
ਕੋਟਕਪੂਰਾ : ਭਾਵੇਂ ਸ਼੍ਰੋਮਣੀ ਕਮੇਟੀ ਦੇ ਸਕੂਲਾਂ-ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਕਿਤਾਮੁਖੀ ਸੰਸਥਾਵਾਂ 'ਚ ਪੜ੍ਹਨ ਵਾਲੇ ਬੱਚਿਆਂ ਲਈ ਪ੍ਰਧਾਨ...
ਕੋਟਕਪੂਰਾ : ਭਾਵੇਂ ਸ਼੍ਰੋਮਣੀ ਕਮੇਟੀ ਦੇ ਸਕੂਲਾਂ-ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਕਿਤਾਮੁਖੀ ਸੰਸਥਾਵਾਂ 'ਚ ਪੜ੍ਹਨ ਵਾਲੇ ਬੱਚਿਆਂ ਲਈ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਵਜ਼ੀਫ਼ਾ ਪ੍ਰਾਪਤੀ ਲਈ ਅੰਮ੍ਰਿਤਧਾਰੀ ਜ਼ਰੂਰੀ ਹੋਣ ਦੀ ਸ਼ਰਤ ਨੂੰ ਵਾਜਬ ਮੰਨਿਆ ਜਾ ਸਕਦਾ ਹੈ ਅਤੇ ਪ੍ਰਧਾਨ ਵਲੋਂ ਉਕਤ ਲਾਭਪਾਤਰੀਆਂ ਦੇ ਮਾਪਿਆਂ ਦੇ ਅੰਮ੍ਰਿਤਧਾਰੀ ਹੋਣ ਦੀ ਸ਼ਰਤ ਵੀ ਲਾਈ ਗਈ ਹੈ ਪਰ ਪ੍ਰਧਾਨ ਦੇ ਉਕਤ ਫ਼ੈਸਲੇ ਦੇ ਪ੍ਰਤੀਕਰਮ ਵਜੋਂ ਕੁੱਝ ਪੰਥਦਰਦੀਆਂ ਨੇ ਸਵਾਲ ਉਠਾਏ ਹਨ ਕਿ ਜੇਕਰ ਲੋੜਵੰਦ ਵਿਦਿਆਰਥੀ/ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੋਈ ਵੀ ਲਾਭ ਲੈਣ ਤੋਂ ਪਹਿਲਾਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਤਾਂ ਸਿੱਖ ਰਹਿਤ ਮਰਿਆਦਾ ਉਪਰ ਪੂਰੇ ਨਾ ਉਤਰਣ ਵਾਲੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਉਪਰ ਅਜਿਹੀਆਂ ਸ਼ਰਤਾਂ ਲਾਗੂ ਕਿਉਂ ਨਹੀਂ ਕੀਤੀਆਂ ਜਾਂਦੀਆਂ?
ਨਿਧੜਕ ਪ੍ਰਚਾਰਕ ਤੇ ਉਘੇ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਅਤੇ ''ਦਰਬਾਰ-ਇ-ਖ਼ਾਲਸਾ' ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਨੇ ਸਪੋਕਸਮੈਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਵਾਲ ਕੀਤਾ ਕਿ ਕੀ ਤਖਤਾਂ ਦੇ ਜਥੇਦਾਰਾਂ ਦੇ ਪਤਿੱਤ ਬੱਚਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ? ਕੀ ਕੱਟਿਆਂ-ਵੱਛਿਆਂ ਦਾ ਵਪਾਰ ਕਰਨ ਅਤੇ ਸ਼ਰਾਬ ਪੀਣ ਜਾਂ ਬੀੜੀਆਂ-ਸਿਗਰਟਾਂ ਫੂਕਣ ਵਾਲੀ ਔਲਾਦ ਦੇ ਮਾਪਿਆਂ ਤੋਂ 'ਜਥੇਦਾਰੀ' ਖੋਹੀ ਜਾਵੇਗੀ? ਕੀ ਅਪਣੇ ਬੇਟੇ/ਬੇਟੀ ਦੇ ਵਿਆਹ ਮੌਕੇ ਮੀਟ-ਸ਼ਰਾਬ ਵਰਤਣ ਅਤੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ, ਅਧਿਕਾਰੀਆਂ ਜਾਂ ਕਰਮਚਾਰੀਆਂ ਵਿਰੁਧ ਕਾਰਵਾਈ ਕਰਨ ਦੀ ਜੁਰਅਤ ਦਿਖਾਉਗੇ?
ਕਿਉਂਕਿ ਰੋਜ਼ਾਨਾ ਸਪੋਕਸਮੈਨ 'ਚ ਹੁਣ ਤਕ 'ਜਥੇਦਾਰਾਂ' ਦੀਆਂ ਅਜਿਹੀਆਂ ਕਰਤੂਤਾਂ ਦੀਆਂ ਸੈਂਕੜੇ ਖ਼ਬਰਾਂ ਸਬੂਤਾਂ ਸਮੇਤ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਪੁਛਿਆ ਕਿ ਕੀ ਪੰਥਕ ਵਿਚਾਰਧਾਰਾ ਅਤੇ ਸਿੱਖ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਵਾਲੇ ਜਥੇਦਾਰਾਂ ਦੀਆਂ ਕਰਤੂਤਾਂ ਨੂੰ ਅਣਦੇਖਿਆ ਕਰ ਕੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਜਾਂ ਹੋਰ ਕਿਤਾਮੁਖੀ ਸੰਸਥਾਵਾਂ 'ਚ ਪੜ੍ਹਦੇ ਵਿਦਿਆਰਥੀ/ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਹੀ ਅੰਮ੍ਰਿਤਧਾਰੀ ਬਣਾਉਣ 'ਤੇ ਜ਼ੋਰ ਲਾ ਦਿਉਗੇ?