
328 ਸਰੂਪ ਦੇ ਮਾਮਲਾ ਹੱਲ ਨਹੀਂ ਹੋਇਆ, ਸ਼੍ਰੋਮਣੀ ਕਮੇਟੀ ਵਿਦੇਸ਼ਾਂ ’ਚ ਗੁਰੂ ਸਾਹਿਬ ਦੀ ਛਪਾਈ ਦੀ ਪ੍ਰੈੱਸ ਲਾਉਣ ਦੀ ਗੱਲ ਕਰ ਰਹੀ ਹੈ
ਫ਼ਤਹਿਗੜ੍ਹ ਸਾਹਿਬ (ਰਾਜਿੰਦਰ ਸਿੰਘ ਭੱਟ): ਅੰਤ੍ਰਿੰਗ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਦੇ ਨਾਮ ਪੱਤਰ ਵਿਚ ਲਿਖਿਆਂ ਤੇ ਕਿਹਾ ਕਿ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿਚ ਅਤੇ ਵੱਖੋ ਵਖਰੇ ਮਾਧਿਅਮ ਰਾਹੀਂ ਅਮਰੀਕਾ ਵਿਚ ਦਾਨੀ ਸਿੱਖਾਂ ਦੇ ਸਹਿਯੋਗ ਨਾਲ ਅਮਰੀਕਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਲਈ ਪ੍ਰੈੱਸ ਲਾਉਣ ਦਾ ਜ਼ਿਕਰ ਕੀਤਾ ਜਾਂਦਾ ਹੈ, ਤੁਹਾਡੇ ਇਹ ਕਾਰਜ ਵਿਦੇਸ਼ਾਂ ਵਿਚ ਸਰੂਪ ਪ੍ਰਾਪਤੀ ਦੀ ਮੰਗ ਅਤੇ ਕਮੇਟੀ ਵਲੋਂ ਸਰੂਪ ਭੇਜਣ ਸਬੰਧੀ ਸ੍ਰੀ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਤੇ ਹੋਰ ਸਮੱਸਿਆ ਨੂੰ ਮੁੱਖ ਰਖਦਿਆਂ ਇਹ ਕਾਰਜ ’ਤੇ ਕੋਈ ਇਤਰਾਜ਼ ਨਹੀਂ, ਪਰ ਹਰ ਗੱਲ ਦੇ ਦੋ ਪਹਿਲੂ ਹੁੰਦੇ ਹਨ ਪਰ ਦੂਸਰਾ ਪਹਿਲੂ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਕਾਰਜ ਦੇ ਪੈਮਾਨੇ ਖ਼ਾਸ ਕਰ ਕੇ ਗੁਰਬਾਣੀ ਦੀ ਛਪਾਈ ਦੀ ਸੁਰੱਖਿਆ, ਮਰਿਆਦਾ, ਜ਼ਿੰਮੇਵਾਰੀ ਦਾ ਕਿਹੋ ਜਿਹਾ ਪੈਮਾਨਾ ਹੋਵੇਗਾ, ਜੋ ਸਪੱਸ਼ਟ ਨਹੀਂ ਕੀਤਾ ਗਿਆ ਕਿਉਂਕਿ ਵਿਦੇਸ਼ਾਂ ਦੇ ਕਾਨੂੰਨ ਤੇ ਢੰਗ ਤਰੀਕੇ ਵੱਖ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜੇਕਰ ਗੁਰੂ ਸਾਹਿਬ ਦੇ ਸ਼ਬਦਾਂ ਨਾਲ ਛੇੜਛਾੜ ਜਾਂ ਤਰੁੱਟੀ ਹੋ ਜਾਂਦੀ ਹੈ ਤਾਂ ਤੁਹਾਡੇ ਵਲੋਂ ਕੀਤੇ ਜਾਣ ਵਾਲਾ ਚੰਗਾ ਤੇ ਵੱਡਾ ਕੰਮ ਸਿਧਾਂਤਕ ਤੌਰ ’ਤੇ ਨੁਕਾਸਨ ਵੀ ਕਰ ਸਕਦਾ ਹੈ। ਕਮੇਟੀ ਸਪੱਸ਼ਟ ਕਰੇ ਕਿ ਆਉਣ ਵਾਲੇ ਪੈਮਾਨੇ ਕਿਹੋ ਜਿਹੇ ਹੋਣਗੇ? ਭਾਈ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਜਿਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੀ ਗੋਲਡਨ ਪ੍ਰੈੱਸ ਹੈ ਉਸ ਵਿਚੋਂ 328 ਸਰੂਪ ਜਿਨ੍ਹਾਂ ਦਾ ਵਿਵਾਦ ਜਿਉਂ ਦਾ ਤਿਉਂ ਹੈ ਜਿਥੇ ਹਰ ਕਿਸਮ ਦੇ ਪ੍ਰਬੰਧ ਤੇ ਸੁਰੱਖਿਆ ਸੀ। ਪਰ ਬੇਗਾਨੇ ਦੇਸ਼ ਵਿਚ ਜਿਸ ਦੇ ਕਾਨੂੰਨ ਵੀ ਵਖਰੇ ਤੇ ਉਥੇ ਕਿਸ ਤਰ੍ਹਾਂ ਕਾਰਜ ਨੇਪਰੇ ਚੜ੍ਹੇਗਾ ਜੋ ਸਪੱਸ਼ਟ ਕੀਤਾ ਜਾਵੇ।
ਭਾਈ ਰਧਾਵਾ ਨੇ ਅੱਗੇ ਪੱਤਰ ਵਿਚ ਲਿਖਿਆ ਕਿ ਕਮੇਟੀ ਵੱਡੇ ਵੱਡੇ ਐਲਾਨ ਕਰਦੀ ਪਰ ਜਿਹੜੇ ਵੱਡੇ ਸਿੱਖ ਕੌਮ ਦੇ ਸਿਧਾਂਤ ਨਾਲ ਜੁੜੇ ਹੋਏ ਮਾਮਲੇ ਹਨ ਸਿਰਫ਼ ਐਲਾਨਾਂ ਤਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ, ਜਿਸ ਤਰ੍ਹਾਂ ਇਕ ਪਰਵਾਸੀ ਸਿੱਖ ਨੇ ਗੁਰਮਿਤ ਪ੍ਰੰਪਰਾਵਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਥਮਿੰਦਰ ਆਨੰਦ ਨੇ ਚਾਈਨਾ ਤੋਂ ਸਰੂਪ ਛਪਾਉਣੇ ਸ਼ੁਰੂ ਕਰ ਦਿਤੇ ਅਤੇ ਪੁੂਰੀ ਕੌਮ ਦੇ ਵਿਚ ਹਾਹਾਕਾਰ ਪੈਦਾ ਹੋ ਗਈ। ਅਕਾਲ ਤਖ਼ਤ ਸਾਹਿਬ ਵਿਚ ਕਰੀਬ ਦੋ ਸਾਲ ਪਹਿਲਾਂ ਪੰਥਕ ਜਥੇਬੰਦੀਆਂ ਅਤੇ ਸੰਪਰਦਾਵਾਂ ਦੀ ਇਕੱਤਰਾ ਹੋਈ ਜਿਸ ’ਚ ਗੰਭੀਰ ਮਸਲੇ ’ਤੇ ਚਰਚਾ ਹੋਈ ਉਸ ਚਰਚਾ ਵਿਚੋਂ ਇਹ ਗੱਲ ਸਾਹਮਣੇ ਆਈ ਕਿ ਜੋ ਮੌਜੂਦਾ ਸਮੇਂ ਸ੍ਰੀ ਗੁਰੂੂ ਗ੍ਰੰਥ ਸਾਹਿਬ ਦੇ ਸਰੂਪ ਛਪ ਕੇ ਆ ਰਹੇ ਹਨ ਉਸ ਛਪਾਈ ਵਿਚ ਤਰੁੱਟੀਆਂ ਆ ਰਹੀਆਂ ਹਨ। ਉਸ ਸਬੰਧੀ ਫ਼ੈਸਲਾ ਹੋਇਆ ਕਿ ਅੱਜ ਤੋਂ 50 ਸਾਲਾਂ ਤੋਂ ਪਹਿਲਾਂ ਦੇ ਸਮੇਂ 1960 ਵਿਚ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਭੇਦ ਅੰਤਰ ਸਬੰਧੀ ਕੁੱਝ ਵਿਦਾਦ ਪੈਦਾ ਹੋਇਆ ਉਸ ਸਮੇਂ ਸਮੁੱਚੇ ਪੰਥ ਨੇ 1960 ਵਿਚ 500 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਸਨ। ਫ਼ੈਸਲਾ ਹੋਇਆ ਸੀ ਕਿ ਜਿਹੜੇ ਸਰੂਪ ਛਪਣਗੇ ਉਹ 1960 ਦੇ ਸਰੂਪਾਂ ਨੂੰ ਆਧਾਰ ਮੰਨਕੇ ਛਾਪੇ ਜਾਣਗੇ। ਉਸ ਦਿਨ ਫ਼ੈਸਲਾ ਹੋਇਆ ਕਮੇਟੀ 1960 ਵਾਲੇ ਸਰੂਪਾਂ ਨੂੰ ਆਧਾਰ ਮੰਨ ਕੇ ਅਗਲੇ ਛਪ ਰਹੇ ਨਵੇਂ ਸਰੂਪਾਂ ਕਾਰਨ ਆ ਰਹੀਆਂ ਤਰੁੱਟੀਆਂ ਨੂੰ ਸੋਧ ਕੇ ਛਪਾਈ ਕੀਤੀ ਜਾਵੇ।
ਰੰਧਾਵਾ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਵਿਚ ਲਿਖ ਕੇ ਅਤੇ ਵਾਰ ਵਾਰ ਇਸ ਫ਼ੈਸਲੇ ਨੂੰ ਲਾਗੂ ਕਰਾਉਣ ਲਈ ਵਾਰ-ਵਾਰ ਯਾਦ ਕਰਾਉਂਦਾ ਆ ਰਿਹਾ ਹਾਂ ਪਰ ਕਮੇਟੀ ਵਲੋਂ ਉਸ ਵਲ ਕੋਈ ਧਿਆਨ ਨਹੀਂ ਦਿਤਾ ਤੇ ਹਾਲੇ ਤਕ 328 ਸਰੂਪ ਦਾ ਕੋਈ ਪਤਾ ਨਹੀਂ ਚਲਿਆ ਜਦੋਕਿ ਮਾਮਲਾ ਸਿੱਖੀ ਦੀ ਹੌਂਦ ਤੇ ਗੁਰਬਾਣੀ ਦੀ ਪਵਿੱਤਰਤਾ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 328 ਸਰੂਪ ਦੇ ਮਾਮਲਾ ਜੋ ਸੁਰੱਖਿਆਂ ਨਾਲ ਜੁੜਿਆ ਹੈ ਤੇ ਨਵੇਂ ਛਪ ਰਹੇ ਸਰੂਪਾਂ ਵਿਚ ਤਰੁੱਟੀਆਂ ਆ ਰਹੀਆਂ ਹਨ ਜੋ ਮਸਲਾ ਘਰ ਦੇ ਅੰਦਰ ਹੱਲ ਨਹੀਂ ਹੋ ਸਕਿਆਂ ਤੇ ਵਿਦੇਸ਼ਾਂ ਵਿਚ ਪ੍ਰੈੱਸ ਲਾਉਣ ਦੀ ਚਰਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾ ਵਿਚ ਪਾਵਨ ਸਰੂਪ ਛਾਪਣ ਵਿਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਚੰਗਾ ਉਪਰਾਲਾ ਹੈ ਪਰ ਲਮਕਦੇ ਮਾਮਲੇ ਹੱਲ ਨਹੀਂ ਹੋਏ ਨਵੇਂ ਸ਼ੁਰੂ ਕਰ ਰਹੇ ਹਨ।