
ਘੱਟ-ਗਿਣਤੀ ਵਿਦਿਅਕ ਅਦਾਰਿਆਂ ਬਾਰੇ ਕੌਮੀ ਕਮਿਸ਼ਨ ਨੇ ਸ਼ੀਲਾਂਗ ਸਰਕਾਰ ਨੂੰ ਹਦਾਇਤ ਦਿਤੀ ਹੈ ਕਿ ਉਹ ਪੰਜਾਬੀ ਬਸਤੀ ਵਿਚਲੇ ਖ਼ਾਲਸਾ ਸਕੂਲ............
ਨਵੀਂ ਦਿੱਲੀ : ਘੱਟ-ਗਿਣਤੀ ਵਿਦਿਅਕ ਅਦਾਰਿਆਂ ਬਾਰੇ ਕੌਮੀ ਕਮਿਸ਼ਨ ਨੇ ਸ਼ੀਲਾਂਗ ਸਰਕਾਰ ਨੂੰ ਹਦਾਇਤ ਦਿਤੀ ਹੈ ਕਿ ਉਹ ਪੰਜਾਬੀ ਬਸਤੀ ਵਿਚਲੇ ਖ਼ਾਲਸਾ ਸਕੂਲ ਨੂੰ ਕਿਸੇ ਹੋਰ ਥਾਂ ਤਬਦੀਲ ਨਾ ਕਰੇ। ਕਮਿਸ਼ਨ ਨੇ ਸ਼ੀਲਾਂਗ ਦੇ ਮੁਖ ਸਕੱਤਰ ਨੂੰ ਕਿਹਾ ਹੈ ਕਿ ਉਹ ਅਗਲੇ ਹੁਕਮਾਂ ਤੱਕ ਗੁਰੂ ਨਾਨਕ ਯੂ.ਪੀ. ਖ਼ਾਲਸਾ ਸਕੂਲ, ਪੰਜਾਬੀ ਬਸਤੀ ਨੂੰ ਹੋਰ ਥਾਂ ਤਬਦੀਲ ਨਾ ਕਰਨ।
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਦਾਖਲ ਕੀਤੀ ਗਈ ਪਟੀਸ਼ਨ 'ਤੇ ਬੀਤੇ ਦਿਨ ਕਮਿਸ਼ਨ ਨੇ ਇਹ ਹਦਾਇਤ ਦਿਤੀ ਹੈ। ਚੇਤੇ ਰਹੇ ਕਿ ਪਿਛਲ਼ੇ ਦਿਨੀਂ ਮੇਘਾਲਿਆ ਦੇ ਸ਼ੀਲਾਂਗ ਵਿਖੇ ਖ਼ਾਸੀ ਭਾਈਚਾਰੇ ਤੇ ਸਿੱਖਾਂ ਵਿਚਕਾਰ ਹੋਈਆਂ ਹਿੰਸਕ ਝੜਪਾਂ ਪਿਛੋਂ ਪੰਜਾਬੀ ਬਸਤੀ ਵਿਚਲੇ ਖ਼ਾਲਸਾ ਸਕੂਲ ਨੂੰ ਸੂਬਾ ਸਰਕਾਰ ਨੇ ਹੋਰ ਥਾਂ ਤਬਦੀਲ ਕਰਨ ਦਾ ਹੁਕਮ ਦਿਤਾ ਸੀ।
ਕਮੇਟੀ ਦੇ ਕਾਨੂੰਨੀ ਮਹਿਕਮੇ ਦੇ ਚੇਅਰਮੈਨ ਸ. ਜਸਵਿੰਦਰ ਸਿੰਘ ਜੌਲੀ ਨੇ ਦਸਿਆ ਕਿ ਹਾਲ ਦੀ ਘੜੀ ਸ਼ੀਲਾਂਗ ਸਰਕਾਰ ਸਕੂਲ ਨੂੰ ਹੋਰ ਥਾਂ ਤਬਦੀਲ ਨਹੀਂ ਕਰ ਸਕਦੀ। ਉਨ੍ਹਾਂ ਦਸਿਆ ਕਿ ਦਿੱਲੀ ਕਮੇਟੀ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿਚ ਪਹਿਲਾਂ ਹੀ ਇਕ ਟੀਮ ਨੇ ਸ਼ੀਲਾਂਗ ਦਾ ਦੌਰਾ ਕੀਤਾ ਤੇ ਕਮੇਟੀ ਸ਼ੀਲ਼ਾਂਗ ਦੇ ਸਿੱਖਾਂ ਦੇ ਹੱਕ ਦੀ ਲੜਾਈ ਲੜ ਰਹੀ ਹੈ।