
ਗ੍ਰੰਥੀ ਸਿੰਘ ਦੀ ਕੁੱਟਮਾਰ ਤੋਂ ਬਾਅਦ ਦਾਦੂਵਾਲ ਵਲੋਂ ਡੇਰੇ ਨੂੰ ਬੰਦ ਕਰਵਾਉਣ ਦੀ ਅਪੀਲ
ਬਠਿੰਡਾ : ਮਾਲਵਾ ਪੱਟੀ 'ਚ ਸੌਦਾ ਸਾਧ ਅਤੇ ਸਿੱਖਾਂ ਵਿਚਕਾਰ ਚੱਲ ਰਹੀ ਕਸ਼ਮਕਸ਼ ਹਾਲੇ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਸੀ ਕਿ ਨਜਦੀਕੀ ਪਿੰਡ ਕੋਟਸ਼ਮੀਰ ਵਿਖੇ ਕਥਿਤ ਤੌਰ 'ਤੇ ਨਿਰੰਕਾਰੀ ਭਾਈਚਾਰੇ ਨਾਲ ਸਬੰਧਤ ਕੁੱਝ ਵਿਅਕਤੀਆਂ ਵਲੋਂ ਇਕ ਗ੍ਰੰਥੀ ਸਿੰਘ ਦੀ ਕੁੱਟਮਾਰ ਦਾ ਮਾਮਲਾ ਗਰਮਾ ਗਿਆ ਹੈ। ਸਥਾਨਕ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਉਕਤ ਗ੍ਰੰਥੀ ਸਿੰਘ ਦਾ ਅੱਜ ਪਤਾ ਲੈਣ ਪੁੱਜੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੋਟਸ਼ਮੀਰ 'ਚ ਨਿਰੰਕਾਰੀਆਂ ਦੇ ਬਣ ਰਹੇ ਡੇਰੇ ਨੂੰ ਬੰਦ ਕਰਵਾਉਣ ਲਈ ਸਰਕਾਰ ਨੂੰ ਅਪੀਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਦਾਦੂਵਾਲ ਨੇ ਦਾਅਵਾ ਕੀਤਾ ਕਿ ''ਹਾਲੇ ਇਹ ਡੇਰਾ ਬਣ ਹੀ ਰਿਹਾ ਹੈ ਤੇ ਨਿਰੰਕਾਰੀਆਂ ਵਲੋਂ ਹੁਣੇ ਹੀ ਖੁੱਲੇ ਤੌਰ 'ਤੇ ਗੁਰਦਵਾਰਿਆਂ ਦੇ ਗ੍ਰੰਥੀਆਂ ਦੀ ਕੁੱਟਮਾਰ ਸ਼ੁਰੂ ਕਰ ਦਿਤੀ ਹੈ ਤੇ ਜੇਕਰ ਇਹ ਡੇਰਾ ਹੋਂਦ ਵਿਚ ਆ ਗਿਆ ਤਾਂ ਸਥਿਤੀ ਹੋਰ ਵੀ ਖ਼ਤਰਨਾਕ ਹੋਵੇਗੀ, ਜਿਸਦੇ ਲਈ ਸਰਕਾਰ ਜਿੰਮੇਵਾਰੀ ਹੋਵੇਗੀ।''
Nirankari
ਇਥੇ ਇਹ ਗਲ ਦਸਣੀ ਬਣਦੀ ਹੈ ਕਿ ਪਿੰਡ ਦੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸੰਦੀਪ ਸਿੰਘ ਬੀਤੇ ਕੱਲ ਸਵੇਰੇ ਚਾਰ ਵਜੇਂ ਸਾਈਕਲ ਉਪਰ ਗੁਰਦਵਾਰਾ ਸਾਹਿਬ ਜਾ ਰਿਹਾ ਸੀ ਕਿ ਰਾਸਤੇ ਵਿਚ ਜਗਤਾਰ ਸਿੰਘ ਤੇ ਕੁਲਵਿੰਦਰ ਸਿੰਘ ਨਾਂ ਦੇ ਸਕੇ ਭਰਾਵਾਂ ਨੇ ਪਿੰਡ ਦੇ ਹੀ ਪਾਲਾ ਸਿੰਘ ਨਾਲ ਮਿਲਕੇ ਉਸਦੀ ਕੁੱਟਮਾਰ ਕਰ ਦਿਤੀ ਸੀ। ਸੰਦੀਪ ਸਿੰਘ ਨੇ ਦਾਅਵਾ ਕੀਤਾ ਕਿ ਕੁੱਝ ਦਿਨ ਪਹਿਲਾਂ ਉਸਨੇ ਉਕਤ ਕਥਿਤ ਦੋਸ਼ੀਆਂ ਵਿਰੁਧ ਅਨਾਉਂਸਮੈਂਟ ਕੀਤੀ ਸੀ, ਜਿਸਦੀ ਇਹ ਰੰਜਿਸ਼ ਰੱਖ ਰਹੇ ਸਨ।
Baljit Singh Daduwal
ਇਸ ਸਬੰਧ ਵਿਚ ਥਾਣਾ ਸਦਰ ਦੀ ਪੁਲਿਸ ਨੇ ਜ਼ਖ਼ਮੀ ਗ੍ਰੰਥੀ ਸਿੰਘ ਦੇ ਬਿਆਨਾਂ ਉਪਰ ਉਕਤ ਤਿੰਨੇ ਕਥਿਤ ਦੋਸ਼ੀਆਂ 341, 323,506 ਅਤੇ 34 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ। ਜਥੈਦਾਰ ਦਾਦੂਵਾਲ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਜੇਕਰ ਕਥਿਤ ਦੋਸ਼ੀਆਂ ਨੂੰ ਜਲਦੀ ਕਾਬੂ ਨਾ ਕੀਤਾ ਗਿਆ ਤਾਂ ਸਿੱਖਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਏਗਾ। ਇਸਦੇ ਨਾਲ ਹੀ ਡੇਰੇ 'ਤੇ ਵੀ ਪਾਬੰਦੀ ਲਗਾਉਣ ਲਈ ਸਰਕਾਰ ਨੂੰ ਤੁਰੰਤ ਕਦਮ ਚੂੱਕਣ ਲਈ ਕਿਹਾ ਹੈ।