
ਸੀ.ਬੀ.ਆਈ. ਅਤੇ ਪੀੜਤਾਂ ਵਲੋਂ ਕੀਤਾ ਗਿਆ ਅਰਜ਼ੀ ਦਾ ਵਿਰੋਧ
ਨਵੀਂ ਦਿੱਲੀ: 1984 ਸਿੱਖ ਨਸਲਕੁਸ਼ੀ ਦੇ ਮੁਲਜ਼ਮ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਰਾਊਜ਼ ਐਵੇਨਿਊ ਅਦਾਲਤ ਵਿਚ ਸੁਣਵਾਈ ਹੋਈ। ਅਦਾਲਤ ਨੇ ਟਾਈਟਲਰ ਦੀ ਜ਼ਮਾਨਤ ’ਤੇ ਫ਼ੈਸਲਾ 3 ਅਗਸਤ ਦੁਪਹਿਰ 3 ਵਜੇ ਤਕ ਰਾਖਵਾਂ ਰੱਖਿਆ ਹੈ। ਇਸ ਦੌਰਾਨ ਸੀ.ਬੀ.ਆਈ. ਅਤੇ ਪੀੜਤ ਪ੍ਰਵਾਰਾਂ ਨੇ ਟਾਈਟਲਰ ਦੀ ਅਗਾਊਂ ਜ਼ਮਾਨਤ ਦਾ ਵਿਰੋਧ ਕੀਤਾ। ਜਾਂਚ ਏਜੰਸੀ ਨੇ ਅਦਾਲਤ ਨੂੰ ਦਸਿਆ ਕਿ ਇਸ ਦੌਰਾਨ ਗਵਾਹਾਂ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੁਣਵਾਈ ਦੌਰਾਨ ਪੀੜਤ ਪ੍ਰਵਾਰਾਂ ਨੇ ਅਦਾਲਤ ਦੇ ਬਾਹਰ ਨਾਅਰੇਬਾਜ਼ੀ ਕਰਦਿਆਂ ਟਾਈਟਲਰ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ, ਉਨ੍ਹਾਂ ਦਾ ਕਹਿਣਾ ਹੈ ਕਿ ਉਹ 40 ਸਾਲ ਤੋਂ ਇਨਸਾਫ ਦੀ ਉਡੀਕ ਵਿਚ ਹਨ।
ਇਹ ਵੀ ਪੜ੍ਹੋ: ਗਰਮੀ ਤੋਂ ਬੇਹਾਲ ਈਰਾਨ 'ਚ ਲਾਕਡਾਊਨ, ਦਫਤਰ, ਸਕੂਲ ਅਤੇ ਬੈਂਕ ਰਹਿਣਗੇ ਬੰਦ
39 ਸਾਲਾਂ ਤੋਂ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ: ਪੀੜਤ ਪ੍ਰਵਾਰ
ਸੁਣਵਾਈ ਦੌਰਾਨ ਭਾਵੁਕ ਹੋਈਆਂ ਪੀੜਤ ਔਰਤਾਂ ਨੇ ਅਦਾਲਤ ਨੂੰ ਦਸਿਆ, “ਸਾਨੂੰ ਇਨਸਾਫ਼ ਲਈ ਸੰਘਰਸ਼ ਕਰਦਿਆਂ 39 ਸਾਲ ਹੋ ਗਏ ਪਰ ਦੋਸ਼ੀ ਬਾਹਰ ਘੁੰਮ ਰਹੇ ਹਨ। ਕਿਸੇ ਵੀ ਹਾਲਤ ਵਿਚ ਟਾਈਟਲਰ ਨੂੰ ਜ਼ਮਾਨਤ ਨਹੀਂ ਦਿਤੀ ਜਾਣੀ ਚਾਹੀਦੀ। ਇਸ ਨੇ ਪੁਲਬੰਗਸ਼ ਗੁਰਦੁਆਰਾ ਸਾਹਿਬ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ। ਇਸ ਵਿਚ 100 ਫ਼ੀ ਸਦੀ ਟਾਈਟਲਰ ਦੀ ਸ਼ਮੂਲੀਅਤ ਸੀ, ਉਸ ਨੇ ਕਈ ਵਾਰ ਸਾਨੂੰ ਧਮਕਾਇਆ”। ਪੀੜਤਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਾਂ ਨਾਲ ਬੇਇਨਸਾਫੀ ਹੋਈ ਹੈ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਉਡੀਕ ਵਿਚ ਸਾਡੀਆਂ 2 ਪੀੜ੍ਹੀਆਂ ਨੇ ਬਹੁਤ ਕੁੱਝ ਭੁਗਤਿਆ ਹੈ।
1984 Sikh Genocide Victim Families Raise Slogans Against Jagdish Tytler
ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠ ਦੱਬੇ ਪ੍ਰਵਾਰ ਦੇ 3 ਮੈਂਬਰ
ਜਗਦੀਸ਼ ਟਾਈਟਲਰ ਨੂੰ ਮਿਲੇਗੀ ਗੁਨਾਹਾਂ ਦੀ ਸਜ਼ਾ: ਮਨਜਿੰਦਰ ਸਿੰਘ ਸਿਰਸਾ
ਭਾਜਪਾ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਗਦੀਸ਼ ਟਾਈਟਲਰ ਨੂੰ 39 ਸਾਲ ਕਾਂਗਰਸ ਬਚਾਉਂਦੀ ਰਹੀ। ਹੁਣ ਜਦੋਂ ਉਸ ਨੂੰ ਅਪਣੇ ਗੁਨਾਹਾਂ ਦੀ ਸਜ਼ਾ ਮਿਲਣ ਜਾ ਰਹੀ ਹੈ ਤਾਂ ਉਸ ਨੇ ਜ਼ਮਾਨਤ ਅਰਜ਼ੀ ਦਾਇਰ ਕਰ ਦਿਤੀ। ਸਿਰਸਾ ਨੇ ਦਸਿਆ ਕਿ ਜਗਦੀਸ਼ ਟਾਈਟਲਰ ਨੇ ਜ਼ਮਾਨਤ ਅਰਜ਼ੀ ਵਿਚ ਹਵਾਲਾ ਦਿਤਾ ਹੈ ਕਿ ‘ਮੈਂ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੀ ਸਿਹਤ ਠੀਕ ਨਹੀਂ ਰਹਿੰਦੀ’।
ਉਨ੍ਹਾਂ ਸਵਾਲ ਕੀਤਾ ਕਿ ਜਦੋਂ ਟਾਈਟਲਰ ਨੇ ਗਲਾਂ ਵਿਚ ਟਾਈਰ ਪਾ ਕੇ ਸਿੱਖਾਂ ਨੂੰ ਸਾੜਿਆ ਅਤੇ ਧੀਆਂ-ਭੈਣਾਂ ਉਤੇ ਤਸ਼ੱਦਦ ਕੀਤੇ, ਉਦੋਂ ਰਹਿਮ ਕਿਉਂ ਨਹੀਂ ਆਇਆ? ਸਿਰਸਾ ਨੇ ਉਮੀਦ ਪ੍ਰਗਟਾਈ ਕਿ ਸਿੱਖਾਂ ਦੀ ਨਸਲਕੁਸ਼ੀ ਨੂੰ ਧਿਆਨ ਵਿਚ ਰੱਖਦਿਆਂ ਟਾਈਟਲਰ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾਵੇਗੀ। ਸਿਰਸਾ ਨੇ ਕਿਹਾ ਕਿ ਕਾਂਗਰਸ ਦੇ ਕਿਸੇ ਵੀ ਸਿੱਖ ਆਗੂ ਵਿਚ ਹਿੰਮਤ ਨਹੀਂ ਪਈ ਕਿ ਉਹ ਗਾਂਧੀ ਪ੍ਰਵਾਰ ਨੂੰ ਇਹ ਸਵਾਲ ਕਰੇ ਕਿ ਹੁਣ ਤਕ ਟਾਈਟਲਰ ਨੂੰ ਪਾਰਟੀ ਵਿਚੋਂ ਕਿਉਂ ਨਹੀਂ ਕੱਢਿਆ?
ਇਹ ਵੀ ਪੜ੍ਹੋ: ਦੇਸ਼ ਦੇ 4001 ਵਿਧਾਇਕਾਂ ਦੀ ਜਾਇਦਾਦ 54,545 ਕਰੋੜ ਰੁਪਏ : ADR ਰਿਪੋਰਟ
ਟਾਈਟਲਰ ਦੇ ਬਾਹਰ ਰਹਿਣ ਕਾਰਨ ਪ੍ਰਭਾਵਤ ਹੋ ਸਕਦੇ ਹਨ ਗਵਾਹ: ਹਰਮੀਤ ਸਿੰਘ ਕਾਲਕਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸੁਣਵਾਈ ਦੌਰਾਨ ਵਕੀਲਾਂ ਨੇ ਅਦਾਲਤ ਨੂੰ ਦਸਿਆ ਕਿ ਟਾਈਟਲਰ ਦੇ ਬਾਹਰ ਰਹਿਣ ਕਾਰਨ ਗਵਾਹ ਪ੍ਰਭਾਵਤ ਹੋ ਸਕਦੇ ਹਨ। ਉਨ੍ਹਾਂ ਵਲੋਂ ਗਵਾਹਾਂ ਉਤੇ ਦਬਾਅ ਪਾਇਆ ਜਾ ਸਕਦਾ ਹੈ। ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜਗਦੀਸ਼ ਟਾਈਟਲਰ ਦੇ ਵਕੀਲਾਂ ਨੇ ਕਈ ਹਵਾਲੇ ਦਿਤੇ ਪਰ ਪੀੜਤਾਂ ਦੇ ਵਕੀਲਾਂ ਨੇ ਅਦਾਲਤ ਨੂੰ ਤੱਥ ਪੇਸ਼ ਕਰਦਿਆਂ ਦਸਿਆ ਕਿ ਗਵਾਹਾਂ ਨੂੰ ਪਿਛਲੇ ਸਮੇਂ ਦੌਰਾਨ ਕਈ ਵਾਰ ਡਰਾਇਆ-ਧਮਕਾਇਆ ਗਿਆ। ਇਸ ਦੇ ਬਾਵਜੂਦ ਗਵਾਹਾਂ ਨੇ ਹਿੰਮਤ ਕਰ ਕੇ ਅਪਣੀ ਗੱਲ ਸੀ.ਬੀ.ਆਈ. ਸਾਹਮਣੇ ਰੱਖੀ ਹੈ।