
ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੂੰ ਅਪਣੇ ਰੇਡੀਉ ਸ਼ੋਅ ਵਿਚ 'ਦਸਤਾਰਧਾਰੀ ਵਿਅਕਤੀ' ਕਹਿਣ ਵਾਲੇ ਦੋਹਾਂ ਐਂਕਰਾਂ.............
ਨਿਊ ਯਾਰਕ : ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੂੰ ਅਪਣੇ ਰੇਡੀਉ ਸ਼ੋਅ ਵਿਚ 'ਦਸਤਾਰਧਾਰੀ ਵਿਅਕਤੀ' ਕਹਿਣ ਵਾਲੇ ਦੋਹਾਂ ਐਂਕਰਾਂ ਨੇ ਅੱਜ ਗਰੇਵਾਲ ਤੋਂ ਮਾਫ਼ੀ ਮੰਗ ਲਈ ਹੈ। ਰੇਡੀਉ ਸਟੇਸ਼ਨ ਨੇ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਦੋਹਾਂ ਮੁਲਾਜ਼ਮਾਂ ਨੂੰ 10 ਦਿਨ ਲਈ ਮੁਅੱਤਲ ਕਰ ਦਿਤਾ ਹੈ ਅਤੇ ਹੁਣ ਇਹ ਛੇ ਅਗੱਸਤ ਤਕ ਸ਼ੋਅ ਨਹੀਂ ਕਰਨਗੇ। ਡੈਨਿਸ ਮਲੋਏ ਅਤੇ ਜੁਡੀ ਫ਼ਰੈਂਕੋ ਨੇ ਵੀਡੀਉ ਮੈਸੇਜ ਰਾਹੀਂ ਗਰੇਵਾਲ ਤੋਂ ਮਾਫ਼ੀ ਮੰਗੀ ਹੈ। ਮਲੋਏ ਨੇ ਕਿਹਾ ਕਿ ਉਹ ਵਿਵਾਦਤ ਗੱਲ ਸਬੰਧੀ ਗਰੇਵਾਲ ਤੋਂ ਮਾਫ਼ੀ ਮੰਗਦੇ ਹਨ। ਐਂਕਰਾਂ ਨੇ ਕਿਹਾ ਕਿ ਉਨ੍ਹਾਂ ਦੋਹਾਂ ਵਲੋਂ ਇਕ ਵੱਡੀ ਗ਼ਲਤੀ ਹੋਈ ਹੈ ਜਿਸ ਦਾ ਉਨ੍ਹਾਂ ਨੂੰ ਕਾਫ਼ੀ ਅਫ਼ਸੋਸ ਹੈ।
ਉਨ੍ਹਾਂ ਕਿਹਾ ਕਿ ਉਹ ਹਰ ਧਰਮ ਦਾ ਸਨਮਾਨ ਕਰਦੇ ਹੋਏ ਅਤੇ ਜੇ ਉਨ੍ਹਾਂ ਦੀ ਟਿਪਣੀ ਕਾਰਨ ਸਿੱਖਾਂ ਨੂੰ ਦੁਖ ਪੁੱਜਾ ਹੈ ਤਾਂ ਉਨ੍ਹਾਂ ਸਾਰੇ ਸਿੱਖਾਂ ਤੋਂ ਮਾਫ਼ੀ ਮੰਗਦੇ ਹਨ।
ਇਸ ਮਾਮਲੇ ਸਬੰਧੀ ਟਵੀਟ ਕਰਦਿਆਂ ਗੁਰਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਪਹਿਲੀ ਵਾਰ ਕਿਸੇ ਸਿੱਖ ਬਾਰੇ ਅਜਿਹੀ ਟਿਪਣੀ ਸੁਣੀ ਸੀ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਇਥੇ ਹੀ ਖ਼ਤਮ ਕਰ ਦਿਤਾ ਜਾਵੇ।
ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਅਪਣੇ ਵਿਰੁਧ 'ਦਸਤਾਰਧਾਰੀ ਵਿਅਕਤੀ' ਵਾਲੀ ਟਿਪਣੀ ਸੁਣੀ ਤਾਂ ਉਨ੍ਹਾਂ ਰੇਡੀਉ ਹੀ ਬੰਦ ਕਰ ਦਿਤਾ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਵਿਚ ਉਨ੍ਹਾਂ ਦਾ ਨਾਂ ਗੁਰਬੀਰ ਗਰੇਵਾਲ ਅਤੇ ਉਹ ਨਿਊਜਰਸੀ ਦੇ 61ਵੇਂ ਅਟਾਰਨੀ ਜਨਰਲ ਹਨ। ਅਮਰੀਕਾ ਦੇ ਵੱਖ-ਵੱਖ ਗਰੁਪਾਂ ਨੇ ਗੁਰਬੀਰ ਸਿੰਘ ਗਰੇਵਾਲ ਦਾ ਸਾਥ ਦਿੰਦਿਆਂ ਰੇਡੀਉ ਸ਼ੋਅ ਦੇ ਐਂਕਰਾਂ ਦੀ ਨਿਖੇਧੀ ਕੀਤੀ। (ਪੀ.ਟੀ.ਆਈ.)