
ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀਆਂ ਮੰਗਾਂ ਨੂੰ ਲੈ ਕੇ 1 ਜੂਨ ਤੋਂ ਬਰਗਾੜੀ.........
ਕੋਟਕਪੂਰਾ : ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀਆਂ ਮੰਗਾਂ ਨੂੰ ਲੈ ਕੇ 1 ਜੂਨ ਤੋਂ ਬਰਗਾੜੀ ਦੀ ਦਾਣਾ ਮੰਡੀ 'ਚ ਲੱਗੇ ਇਨਸਾਫ਼ ਮੋਰਚੇ ਦੇ ਆਗੂਆਂ ਵਲੋਂ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਬਾਬੇ ਨਾਨਕ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਇਕ ਵਾਰ ਫਿਰ ਭਾਰੀ ਗਿਣਤੀ 'ਚ ਸੰਗਤਾਂ ਦਾ ਵਿਸ਼ਾਲ ਇਕੱਠ ਦੇਖਣ ਨੂੰ ਮਿਲਿਆ।
ਇਨਸਾਫ਼ ਮੋਰਚੇ ਦੇ ਆਗੂਆਂ ਨੇ ਆਖਿਆ ਕਿ 550ਵੇਂ ਅਵਤਾਰ ਦਿਹਾੜੇ ਦੇ ਸਬੰਧ 'ਚ ਅੱਜ 549ਵਾਂ ਪ੍ਰਕਾਸ਼ ਦਿਹਾੜਾ ਮਨਾ ਕੇ ਸਾਰਾ ਸਾਲ ਇਸ ਤਰ੍ਹਾਂ ਦੇ ਗੁਰਮਤਿ ਸਮਾਗਮ ਕਰਨ ਦੀ ਸ਼ੁਰੂਆਤ ਕਰ ਦਿਤੀ ਗਈ ਹੈ। ਅਪਣੇ ਸੰਬੋਧਨ ਦੌਰਾਨ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਸਮੇਤ ਹੋਰ ਬੁਲਾਰਿਆਂ ਨੇ ਦੁਹਰਾਇਆ ਕਿ ਜਦ ਤਕ ਉਪਰੋਕਤ ਤਿੰਨ ਪੰਥਕ ਮੰਗਾਂ ਦੀ ਪੂਰਤੀ ਨਹੀਂ ਹੁੰਦੀ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਦੀ ਗ੍ਰਿਫ਼ਤਾਰੀ, ਜਾਪ ਕਰਦੀਆਂ ਸੰਗਤਾਂ 'ਤੇ ਗੋਲੀ ਚਲਾਉਣ ਵਾਲਿਆਂ 'ਤੇ ਸਖ਼ਤ ਕਾਰਵਾਈ ਸਮੇਤ ਦੇਸ਼ ਭਰ ਦੀਆਂ ਜੇਲਾਂ 'ਚ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜ ਮਹੀਨੇ ਤੋਂ ਚਲ ਰਿਹਾ ਸ਼ਾਂਤਮਈ ਇਨਸਾਫ਼ ਮੋਰਚਾ ਉਨਾ ਸਮਾਂ ਜਾਰੀ ਰਹੇਗਾ, ਜਦ ਤਕ ਸੰਗਤਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਭਾਈ ਜਸਕਰਨ ਸਿੰਘ ਕਾਹਨਵਾਲਾ ਨੇ ਕਿਹਾ ਕਿ ਅੱਜ ਦੇ ਇਸ ਵਿਸ਼ਾਲ ਇਕੱਠ ਤੋਂ ਸਿੱਧ ਹੁੰਦਾ ਹੈ ਕਿ ਸਮੂਹ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਸਮੇਤ ਦੋ ਹੋਰ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਚਟਾਨ ਵਾਂਗ ਖੜੀਆਂ ਹਨ।
ਇਹ ਮੋਰਚਾ ਇਨ੍ਹਾਂ ਤਿੰਨਾਂ ਮੰਗਾਂ ਨੂੰ ਮਨਵਾ ਕੇ ਹੀ ਸਮਾਪਤ ਹੋਵੇਗਾ। ਇਸ ਮੌਕੇ ਸਰਬਜੀਤ ਕੌਰ ਮਾਣੂਕੇ ਐਮ ਐਲ ਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ ਅੱਜ ਬਰਗਾੜੀ ਇਨਸਾਫ਼ ਮੋਰਚੇ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 549ਵੇਂ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ 'ਚ ਗੁਰਪੁਰਬ ਦੇ ਸਮਾਗਮ 'ਚ ਪੁੱਜੇ ਹਨ। ਉਨ੍ਹਾਂ ਕਿਹਾ ਕਿ ਇਥੇ ਉਹ ਆਮ ਲੋਕ ਆਏ ਹਨ ਜਿਨ੍ਹਾਂ ਦੇ ਮਨਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਦੁੱਖ ਹੈ ਅਤੇ ਉਹ ਇਨਸਾਫ਼ ਚਾਹੁੰਦੇ ਹਨ ਪਰ ਲੋਕਾਂ ਨੇ ਜਿਨ੍ਹਾਂ ਉਮੀਦਾਂ ਨਾਲ ਕਾਂਗਰਸ ਸਰਕਾਰ ਲਿਆਂਦੀ ਸੀ, ਉਨ੍ਹਾਂ ਦੀਆਂ ਉਹ ਸਾਰੀਆਂ ਉਮੀਦਾਂ ਢਹਿ ਢੇਰੀ ਹੋ ਗਈਆਂ ਹਨ।
ਉਨ੍ਹਾਂ ਕਿਹਾ ਕਿ ਲੋਕ ਹੁਣ ਦੋਹਾਂ ਸਰਕਾਰਾਂ ਤੋਂ ਅੱਕ ਚੁਕੇ ਹਨ। ਪੰਜਾਬ ਸਮੇਤ ਲਾਗਲੇ ਸੂਬਿਆਂ ਵਿਚੋਂ ਬਸਾਂ, ਕਾਰਾਂ, ਜੀਪਾਂ, ਟਰੈਕਟਰ, ਟਰਾਲੀਆਂ 'ਤੇ ਸੰਗਤਾਂ ਵੱਧ ਚੜ੍ਹ ਕੇ ਬਰਗਾੜੀ ਪਹੁੰਚੀਆਂ ਅਤੇ ਧਾਰਮਕ ਸਮਾਗਮ ਦੌਰਾਨ ਪੰਥਕ ਆਗੂਆਂ ਦੇ ਵਿਚਾਰ ਸੁਣੇ, ਰਾਹਗੀਰਾਂ ਦੀ ਸਹੂਲਤ ਲਈ ਥਾਂ ਥਾਂ ਲੰਗਰ ਵੀ ਲਾਏ ਗਏ ਸਨ, ਨੌਜਵਾਨਾਂ ਨੇ ਜਿਥੇ ਕੇਸਰੀ ਝੰਡੇ ਵਹੀਕਲਾਂ ਉਪਰ ਲਾ ਕੇ ਇਨਸਾਫ਼ ਮੋਰਚੇ ਵਿਚ ਹਾਜ਼ਰੀ ਭਰੀ, ਉਥੇ ਹੀ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਬਾਬਾ ਸਰਬਜੋਤ ਸਿੰਘ ਬੇਦੀ, ਸਾਬਕਾ ਸਪੀਕਰ ਬੀਰਦਵਿੰਦਰ ਸਿੰਘ, ਭਾਈ ਵੱਸਣ ਸਿੰਘ ਜ਼ਫ਼ਰਵਾਲ, ਭਾਈ ਗੁਰਦੀਪ ਸਿੰਘ ਬਠਿੰਡਾ, ਲਾਲ ਸਿੰਘ ਸੁਲਹਾਣੀ, ਸੰਤ ਮੱਖਣ ਸਿੰਘ, ਅਸ਼ੋਕ ਚੁੱਘ ਸਮੇਤ ਨਿਹੰਗ ਜਥੇਬੰਦੀਆਂ, ਸੰਤ ਸਮਾਜ, ਟਕਸਾਲਾਂ, ਨਾਮਧਾਰੀ ਸੰਪਰਦਾਵਾਂ, ਵੱਖ-ਵੱਖ ਸੰਗਠਨਾਂ ਦੇ ਬਹੁਤ ਸਾਰੇ ਪ੍ਰਤੀਨਿਧਾਂ ਨੇ ਵੀ ਸੰਬੋਧਨ ਕੀਤਾ।
ਕਸਬਾ ਬਰਗਾੜੀ ਵਿਖੇ ਜਿਉ ਹੀ ਸੰਗਤਾਂ ਨੇ ਵੱਧ ਚੜ੍ਹ ਕੇ ਪਹੁੰਚਣਾ ਸ਼ੁਰੂ ਤਾਂ ਇੰਟਰਨੈੱਟ ਦੇ ਮੰਦੜੇਹਾਲ ਹੋ ਗਏ, ਬੇਸ਼ੱਕ ਰੁਕ ਰੁਕ ਕੇ ਮੋਬਾਈਲਾਂ ਉਪਰ ਇੰਟਰਨੈੱਟ ਦੀ ਸੁਵਿਧਾ ਲੈਣ ਲਈ ਲੋਕਾਂ ਨੂੰ ਜਦੋ ਜਹਿਦ ਕਰਨੀ ਪਈ ਪਰ ਬਾਅਦ ਦੁਪਹਿਰ ਤਕ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਇਸੇ ਕਰ ਕੇ ਬਹੁਤੀਆਂ ਸੰਗਤਾਂ ਬਰਗਾੜੀ ਇਨਸਾਫ਼ ਮੋਰਚੇ ਦੀ ਜਾਣਕਾਰੀ ਲੋਕਾਂ ਤਕ ਸਾਂਝੀ ਨਹੀਂ ਕਰ ਸਕੀਆਂ ਪਰ ਜਿਉ ਹੀ ਇੰਟਰਨੈੱਟ ਦੀ ਸਪੀਡ 'ਚ ਸੁਧਾਰ ਹੋਇਆ ਤਾਂ ਲੋਕਾਂ ਨੇ ਬਰਗਾੜੀ ਨਾਲ ਸਬੰਧਤ ਸਮਾਗਮ ਦੀਆਂ ਫ਼ੋਟੋਆਂ ਦੀ ਸੋਸ਼ਲ ਮੀਡੀਆ 'ਤੇ ਹਨੇਰੀ ਲਿਆ ਦਿਤੀ।
ਫ਼ਰੀਦਕੋਟ ਦੇ ਨੇੜਲੇ ਕਸਬਾ ਬਰਗਾੜੀ ਨੂੰ ਜਾਣ ਵਾਲੇ ਨੈਸ਼ਨਲ ਹਾਈਵੇ ਸਮੇਤ ਚੌਕਾਂ ਚੋਰਾਹਿਆਂ ਉਪਰ ਪੁਲਿਸ ਰਾਤ 12 ਵਜੇ ਹੀ ਤਾਇਨਾਤ ਸੀ, ਜੋ ਆਉਣ ਜਾਣ ਵਾਲੇ ਵਹੀਕਲਾਂ ਦੀ ਜਾਂਚ ਪੜਤਾਲ ਕਰਨ ਵਿਚ ਰੁਝੀ ਹੋਈ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ। ਜ਼ਿਲ੍ਹਾ ਫ਼ਰੀਦਕੋਟ ਦੇ ਸਾਰੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਸਮੇਤ ਜ਼ਿਲ੍ਹੇ 'ਚੋਂ ਲੰਘਦੇ ਨੈਸ਼ਨਲ ਹਾਈਵੇ ਉਪਰ ਵੀ ਭਾਰੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤੀ ਗਈ ਸੀ।