
ਜੇ ਸਰਕਾਰ ਨੇ ਪੜਤਾਲ ਕਰਵਾਉਣ ’ਚ ਢਿੱਲ ਕੀਤੀ ਤਾਂ ਲੋਕ ਸਮਝਣਗੇ ਕਿ ਸਰਕਾਰ ਵਿਚ ਸਿਰਸਾ ਨਾਲ ਭਾਈਵਾਲ ਹੈ: ਹਰਵਿੰਦਰ ਸਿੰਘ ਸਰਨਾ
Panthak News: ਹਵਾਲਾ ਰਾਹੀਂ 10 ਹਜ਼ਾਰ ਕਰੋੜ ਦੇ ਅਖ਼ੌਤੀ ਲੈਣ-ਦੇਣ ਦੇ ਦੋਸ਼ ਇਕ ਵੀਡੀਉ ਵਿਚ ਕੇਂਦਰੀ ਮੰਤਰੀ ਨਰਿੰਦਰ ਤੋਮਰ, ਉਸਦੇ ਮੁੰਡੇ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ’ਤੇ ਲੱਗਣ ਪਿਛੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਸਿਰਸਾ ਨੂੰ ਪੰਥ ’ਚੋਂ ਛੇਕਿਆ ਜਾਵੇ।
ਅੱਜ ਇਥੇ ਸੱਦੀ ਇਕ ਪੱਤਰਕਾਰ ਮਿਲਣੀ ਵਿਚ ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ, “ਇਹ ਸਿਰਫ਼ 10 ਹਜ਼ਾਰ ਕਰੋੜ ਦੇ ਲੈਣ ਦੇਣ ਦਾ ਮਾਮਲਾ ਨਹੀਂ ਹੈ, ਇਹ ਲੱਖ ਕਰੋੜ ਤੱਕ ਹੋ ਸਕਦਾ ਹੈ। ਦਿੱਲੀ ਗੁਰਦਵਾਰਾ ਕਮੇਟੀ ਨੂੰ ਵਰਤ ਕੇ, ਸਿਰਸਾ ਨੇ ਇਹ ਕੰਮ ਅੰਜਾਮ ਦਿਤਾ ਹੈ। ਜੇ ਬੀ ਜੇ ਪੀ ਨੇ ਸਿਰਸਾ ਤੋਂ ਖਹਿੜਾ ਨਾ ਛੁਡਵਾਇਆ ਤਾਂ ਉਸਦਾ ਹਸ਼ਰ ਅਕਾਲੀ ਦਲ ਨਾਲੋਂ ਵੀ ਮਾੜਾ ਹੋਵੇਗਾ । ਈ ਡੀ ਤੁਰਤ ਇਸ ਮਾਮਲੇ ਵਿਚ ਐਕਸ਼ਨ ਲਵੇ।”
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ, “ਜਿਉਂ ਜਿਉਂ ਸਰਕਾਰ ਇਸ ਮਾਮਲੇ ਵਿਚ ਐਕਸ਼ਨ ਲੈਣ ਵਿਚ ਦੇਰ ਕਰੇਗੀ, ਤਾਂ ਲੋਕਾਂ ਵਿਚ ਇਹ ਗੱਲ ਜਾਵੇਗੀ ਕਿ ਸਰਕਾਰ ਵੀ ਇਸਦੇ (ਸਿਰਸਾ) ਨਾਲ ਭਾਈਵਾਲ ਹੈ।” ਉਨ੍ਹਾਂ ਦਿੱਲੀ ਕਮੇਟੀ ’ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ, ”ਸਿਰਸਾ ਦੇ ਤੋਤਿਆਂ ਨੇ ਗੁਰਦਵਾਰਾ ਕਮੇਟੀ ਵਿਚ ਬੈਠ ਕੇ, ਉਸਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਜ਼ਮੀਰ ਮਰ ਜਾਣ ਦਾ ਸਬੂਤ ਹੈ।”
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਿਰਸਾ ਦੇ ਮਾਮਲੇ ਦੀ ਪੜਤਾਲ ਕਰਵਾਏ ਜਾਣ ਦੀ ਮੰਗ ਕੀਤੀ ਹੈ। ਜਦੋਂ ‘ਸਪੋਕਸਮੈਨ’ ਵਲੋਂ ਸਵਾਲ ਕੀਤਾ ਗਿਆ ਕਿ ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਹੀ ਸਿਰਸਾ ਨੂੰ ਦਿੱਲੀ ਕਮੇਟੀ ਦਾ ਪ੍ਰਧਾਨ ਬਣਾਇਆ ਸੀ, ਫਿਰ ਇਸ ਮਾਮਲੇ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੀ ਇਖ਼ਲਾਕੀ ਜ਼ਿੰਮੇਵਾਰੀ ਬਣਦੀ ਹੈ?, ਤਾਂ ਪਰਮਜੀਤ ਸਿੰਘ ਸਰਨਾ ਨੇ ਕਿਹਾ, “ਜੋ ਸਾਡਾ ਪ੍ਰਤੀਕਰਮ ਹੈ, ਉਹੀ ਸੁਖਬੀਰ ਸਿੰਘ ਬਾਦਲ ਦਾ ਪ੍ਰਤੀਕਰਮ ਸਮਝੋ।” ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਕਰਤਾਰ ਸਿੰਘ ਚਾਵਲਾ, ਰਮਨਦੀਪ ਸਿੰਘ ਸੋਨੂ, ਬੀਬੀ ਰਣਜੀਤ ਕੌਰ ਤੇ ਹੋਰ ਹਾਜ਼ਰ ਸਨ।