'ਅਮਰੀਕਾ ਨੂੰ ਛੱਡ ਭਾਰਤ ਦੇ ਹਾਲਾਤਾਂ ਵੱਲ ਧਿਆਨ ਦਿਓ', ਅਭੈ ਦਿਓਲ ਨੇ ਸਿਤਾਰਿਆਂ ਨੂੰ ਪੜ੍ਹਾਇਆ ਪਾਠ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਮਰੀਕਾ ਵਿਚ ਕਾਲੇ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਕਈ ਥਾਵਾਂ 'ਤੇ ਪ੍ਰਦਰਸ਼ਨ ਜਾਰੀ ਹੈ।

Abhay Deol

ਨਵੀਂ ਦਿੱਲੀ: ਅਮਰੀਕਾ ਵਿਚ ਕਾਲੇ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਕਈ ਥਾਵਾਂ 'ਤੇ ਪ੍ਰਦਰਸ਼ਨ ਜਾਰੀ ਹੈ। ਅਮਰੀਕਾ ਵਿਚ ਕਈ ਥਾਵਾਂ 'ਤੇ ਹਿੰਸਕ ਪ੍ਰਦਰਸ਼ਨ ਵੀ ਹੋ ਰਹੇ ਹਨ। ਭਾਰਤ ਵਿਚ ਵੀ ਕਈ ਸੋਸ਼ਲ ਮੀਡੀਆ ਯੂਜ਼ਰਸ ਅਤੇ ਸਿਤਾਰੇ ਇਸ ਮਾਮਲੇ 'ਤੇ ਅਪਣੇ ਸੁਝਾਅ ਦੇ ਰਹੇ ਹਨ।

ਕਰੀਨਾ ਕਪੂਰ ਖ਼ਾਨ, ਕਰਨ ਜੌਹਰ, ਪ੍ਰਿਯੰਕਾ ਚੋਪੜਾ ਆਦਿ ਸਿਤਾਰਿਆਂ ਨੇ ਬਲੈਕ ਲਾਈਵਜ਼ ਮੈਟਰਨ ਯਾਨੀ 'ਕਾਲੇ ਲੋਕਾਂ ਦੀ ਜ਼ਿੰਦਗੀ ਵੀ ਮਾਇਨੇ ਰੱਖਦੀ ਹੈ' ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਾਲਿਆਂ ਦੇ ਅੰਦੋਲਨ ਵਿਚ ਸਮਰਥਨ ਦਿੱਤਾ ਹੈ। ਹਾਲਾਂਕਿ ਕੁਝ ਅਜਿਹੇ ਸਿਤਾਰੇ ਵੀ ਹਨ ਜੋ ਇਹਨਾਂ ਸਿਤਾਰਿਆਂ ਦੀ ਹਿਪੋਕ੍ਰੇਸੀ 'ਤੇ ਸਵਾਲ ਚੁੱਕ ਰਹੇ ਹਨ ਤੇ ਇਹਨਾਂ ਨੂੰ ਸਲਾਹ ਦੇ ਰਹੇ ਹਨ ਕਿ ਅਮਰੀਕਾ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਅਪਣੇ ਦੇਸ਼ ਵਿਚ ਹੋ ਰਹੀ ਨਾਇਨਸਾਫੀ ਖਿਲਾਫ ਖੜ੍ਹੇ ਹੋਣਾ ਚਾਹੀਦਾ ਹੈ।

ਇਹਨਾਂ ਵਿਚ ਜੋ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ, ਉਹ ਹੈ ਅਭੈ ਦਿਓਲ। ਅਭੈ ਨੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਲਿਖਿਆ ਸੀ- ਪ੍ਰਵਾਸੀਆਂ, ਗਰੀਬਾਂ ਅਤੇ ਘੱਟ ਗਿਣਤੀਆਂ ਦੀ ਜ਼ਿੰਦਗੀ ਵੀ ਮਾਇਨੇ ਰੱਖਦੀ ਹੈ। #migrantlivesmatter #minoritylivesmatter #poorlivesmatter ।

ਉਨ੍ਹਾਂ ਨੇ ਅੱਗੇ ਲਿਖਿਆ-ਸ਼ਾਇਦ ਹੁਣ ਇਸ ਦਾ ਵੀ ਸਮਾਂ ਆ ਗਿਆ ਹੈ? ਹੁਣ ਜਦੋਂ 'ਬੇਇਨਸਾਫੀ ਪ੍ਰਤੀ ਚੇਤੰਨ' ਭਾਰਤੀ ਮਸ਼ਹੂਰ ਹਸਤੀਆਂ ਅਤੇ ਮੱਧ ਵਰਗ ਨੇ ਅਮਰੀਕੀ ਪ੍ਰਣਾਲੀ ਵਿਚਲੀ ਨਸਲਵਾਦ ਵਿਰੁੱਧ ਇਕਜੁੱਟਤਾ ਦਿਖਾਈ ਹੈ, ਸ਼ਾਇਦ ਉਹ ਦੇਖਣ ਕਿ ਇਹ ਉਨ੍ਹਾਂ ਦੇ ਘਰ ਵਿਚ ਕਿਵੇਂ ਫੈਲਿਆ ਹੋਇਆ ਹੈ।

ਅਮਰੀਕਾ ਨੇ ਦੁਨੀਆ ਵਿਚ ਹਿੰਸਾ ਫੈਲਾਈ ਹੈ, ਉਨ੍ਹਾਂ ਨੇ ਦੁਨੀਆ ਨੂੰ ਇਕ ਵਧੇਰੇ ਖਤਰਨਾਕ ਸਥਾਨ ਬਣਾਇਆ ਹੈ। ਉਨ੍ਹਾਂ ਨੂੰ ਆਪਣੇ ਮਾੜੇ ਕਰਮਾਂ ਦਾ ਫਲ ਮਿਲਣਾ ਹੀ ਸੀ। ਮੈਂ ਇਹ ਨਹੀਂ ਕਹਿ ਰਿਹਾ ਕਿ ਉਨ੍ਹਾਂ ਨਾਲ ਅਜਿਹਾ ਹੋਣਾ ਚਾਹੀਦਾ ਹੈ, ਪਰ ਮੈਂ ਕਹਿ ਰਿਹਾ ਹਾਂ ਕਿ ਪੂਰੀ ਤਸਵੀਰ ਦੇਖੋ।

ਮੈਂ ਕਹਿੰਦਾ ਹਾਂ ਕਿ ਆਪਣੇ ਦੇਸ਼ ਦੀਆਂ ਸਮੱਸਿਆਵਾਂ 'ਤੇ ਆਪਣੀ ਆਵਾਜ਼ ਬੁਲੰਦ ਕਰੋ। ਧਿਆਨ ਨਾਲ ਦੇਖਿਆ ਜਾਵੇ ਤਾਂ ਸਮੱਸਿਆ ਬਿਲਕੁਲ ਓਹੀ ਹੈ। ਮੈਂ ਕਹਿ ਰਿਹਾ ਹਾਂ ਕਿ ਉਨ੍ਹਾਂ ਕੋਲੋਂ ਪ੍ਰੇਰਣਾ ਲਵੋ ਪਰ ਜੋ ਉਹ ਕਰ ਰਹੇ, ਉਸ ਦੀ ਨਕਲ ਨਾ ਕਰੋ। ਆਪ ਕੁਝ ਕਰੋ। ਅਪਣਾ ਅੰਦੋਲਨ ਬਣਾਓ।