
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ
ਲੁਧਿਆਣਾ : ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਦੇਸ਼ ਵਿਦੇਸ਼ ਵਿਚ ਕਾਰਜਸ਼ੀਲ ਪ੍ਰਮੁੱਖ ਸਿੱਖ ਜਥੇਬੰਦੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਭਾਈ ਕਾਨ੍ਹ ਸਿੰਘ ਨਾਭਾ ਆਡੀਟੋਰੀਅਮ ਵਿਖੇ ਆਯੋਜਤ ਕੀਤੀ ਗਈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿਚ ਮੁੱਖ ਤੌਰ 'ਤੇ ਚਾਰ ਮੁੱਦੇ ਵਿਚਾਰੇ ਗਏ।
Pic-2
ਇਨ੍ਹਾਂ ਵਿਚ ਸਿੱਖ ਜਥੇਬੰਦੀਆਂ ਦੀ ਜਗਤਮੂਲਕ ਪਹਿਚਾਣ ਕਰ ਕੇ ਅਕਾਲ ਤਖ਼ਤ ਸਾਹਿਬ ਨਾਲ ਜੋੜਨਾ, ਜਥੇਬੰਦੀਆਂ ਦੇ ਪ੍ਰਸਪਰ ਸਹਿਯੋਗ ਦੀਆਂ ਸੰਭਾਵਨਾਵਾਂ, ਸਾਲ ਵਿਚ ਘੱਟੋ ਘੱਟ ਇਕ ਵਾਰ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਅਤੇ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦਾ ਗਠਨ ਕਰਨਾ ਸ਼ਾਮਲ ਸਨ। ਇਕੱਤਰਤਾ ਦੇ ਆਰੰਭ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਸਿਧਾਂਤਕ ਅਤੇ ਵਿਵਹਾਰਕ ਤੌਰ 'ਤੇ ਦੁਨੀਆਂ ਦੇ ਹਰ ਪ੍ਰਾਣੀ ਤਕ ਸੰਚਾਰਨ ਲਈ ਤੱਤਪਰ ਸਿੱਖ ਜਥੇਬੰਦੀਆਂ ਦੇ ਉਸਾਰੂ ਕਾਰਜਾਂ ਲਈ ਯੋਗ ਸਰਾਹੁਣਾ ਵੀ ਮਿਲੇਗੀ ਅਤੇ ਉਨ੍ਹਾਂ ਦੇ ਕਾਰਜਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਵਲੋਂ ਵਿਆਪਕ ਪੰਥਕ ਹਿਤਾਂ ਦੀ ਪੂਰਤੀ ਦੇ ਇਕ ਮਹੱਤਵਪੂਰਨ ਅੰਗ ਵਜੋਂ ਦੇਖਿਆ ਜਾਵੇਗਾ।
Akal Takhat Sahib
ਮੰਚ ਸੰਚਾਲਨ ਕਰਦਿਆਂ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਦੇ ਨਿਰਦੇਸ਼ਕ ਸ. ਗੁਰਮੀਤ ਸਿੰਘ ਨੇ 'ਜਥੇਦਾਰ' ਅੰਦਰ ਪੰਥਕ ਦਰਦ ਤਹਿਤ ਵਿਆਪਕ ਵਿਸ਼ਵ ਪਧਰੀ ਸੰਚਾਰ ਲਹਿਰ ਉਸਾਰਨ ਪ੍ਰਤੀ ਜਗਿਆਸਾ ਅਤੇ ਤੱਤਪਰਤਾ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼ਾਮਲ ਜਥੇਬੰਦੀਆਂ ਵਿਚ ਬੇਸਿਕਸ ਆਫ਼ ਸਿੱਖੀ ਨਵੀਂ ਦਿੱਲੀ, ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਚੰਡੀਗੜ੍ਹ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਸਕੋਰ, ਈਕੋ ਸਿੱਖ ਯੂ.ਐਸ.ਏ., ਖ਼ਾਲਸਾ ਏਡ ਇੰਗਲੈਂਡ, ਸਤਿਨਾਮ ਸਰਬ ਕਲਿਆਣ ਟਰੱਸਟ ਯੂ.ਐਸ.ਏ., ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਲੁਧਿਆਣਾ, ਸੁਕ੍ਰਿਤ ਟਰੱਸਟ ਲੁਧਿਆਣਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਲੁਧਿਆਣਾ ਅਤੇ ਯੂਨਾਈਟਿਡ ਸਿੱਖਜ਼ ਯੂ.ਐਸ.ਏ. ਹਾਜ਼ਰ ਸਨ।