
ਅਖ਼ੀਰ ਪ੍ਰਬੰਧਕਾਂ ਨੇ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ
ਨਵੀਂ ਦਿੱਲੀ : ਦਿੱਲੀ ਦੇ ਲਾਲ ਕਿਲ੍ਹਾ ਗਰਾਊਂਡ ਵਿਖੇ ਹੁੰਦੀ ਰਾਮਲੀਲਾ ਵਿਚ ਗੁਰਮਤਿ ਦੀਆਂ ਧੱਜੀਆਂ ਉਡਾ ਕੇ, ਕਲਾਕਾਰਾਂ ਵਲੋਂ ਮੂਲ ਮੰਤਰ 'ਤੇ ਨਾਚ ਕੀਤਾ ਗਿਆ। ਇਸ ਬਾਰੇ 'ਸੋਸ਼ਲ ਮੀਡੀਆ' ਤੇ ਵੀਡੀਉ ਨਸ਼ਰ ਹੋਈ ਜਿਸ ਨੂੰ ਵੇਖਣ ਪਿਛੋਂ ਸਿੱਖਾਂ ਨੇ ਰਾਮਲੀਲਾ ਕਮੇਟੀਆਂ ਨੂੰ ਲਾਹਨਤਾਂ ਪਾਈਆਂ। ਪ੍ਰਸਿੱਧ ਤੇ ਪੁਰਾਣੀ ਰਾਮਲੀਲਾ ਹੋਣ ਕਰ ਕੇ, ਇਕ ਨਿਜੀ ਟੀਵੀ ਚੈਨਲ 'ਤੇ ਰੋਜ਼ ਇਸ ਰਾਮਲੀਲਾ ਦਾ ਸਿੱਧਾ ਪ੍ਰਸਾਰਨ ਵੀ ਹੁੰਦਾ ਹੈ ਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਇਸ ਦੇ ਦੁਸਹਿਰਾ ਸਮਾਗਮਾਂ ਵਿਚ ਸ਼ਾਮਲ ਹੁੰਦੇ ਰਹੇ ਹਨ।
Dancing on Mool Mantra in Delhi Ramlila, Sikhs protest
ਸਿੱਖਾਂ ਦੇ ਤਿੱਖੇ ਪ੍ਰਤੀਕਰਮ ਪਿਛੋਂ ਅਖ਼ੀਰ ਸਬੰਧਤ ਲਵ ਕੁਸ਼ ਰਾਮਲੀਲਾ ਕਮੇਟੀ ਦੇ ਅਹੁਦੇਦਾਰਾਂ ਨੇ ਮਾਫ਼ੀ ਮੰਗ ਕੇ ਅਪਣਾ ਪੱਲਾ ਝਾੜ ਲਿਆ ਹੈ। ਜਦੋਂ 'ਸਪੋਕਸਮੈਨ' ਵਲੋਂ ਇਸੇ ਕਮੇਟੀ ਦੇ ਨੁਮਾਇੰਦੇ ਅਰਜੁਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ, “ਜੋ ਵੀਡੀਉ ਨਸ਼ਰ ਹੋਈ ਹੈ, ਉਹ ਕਲ ਰਾਤ (2 ਅਕਤੂਬਰ) ਦੀ ਹੈ। ਇਹ ਗ਼ਲਤੀ ਇਵੈਂਟ ਮੈਨੇਜਮੈਂਟ ਵਾਲਿਆਂ ਤੋਂ ਹੋਈ ਹੈ ਤੇ ਸਾਨੂੰ ਇਸ ਬਾਰੇ ਨਹੀਂ ਸੀ ਪਤਾ। ਅਸੀਂ ਸਾਰੇ ਸਿੱਖ ਗੁਰੂਆਂ ਦਾ ਸਨਮਾਨ ਕਰਦੇ ਹਾਂ। ਜੇ ਸਾਡੇ ਤੋਂ ਇਹ ਵੱਡੀ ਭੁੱਲ ਹੋਵੇ ਤਾਂ ਸਾਡੇ ਲਈ ਇਹ ਸ਼ਰਮ ਦੀ ਗੱਲ ਹੈ।''
Dancing on Mool Mantra in Delhi Ramlila, Sikhs protest
ਉਨ੍ਹਾਂ ਸਪਸ਼ਟ ਕੀਤਾ ਕਿ ਰਾਮਲੀਲਾ ਵਿਚ ਗੁਰੂ ਨਾਨਕ ਜੀ ਦਾ ਸਵਾਂਗ ਨਹੀਂ ਰਚਾਇਆ ਗਿਆ ਜਿਸ ਬਾਰੇ ਭੁਲੇਖਾ ਪੈਦਾ ਹੋ ਗਿਆ ਹੈ, ਉਹ ਕੋਈ ਹੋਰ ਬਾਬਾ ਹੈ। ਜਦੋਂ ਪੁਛਿਆ ਗਿਆ ਕਿ ਕੀ ਜੇ ਇਵੈਂਟ ਮੈਨੇਜਮੈਂਟ ਵਾਲਿਆਂ ਦੀ ਤਰੁਟੀ ਹੈ ਤਾਂ ਕੀ ਪਹਿਲਾਂ ਉਨ੍ਹਾਂ ਨਾਲ ਬਹਿ ਕੇ ਵਿਚਾਰ ਵਟਾਂਦਰਾ ਤਾਂ ਹੋਇਆ ਹੋਵੇਗਾ ਨਾ, ਆਖ਼ਰ ਕੀ ਪੇਸ਼ ਕਰਨਾ ਹੈ? ਇਸ 'ਤੇ ਉਨ੍ਹਾਂ ਕਿਹਾ, “ਸਾਡੇ ਪ੍ਰਧਾਨ ਜੀ ਨਾਲ ਜ਼ਰੂਰ ਵਿਚਾਰ ਹੋਇਆ ਹੋਵੇਗਾ, ਪਰ ਉਦੋਂ (ਇਵੈਂਟ ਵਾਲੇ) ਪੂਰੀ ਤਰ੍ਹਾਂ ਖੁਲ੍ਹ ਕੇ ਨਹੀਂ ਦਸਦੇ ਨਾ ਕਿ ਕਿਵੇਂ ਪੇਸ਼ਕਾਰੀ ਦੇਣਗੇ।'' ਰਾਮਲੀਲ੍ਹਾ ਕਮੇਟੀ ਦੇ ਪ੍ਰਧਾਨ ਅਸ਼ੋਕ ਅਗਰਵਾਲ ਨੇ ਵੀ ਇਕ ਵੀਡੀਉ ਜਾਰੀ ਕਰ ਕੇ, ਗੁਰਬਾਣੀ ਪੰਕਤੀਆਂ ਦੀ ਦੁਰਵਰਤੋਂ, ਗੁਰਬਾਣੀ ਬੇਅਦਬੀ ਲਈ ਮਾਫ਼ੀ ਮੰਗੀ ਹੈ ਤੇ ਕਿਹਾ ਹੈ ਕਿ ਅਜਿਹਾ ਭਵਿੱਖ ਵਿਚ ਨਹੀਂ ਹੋਵੇਗਾ। ਜਿਨ੍ਹਾਂ ਦੇ ਜਜ਼ਬਾਤਾਂ ਨੂੰ ਸੱਟ ਵੱਜੀ ਹੈ, ਉਨ੍ਹਾਂ ਕੋਲ ਵੀ ਮਾਫ਼ੀ ਮੰਗਦੇ ਹਾਂ।