ਸੁਸ਼ਾਂਤ ਦੀ ਭੈਣ ਨੇ ਪੀਐਮ ਮੋਦੀ ਦੇ ਨਾਂਅ ਲਿਖੀ ਖੁੱਲ੍ਹੀ ਚਿੱਠੀ, ਮਾਮਲੇ ਵਿਚ ਦਖਲ ਦੇਣ ਦੀ ਕੀਤੀ ਅਪੀਲ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿਚ ਹਰ ਰੋਜ਼ ਨਵਾਂ ਖੁਲਾਸਾ ਹੋ ਰਿਹਾ ਹੈ।

Shweta Singh Kirti wrote a note to PM Modi

ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿਚ ਹਰ ਰੋਜ਼ ਨਵਾਂ ਖੁਲਾਸਾ ਹੋ ਰਿਹਾ ਹੈ। ਇਸ ਦੌਰਾਨ ਉਹਨਾਂ ਦੇ ਫੈਨਸ ਸੀਬੀਆਈ ਜਾਂਚ ਦੀ ਮੰਗ ਵੀ ਕਰ ਰਹੇ ਹਨ। ਹੁਣ ਉਹਨਾਂ ਦੀ ਭੈਣ ਸ਼ਵੇਤਾ ਕੀਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਸ਼ਵੇਤਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਜ਼ਰੀਏ ਪੀਐਮ ਮੋਦੀ ਨੂੰ ਖੁੱਲ਼੍ਹੀ ਚਿੱਠੀ ਲਿਖੀ ਹੈ।

ਉਹਨਾਂ ਨੇ ਲਿਖਿਆ, ‘ਸਰ ਮੇਰਾ ਦਿਲ ਕਹਿੰਦਾ ਹੈ ਕਿ ਤੁਸੀਂ ਕਿਤੇ ਨਾ ਕਿਤੇ ਸੱਚ ਲਈ ਅਤੇ ਸੱਚ ਦੇ ਨਾਲ ਖੜ੍ਹੇ ਹੋਵੋਗਾ। ਮੇਰਾ ਭਰਾ ਜਦੋਂ ਬਾਲੀਵੁੱਡ ਵਿਚ ਆਇਆ ਤਾਂ ਉਹ ਕੋਈ ਗੌਡਫਾਦਰ ਨਹੀਂ ਸੀ। ਨਾ ਹੀ ਹੁਣ ਸਾਡਾ ਕੋਈ ਹੈ। ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਤੁਰੰਤ ਇਸ ਮਾਮਲੇ ਨੂੰ ਦੇਖੋ ਅਤੇ ਯਕੀਨੀ ਬਣਾਓ ਕਿ ਨਿਰਪੱਖ ਤਰੀਕੇ ਨਾਲ ਸਭ ਕੁੱਝ ਸੰਭਾਲਿਆ ਜਾਵੇ ਅਤੇ ਕਿਸੇ ਵੀ ਸਬੂਤ ਨਾਲ ਛੇੜਛਾੜ ਨਾ ਕੀਤੀ ਜਾਵੇ’।  

ਇਸ ਤੋਂ ਪਹਿਲਾਂ ਸ਼ਵੇਤਾ ਨੇ ਸੁਸ਼ਾਂਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ , ‘ਜੇਕਰ ਸੱਚਾਈ ਮਾਈਨੇ ਰੱਖਦੀ ਹੈ ਤਾਂ ਕਦੀ ਵੀ ਕੁਝ ਨਹੀਂ ਹੋਵੇਗਾ #JusticeForSushantSinghRajput’। ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਪਟਨਾ ਦੇ ਰਾਜੀਵ ਨਗਰ ਥਾਣੇ ਵਿਚ ਰਿਆ ਚੱਕਰਵਰਤੀ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਉਹਨਾਂ ਦੇ ਪਿਤਾ ਨੇ ਰਿਆ ‘ਤੇ ਸੁਸ਼ਾਂਤ ਨੂੰ ਧਮਕਾਉਣ ਅਤੇ ਆਤਮ ਹੱਤਿਆ ਲਈ ਉਕਸਾਉਣ ਦਾ ਅਰੋਪ ਲਗਾਇਆ ਹੈ।

ਇਸ ਮਾਮਲੇ ਵਿਚ ਹੁਣ ਤੱਕ 30 ਤੋਂ ਜ਼ਿਆਦਾ ਲੋਕਾਂ ਕੋਲੋਂ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ। ਇਹਨਾਂ ਵਿਚ ਦਿੱਗਜ਼ ਨਿਰਦੇਸ਼ਕ ਮਹੇਸ਼ ਭੱਟ ਤੋਂ ਲੈ ਕੇ ਰਿਆ ਚੱਕਰਵਰਤੀ ਤੱਕ ਸ਼ਾਮਲ ਹਨ। ਉੱਥੇ ਹੀ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਵੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।  

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਵਿਚ ਸਥਿਤ ਅਪਣੇ ਘਰ ਵਿਚ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਹ ਪਿਛਲੇ ਕੁਝ ਮਹੀਨਿਆਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਹੁਣ ਤੱਕ ਉਹਨਾਂ ਵੱਲੋਂ ਖੁਦਕੁਸ਼ੀ ਕਰਨ ਪਿੱਛੇ ਦਾ ਅਸਲੀ ਕਾਰਨ ਸਾਹਮਣੇ ਨਹੀਂ ਆਇਆ ਹੈ।