ਹੁਣ ਖੁੱਲ੍ਹਣਗੇ ਬਾਲੀਵੁੱਡ ਜਗਤ ਦੇ ਕਈ ਭੇਦ, ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਬਣੇਗੀ ਫਿਲਮ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਦੇ ਨੌਜਵਾਨ ਅਦਾਕਾਰ ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਹਰ ਕਿਸੇ ਦੇ ਮਨ ਵਿਚ ਕਈ ਸਵਾਲ ਹਨ।

Sushant Singh Rajput

ਨਵੀਂ ਦਿੱਲੀ: ਬਾਲੀਵੁੱਡ ਦੇ ਨੌਜਵਾਨ ਅਦਾਕਾਰ ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਹਰ ਕਿਸੇ ਦੇ ਮਨ ਵਿਚ ਕਈ ਸਵਾਲ ਹਨ। ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਬਾਲੀਵੁੱਡ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਹਨਾਂ ਦੀ ਮੌਤ ਤੋਂ 4 ਦਿਨ ਬਾਅਦ ਹੀ ਉਹਨਾਂ ਦੀ ਜ਼ਿੰਦਗੀ ‘ਤੇ ਫਿਲਮ ਬਣਾਉਣ ਦਾ ਐਲ਼ਾਨ ਕੀਤਾ ਗਿਆ ਹੈ। ਫਿਲਹਾਲ ਹਰ ਕੋਈ ਇਹ ਜਾਣਨਾ ਚਾਹ ਰਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਇਹ ਕਦਮ ਕਿਉਂ ਚੁੱਕਿਆ।

ਪੁਲਿਸ ਉਹਨਾਂ ਦੀ ਮੌਤ ਦੀ ਸੱਚਾਈ ਜਾਣਨ ਕਈ ਕਈ ਲੋਕਾਂ ਕੋਲੋਂ ਪੁੱਛਗਿੱਛ ਵੀ ਕਰ ਰਹੀ ਹੈ। ਇਸ ਦੇ ਚਲਦਿਆਂ ਪਿਛਲੇ ਤਿੰਨ ਦਹਾਕੇ ਤੋਂ ਇਕ ਮਿਊਜ਼ਿਕ ਕੰਪਨੀ ਚਲਾਉਣ ਵਾਲੇ ਵਿਅਕਤੀ ਵਿਜੇ ਸ਼ੇਖਰ ਗੁਪਤਾ ਨੇ ਸੁਸ਼ਾਂਤ ਦੇ ਜੀਵਨ ‘ਤੇ ਅਧਾਰਤ ਇਕ ਫਿਲਮ ਬਣਾਉਣ ਦਾ ਫੈਸਲਾ ਕੀਤਾ ਹੈ, ਉਹਨਾਂ ਨੇ ਫਿਲਮ ਦਾ ਨਾਂਅ ਵੀ ਰੱਖ ਲਿਆ ਹੈ ਅਤੇ ਜਲਦ ਹੀ ਇਸ ਦੀ ਸ਼ੂਟਿੰਗ ਪੂਰੀ ਕਰ ਕੇ ਇਸ ਨੂੰ ਰਿਲੀਜ਼ ਕਰਨ ਦੀ ਪਲਾਨਿੰਗ ਵੀ ਕਰ ਲਈ ਹੈ।

ਇਸ ਫਿਲਮ ਦਾ ਨਾਮ ‘ਸੁਸਾਇਡ ਔਰ ਮਰਡਰ?’ ਹੋਵੇਗਾ। ਇਸ ਨੂੰ ਲੈ ਕੇ ਵਿਜੇ ਸ਼ੇਖਰ ਗੁਪਤਾ ਨੇ ਇਕ ਨਿਊਜ਼ ਚੈਨਲ ਨਾਲ ਫੋਨ ‘ਤੇ ਖਾਸ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਇਹ ਫਿਲਮ ਸੁਸ਼ਾਂਤ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਨਹੀਂ ਹੈ, ਬਲਕਿ ਉਹਨਾਂ ਦੀ ਖੁਦਕੁਸ਼ੀ ਦੀ ਘਟਨਾ ਅਤੇ ਉਹਨਾਂ ਦੀਆਂ ਪਰੇਸ਼ਾਨੀਆਂ ਤੋਂ ਪ੍ਰੇਰਿਤ ਹੈ ਅਤੇ ਅਜਿਹੇ ਵਿਚ ਫਿਲਮ ਬਣਾਉਣ ਲਈ ਉਹਨਾਂ ਨੂੰ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।

ਉਹਨਾਂ ਦੱਸਿਆ ਕਿ ਇਹ ਫਿਲਮ ਸੁਸ਼ਾਂਤ ਦੇ ਬਹਾਨੇ ਫਿਲਮ ਜਗਤ ਤੋਂ ਆਉਣ ਵਾਲੇ ਕਈ ਲੋਕਾਂ ਦੀਆਂ ਕਹਾਣੀਆਂ ਬਿਆਨ ਕਰੇਗੀ, ਜੋ ਕੁਝ ਬਣਨ ਦਾ ਸਪਨਾ ਲੈ ਕੇ ਬਾਲੀਵੁੱਡ ਵਿਚ ਆਉਂਦੇ ਹਨ ਪਰ ਇੰਡਸਟਰੀ ਵਿਚ ਲੋਕਾਂ ਦੀ ਮੋਨੋਪੋਲੀ ਅਤੇ ਨੈਪੋਟਿਜ਼ਮ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਫਿਲਮ ਦੀ ਸ਼ੂਟਿੰਗ 15 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਫਿਲਮ ਨੂੰ ਸਤੰਬਰ ਮਹੀਨੇ ਵਿਚ ਰਿਲੀਜ਼ ਕਰਨ ਦੀ ਤਿਆਰੀ ਹੈ।