ਗਲਵਾਨ ਘਾਟੀ ‘ਚ ਸ਼ਹੀਦ ਹੋਏ ਫੌਜੀਆਂ ਦੀ ਕੁਰਬਾਨੀ ‘ਤੇ ਫ਼ਿਲਮ ਬਣਾਉਣਗੇ ਅਜੈ ਦੇਵਗਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਦੇਸ਼ ਦੀ ਸਿਆਸਤ ਅਤੇ ਬਾਲੀਵੁੱਡ ਵਿਚ ਕਾਫੀ ਡੂੰਘਾ ਰਿਸ਼ਤਾ ਦੇਖਣ ਨੂੰ ਮਿਲਦਾ ਹੈ।

Ajay Devgn

ਨਵੀਂ ਦਿੱਲੀ: ਦੇਸ਼ ਦੀ ਸਿਆਸਤ ਅਤੇ ਬਾਲੀਵੁੱਡ ਵਿਚ ਕਾਫੀ ਡੂੰਘਾ ਰਿਸ਼ਤਾ ਦੇਖਣ ਨੂੰ ਮਿਲਦਾ ਹੈ। ਸਿਆਸਤ ਵਿਚ ਜੇਕਰ ਕੋਈ ਵੱਡੀ ਉਥਲ-ਪੁਥਲ ਹੁੰਦੀ ਹੈ ਤਾਂ ਬਾਲੀਵੁੱਡ ਵਿਚ ਉਸ ‘ਤੇ ਫਿਲਮ ਬਣਨ ਵਿਚ ਦੇਰ ਨਹੀਂ ਲੱਗਦੀ। ਇਸ ਤੋਂ ਇਲਾਵਾ ਜੇਕਰ ਦੇਸ਼ ਵਿਚ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਜਲਦ ਹੀ ਉਸ ‘ਤੇ ਫਿਲਮ ਬਣ ਜਾਂਦੀ ਹੈ।

ਹਾਲ ਹੀ ਵਿਚ ਖ਼ਬਰ ਆਈ ਹੈ ਕਿ ਅਦਾਕਾਰ ਅਜੈ ਦੇਵਗਨ ਗਲਵਾਨ ਘਾਟੀ ਵਿਚ ਸ਼ਹੀਦ ਹੋਏ 20 ਫੌਜੀਆਂ ਦੀ ਹਿੰਮਤ ਅਤੇ ਬਹਾਦਰੀ ‘ਤੇ ਫਿਲਮ ਬਣਾਉਣ ਜਾ ਰਹੇ ਹਨ। ਇਸ ਨੂੰ ਲੈ ਕੇ ਫਿਲਮ ਕ੍ਰਿਟਿਕ ਤਰਣ ਆਦਰਸ਼ ਨੇ ਸੋਸ਼ਲ ਮੀਡੀਆ ‘ਤੇ ਵੱਡਾ ਐਲਾਨ ਕੀਤਾ ਹੈ ਕਿ ਅਜੈ ਦੇਵਗਨ ਗਲਵਾਨ ਘਾਟੀ ਵਿਚ ਹੋਈ ਇਸ ਘਟਨਾ ‘ਤੇ ਫਿਲਮ ਬਣਾਉਣ ਦਾ ਵਿਚਾਰ ਕਰ ਰਹੇ ਹਨ।

ਉਹਨਾਂ ਨੇ ਟਵੀਟ ਕੀਤਾ ਕਿ ਅਜੈ ਦੇਵਗਨ ਗਲਵਾਨ ਘਾਟੀ ਵਿਚ ਹੋਈ ਝੜਪ ‘ਤੇ ਫਿਲਮ ਬਣਾਉਣ ਜਾ ਰਹੇ ਹਨ। ਫਿਲਮ ਦਾ ਟਾਈਟਲ ਹਾਲੇ ਨਹੀਂ ਸੋਚਿਆ ਗਿਆ ਹੈ। ਫਿਲਮ ਵਿਚ ਉਹਨਾਂ 20 ਫੌਜੀਆਂ ਦੀ ਕਹਾਣੀ ਦਿਖਾਈ ਜਾਵੇਗੀ, ਜਿਨ੍ਹਾਂ ਨੇ ਚੀਨੀ ਫੌਜ ਨਾਲ ਡਟ ਕੇ ਮੁਕਾਬਲਾ ਕੀਤਾ। ਫਿਲਮ ਦੀ ਕਾਸਟ ਬਾਰੇ ਵੀ ਹਾਲੇ ਤੱਕ ਕੁਝ ਨਹੀਂ ਸੋਚਿਆ ਗਿਆ ਹੈ।

ਅਜੈ ਦੇਵਗਨ ਵੱਲੋਂ ਕੀਤਾ ਗਿਆ ਇਹ ਐਲਾਨ ਜ਼ਿਆਦਾ ਹੈਰਾਨ ਨਹੀਂ ਕਰਦਾ ਕਿਉਂਕਿ ਅਦਾਕਾਰ ਨੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਫਿਲਮਾਂ ਬਣਾਈਆਂ ਹਨ, ਜੋ ਸੱਚੀਆਂ ਘਟਨਾਵਾਂ ‘ਤੇ ਅਧਾਰਤ ਹਨ। ਇਸ ਦੇ ਨਾਲ ਹੀ ਬਾਲੀਵੁੱਡ ਵਿਚ ਭਾਰਤੀ ਫੌਜ ਦੀ ਬਹਾਦਰੀ ‘ਤੇ ਵੀ ਕਈ ਫਿਲਮਾਂ ਬਣਾਈਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਖਿਲਾਫ ਕੀਤੀ ਗਈ ਸਰਜੀਕਲ ਸਟਰਾਈਕ ‘ਤੇ ਵੀ ਫਿਲਮ ਬਣਾਈ ਗਈ ਸੀ।

ਫਿਲਮ ਦਾ ਨਾਮ ਉਰੀ-ਦ ਸਰਜੀਕਲ ਸਟਰਾਈਕ ਰੱਖਿਆ ਗਿਆ ਸੀ।  ਜ਼ਿਕਰਯੋਗ ਹੈ ਕਿ 15 ਜੂਨ ਨੂੰ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਕਾਰ ਹਿੰਸਕ ਝੜਪ ਹੋਈ ਸੀ, ਇਸ ਦੌਰਾਨ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸੀ।