
ਟਕਸਾਲੀ ਅਕਾਲੀ ਜਥੇਦਾਰ ਮਨਜੀਤ ਸਿੰਘ ਤਰਨਤਾਰਨੀ ਨੇ ਬਾਦਲ ਦਲ ਦੇ ਮਾਫ਼ੀ ਕਾਂਡ ਤੇ ਟਿਪਣੀ ਕਰਦਿਆਂ ਕਿਹਾ ਹੈ...
ਤਰਨ-ਤਾਰਨ, 11 ਦਸੰਬਰ (ਚਰਨਜੀਤ ਸਿੰਘ) : ਟਕਸਾਲੀ ਅਕਾਲੀ ਜਥੇਦਾਰ ਮਨਜੀਤ ਸਿੰਘ ਤਰਨਤਾਰਨੀ ਨੇ ਬਾਦਲ ਦਲ ਦੇ ਮਾਫ਼ੀ ਕਾਂਡ ਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਬਾਦਲ ਦਲ ਸੰਗਤ ਨੂੰ ਇਹ ਸਪਸ਼ਟ ਤਾਂ ਕਰੇ ਕਿ ਉਸ ਕੋਲੋਂ ਜਾਣੇ ਅਣਜਾਣੇ ਵਿਚ ਕਿਹੜੀਆਂ ਭੁੱਲਾਂ ਹੋਈਆਂ ਹਨ ਜਿਨ੍ਹਾਂ ਦੀ ਪੰਥ ਕੋਲੋਂ ਮਾਫ਼ੀ ਮੰਗ ਰਹੇ ਹਨ। ਅੱਜ ਇਥੇ ਗੱਲ ਕਰਦਿਆਂ ਜਥੇਦਾਰ ਤਰਨਤਾਰਨੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅੱਜ ਤਕ ਬਾਦਲ ਪਰਵਾਰ ਨੇ ਪੰਥ ਨੂੰ ਦਸਿਆ ਹੀ ਨਹੀਂ ਕਿ ਜਾਣੇ ਅਣਜਾਣੇ ਵਿਚ ਜੋ ਭੁੱਲਾਂ ਹੋਈਆਂ ਹਨ ਉਹ ਕੀ ਹਨ।
ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀਆਂ ਨੂੰ ਘਰਾਂ ਤਕ ਸੀਮਤ ਕਰ ਕੇ ਅਕਾਲੀ ਸਿਧਾਂਤ ਦਾ ਘਾਣ ਕਰਨਾ, ਅਨੰਦਪੁਰ ਸਾਹਿਬ ਮੋਰਚੇ ਦੀਆਂ ਮੰਗਾਂ ਵਲ ਪਿਠ ਫੇਰਣੀ, ਸ੍ਰੀ ਦਰਬਾਰ ਸਾਹਿਬ 'ਤੇ ਹਮਲਾ, ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲਿਆਂ ਨਾਲ ਸਾਂਝਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਦਿ ਅਨੇਕਾਂ ਅਜਿਹੀਆਂ ਭੁੱਲਾਂ ਹਨ ਜਿਨ੍ਹਾਂ ਬਾਰੇ ਪੰਥ ਜਵਾਬ ਮੰਗਦਾ ਹੈ। ਜਥੇਦਾਰ ਤਰਨਤਾਰਨੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਚ ਕੀਤੀ ਸੇਵਾ ਤੇ ਰਖਾਏ ਅਖੰਡ ਪਾਠ ਬਾਦਲ ਪਰਵਾਰ ਦਾ ਨਿਜੀ ਮਾਮਲਾ ਸੀ। ਕੋਈ ਵੀ ਸਿੱਖ ਅਜਿਹਾ ਕਰਨ ਦਾ ਅਧਿਕਾਰ ਰਖਦਾ ਹੈ।
ਸਿੱਖ ਰਹਿਤ ਮਰਿਆਦਾ ਮੁਤਾਬਕ ਪੰਥਕ ਭੁੱਲ ਦੀ ਸਜ਼ਾ ਅਸੂਲ ਮੁਤਾਬਕ ਪੰਜ ਪਿਆਰੇ ਹੀ ਲਗਾ ਸਕਦੇ ਹਨ। ਇਹ ਪੰਜ ਪਿਆਰੇ ਚਾਹੇ ਜਥੇਦਾਰ ਹੋਣ ਜਾਂ ਸੰਗਤੀ ਰੂਪ ਵਿਚ ਚੁਣ ਕੇ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ ਹੋਣ। ਜਥੇਦਾਰ ਤਰਨਤਾਰਨੀ ਨੇ ਕਿਹਾ ਕਿ ਬਾਦਲ ਪਰਵਾਰ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਪੰਥ ਉਸ ਦੀਆਂ ਕੀਤੀਆਂ ਗ਼ਲਤੀਆਂ ਮਾਫ਼ ਨਹੀਂ ਕਰੇਗਾ।