
ਦਾ ਏਕਾ ਉਸਾਰ ਕੇ ਲੋਕਪੱਖੀ ਨਿਜ਼ਾਮ ਬਣਾਉਣ ਵਲ ਵਧਣਾ ਚਾਹੀਦਾ ਹੈ, ਜੋ ਸਾਡੇ ਮਸਲੇ ਹੱਲ
ਕਰ ਸਕੇ ਅਤੇ ਸਾਨੂੰ ਵਧੀਆ ਜ਼ਿੰਦਗੀ ਜਿਉਣ ਦੇ ਵਸੀਲੇ ਮੁਹਈਆ ਕਰ ਸਕੇ।
ਸੰਪਰਕ : 95929-00880