
ਚੀਫ ਖਾਲਸਾ ਦੀਵਾਨ ਦੇ ਸਾਬਕਾ ਉਪ-ਪ੍ਰਧਾਨ ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ ਮਾਮਲੇ ਵਿੱਚ ਐਸਆਈਟੀ ਨੇ ਮੰਗਲਵਾਰ ਦੀ ਦੁਪਹਿਰ ਨੌਂ ਆਰੋਪੀਆਂ ਨੂੰ ਗਿਰਫਤਾਰ ਕਰ ਲਿਆ ਹੈ। ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਇਸ ਮਾਮਲੇ ‘ਚ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਐੱਸ ਆਈ ਟੀ ਨੇ ਸਭ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਉਸ ਸਮੇਂ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ। ਜਿਨ੍ਹਾਂ ਵਿਚੋਂ ਦੋ ਔਰਤਾਂ ਵੀ ਸ਼ਾਮਲ ਹਨ।
ਇਹ ਗ੍ਰਿਫਤਾਰੀਆਂ ਮੁਹਾਲੀ ‘ਚ ਹੋਈਆਂ ਤੇ ਅੰਮ੍ਰਿਤਸਰ ਪੁਲਿਸ ਦੋਸ਼ੀਆਂ ਨੂੰ ਲੈ ਗਈ। ਇਹ ਕੇਸ ਇੰਦਰਪ੍ਰੀਤ ਚੱਢਾ ਦੇ ਪੁੱਤਰ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਸੀ। ਇਸ ਵਿਚ 11 ਵਿਅਕਤੀ ਨਾਮਜ਼ਦ ਕੀਤੇ ਗਏ ਸਨ। ਗ੍ਰਿਫ਼ਤਾਰ ਦੋਸ਼ੀਆਂ ਦੀ ਸੂਚੀ ਇਸ ਪ੍ਰਕਾਰ ਹੈ : ਸੁਰਜੀਤ ਸਿੰਘ, ਹਰਜੀਤ ਸਿੰਘ ਚੱਢਾ , ਉੱਮਤ , ਕੁਲਜੀਤ ਕੌਰ , ਦਵਿੰਦਰ ਸੰਧੂ , ਇੰਦਰਪ੍ਰੀਤ ਅਨੰਦ , ਗੁਰਸੇਵਕ ਸਿੰਘ , ਪ੍ਰਿੰਸੀਪਲ ਰਵਿੰਦਰ ਕੌਰ ਅਤੇ ਉਸਦੇ ਪਤੀ ਵਰੁਨਜੀਤ ਸਿੰਘ ਭੰਵਰਾ। ਦੱਸ ਦਈਏ ਕਿ ਚਰਨਜੀਤ ਸਿੰਘ ਚੱਢਾ ਦੇ ਸਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਆਪਣੇ ਖ਼ੁਦਕੁਸ਼ੀ ਪੱਤਰ ਵਿਚ 11 ਲੋਕਾਂ ਦੇ ਨਾਮ ਲਿਖੇ ਹਨ, ਜਿਨ੍ਹਾਂ ‘ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ।
ਇਸ ਤੋਂ ਇਲਾਵਾ ਆਪਣੇ ਖੁਦਕੁਸ਼ੀ ਪੱਤਰ ਵਿਚ ਇੰਦਰਪ੍ਰੀਤ ਨੇ ਆਪਣੇ ਪਿਤਾ ਨੂੰ ਬੇਕਸੂਰ ਦੱਸਦਿਆਂ ਅਸਲੀ ਦੋਸ਼ੀ ਵੀਡੀਓ ਵਿਚ ਦਿਖਾਈ ਦੇਣ ਵਾਲੀ ਪ੍ਰਿੰਸੀਪਲ ਔਰਤ ਨੂੰ ਦੱਸਿਆ ਸੀ। ਉਸ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਤ ਹੁੰਦੇ ਹੋਏ ਲਿਖੇ ਇਸ ਖ਼ੁਦਕੁਸ਼ੀ ਪੱਤਰ ਵਿਚ ਕਾਫ਼ੀ ਕੁਝ ਬਿਆਨ ਕੀਤਾ। ਉਸ ਨੇ ਸਾਰਾ ਕੁਝ ਵਿਸਥਾਰ ਵਿਚ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਪਿਤਾ ਤੋਂ ਪੈਸੇ ਵਸੂਲਣ ਲਈ ਉਨ੍ਹਾਂ ਨੂੰ ਸਾਜਿਸ਼ ਦਾ ਸ਼ਿਕਾਰ ਬਣਾਇਆ ਗਿਆ।
ਬੀਤੇ ਦਿਨੀਂ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਗੋਲੀ ਲੱਗਣ ਤੋਂ ਬਾਅਦ ਇੰਦਰਪ੍ਰੀਤ ਸਿੰਘ ਚੱਢਾ ਨੂੰ ਅੰਮ੍ਰਿਤਸਰ ਦੇ ਆਈ. ਵੀ. ਵਾਈ. ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਇੰਦਰਪ੍ਰੀਤ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਪੁੱਜੀ ‘ਤੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਗਈ ਸੀ। ਇਹ ਦੋਵੇਂ ਪੱਤਰ ਪੁਲੀਸ ਨੂੰ ਇੰਦਰਪ੍ਰੀਤ ਸਿੰਘ ਚੱਢਾ ਦੀ ਕਾਰ ਵਿੱਚੋਂ ਪ੍ਰਾਪਤ ਹੋਏ ਸਨ। ਇਕ ਉਚ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਪੱਤਰ ਉਸ ਦੇ ਬੈਗ ਵਿੱਚ ਸਨ।
ਵਿਸ਼ਵ ਦੇ ਨਾਂ ਲਿਖਿਆ ਪੱਤਰ (ਟੂ ਦਿ ਵਰਲਡ) 14 ਸਫ਼ਿਆਂ ਦਾ ਹੈ, ਜਿਸ ਉਪਰ ਉਸ ਦੇ ਦਸਤਖ਼ਤ ਨਹੀਂ ਹਨ, ਜਦਕਿ ਮੁੱਖ ਮੰਤਰੀ ਦੇ ਨਾਂ ਲਿਖਿਆ ਪੱਤਰ 4 ਸਫ਼ਿਆਂ ਦਾ ਹੈ, ਜਿਸ ਵਿੱਚ ਉਸ ਦੇ ਦਸਤਖ਼ਤ ਵੀ ਹਨ। 14 ਸਫ਼ਿਆਂ ਦੇ ਪੱਤਰ ਵਿੱਚ ਉਸ ਨੇ ਲਿਖਿਆ ਹੈ ਕਿ ਉਹ ਵਾਇਰਲ ਹੋਈ ਵੀਡਿਓ ਦੇ ਮਾਮਲੇ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਕੋਲ ਪੇਸ਼ ਵੀ ਹੋਇਆ ਸੀ, ਪਰ ਉਥੇ ਉਸ ਨੇ ਇਹ ਵੀਡਿਓ ਬਣਾਉਣ ਦੀ ਸਾਜ਼ਿਸ਼ ਰਚਣ ਵਾਲਿਆਂ ਦੇ ਨਾਂ ਨਹੀਂ ਦੱਸੇ ਸਨ।