
ਕਿਹਾ, ਝਾਰਖੰਡ ਦੇ ਸਿੱਖਾਂ ਦਾ ਹੱਕ ਪਟਨਾ ਸਾਹਿਬ ਦੀ ਕਮੇਟੀ ’ਚ ਬਰਕਰਾਰ ਹੋਵੇਗਾ
ਜਮਸ਼ੇਦਪੁਰ: ਤਖ਼ਤ ਸ੍ਰੀ ਹਰਿਮੰਦਰ ਜੀ (ਪਟਨਾ ਸਾਹਿਬ) ਦੀ ਪ੍ਰਬੰਧਕੀ ਕਮੇਟੀ, ਬਿਹਾਰ ’ਚੋਂ ਝਾਰਖੰਡ ਦੇ ਸਿੱਖਾਂ ਦੀ ਪ੍ਰਤੀਨਿਧਗੀ ਖ਼ਤਮ ਕੀਤੇ ਜਾਣ ਤੋਂ ਨਾਰਾਜ਼ ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਸਥਾ ਸਾਂਝੀ ਆਵਾਜ਼ ਦੇ ਸੰਯੁਕਤ ਵਫ਼ਦ ਨੂੰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਭਰੋਸਾ ਦਿਤਾ ਹੈ ਕਿ ਝਾਰਖੰਡ ਦੇ ਸਿੱਖਾਂ ਦਾ ਅਧਿਕਾਰ ਹਰ ਹਾਲ ’ਚ ਬਰਕਰਾਰ ਰਹੇਗਾ ਅਤੇ ਜੋ ਸਿੱਖਾਂ ਨੂੰ ਪਹਿਲਾਂ ਮਿਲ ਰਿਹਾ ਸੀ ਉਹ ਮਿਲਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਬਾਬਤ ਉਹ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਸੰਪਰਕ ਕਰ ਕੇ ਸਨਮਾਨਜਨਕ ਹੱਲ ਕੱਢਣਗੇ।
ਇਹ ਵੀ ਪੜ੍ਹੋ: ਵਿਸ਼ਵ ਯੂਨੀਵਰਸਿਟੀ ਖੇਡਾਂ ’ਚ ਭਾਰਤ ਨੇ ਰੀਕਾਰਡ 26 ਤਮਗਿਆਂ ਨਾਲ ਮੁਹਿੰਮ ਦੀ ਸਮਾਪਤੀ ਕੀਤੀ
ਮੁੱਖ ਮੰਤਰੀ ਸ਼ਹੀਦ ਨਿਰਮਲ ਮਹਤੋ ਦੇ ਸ਼ਹਾਦਤ ਦਿਵਸ ਮੌਕੇ ਕਰਵਾਏ ਪ੍ਰੋਗਰਾਮ ’ਚ ਸਟੇਜ ’ਤੇ ਸਨ ਅਤੇ ਉਨ੍ਹਾਂ ਨੂੰ ਸਿੱਖ ਵਫ਼ਦ ਨੇ ਉਥੇ ਸੱਦ ਕੇ ਮੰਗ ਪੱਤਰ ਲਿਆ। ਵਫ਼ਦ ਵਲੋਂ ਸਾਬਕਾ ਪ੍ਰਧਾਨ ਸਤਬੀਰ ਸਿੰਘ ਸੋਮੂ ਅਤੇ ਚੇਅਰਮੈਨ ਜਸਵੀਰ ਸਿੰਘ ਖੀਰ ਨੇ ਮੰਗ ਪੱਤਰ ਸੌਂਪ ਕੇ ਦਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਦੀ ਦੇਖਰੇਖ ਅਤੇ ਪ੍ਰਬੰਧਨ ਕਰ ਰਹੀ ਸੰਸਥਾ 1955 ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਕਮੇਟੀ ’ਚ ਮੈਂਬਰਾਂ ਦੀ ਚੋਣ ਲਈ ਪੰਜ ਖੇਤਰ ਹਨ, ਜਿਨ੍ਹਾਂ ’ਚੋਂ ਇਕ ਦਖਣੀ ਬਿਹਾਰ ਹੈ। ਦਖਣ ਬਿਹਾਰ ਦੇ ਝਾਰਖੰਡ ਤੋਂ ਵੱਖ ਸੂਬਾ ਬਣਨ ਤੋਂ ਬਾਅਦ ਵੀ ਇਥੋਂ ਦੇ 124 ਗੁਰਦਵਾਰਿਆਂ ਦੀਆਂ ਸਿੰਘ ਸਭਾਵਾਂ ਨੂੰ ਵੋਟਿੰਗ ਦਾ ਅਧਿਕਾਰ ਰਿਹਾ ਹੈ ਪਰ ਹੁਣ ਇਸ ਹੱਕ ਨੂੰ ਖੋਹਣ ਦੀ ਕੋਸ਼ਿਸ਼ ਹੋਈ ਹੈ।
ਇਹ ਵੀ ਪੜ੍ਹੋ: ਉਤਰ-ਪੂਰਬ ਵਿਚ ਜਦੋਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਪੂਰਾ ਦੇਸ਼ ਪ੍ਰਭਾਵਤ ਹੁੰਦਾ ਹੈ: ਮਨੀਸ਼ ਤਿਵਾੜੀ
ਉਨ੍ਹਾਂ ਕਿਹਾ ਕਿ ਬਿਹਾਰ ਪੁਨਰਗਠਨ ਐਕਟ ਦੀ ਧਾਰਾ 84 ਅਤੇ ਧਾਰਾ 85 ਦੀ ਸ਼ਰਤ ਅਨੁਸਾਰ ਜਿਨ੍ਹਾਂ ਵਿਸ਼ਿਆਂ ’ਤੇ ਨੀਤੀਗਤ ਫੈਸਲਾ ਨਹੀਂ ਹੋਇਆ ਹੈ ਉਹ ਵਿਸ਼ੇ ਉਸੇ ਤਰ੍ਹਾਂ ਬਣੇ ਰਹਿਣਗੇ। ਮੁੱਖ ਮੰਤਰੀ ਨੂੰ ਇਹ ਵੀ ਦਸਿਆ ਗਿਆ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਿਧਾਇਕ ਸਰਯੂ ਰਾਏ ਨੇ ਵਿਧਾਨ ਸਭਾ ’ਚ ਵੀ ਰਖਿਆ ਹੈ। ਇਸ ਵਫ਼ਦ ’ਚ ਕੁਲਵਿੰਦਰ ਸਿੰਘ, ਚੰਚਲ ਸਿੰਘ ਭਾਟੀਆ, ਅਮਰੀਕ ਸਿੰਘ, ਸੋਨੀ ਸਿੰਘ, ਜਗਤਾਰ ਸਿੰਘ ਨਾਗੀ, ਸਤਨਾਮ ਸਿੰਘ ਸੋਹਲ, ਸਰਤਾਜ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਰਾਜਾ, ਸਰਬਜੀਤ ਸਿੰਘ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ: ਸੁਨੀਲ ਜਾਖੜ ਨੇ ਉਸ ਹੱਥ ਨੂੰ ਵੱਢਿਆ ਜਿਸ ਨੇ ਦਹਾਕਿਆਂ ਤਕ ਉਸ ਨੂੰ ਅਤੇ ਉਸ ਦੇ ਪ੍ਰਵਾਰ ਨੂੰ ਭੋਜਨ ਦਿਤਾ: ਸੁਖਜਿੰਦਰ ਰੰਧਾਵਾ
ਜ਼ਿਕਰਯੋਗ ਹੈ ਕਿ ਝਾਰਖੰਡ ਨੂੰ ਵਖਰਾ ਸੂਬਾ ਦਸਦਿਆਂ 6 ਅਗੱਸਤ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਦੀ ਪ੍ਰਬੰਧਕੀ ਕਮੇਟੀ ਨੇ ਝਾਰਖੰਡ ਦੀ ਪ੍ਰਤੀਨਿਧਗੀ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਸੀ। ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸੀ.ਜੀ.ਪੀ.ਸੀ.) ਨੇ ਕਿਹਾ ਹੈ ਕਿ ਉਹ ਇਸ ਮੁੱਦੇ ’ਤੇ ਚੁਪ ਨਹੀਂ ਬੈਠੇਗੀ ਅਤੇ ਪਟਨਾ ਸਾਹਿਬ ਜਾ ਕੇ ਅਪਣੀ ਗੱਲ ਮੌਜੂਦਾ ਪ੍ਰਬੰਧ ਕਮੇਟੀ ਸਾਹਮਣੇ ਰੱਖੇਗੀ।