
ਅਕਾਲੀ ਦਲ ਬਾਦਲ ਨੂੰ ਦਸ ਸਾਲ ਬਾਅਦ ਅੰਮ੍ਰਿਤਸਰ ਦੀ ਯਾਦ ਆਈ.....
ਤਰਨਤਾਰਨ : ਅਕਾਲੀ ਦਲ ਜਿਸ ਦਾ ਜਨਮ 1921 ਵਿਚ ਅੰਮ੍ਰਿਤਸਰ ਵਿਚ ਹੋਇਆ ਸੀ, ਦਾ ਦਫ਼ਤਰ ਅੰਮ੍ਰਿਤਸਰ ਤੋਂ ਬਾਹਰ ਹਨ। ਇੱਕਲਾ ਅਕਾਲੀ ਦਲ ਬਾਦਲ ਹੀ ਨਹੀਂ ਬਾਕੀ ਅਕਾਲੀ ਦਲਾਂ ਦਾ ਵੀ ਇਹ ਹੀ ਹਾਲ ਹੈ। ਜਦਕਿ 1984 ਤੋਂ ਪਹਿਲਾਂ ਅਕਾਲੀ ਦਲਾਂ ਦੇ ਦਫ਼ਤਰ ਅੰਮ੍ਰਿਤਸਰ ਵਿਚ ਹੁੰਦੇ ਸਨ ਜਿਥੇ ਵਰਕਰ ਸਮੇਂ-ਸਮੇਂ 'ਤੇ ਆ ਕੇ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਕਰਦੇ ਸਨ। ਅਕਾਲੀ ਦਲ ਬਾਦਲ ਦਾ ਦਫ਼ਤਰ ਲੰਮਾ ਸਮਾਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਰਿਹਾ। ਇਸੇ ਤਰ੍ਹਾਂ ਨਾਲ ਅਕਾਲੀ ਦਲ ਤਲਵੰਡੀ, ਅਕਾਲੀ ਦਲ ਲੌਂਗੋਵਾਲ, ਸੰਯੁਕਤ ਅਕਾਲੀ ਦਲ ਆਦਿ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਹੀ ਅਪਣੇ ਦਫ਼ਤਰ ਚਲਾਉਂਦੇ ਸਨ।
ਅਕਾਲੀ ਦਲ ਬਾਦਲ 2008 ਦੇ ਆਸ-ਪਾਸ ਅਪਣਾ ਦਫ਼ਤਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਲੈ ਗਿਆ। ਅਕਾਲੀ ਦਲ ਅੰਮ੍ਰਿਤਸਰ ਦਾ ਦਫ਼ਤਰ ਉਸ ਦੇ ਸਾਬਕਾ ਜਰਨਲ ਸਕੱਤਰ ਭਾਈ ਰਾਮ ਸਿੰਘ ਦੇ ਘਰ ਹੇਠਾਂ ਸਥਿਤ ਦੁਕਾਨ ਤੋਂ ਕਾਫ਼ੀ ਸਮਾਂ ਚਲਦਾ ਜਿਹਾ। ਜਦ ਭਾਈ ਰਾਮ ਸਿੰਘ 2011 ਵਿਚ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋ ਗਏ ਤਾਂ ਇਹ ਦਫ਼ਤਰ ਵੀ ਬੰਦ ਹੋ ਗਿਆ। ਅਕਾਲੀ ਦਲ ਦਾ ਅਪਣੇ ਗਠਨ 1921 ਤੋਂ ਲੈ ਕੇ ਸਾਲ 2008 ਤਕ ਮੌਜੂਦਾ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਸ਼ੁਰੂਆਤ ਤਕ ਅਕਾਲੀ ਦਲ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਰਿਹਾ।
ਸ. ਬਾਦਲ ਤੋਂ ਪਹਿਲਾਂ ਦੇ ਸਾਰੇ ਹੀ ਪ੍ਰਧਾਨ ਹਫ਼ਤੇ ਵਿਚ ਕੁੱਝ ਦਿਨ ਅੰਮ੍ਰਿਤਸਰ ਵਿਚ ਬੈਠ ਕੇ ਵਰਕਰਾਂ ਦੀ ਸੁਣਦੇ ਸਨ ਤੇ ਹਰ ਵਰਕਰ ਦੀ ਪਾਰਟੀ ਪ੍ਰਧਾਨ ਤਕ ਸਿੱਧੀ ਪਹੁੰਚ ਹੁੰਦੀ ਸੀ। ਸਾਧਾਰਨ ਦਫ਼ਤਰ ਵਿਚ ਵਾਣ ਦੀਆਂ ਮੰਜੀਆਂ ਤੇ ਵਰਕਰ ਤੇ ਪਾਰਟੀ ਪ੍ਰਧਾਨ ਪੰਥ ਦੀ ਚੜ੍ਹਦੀ ਕਲਾ ਕਰਨ ਲਈ ਗੱਲਾਂ ਕਰਦੇ, ਪਾਰਟੀ ਦੇ ਨਵੇਂ ਪ੍ਰੋਗਰਾਮਾਂ ਬਾਰੇ ਚਰਚਾ ਕਰਦੇ ਹੁੰਦੇ ਸਨ। ਪਰ ਹਾਈਟੈਕ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਦਫ਼ਤਰ ਨੂੰ ਸਿਟੀ ਬਿਊਟੀਫੁਲ ਚੰਡੀਗੜ੍ਹ ਵਿਚ ਤਬਦੀਲ ਕੀਤਾ।
ਸੱਤਾ ਵਿਚ ਰਹਿਣ ਤੇ ਸੁਰੱਖਿਆ ਕਾਰਨਾਂ ਕਰ ਕੇ ਪਾਰਟੀ ਦੇ ਅਹੁਦੇਦਾਰ ਦਾ ਸੁਰੱਖਿਆ ਘੇਰੇ ਵਿਚ ਰਹਿਣ ਕਰ ਕੇ ਵਰਕਰ ਪਾਰਟੀ ਤੋਂ ਦੂਰ ਹੁੰਦਾ ਗਿਆ।
ਅਪਣੇ ਮੁਢ ਨਾਲੋਂ ਟੁਟੇ ਅਕਾਲੀ ਦਲ ਬਾਦਲ ਨੂੰ ਆਖ਼ਰ 10 ਸਾਲ ਬਾਅਦ ਅੰਮ੍ਰਿਤਸਰ ਦੀ ਯਾਦ ਆ ਹੀ ਗਈ। ਬੀਤੇ 7 ਦਿਨਾਂ ਵਿਚ ਅਕਾਲੀ ਦਲ ਬਾਦਲ ਨੇ ਚੌਥੀ ਵਾਰ ਅੰਮ੍ਰਿਤਸਰ ਆ ਕੇ ਦਸਤਕ ਦਿਤੀ ਹੈ। ਅਕਾਲੀ ਦਲ ਨੇ ਇਤਿਹਾਸ ਦੀਆਂ ਕਿਤਾਬਾਂ ਵਿਚ ਕੀਤੀ ਛੇੜਛਾੜ, ਇਸਤਰੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਅੰਮ੍ਰਿਤਸਰ 'ਚ ਹੋਈ ਭਰਵੀਂ ਮੀਟਿੰਗ, ਅਕਾਲੀ ਦਲ ਦੇ ਪ੍ਰਧਾਨ ਦਾ ਅੰਮ੍ਰਿਤਸਰ 'ਚ ਇਕ ਨਵੰਬਰ ਨੂੰ ਦਿਤਾ ਧਰਨਾ
ਅਤੇ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਅੰਮ੍ਰਿਤਸਰ ਵਿਚ ਧਰਨਾ ਸੰਕੇਤ ਕਰਦਾ ਹੈ ਕਿ ਅਕਾਲੀ ਦਲ ਮੁੜ ਘਰ ਵਾਪਸੀ ਕਰ ਰਿਹਾ ਹੈ। ਅਕਾਲੀ ਦਲ ਨੇ ਅਪਣੇ ਚੰਡੀਗੜ੍ਹ ਪ੍ਰਵਾਸ ਦੌਰਾਨ ਸਿਰਫ਼ ਸੱਤਾ ਸੁਖ ਮਾਣਿਆ ਤੇ ਪੰਥ ਤੋਂ ਦੂਰੀ ਹੀ ਰਖੀ। ਸੱਤਾ ਜਾਂਦਿਆਂ ਹੀ ਅਕਾਲੀ ਦਲ ਨੂੰ ਅੰਮ੍ਰਿਤਸਰ ਦੀ ਯਾਦ ਆਈ ਤੇ ਗਤੀਵਿਧੀਆਂ ਨੂੰ ਅੰਮ੍ਰਿਤਸਰ ਲਿਆਂਦਾ। ਹੁਣ ਦੇਖਣਾ ਹੈ ਕਿ ਨੌਜਵਾਨ ਪ੍ਰਧਾਨ ਮੁੱਖ ਦਫ਼ਤਰ ਨੂੰ ਕਦ ਤਕ ਅੰਮ੍ਰਿਤਸਰ ਵਾਪਸ ਲਿਆਂਦੇ ਹਨ।