
ਪਟਨਾ, 10 ਨਵੰਬਰ : ਭਾਜਪਾ ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਨੇ ਅੱਜ ਵਿੱਤ ਮੰਤਰੀ ਅਰੁਣ ਜੇਤਲੀ 'ਤੇ ਫਿਰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਜੀਐਸਟੀ ਨੂੰ ਲਾਗੂ ਕਰਦੇ ਸਮੇਂ ਜੇਤਲੀ ਨੇ ਦਿਮਾਗ਼ ਨਹੀਂ ਲਾਇਆ ਅਤੇ ਉਸ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ। ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਵਿੱਤ ਮੰਤਰੀ ਰਹਿ ਚੁਕੇ ਸਿਨਹਾ ਨੇ ਕਿਹਾ ਕਿ ਨੋਟਬੰਦੀ ਨਾਲ ਵੀ ਕਾਲੇ ਧਨ ਨੂੰ ਸਿਸਟਮ ਵਿਚੋਂ ਬਾਹਰ ਕਰਨ ਦਾ ਟੀਚਾ ਹਾਸਲ ਨਹੀਂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੋਟਬੰਦੀ ਅਤੇ ਜੀਐਸਟੀ 'ਤੇ ਸਿਰਫ਼ ਝੂਠ ਦਾ ਸਹਾਰਾ ਲੈ ਰਹੀ ਹੈ। ਸਿਨਹਾ ਨੇ ਕਿਹਾ, 'ਵਿੱਤ ਮੰਤਰੀ ਨੇ ਜੀਐਸਟੀ ਨੂੰ ਲਾਗੂ ਕਰਨ ਸਮੇਂ ਦਿਮਾਗ਼ ਨਹੀਂ ਲਾਇਆ। ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਨੂੰ ਹਰ ਦਿਨ ਜੀਐਸਟੀ ਵਿਚ ਬਦਲਾਅ ਕਰਨਾ ਪੈ ਰਿਹਾ ਹੈ। ਜੇਤਲੀ ਨੇ ਜੀਐਸਟੀ ਦਾ ਝਮੇਲਾ ਬਣਾ ਦਿਤਾ ਹੈ।' ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਜਯੰਤ ਸਿਨਹਾ ਦੇ ਨਾਲ-ਨਾਲ ਜੈ ਸ਼ਾਹ ਵਿਰੁਧ ਵੀ ਜਾਂਚ ਹੋਵੇ।
ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਨਵਾਂ ਵਿੱਤ ਮੰਤਰੀ ਲਾਉਣਾ ਚਾਹੀਦਾ ਹੈ ਤੇ ਇਹ ਗੱਲ ਉਹ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਹੇ ਹਨ। ਸਿਨਹਾ ਨੇ ਕਿਹਾ, 'ਹੁਣ ਸਰਕਾਰ ਕਹਿ ਰਹੀ ਹੈ ਕਿ 227 ਵਸਤਾਂ ਵਿਚੋਂ 200 'ਤੇ ਕਰ ਦੀ ਦਰ ਨੂੰ 28 ਤੋਂ ਘਟਾ ਕੇ 18 ਫ਼ੀ ਸਦੀ 'ਤੇ ਲਿਆਂਦਾ ਜਾਵੇਗਾ।' ਉਨ੍ਹਾਂ ਸਵਾਲ ਕੀਤਾ ਕਿ ਇਸ ਕਟੌਤੀ ਨਾਲ ਖ਼ਜ਼ਾਨੇ ਦੀ ਆਮਦਨ ਘੱਟ ਨਹੀਂ ਹੋਵੇਗੀ? ਸਿਨਹਾ ਨੇ ਕਿਹਾ ਕਿ ਜੀਐਸਟੀ ਦਾ ਮੌਜੂਦਾ ਢਾਂਚਾ ਗੜਬੜ ਹੈ। ਇਹੀ ਕਾਰਨ ਹੈ ਕਿ ਸਰਕਾਰ ਨੂੰ ਹਰ ਰੋਜ਼ ਸੋਧ ਕਰਨੀ ਪੈ ਰਹੀ ਹੈ। ਨੋਟਬੰਦੀ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਕਹਿ ਸਕਦੇ ਹਾਂ ਕਿ ਇਕ ਸਾਲ ਮਗਰੋਂ ਵੀ ਇਸ ਨਾਲ ਕਾਲਾ ਧਨ ਖ਼ਤਮ ਨਹੀਂ ਹੋਇਆ। ਨੋਟਬੰਦੀ ਅਤੇ ਜੀਐਸਟੀ ਦੋਹਾਂ ਨਾਲ ਅਰਥਵਿਵਸਥਾ ਦੀ ਰਫ਼ਤਾਰ ਘਟੀ ਹੈ। (ਏਜੰਸੀ)