ਇੰਦਰਬੀਰ ਸਿੰਘ ਪਟਿਆਲਾ ਦੀ ਅਗਵਾਈ ’ਚ ਰਵਾਨਾ ਹੋਇਆ ਸੀ 31 ਸਿੱਖਾਂ ਦਾ ਜਥਾ
ਕਿਹਾ - ਬੰਦੀ ਸਿੰਘਾਂ ਨੂੰ ਨਾਲ ਲੈ ਕੇ ਜਾਵਾਂਗੇ, ਚਾਹੇ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ
ਮੁਹਾਲੀ: ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਸੰਘਰਸ਼ ਜਾਰੀ ਹੈ। ਇਸ ਦੇ ਚਲਦਿਆਂ ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ ਅੱਜ ਫਿਰ ਮੋਰਚੇ ਦੇ 31 ਮੈਂਬਰਾਂ ਦੇ ਜਥੇ ਨੇ ਚੰਡੀਗੜ੍ਹ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੂਚ ਕੀਤਾ ਤਾਂ ਪੁਲਿਸ ਨੇ ਜਥੇ ਨੂੰ ਰੋਕ ਲਿਆ। ਇਸ ਤੋਂ ਬਾਅਦ ਸੰਗਤ ਨੇ ਸੜਕ 'ਤੇ ਬੈਠ ਕੇ 2 ਘੰਟੇ ਤੱਕ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਇਸ ਤੋਂ ਬਾਅਦ ਅੱਗੇ ਵਧਣ ਸਬੰਧੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ।
ਇਹ ਵੀ ਪੜ੍ਹੋ: CGC ਝੰਜੇੜੀ ਕੈਂਪਸ ’ਚ ਅੰਤਰਰਾਸ਼ਟਰੀ ਡਿਪਲੋਮੈਟ ਮੀਟ- 2023 ਦਾ ਆਯੋਜਨ, 11 ਦੇਸ਼ਾਂ ਦੇ ਡਿਪਲੋਮੈਟਾਂ ਨੇ ਕੀਤੀ ਸ਼ਿਰਕਤ
ਜਥੇ ਨੇ ਚੰਡੀਗੜ੍ਹ ਵਿਚ ਦਾਖਲ ਹੋਣ ਦੀ ਇਜਾਜ਼ਤ ਮੰਗੀ ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ। ਇਸ ਤੋਂ ਬਾਅਦ ਜੱਥਾ ਫਿਰ ਜਾਪ ਕਰਨ ਬੈਠ ਗਿਆ। ਅਰਦਾਸ ਕਰਨ ਉਪਰੰਤ ਸਮੂਹ ਸਿੱਖ ਨਾਅਰੇਬਾਜ਼ੀ ਕਰਦੇ ਹੋਏ ਮੋਰਚੇ ਵਾਲੀ ਥਾਂ ਵੱਲ ਵਾਪਸ ਮੁੜ ਗਏ। ਜਥੇ ਦੀ ਅਗਵਾਈ ਕਰ ਰਹੇ ਇੰਦਰਬੀਰ ਸਿੰਘ ਪਟਿਆਲਾ ਨੇ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਕਿ ਭਾਰੀ ਫੋਰਸ ਨਾਲ ਲੈਸ ਸਰਕਾਰ 31 ਸਿੱਖਾਂ ਤੋਂ ਡਰ ਗਈ।
ਇਹ ਵੀ ਪੜ੍ਹੋ: ਭੂਚਾਲ ਪ੍ਰਭਾਵਿਤ ਤੁਰਕੀ ਨੇ ਪਾਕਿਸਤਾਨੀ PM ਦੀ ਮੇਜ਼ਬਾਨੀ ਤੋਂ ਕੀਤਾ ਇਨਕਾਰ, ਸ਼ਾਹਬਾਜ਼ ਸ਼ਰੀਫ ਦਾ ਤੁਰਕੀ ਦੌਰਾ ਰੱਦ
ਉਹਨਾਂ ਕਿਹਾ ਕਿ ਜੇਕਰ ਅਸੀਂ ਮੁੱਖ ਮੰਤਰੀ ਦੇ ਘਰ ਬਾਹਰ ਜਾਪ ਕਰਦੇ ਹਾਂ ਤਾਂ ਇਸ ਨਾਲ ਉਹਨਾਂ ਦਾ ਵੀ ਭਲਾ ਹੀ ਹੋਣਾ ਸੀ ਪਰ ਅਸੀਂ ਰੁਕਾਂਗੇ ਨਹੀਂ। ਉਹਨਾਂ ਕਿਹਾ ਕਿ ਸਰਕਾਰ ਸਾਡੇ ਕੋਲੋਂ ਡਰ ਗਈ ਹੈ। ਅਸੀਂ ਰੋਜ਼ਾਨਾ ਸ਼ਾਂਤਮਈ ਢੰਗ ਨਾਲ ਇੱਥੇ ਆਵਾਂਗੇ ਅਤੇ ਸਿਮਰਨ ਕਰਾਂਗੇ। ਉਹਨਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਭਗਵੰਤ ਮਾਨ ਖੁਦ ਗੁਰਬਖ਼ਸ਼ ਸਿੰਘ ਕੋਲ ਆ ਕੇ ਕਹਿੰਦੇ ਸੀ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਸਮਰਥਨ ਕਰ ਕਰਦਾ ਹਾਂ, ਅੱਜ ਉਹਨਾਂ ਦਾ ਸਮਰਥਨ ਕਿੱਥੇ ਗਿਆ?
ਇਹ ਵੀ ਪੜ੍ਹੋ: ਦੁਨੀਆ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ ਵਾਲਟ ਡਿਜ਼ਨੀ ਕਰੇਗੀ 7000 ਕਰਮਚਾਰੀਆਂ ਦੀ ਛਾਂਟੀ
ਇੰਦਰਬੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਮੋਰਚੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਗੁਰੂ ਸਾਹਿਬ ਦੇ ਸਿੰਘ ਦੱਬਦੇ ਨਹੀਂ। ਅਸੀਂ ਬੰਦੀ ਸਿੰਘਾਂ ਨੂੰ ਲੈ ਕੇ ਜਾਵਾਂਗੇ, ਚਾਹੇ ਸਾਨੂੰ ਆਪਣੀ ਜਾਨ ਦੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਇਸ ਮੌਕੇ ਚੰਡੀਗੜ੍ਹ-ਮੁਹਾਲੀ ਬਾਰਡਰ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ। ਵਾਪਸੀ ਮੌਕੇ ਸੰਗਤ ਵੱਲ਼ੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।