
ਅੱਜ ਜਦੋਂ ਵੀ ਜ਼ਿੰਦਗੀ ਦੀ ਤੇਜ਼ ਰਫ਼ਤਾਰ ਵਿਚ
ਵਿਚਰਦੇ ਲੋਕਾਂ ਨੂੰ ਵੇਖਦਾ ਹਾਂ ਤਾਂ ਮਨ ਪ੍ਰੇਸ਼ਾਨ ਹੋ ਜਾਂਦਾ ਹੈ। ਸੋਚਦਾ ਹਾਂ, ਏਨੀ
ਤੇਜ਼ ਦੌੜ, ਏਨਾ ਸਵਾਰਥ, ਏਨਾ ਨਿਜਵਾਦ ਅਤੇ ਏਨੀ ਅਪਰਾਧਕ ਸੋਚ ਮਨੁੱਖੀ ਜ਼ਿੰਦਗੀ ਨੂੰ
ਬੇ-ਰੌਚਕ ਅਤੇ ਉਦਾਸੀ ਦੇ ਆਲਮ ਵਲ ਲੈ ਜਾਵੇਗੀ। ਜਿਧਰ ਵੀ ਵੇਖੋ ਹਰ ਆਦਮੀ ਬੇਚੈਨ ਹੈ।
ਇੰਜ ਲਗਦਾ ਹੈ ਜਿਵੇਂ ਇਕ ਦੌੜ ਜਿਹੀ ਲੱਗੀ ਹੋਵੇ। ਇਸ ਦੌੜ ਅੰਦਰ ਖ਼ੁਦਗਰਜ਼ੀ, ਵਿਦਰੋਹ,
ਗੁੱਸਾ, ਲਾਲਚ ਅਤੇ ਹੋਰ ਅਮੀਰ ਬਣਨ ਦੀ ਤਾਂਘ, ਸਾਫ਼ ਨਜ਼ਰ ਆਉਂਦੀ ਹੈ। ਉਕਤ ਸੱਭ ਕੁੱਝ ਕਰਨ
ਲਈ ਜੇਕਰ ਵੱਡੇ ਤੋਂ ਵੱਡਾ ਗੁਨਾਹ ਕਰਨਾ ਪੈ ਜਾਵੇ ਤਾਂ 99% ਲੋਕ ਉਹ ਵੀ ਕਰਨ ਲਈ ਤਿਆਰ
ਹੁੰਦੇ ਹਨ। ਕਿਸੇ ਦਾ ਕਿਸੇ ਨਾਲ ਕੋਈ ਰਿਸ਼ਤਾ ਨਜ਼ਰ ਨਹੀਂ ਆਉਂਦਾ। ਰਿਸ਼ਤਿਆਂ ਦੇ ਅਰਥ ਹੀ
ਬਦਲ ਗਏ ਹਨ। ਕਿਸੇ ਦਾ ਕਿਸੇ ਨਾਲ ਕੋਈ ਪਿਆਰ ਨਹੀਂ, ਕੋਈ ਸਤਿਕਾਰ ਨਹੀਂ, ਕੋਈ ਸੰਗ, ਸ਼ਰਮ
ਨਹੀਂ। ਜੇ ਹੈ ਤਾਂ ਸਿਰਫ਼ ਅਪਣਾ ਨਿਜੀ ਸਵਾਰਥ ਹੀ ਮੂੰਹ ਅੱਡੀ ਖੜਾ ਹੈ।
ਜੇਕਰ ਵੇਖਿਆ
ਜਾਵੇ ਤਾਂ ਇਸ ਸੱਭ ਕੁੱਝ ਦਾ ਵੱਡਾ ਕਾਰਨ ਮੋਬਾਈਲ ਫ਼ੋਨ ਹੈ। ਅੱਜ ਹਰ ਪਾਸੇ ਹਰ ਖੇਤਰ
ਵਿਚ ਮੋਬਾਈਲ ਫ਼ੋਨ ਨੇ ਹਾਹਾਕਾਰ ਮਚਾ ਰੱਖੀ ਹੈ। ਜਿਧਰ ਵੇਖੋ ਹਰ ਪਾਸੇ ਮੋਬਾਈਲ ਦੀ
ਦੁਨੀਆਂ ਅੰਦਰ ਇਕ ਦੌੜ ਜਿਹੀ ਲੱਗੀ ਹੋਈ ਹੈ। ਮੇਰੇ ਕਾਰੋਬਾਰੀ ਥਾਂ ਕੋਲ ਬੱਸਾਂ ਦੀ
ਆਵਾਜਾਈ ਦਿਨ-ਰਾਤ ਚਲਦੀ ਰਹਿੰਦੀ ਹੈ। ਮੈਂ ਜਿਧਰ ਵੀ, ਜਦੋਂ ਵੀ, ਜਿਥੇ ਵੀ ਨਜ਼ਰ ਮਾਰਦਾ
ਹਾਂ, ਹਰ ਪਾਸੇ 10 ਸਾਲ ਦੇ ਬੱਚੇ-ਬੱਚੀਆਂ ਤੋਂ ਲੈ ਕੇ 70-80 ਸਾਲ ਦੇ ਮਰਦ-ਔਰਤਾਂ ਇਸ
ਮੋਬਾਈਲ ਦੀ ਲਪੇਟ ਵਿਚ ਆਏ ਹੁੰਦੇ ਹਨ। ਉਹ ਬੈਠੇ ਵੀ, ਤੁਰਦੇ ਵੀ ਅਤੇ ਖੜੇ ਵੀ, ਅਪਣੀ
ਕੋਈ ਨਾ ਕੋਈ ਰਾਮ ਕਹਾਣੀ, ਬਿਆਨ ਕਰ ਰਹੇ ਹੁੰਦੇ ਹਨ। ਬੱਸਾਂ ਤੋਂ ਉਤਰਦੇ ਹੀ, ਕੀ ਵੱਡੇ,
ਕੀ ਛੋਟੇ ਮੋਬਾਈਲ ਨੂੰ ਕੰਨ ਨਾਲ ਲਾ ਕੇ ਤੁਰਦੇ ਜਾਂਦੇ ਬੋਲ ਰਹੇ ਹੁੰਦੇ ਹਨ। ਕਦੋਂ
ਮਿਲੇਗਾ? ਕਿਥੇ ਮਿਲੇਗਾ? ਕਦੋਂ ਮਿਲੇਗੀ? ਕਿਥੇ ਮਿਲੇਗੀ? ਵਗੈਰਾ-ਵਗੈਰਾ।
ਇਸ ਤੋਂ ਅੱਗੇ ਵੇਖੋ ਜਦੋਂ ਵੀ ਕੋਈ ਮੋਟਰਸਾਈਕਲ, ਸਕੂਟਰ, ਕਾਰ, ਟਰੱਕ ਜਾਂ ਬੱਸ ਆਦਿ ਚਲਾਉਂਦਾ ਹੁੰਦਾ ਹੈ ਤਾਂ ਉਨ੍ਹਾਂ ਵਿਚੋਂ ਬਹੁਤ ਸਾਰੇ ਅਪਣੇ ਕੰਨਾਂ ਨਾਲ ਮੋਬਾਈਲ ਲਾ ਕੇ ਧੌਣ ਟੇਢੀ ਕਰ ਕੇ ਜਦੋਂ ਕੋਈ ਵਾਹਨ ਚਲਾਉਂਦੇ ਹਨ ਤਾਂ 90% ਫ਼ੀ ਸਦੀ ਹਾਦਸੇ ਹੋਣ ਦਾ ਕਾਰਨ ਬਣਦੇ ਹਨ ਜਿਸ ਨਾਲ ਕਰੋੜਾਂ ਦਾ ਨੁਕਸਾਨ ਹਰ ਸਾਲ ਹੁੰਦਾ ਹੈ। ਅਜਿਹੇ ਹਾਦਸਿਆਂ ਕਰ ਕੇ ਕਈ ਘਰ ਉਜੜ ਜਾਂਦੇ ਹਨ ਅਤੇ ਕਈ ਘਰਾਂ ਦੇ ਚਿਰਾਗ ਬੁੱਝ ਜਾਂਦੇ ਹਨ। ਜੇ ਕਿਸੇ ਨੂੰ ਕੋਈ ਮੱਤ ਦੇਣ ਦੀ ਗੱਲ ਕਰਦਾ ਹੈ ਤਾਂ ਅੱਗੋਂ ਵਿਗੜੇ ਕਿਰਦਾਰ ਦੇ ਲੋਕ ਕਹਿੰਦੇ ਹਨ 'ਤੈਨੂੰ ਕੀ ਤਕਲੀਫ਼ ਹੈ? ਤੂੰ ਕੀ ਲੈਣਾ ਹੈ?' ਇੰਜ ਜਾਪਦਾ ਹੈ ਕਿ ਜਿਵੇਂ ਅਜਿਹਾ ਚਲਦਾ ਆਇਆ ਹੈ, ਜਿਵੇਂ ਚੱਲ ਰਿਹਾ ਹੈ ਅਤੇ ਇੰਜ ਹੀ ਚਲਦਾ ਰਹੇਗਾ ਕਿਉਂਕਿ ਇਥੇ ਤਾਂ ਸਾਰੇ ਹੀ ਸਰਪੰਚ ਹਨ, ਪੰਚ ਕੋਈ ਨਹੀਂ। ਇਸ ਤੋਂ ਇਲਾਵਾ ਸਾਡੇ ਕਾਨੂੰਨ ਲਾਗੂ ਕਰਨ ਵਾਲੇ ਲੋਕਾਂ ਨੂੰ ਜੇ ਕੁੱਝ ਕਹਿਣਾ ਚਾਹੁਣ ਤਾਂ ਉਹ ਲੀਡਰਾਂ ਅਤੇ ਅਫ਼ਸਰਾਂ ਤੋਂ ਡਰਦੇ ਕੁੱਝ ਵੀ ਨਹੀਂ ਕਹਿੰਦੇ। ਨਾਲੇ ਕਹਿਣ ਵੀ ਕਿਉਂ, ਉਹ ਤਾਂ ਖ਼ੁਦ ਅਜਿਹੇ ਕਾਰਨਾਮਿਆਂ ਵਿਚ ਹਿੱਸੇਦਾਰ ਹੁੰਦੇ ਹਨ। ਇਸ ਲਈ ਇਕ ਚੋਰ ਦੂਜੇ ਚੋਰ ਨੂੰ ਕੀ ਅਤੇ ਕਿਵੇਂ ਆਖੇਗਾ?
ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ ਕਿ ਅੱਜ
ਜੁੱਤੇ ਪਾਲਿਸ਼ ਕਰਨ ਵਾਲੇ ਤੋਂ ਲੈ ਕੇ, ਭੁੱਖੇ ਪੇਟ ਦੀ ਅੱਗ ਬੁਝਾਉਣ ਲਈ ਰਿਕਸ਼ਾ ਖਿੱਚਣ
ਵਾਲੇ ਦੇ ਨਾਲ-ਨਾਲ ਗੰਦ ਦੇ ਢੇਰਾਂ ਤੋਂ ਕੱਚ-ਲੀਰਾਂ ਚੁਗਣ ਵਾਲੇ, ਦਿਹਾੜੀ ਕਰਨ ਵਾਲੇ
ਅਤੇ ਰੇਹੜੀਆਂ ਵਾਲੇ, ਛੋਟੇ-ਛੋਟੇ ਬੱਚੇ-ਬੱਚੀਆਂ, ਦੋ-ਦੋ ਮੋਬਾਈਲ ਜੇਬਾਂ ਅਤੇ ਹੱਥਾਂ
ਵਿਚ ਰਖਦੇ ਹਨ। ਅੱਜ ਇਹ ਵੀ ਵੇਖਣ ਵਿਚ ਆਇਆ ਹੈ ਕਿ ਵੱਡੇ ਤੋਂ ਵੱਡਾ ਅਤੇ ਮਹਿੰਗੇ ਤੋਂ
ਮਹਿੰਗਾ ਮੋਬਾਈਲ ਲੈਣ ਵਿਚ ਅਪਣੀ ਸ਼ਾਨ ਸਮਝੀ ਜਾਂਦੀ ਹੈ। ਇਸ ਤੋਂ ਇਲਾਵਾ ਮੋਬਾਈਲ ਉਤੇ
ਗੱਲ ਕਰਦੇ-ਕਰਦੇ ਤੁਰਦੇ ਰਹਿਣਾ ਹਸਦੇ ਰਹਿਣਾ (ਭਾਵੇਂ ਕੋਈ ਹਾਦਸਾ ਹੀ ਹੋ ਜਾਵੇ) ਲੋਕ
ਅਪਣੀ ਸ਼ਾਨ ਸਮਝਦੇ ਹਨ। ਜੇ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਇਹ ਇਕ ਕੈਂਸਰਨੁਮਾ ਬਿਮਾਰੀ
ਹਰ ਪਾਸੇ ਫੈਲ ਚੁੱਕੀ ਹੈ। ਗ਼ਰੀਬ ਘਰਾਂ ਅੰਦਰ ਰੋਟੀ ਪੱਕੇ ਨਾ ਪੱਕੇ, ਪ੍ਰਵਾਰ ਨੂੰ ਤਨ
ਢਕਣ ਲਈ ਕਪੜਾ ਜਾਂ ਛੱਤ ਨਾ ਮਿਲੇ, ਮੋਬਾਈਲ ਵਿਚ ਰੀਚਾਰਜ ਦੇ ਪੈਸੇ ਪੈਣੇ ਜ਼ਰੂਰੀ ਹਨ। ਜੇ
ਉਨ੍ਹਾਂ ਦਾ ਮੋਬਾਈਲ ਬੰਦ ਹੋ ਗਿਆ ਤਾਂ ਉਨ੍ਹਾਂ ਨੂੰ ਇੰਜ ਲੱਗੇਗਾ ਜਿਵੇਂ ਉਨ੍ਹਾਂ ਦੀ
ਜ਼ਿੰਦਗੀ ਵੀਰਾਨ ਹੋ ਜਾਵੇਗੀ। ਇਹ ਬਿਮਾਰੀ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।
ਅਜਿਹੀਆਂ ਘਟਨਾਵਾਂ ਕਈ ਵਾਰ ਕਿਸੇ ਦੁਖਦਾਈ ਘਟਨਾ ਦਾ ਕਾਰਨ ਬਣ ਜਾਂਦੀਆਂ ਹਨ। ਸਰਕਾਰ ਨੂੰ
ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਮੋਬਾਈਲ ਦੇ ਜਿਥੇ ਲਾਭ ਹਨ ਉਥੇ 80%
ਤੋਂ ਵੱਧ ਔਗੁਣ ਵੀ ਹਨ। ਸੱਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਅਪਰਾਧਕ ਮਾਮਲਿਆਂ ਦਾ
ਜਨਮਦਾਤਾ ਵੀ ਹੈ। ਇਸ ਨਾਲ ਗ਼ਰੀਬ ਲੋਕਾਂ ਦੀ ਜ਼ਿੰਦਗੀ ਉਥਲ-ਪੁਥਲ ਹੋਈ ਰਹਿੰਦੀ ਹੈ ਕਿਉਂਕਿ
ਉਹ ਅਪਣਾ ਮੋਬਾਈਲ ਚਾਲੂ ਰੱਖਣ ਬਦਲੇ ਅਪਣੇ ਬੱਚਿਆਂ ਦੀ ਸਹੀ ਦੇਖਭਾਲ ਨਹੀਂ ਕਰ ਸਕਦੇ।
ਫ਼ਾਲਤੂ ਖ਼ਰਚ ਕਾਰਨ, ਗ਼ਰੀਬਾਂ ਅੰਦਰ ਵਿਦਰੋਹ, ਗੁੱਸਾ, ਉਦਾਸੀ ਆਦਿ ਅਪਰਾਧਕ ਸੋਚ ਪੈਦਾ ਹੋ
ਜਾਂਦੀ ਹੈ ਜਿਸ ਕਾਰਨ ਉਹ ਗੁਨਾਹ ਕਰਨ ਲੱਗ ਜਾਂਦੇ ਹਨ। ਛੋਟੇ ਲੜਕੇ-ਲੜਕੀਆਂ ਦੀ ਸੋਚ,
ਅੰਦਰ ਗ਼ਲਤ ਧਾਰਨਾ ਪੈਦਾ ਹੋਣ ਕਰ ਕੇ ਬਹੁਤ ਸਾਰੀਆਂ ਅਣ-ਸੁਖਾਵੀਆਂ ਘਟਨਾਵਾਂ ਵਾਪਰ
ਜਾਂਦੀਆਂ ਹਨ। ਕਈ ਅਪਰਾਧੀ ਲੋਕ ਇਸ ਦੀ ਗ਼ਲਤ ਵਰਤੋਂ ਕਰ ਕੇ ਵੱਡੇ-ਵੱਡੇ ਅਪਰਾਧਾਂ ਨੂੰ
ਅੰਜਾਮ ਦਿੰਦੇ ਵੇਖੇ ਜਾ ਸਕਦੇ ਹਨ। ਇਥੋਂ ਤਕ ਕਿ ਗ਼ਲਤ ਅਨਸਰ ਜੇਲਾਂ ਵਿਚ ਬੈਠੇ
ਲੁੱਟ-ਖਸੁੱਟ, ਗੁੰਡਾਗਰਦੀ ਅਤੇ ਹੋਰ ਗੰਭੀਰ ਰੈਕਟ ਚਲਾਉਂਦੇ ਹਨ ਜਿਸ ਨਾਲ ਬਦਅਮਨੀ ਫੈਲਦੀ
ਹੈ। ਸੜਕਾਂ ਉਪਰ ਵਾਪਰਨ ਵਾਲੇ 90% ਹਾਦਸੇ ਇਸ ਮੋਬਾਈਲ ਦੇ ਕਾਰਨ ਹੀ ਹੁੰਦੇ ਹਨ। ਦੇਸ਼
ਦੇ ਦੁਸ਼ਮਣ ਵੀ ਇਨ੍ਹਾਂ ਮੋਬਾਈਲਾਂ ਰਾਹੀਂ ਬਹੁਤ ਵੱਡੀਆਂ ਘਟਨਾਵਾਂ ਨੂੰ ਅਮਲੀ ਰੂਪ ਦਿੰਦੇ
ਹਨ। ਅਪਰਾਧੀ ਲੋਕਾਂ ਲਈ ਮੋਬਾਈਲ ਇਕ ਸੰਜੀਵਨੀ ਬੂਟੀ ਜਾਂ ਵਰਦਾਨ ਹੈ। ਮੋਬਾਈਲ ਝੂਠ
ਬੋਲਣ ਅਤੇ ਲੋਕਾਂ ਨੂੰ ਮਹਾਂਮੂਰਖ ਬਣਾਉਣ ਵਿਚ ਪੂਰੀ ਮੁਹਾਰਤ ਰਖਦਾ ਹੈ। ਤੁਸੀ ਘਰ ਬੈਠੇ
ਜੇ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ ਤਾਂ ਉਸ ਨੂੰ ਬੋਲ ਦਿਉ ਕਿ ਮੈਂ ਅੱਜ ਬਾਹਰ ਹਾਂ
ਜਾਂ ਦਿੱਲੀ ਗਿਆ ਹੋਇਆ ਹਾਂ ਜਾਂ ਮੋਬਾਈਲ ਵਾਈਬਰੇਸ਼ਨ ਤੇ ਲਾ ਦਿਉ।
ਸਾਡੇ ਦੇਸ਼ ਵਿਚ
ਪਿਛੇ ਜਿਹੇ ਮੋਬਾਈਲ ਵੇਚਣ ਵਾਲੀਆਂ ਕੰਪਨੀਆਂ ਨੇ ਇਕ ਨਵੀਂ ਭਿਆਨਕ ਬਿਮਾਰੀ ਵੀ ਸ਼ੁਰੂ ਕਰ
ਦਿਤੀ ਹੈ, ਜਿਸ ਦਾ ਮਤਲਬ ਹੈ, 'ਮੁਫ਼ਤ ਮੋਬਾਈਲ ਸਰਵਿਸ' ਜਿਸ ਨਾਲ ਲੋਕਾਂ ਅੰਦਰ ਖ਼ਾਸ ਕਰ
ਕੇ ਸਕੂਲਾਂ-ਕਾਲਜਾਂ ਦੇ ਬੱਚਿਆਂ ਅੰਦਰ ਇਕ ਹਿਲਜੁਲ ਜਿਹੀ ਪੈਦਾ ਹੋ ਗਈ ਹੈ। ਉਹ ਬੱਚੇ
ਜਿਨ੍ਹਾਂ ਨੇ ਅਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਦੀ ਸਹੀ ਵਰਤੋਂ ਕਰ ਕੇ ਅਪਣੀ ਜ਼ਿੰਦਗੀ ਦੇ
ਨਵੇਂ-ਨਵੇਂ ਤਜਰਬੇ ਕਰ ਕੇ ਅਤੇ ਨਵੀਆਂ ਖੋਜਾਂ ਕਰ ਕੇ ਜ਼ਿੰਦਗੀ ਦੀਆਂ ਬੁਲੰਦੀਆਂ ਦੇ
ਦਿਸਹੱਦਿਆਂ ਨੂੰ ਛੋਹਣਾ ਸੀ, ਅੱਜ ਉਹ ਅਪਣਾ ਕੀਮਤੀ ਸਮਾਂ ਇਸ ਨਵੀਂ ਸਹੇੜੀ ਬਿਮਾਰੀ ਦੇ
ਸ਼ੁਰੂ ਹੋਣ ਨਾਲ ਬਰਬਾਦ ਕਰ ਰਹੇ ਹਨ, ਜੋ ਉਨ੍ਹਾਂਦੇ ਜੀਵਨ ਵਿਚ ਘਾਤਕ ਸਿੱਧ ਹੋਵੇਗਾ। ਇਹ
ਇਕ ਗੰਭੀਰ ਮਸਲਾ ਹੈ, ਜਿਸ ਬਾਰੇ ਸੋਚਣ ਦੀ ਜ਼ਰੂਰਤ ਹੈ।
ਅਜਕਲ ਅਮੀਰਾਂ, ਮੰਤਰੀਆਂ ਅਤੇ ਅਫ਼ਸਰਾਂ ਅੰਦਰ ਇਸ ਮੋਬਾਈਲਨੁਮਾ ਕੈਂਸਰ ਦੀ ਇਕ ਨਵੀਂ ਬਿਮਾਰੀ ਫੈਲ ਗਈ ਹੈ। ਉਹ ਅਪਣੇ ਮੋਬਾਈਲ ਅੰਦਰ ਖ਼ਾਸ ਬੰਦਿਆਂ ਦੇ ਨੰਬਰ ਨੋਟ ਕਰ ਕੇ ਰਖਦੇ ਹਨ। ਜੋ ਨੰਬਰ ਇਨ੍ਹਾਂ ਦੇ ਮੋਬਾਈਲਾਂ ਵਿਚ ਨਹੀਂ ਹੁੰਦਾ, ਉਹ ਇਨ੍ਹਾਂ ਨੇ ਚੁਕਣਾ ਹੀ ਨਹੀਂ ਹੁੰਦਾ। ਇਕ ਵਾਰ ਇਹ ਘਟਨਾ ਮੇਰੇ ਖ਼ੁਦ ਨਾਲ ਵਾਪਰੀ। ਮੈਂ ਇਕ ਮਿੱਤਰ ਨੂੰ ਕਿਹਾ ਕਿ ਮੈਨੂੰ ਫ਼ਲਾਣੇ ਅਫ਼ਸਰ ਦਾ ਨੰਬਰ ਦਿਉ, ਮੈਂ ਗੱਲ ਕਰਨੀ ਚਾਹੁੰਦਾ ਹਾਂ। ਤਾਂ ਉਸ ਨੇ ਮੈਨੂੰ ਕਿਹਾ ਕਿ 'ਨੰਬਰ ਤਾਂ ਲੈ ਲਵੋ, ਪਰ ਕੋਈ ਫ਼ਾਇਦਾ ਨਹੀਂ। ਤੁਹਾਡੇ ਨਾਲ ਉਨ੍ਹਾਂ ਨੇ ਗੱਲ ਨਹੀਂ ਕਰਨੀ ਕਿਉਂਕਿ ਤੁਹਾਡਾ ਮੋਬਾਈਲ ਨੰਬਰ ਉਨ੍ਹਾਂ ਕੋਲ ਨਹੀਂ ਹੈ।'
ਮੈਂ ਅਪਣੇ ਦੇਸ਼ ਦੀਆਂ ਸਰਕਾਰਾਂ
ਪਾਸੋਂ ਪੁਛਣਾ ਚਾਹੁੰਦਾ ਹਾਂ ਕਿ ਕੀ ਉਹ ਇਸ ਅਪਰਾਧਕ ਕੈਂਸਰ ਦੇ ਜਨਮਦਾਤਾ ਮੋਬਾਈਲ ਦੀ
ਸਹੀ ਵਰਤੋਂ ਲਈ ਕੋਈ ਕਾਨੂੰਨ ਬਣਾ ਸਕਦੀਆਂ ਹਨ? ਜੇਕਰ ਬਣਾ ਸਕਦੀਆਂ ਹਨ, ਤਾਂ ਇਸ ਵਿਚ
ਕੋਈ ਢਿੱਲ ਨਾ ਕਰਨ।
ਮੋਬਾਈਲ : 98770-33838