
ਕੇਂਦਰੀ ਸਿੰਘ ਸਭਾ ਦਾ ਕਹਿਣਾ ਹੈ ਕਿ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਗੁਰੂ ਵਾਲੇ ਬਣਨ ਦਾ ਸੱਦਾ ਦੇਵੇ।
ਚੰਡੀਗੜ੍ਹ: ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਰ ਸਿੱਖ ਨੂੰ ਲਾਇਸੈਂਸੀ ਹਥਿਆਰ ਰੱਖਣ ਲਈ ਕਹਿਣਾ ਗੁਰੂ ਸਾਹਿਬ ਦੇ ਮੀਰੀ-ਪੀਰੀ ਸਿਧਾਂਤ ਦੀ ਗਲਤ ਪੇਸ਼ਕਾਰੀ ਹੈ। ਕੇਂਦਰੀ ਸਿੰਘ ਸਭਾ ਨੇ ਇਕ ਸਾਂਝੇ ਬਿਆਨ ਵਿਚ ਇਹ ਗੱਲ ਕਹੀ ਹੈ। ਸਿੰਘ ਸਭਾ ਨੇ ਕਿਹਾ ਕਿ ਜਿਥੇ ਮੀਰੀ-ਪੀਰੀ ਦਾ ਸਿਧਾਂਤ ਸਿੱਖਾਂ ਦੀ ਧਰਮ ਅਤੇ ਸਿਆਸਤ ਦੇ ਆਪਸੀ ਅਟੁੱਟ ਸਬੰਧ ਦਾ ਉਲੇਖ ਕਰਦਾ ਹੈ ਉੱਥੇ ਹਰ ਸਿੱਖ ਨੂੰ ਹਥਿਆਰਬੰਦ ਹੋਣ ਦਾ ਸੱਦਾ ਵੀ ਦਿੰਦਾ ਹੈ। ਪਰ ਸਿੱਖਾਂ ਨੂੰ ਲਾਇਸੈਂਸ ਲੈ ਕੇ ਹਥਿਆਰਬੰਦ ਹੋਣਾ ਮੌਕੇ ਦੀਆਂ ਸਰਕਾਰਾਂ ਜਾਂ ਸਟੇਟਾਂ ਤੋਂ ਮਨਜ਼ੂਰੀ ਜਾਂ ਇਜਾਜ਼ਤ ਲੈਣ ਦੀ ਸ਼ਰਤ ਨੂੰ ਕਬੂਲਣਾ ਹੈ। ਇਸ ਤਰ੍ਹਾਂ ਕਰਨ ਦਾ ਮਤਲਬ ਹੈ ਦੁਨਿਆਵੀ ਤਖਤਾਂ ਜਾਂ ਸਟੇਟਾਂ/ਸਰਕਾਰਾਂ ਨੂੰ ਅਕਾਲ ਤਖਤ ਤੋਂ ਸਰਬਉੱਚ ਪੇਸ਼ ਕਰਨਾ ਹੈ। ਇਸ ਤਰ੍ਹਾਂ ਗੁਰੂ ਦੇ ਸੰਦੇਸ਼ ਨੂੰ ਸਰਕਾਰਾਂ ਦੀ ਮਨਸ਼ਾ/ਮਨਜ਼ੂਰੀ ਦੇ ਅਧੀਨ ਕਰਨਾ ਹੈ। ਇਹ ਆਪਣੇ ਆਪ ਵਿੱਚ ਮੀਰੀ-ਪੀਰੀ ਦੇ ਸਿਧਾਂਤ ਦੀ ਘੋਰ ਅਵੱਗਿਆ ਹੈ। ਯਾਦ ਰਹੇ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਲੀ ਤਖਤ ਨੂੰ ਵੰਗਾਰ ਕੇ ਅਕਾਲ (ਰੱਬੀ) ਤਖਤ ਦੀ ਸਿਰਜਣਾ ਕੀਤੀ ਸੀ ਅਤੇ ਸਿੱਖਾਂ ਨੂੰ ਅਕਾਲ ਤਖਤ ਉੱਤੇ ਘੋੜੇ, ਹਥਿਆਰ ਭੇਟ ਕਰਨ ਲਈ ਕਿਹਾ ਸੀ।
ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਜਥੇਦਾਰ ਸਾਹਿਬ ਨੂੰ ਮਾਡਰਨ ਸਟੇਟਾਂ/ਸਰਕਾਰਾਂ ਦੇ ਇਤਿਹਾਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਅੰਗਰੇਜ਼ਾਂ ਨੇ 1818 ਵਿੱਚ ਲੋਕਾਂ ਨੂੰ ਨਿਹੱਥੇ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਲੋਕਾਂ ਨੂੰ ਸਿਰਫ ਲਾਇਸੈਂਸ ਸੁਦਾਂ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਸੀ। ਇਹ ਪ੍ਰਕਿਰਿਆ 1858 ਤੱਕ ਸਣੇ ਪੰਜਾਬ ਸਾਰੇ ਇੰਡੀਆਂ ਵਿੱਚ ਪੂਰੀ ਕਰਕੇ, ਆਮ ਲੋਕਾਂ ਨੂੰ ਹਥਿਆਰ ਰਹਿਤ ਕਰ ਦਿੱਤਾ ਸੀ। ਅੰਗਰੇਜ਼ਾਂ ਨੇ ਫਿਰ ਉਹਨਾਂ ਭਾਰਤੀ ਨੂੰ ਮਾਡਰਨ ਹਥਿਆਰ ਰੱਖਣ ਲਈ ਲਾਇਸੈਂਸ ਉਹਨਾਂ ਨੂੰ ਦਿੱਤੇ ਜਿਹੜੇ ਸਰਕਾਰ ਦੇ ਵਫਾਦਾਰ/ਪਾਲਤੂ ਸਨ ਜਾਂ ਫਿਰ ਸਰਕਾਰ ਦੇ ਏਜੰਟ/ਟੋਡੀ ਬਣਨ ਨੂੰ ਤਿਆਰ ਸਨ। ਇਸ ਕਰਕੇ, 1947 ਤੋਂ ਪਹਿਲਾਂ ਅਜ਼ਾਦੀ ਦੇ ਪਰਵਾਨੇ “ਟੋਡੀ ਬੱਚਾ ਹਾਇ ਹਾਇ” ਦੇ ਨਾਹਰੇ ਲਾਉਂਦੇ ਹੁੰਦੇ ਸਨ। ਅਜ਼ਾਦੀ ਤੋਂ ਬਾਅਦ ਵੀ ਸਰਕਾਰਾਂ ਨੇ ਉਹੀ ਆਪਣੇ ਵਫਾਦਾਰਾਂ ਨੂੰ ਬੰਦੂਕ/ਰੀਵਾਲਵਰ ਦਾ ਲਾਇਸੈਂਸ ਦੇਣ ਦੀ ਪ੍ਰਥਾ ਜਾਰੀ ਰੱਖੀ ਹੋਈ ਹੈ।
ਸਿੰਘ ਸਭਾ ਦਾ ਕਹਿਣਾ ਹੈ ਕਿ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਗੁਰੂ ਵਾਲੇ ਬਣਨ ਦਾ ਸੱਦਾ ਦੇਵੇ। ਕਿਉਂਕਿ ਗੁਰੂ ਸਿਧਾਂਤ-ਦਯਾ ਧਰਮ ਸਬਰ ਤੋਂ ਵਿਰਵੇ ਸਿੱਖ ਸਾਸ਼ਤਰਧਾਰੀ ਹੋਕੇ ਵੀਂ ਗਰੀਬ ਅਤੇ ਮਜਲੂਮਾਂ ਦੇ ਰੱਖਿਆਕ ਨਹੀਂ ਬਣ ਸਕਦੇ। ਉਹ ਤਾਂ ਅੱਜ ਦੇ ਯੁੱਗ ਵਿੱਚ ਸਿਰਫ ਜ਼ਾਲਮ ਡਾਕੂ ਹੀਂ ਬਣ ਸਕਦੇ ਹਨ। ਸ਼ਬਦ ਗੁਰੂ ਦੇ ਉਪਾਸ਼ਕ ਸਿੱਖਾਂ ਦਾ ਸਰਬ ਸਾਂਝੀਵਾਲਤਾ ਦਾ ਸਿਧਾਂਤ ਮੰਗ ਕਰਦਾ ਹੈ ਕਿ ਸਿੱਖ ਹਰ ਪਹਿਲੂ ਤੋਂ ਬਿਹਤਰ ਇਨਸਾਨ ਬਣਨ, ਗਿਆਨਵਾਨ ਹੋਣ। ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਹੈ ਕਿ ਸਿੱਖਾਂ ਨੂੰ ਗਿਆਨ ਅਤੇ ਪੜ੍ਹੇ ਲਿਖੇ ਹੋਣ ਲਈ ਪੁਸਤਕਾਂ ਪੜ੍ਹਨ ਦਾ ਵੀ ਸੱਦਾ ਦੇਣ।
ਇਸ ਸਾਂਝੇ ਬਿਆਨ ਵਿਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ ਸ਼ਾਮਲ ਰਹੇ।