
ਬਾਦਲਾਂ ਨੇ ਕੇਜਰੀਵਾਲ 'ਤੇ ਲਾਇਆ ਨਿਸ਼ਾਨਾ, ਕੇਜਰੀਵਾਲ ਦੇ ਵਿਧਾਇਕਾਂ ਨੇ ਸਿਰਸਾ ਨੂੰ ਸੌੜੀ ਸਿਆਸਤ ਤੋਂ ਵਰਜਿਆ
ਨਵੀਂ ਦਿੱਲੀ : ਦਿੱਲੀ ਦੇ ਇਤਿਹਾਸਕ ਗੁਰਦਵਾਰਾ ਚਾਂਦਨੀ ਚੌਕ ਦੇ ਐਨ ਸਾਹਮਣੇ ਬਣੇ ਹੋਏ ਵਿਰਾਸਤੀ ਅਸਥਾਨ ਭਾਈ ਮਤੀ ਦਾਸ ਚੌਕ, ਜੋ ਕਿ ਗੁਰੂ ਤੇਗ਼ ਬਹਾਦਰ ਜੀ ਨਾਲ ਸ਼ਹੀਦ ਹੋਣ ਵਾਲੇ ਸਿੱਖ ਭਾਈ ਮਤੀ ਦਾਸ ਦੀ ਯਾਦਗਾਰ ਹੈ, ਨੂੰ ਸੁੰਦਰੀਕਰਨ ਦੇ ਨਾਂਅ ਹੇਠ ਅਖੌਤੀ ਤੌਰ 'ਤੇ ਢਾਹੁਣ ਦੀਆਂ ਕਨਸੋਆਂ ਕਰ ਕੇ, ਸਿਆਸਤ ਭੱਖ ਗਈ ਹੈ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵੀ ਸਿਰ 'ਤੇ ਹੋਣ ਕਰ ਕੇ, ਵੀ ਮੁੱਦਾ ਸਿਆਸਤ ਵਿਚ ਰੰਗਿਆ ਗਿਆ। ਮੰਗਲਵਾਰ ਪੂਰਾ ਦਿਨ ਦਿੱਲੀ ਦੇ ਸਿੱਖ ਹਲਕਿਆਂ ਦਾ ਧਿਆਨ ਇਸ ਮੁੱਦੇ ਵੱਲ ਲੱਗਿਆ ਰਿਹਾ ਕਿਉਂਕਿ ਚਾਂਦਨੀ ਚੌਕ ਦੇ ਸੁੰਦਰੀਕਰਨ ਲਈ ਕਾਇਮ ਹੋਏ ਸ਼ਾਹਜਹਾਨਾਬਾਦ ਰੀ-ਡਿਵੈਲਪਮੈਂਟ ਕਾਰਪੋਰੇਸ਼ਨ (ਐਸਆਰਡੀਸੀ) ਅਧੀਨ ਹਾਈ ਕੋਰਟ ਦੇ ਹੁਕਮ ਦਾ ਹਵਾਲਾ ਦੇ ਕੇ, ਪਹਿਲਾਂ ਹੀ ਤਿੰਨ ਸਾਲ ਪਹਿਲਾਂ ਇਤਿਹਾਸਕ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਗਲਿਆਰੇ ਵਿਚ ਬਣੇ ਹੋਏ ਪਿਆਊ ਨੂੰ ਢਾਹ ਦਿਤਾ ਗਿਆ ਸੀ।
Arvind Kejriwal
ਉਦੋਂ ਸਿੱਖਾਂ ਵਿਚ ਸਖ਼ਤ ਰੋਸ ਪੈਦਾ ਹੋਇਆ ਸੀ। ਪਿਛੋਂ ਹਾਈ ਕੋਰਟ ਵਲੋਂ ਉਤਰੀ ਦਿੱਲੀ ਨਗਰ ਨਿਗਮ ਸਣੇ ਕੇਜਰੀਵਾਲ ਸਰਕਾਰ ਤੇ ਹੋਰ ਸਬੰਧਤ ਏਜੰਸੀਆਂ ਤੋਂ ਜਵਾਬ ਤਲਬੀ ਕੀਤੀ ਗਈ ਸੀ। ਹੁਣ ਦਿੱਲੀ ਸਕੱਤਰੇਤ ਵਿਖੇ ਹੋਈ ਮੀਟਿੰਗ ਪਿਛੋਂ ਵਿਰਾਸਤੀ ਥਾਂ ਨੂੰ ਢਾਹੁਣ ਦਾ ਖ਼ਦਸ਼ਾ ਮੁਕ ਗਿਆ ਜਾਪਦਾ ਹੈ। ਮੀਟਿੰਗ ਵਿਚ ਕੇਜਰੀਵਾਲ ਸਰਕਾਰ ਦੇ ਤਿੰਨ ਸਿੱਖ ਵਿਧਾਇਕ ਸ.ਜਰਨੈਲ ਸਿੰਘ ਤਿਲਕ ਨਗਰ, ਸ.ਅਵਤਾਰ ਸਿੰਘ ਕਾਲਕਾ ਜੀ ਅਤੇ ਚੀਫ਼ ਵਿਪ੍ਹ ਸ.ਜਗਦੀਪ ਸਿੰਘ ਸਣੇ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ, ਕਾਨੂੰਨੀ ਸਲਾਹਕਾਰ ਰਹੇ ਸ.ਜਸਵਿੰਦਰ ਸਿੰਘ ਜੌਲੀ ਆਦਿ ਪੁੱਜੇ ਜਿਸ ਵਿਚ ਵਧੀਕ ਗ੍ਰਹਿ ਸਕੱਤਰ ਨੂੰ ਸਪਸ਼ਟ ਕੀਤਾ ਗਿਆ ਕਿ ਭਾਈ ਮਤੀ ਦਾਸ ਚੌਕ (ਸਮਾਰਕ) ਪਹਿਲਾਂ ਤੋਂ ਹੀ ਵਿਰਾਸਤੀ ਮਹਿਕਮੇ (ਨੈਸ਼ਨਲ ਆਰਕਈਵਜ਼) ਦੇ ਰੀਕਾਰਡ ਵਿਚ ਦਰਜ ਹੈ, ਇਸ ਨੂੰ ਢਾਹੁਣ ਦਾ ਸਵਾਲ ਹੀ ਪੈਦਾ ਨਹੀਂ ਹੋਣਾ ਚਾਹੀਦਾ।
Chandni Chowk
ਦਰਅਸਲ ਦਿੱਲੀ ਸਰਕਾਰ ਦੇ ਗ੍ਰਹਿ ਮਹਿਕਮੇ ਦੇ ਡਿਪਟੀ ਸਕੱਤਰ ਅਸ਼ੀਸ਼ ਕੁਮਾਰ ਵਲੋਂ 21 ਅਕਤੂਬਰ ਨੂੰ 'ਚਾਂਦਨੀ ਚੌਕ ਦੇ ਨਵੀਨੀਕਰਨ ਦੇ ਰਾਹ ਵਿਚ ਅੜਿੱਕਾ ਡਾਹੁੰਦੀਆਂ ਧਾਰਮਕ ਥਾਂਵਾਂ ਨੂੰ ਢਾਹੁਣ ਦੇ ਨਾਂਅ ਹੇਠ ਇਕ ਚਿੱਠੀ ਜਾਰੀ ਕਰ ਕੇ, ਪੁਲਿਸ ਮਹਿਕਮੇ ਸਣੇ 24 ਤੋਂ ਵੱਧ ਮਹਿਕਮਿਆਂ ਦੇ ਅਫ਼ਸਰਾਂ ਜਿਨ੍ਹਾਂ ਵਿਚ ਉਤਰੀ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ, ਸਬੰਧਤ ਜਾਇੰਟ ਪੁਲਿਸ ਕਮਿਸ਼ਨਰਾਂ, ਮਾਲੀਆ ਮਹਿਕਮੇ ਦੇ ਅਫ਼ਸਰਾਂ, ਮੁੜ ਨਵੀਨੀਕਰਨ ਪ੍ਰਾਜੈਕਟ ਦੇ ਅਫ਼ਸਰਾਂ ਸਣੇ ਚਾਂਦਨੀ ਚੌਕ ਸਰਵ ਵਪਾਰ ਮੰਡਲ, ਹਨੂੰਮਾਨ ਮੰਦਰ, ਇਕ ਹੋਰ ਮੰਦਰ ਤੇ ਭਾਈ ਮਤੀ ਦਾਸ ਸਮਾਰਕ ਦੇ ਮੁਖੀ (ਜਿਨ੍ਹਾਂ ਨੂੰ ਕੁੱਝ ਘੰਟੇ ਪਹਿਲਾਂ ਐਸਐਚਓ ਰਾਹੀਂ ਸੱਦਾ ਦਿਤਾ) ਆਦਿ ਨੂੰ 22 ਅਕਤੂਬਰ ਨੂੰ ਦਿੱਲੀ ਸਕੱਤਰੇਤ ਵਿਖੇ ਵਧੀਕ ਮੁਖ ਸਕੱਤਰ (ਗ੍ਰਹਿ) ਦੀ ਸਰਪ੍ਰਸਤੀ ਹੇਠ ਹੋਣ ਵਾਲੀ ਮੀਟਿੰਗ ਲਈ ਸੱਦਿਆ ਗਿਆ ਸੀ।
Bhai Mati Das Chowk
ਪਰ ਅਚਨਚੇਤ ਹੀ ਸੋਮਵਾਰ ਰਾਤ ਸਾਢੇ ਗਿਆਰਾਂ ਵਜੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੇ 'ਫ਼ੇਸਬੁਕ' 'ਤੇ ਲਾਈਵ ਹੋ ਕੇ, ਇਸੇ ਚਿੱਠੀ ਦੇ ਆਧਾਰ 'ਤੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਵਲੋਂ ਭਾਈ ਮਤੀ ਦਾਸ ਜੀ ਦੇ ਅਸਥਾਨ ਨੂੰ ਢਾਹੁਣ ਦੀ ਕਾਰਵਾਈ ਨੂੰ ਅੰਜਾਮ ਦੇਣ ਦੀ ਸਾਜ਼ਸ਼ ਖੇਡੀ ਜਾ ਰਹੀ ਹੈ ਜਿਵੇਂ ਇਨ੍ਹਾਂ ਪਿਆਊ ਢਾਹਿਆ ਸੀ।
Jarnail Singh
ਦੂਜੇ ਪਾਸੇ ਅੱਜ ਸਕੱਤਰੇਤ ਵਿਖੇ ਹੋਈ ਮੀਟਿੰਗ ਪਿਛੋਂ 'ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਸ.ਜਰਨੈਲ ਸਿੰਘ ਨੇ ਦਸਿਆ ਕਿ ਉਨ੍ਹਾਂ ਅਪਣੇ ਵਲੋਂ ਵਧੀਕ ਗ੍ਰਹਿ ਸਕੱਤਰ, ਜੋ ਉਪ ਰਾਜਪਾਲ ਨੂੰ ਜਵਾਬਦੇਹ ਹੁੰਦੇ ਹਨ, ਨੂੰ ਸਪਸ਼ਟ ਕਰ ਦਿਤਾ ਹੈ ਕਿ ਭਾਈ ਮਤੀ ਦਾਸ ਚੌਕ ਗ਼ੈਰ ਕਾਨੂੰਨੀ ਹੈ ਹੀ ਨਹੀਂ, ਬਲਕਿ ਇਹ ਵਿਰਾਸਤੀ ਤੇ ਸਿੱਖਾਂ ਦੇ ਜਜ਼ਬਾਤ ਨਾਲ ਜੁੜੀ ਹੋਈ ਥਾਂ ਹੈ। ਕੇਜਰੀਵਾਲ ਸਰਕਾਰ ਤਾਂ ਇਸ ਨੂੰ ਬਿਨਾਂ ਢਾਹੇ, ਸੁੰਦਰੀਕਰਨ ਕਰਨ ਲਈ ਤਜਵੀਜ਼ ਤਿਆਰ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਬਾਰੇ ਅਦਾਲਤ ਵਿਚ ਚਲ ਰਹੇ ਮਾਮਲੇ ਵਿਚ ਇਸ ਥਾਂ ਨੂੰ ਗ਼ਲਤ ਤੌਰ 'ਤੇ ਗ਼ੈਰ ਕਾਨੂੰਨੀ ਥਾਂ ਵਜੋਂ ਦਰਸਾਇਆ ਗਿਆ ਹੈ ਜਿਸ ਨਾਲ ਸਾਰਾ ਭੰਬਲਭੂਸਾ ਪੈਦਾ ਹੋਇਆ ਹੈ, ਅਦਾਲਤ ਵਿਚ ਵੀ ਇਸ ਗ਼ਲਤ ਬਿਆਨੀ ਨੂੰ ਠੀਕ ਕਰਵਾਇਆ ਜਾਵੇਗਾ।