
ਸ਼ਿਲਾਂਗ ਵਿਖੇ ਸਿੱਖਾਂ ਤੇ ਈਸਾਈਆਂ ਵਿਚਕਾਰ ਹੋ ਰਹੀਆਂ ਹਿੰਸਕ ਝੜਪਾਂ ਤੇ ਦੰਗਿਆਂ ਵਰਗੇ ਪੈਦਾ ਹੋਏ ਹਾਲਾਤ ਪਿਛੋਂ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ...
ਨਵੀਂ ਦਿੱਲੀ, ਸ਼ਿਲਾਂਗ ਵਿਖੇ ਸਿੱਖਾਂ ਤੇ ਈਸਾਈਆਂ ਵਿਚਕਾਰ ਹੋ ਰਹੀਆਂ ਹਿੰਸਕ ਝੜਪਾਂ ਤੇ ਦੰਗਿਆਂ ਵਰਗੇ ਪੈਦਾ ਹੋਏ ਹਾਲਾਤ ਪਿਛੋਂ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਇਥੇ ਬਿਸ਼ਪ ਥੀਓਡੋਰ ਮਾਸਕਰੇਂਸ ਨਾਲ ਮੁਲਾਕਾਤ ਕਰ ਕੇ, ਦੋਹਾਂ ਘੱਟ-ਗਿਣਤੀਆਂ ਦਾ ਮਸਲਾ ਹੱਲ ਕਰਵਾਉਣ ਤੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਬੇਨਤੀ ਕੀਤੀ।
ਮੌਕੇ 'ਤੇ ਹੀ ਬਿਸ਼ਪ ਨੇ ਮੇਘਾਲਿਆ ਦੇ ਮੁਖ ਮੰਤਰੀ ਕੋਨਾਰਡ ਸੰਗਮਾ ਨਾਲ ਫੋਨ 'ਤੇ ਗੱਲਬਾਤ ਕਰ ਕੇ, ਦੋਹਾਂ ਭਾਈਚਾਰਿਆਂ ਵਿਚ ਅਮਨ ਚੈੱਨ ਕਾਇਮ ਕਰਨ ਤੇ ਸਿੱਖਾਂ ਦੀ ਸੁਰੱਖਿਆ ਲਈ ਇੰਤਜ਼ਾਮ ਕਰਨ ਲਈ ਕਿਹਾ। ਸ.ਸਰਨਾ ਨੇ ਇਕ ਮੰਗ ਪੱਤਰ ਵੀ ਬਿਸ਼ਪ ਨੂੰ ਦਿਤਾ ਤੇ ਛੇਤੀ ਤੋਂ ਛੇਤੀ ਮਸਲੇ ਦਾ ਹੱਲ ਕੱਢਣ ਲਈ ਕਿਹਾ ਤਾ ਕਿ ਦੋਹਾਂ ਘੱਟ-ਗਿਣਤੀਆਂ ਵਿਚਕਾਰ ਮੁੜ ਤੋਂ ਭਾਈਚਾਰਕ ਸਾਂਝ ਕਾਇਮ ਕੀਤੀ ਜਾ ਸਕੇ। ਵਫ਼ਦ ਵਿਚ ਹਰਵਿੰਦਰ ਸਿੰਘ ਸਰਨਾ ਤੋਂ ਇਲਾਵਾ ਭਜਨ ਸਿੰਘ ਵਾਲੀਆ, ਜਥੇ: ਗੁਰਚਰਨ ਸਿੰਘ ਗੱਤਕਾ ਮਾਸਟਰ, ਮਨਜੀਤ ਸਿੰਘ ਸਰਨਾ, ਰਣਬੀਰ ਸਿੰਘ ਕੁੰਦੀ ਤੇ ਭੁਪਿੰਦਰ ਸਿੰਘ ਸ਼ਾਮਲ ਸਨ।
ਸ.ਸਰਨਾ ਨੇ ਦਸਿਆ ਕਿ ਬਿਸ਼ਪ ਨੇ ਦੋਹਾਂ ਘੱਟ-ਗਿਣਤੀਆਂ ਵਿਚ ਪੈਦਾ ਹੋਏ ਟਕਰਾਅ ਨੂੰ ਮੰਦਭਾਗਾ ਦਸਿਆ ਹੈ। ਸ.ਸਰਨਾ ਨੇ ਕਿਹਾ ਕਿ ਆਰ.ਐਸ.ਐਸ. ਵਰਗੀਆਂ ਫ਼ਿਰਕੂ ਤਾਕਤਾਂ ਪਹਿਲਾਂ ਹੀ ਭਾਰਤ ਨੂੰ ਹਿੰਦੂ ਦੇਸ਼ ਬਣਾਉਣ ਲਈ ਘੱਟ-ਗਿਣਤੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਜੇ ਅਜਿਹੇ ਵਿਚ ਘੱਟ-ਗਿਣਤੀਆਂ ਵਿਚਕਾਰ ਪੈਦਾ ਹੋ ਰਹੇ ਆਪਸੀ ਟਕਰਾਅ ਮੰਦਭਾਗਾ ਹੈ।ਉਨਾਂ੍ਹ ਉਮੀਦ ਪ੍ਰਗਟਾਈ ਕਿ ਸ਼ਿਲਾਂਗ ਵਿਚ ਸਿੱਖਾਂ ਤੇ ਈਸਾਈਆਂ ਵਿਚਕਾਰ ਛੇਤੀ ਅਮਨ ਚੈੱਨ ਕਾਇਮ ਹੋ ਜਾਵੇਗੀ।