
ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦਵਾਰਾ ਕਰਤਾਰਪੁਰ ਸਾਹਿਬ ਵਿਖੇ ਭਵਿੱਖ ਵਿਚ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ.........
ਨਵੀਂ ਦਿੱਲੀ : ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦਵਾਰਾ ਕਰਤਾਰਪੁਰ ਸਾਹਿਬ ਵਿਖੇ ਭਵਿੱਖ ਵਿਚ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਕ ਚਿੱਠੀ ਲਿਖ ਕੇ, ਪੇਸ਼ਕਸ਼ ਕੀਤੀ ਹੈ ਕਿ ਕਮੇਟੀ ਨੂੰ ਕਰਤਾਰਪੁਰ ਸਾਹਿਬ ਵਿਖੇ 100 ਕਮਰਿਆਂ ਦੀ ਉੱਚ ਕੌਮਾਂਤਰੀ ਮਿਆਰਾਂ ਤੇ ਸਹੂਲਤਾਂ ਨਾਲ ਲੈੱਸ, ਅਤਿ ਆਧੁਨਿਕ ਸਰਾਂ ਦੀ ਉਸਾਰੀ ਕਰਨ ਦੀ ਪ੍ਰਵਾਨਗੀ ਦਿਤੀ ਜਾਵੇ ਤੇ ਇਸ ਲਈ ਪਾਕਿਸਤਾਨ ਸਰਕਾਰ ਯੋਗ ਥਾਂ ਦੇਣ ਦਾ ਵੀ ਬੰਦੋਬਸਤ ਕਰੇ।
ਉਨ੍ਹਾਂ ਅਪਣੀ ਚਿੱਠੀ ਵਿਚ ਕਿਹਾ ਹੈ, 'ਇਹ ਦੁਨੀਆਂ ਭਰ ਦੇ ਸਿੱਖਾਂ ਲਈ ਬੜੇ ਮਾਣ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਭਾਰਤ ਤੇ ਪਾਕਿਸਤਾਨ ਦੋਹਾਂ ਸਰਕਾਰਾਂ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਰੱਖ ਰਹੀਆਂ ਹਨ। ਡੇਰਾ ਬਾਬਾ ਨਾਨਕ ਤੋਂ ਭਾਰਤ ਤੇ ਕਰਤਾਰਪੁਰ ਸਾਹਿਬ ਵਿਚਕਾਰ ਗਲਿਆਰੇ ਰਾਹੀਂ ਗੁਰੂ ਨਾਨਕ ਸਾਹਿਬ ਦੇ ਮਨੁੱਖੀ ਭਾਈਚਾਰੇ ਤੇ ਬਰਾਬਰਤਾ ਦੇ ਸੁਨੇਹੇ ਦਾ ਪ੍ਰਚਾਰ ਹੋਵੇਗਾ।'
ਉਨਾਂ੍ਹਾਂ ਕਿਹਾ, 'ਇਹ ਸਾਡਾ ਯਕੀਨ ਹੈ ਕਿ ਪਾਕਿਸਤਾਨ ਸਰਕਾਰ ਸਿੱਖਾਂ ਤੇ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂਆਂ ਲਈ ਲਾਂਘੇ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇਗਾ।' ਉਨ੍ਹਾਂ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਦਾ ਹਵਾਲਾ ਦੇ ਕੇ, ਦਿੱਲੀ ਗੁਰਦਵਾਰਾ ਕਮੇਟੀ ਨੂੰ ਸਿੱਖਾਂ ਦਾ ਅਹਿਮ ਅਦਾਰਾ ਦਸਿਆ ਤੇ ਸਰਾਂ ਬਣਾਉਣ ਵਾਸਤੇ ਯੋਗ ਥਾਂ ਤੇ ਹੋਰ ਲੋੜੀਂਦੀ ਪ੍ਰਵਾਨਗੀ ਦੀ ਵੀ ਮੰਗ ਕੀਤੀ ਤੇ ਇਸ ਸਰਾਂ ਦਾ ਰੱਖ ਰਖਾਅ ਵੀ ਕਮੇਟੀ ਨੂੰ ਦੇਣ ਦੀ ਬੇਨਤੀ ਕੀਤੀ।