ਫ਼ਿਲਮ 'ਕੇਦਾਰਨਾਥ' ਵੀ ਵਿਵਾਦਾਂ 'ਚ ਘਿਰੀ
ਪੰਜ ਸਾਲ ਪਹਿਲਾਂ ਕੇਦਾਰਨਾਥ 'ਚ ਆਏ ਹੜ੍ਹਾਂ ਦੀ ਘਟਨਾ ਦੀ ਪਿੱਠਭੂਮੀ 'ਤੇ ਆਧਾਰਤ ਫ਼ਿਲ 'ਕੇਦਾਰਨਾਥ' ਅਪਣਾ ਟੀਜ਼ਰ ਅਤੇ ਪ੍ਰੋਮੋ ਸਾਹਮਣੇ ਆਉਂਦਿਆਂ ਹੀ........
ਦੇਹਰਾਦੂਨ : ਪੰਜ ਸਾਲ ਪਹਿਲਾਂ ਕੇਦਾਰਨਾਥ 'ਚ ਆਏ ਹੜ੍ਹਾਂ ਦੀ ਘਟਨਾ ਦੀ ਪਿੱਠਭੂਮੀ 'ਤੇ ਆਧਾਰਤ ਫ਼ਿਲ 'ਕੇਦਾਰਨਾਥ' ਅਪਣਾ ਟੀਜ਼ਰ ਅਤੇ ਪ੍ਰੋਮੋ ਸਾਹਮਣੇ ਆਉਂਦਿਆਂ ਹੀ ਵਿਵਾਦਾਂ 'ਚ ਘਿਰ ਗਈ ਹੈ। ਫ਼ਿਲਮ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਉੱਤਰਾਖੰਡ 'ਚ ਸਥਿਤ ਕੇਦਾਰਨਾਥ ਖੇਤਰ 'ਚ ਸਾਲ 2013 'ਚ ਆਏ ਭਿਆਨਕ ਹੜ੍ਹਾਂ ਨਾਲ ਜੁੜ ਘਟਨਾਕ੍ਰਮ 'ਤੇ ਆਧਾਰਤ ਇਸ ਫ਼ਿਲਮ ਦਾ ਕੇਦਾਰਨਾਥ ਦੇ ਤੀਰਥ ਪੁਰੋਹਿਤਾਂ ਤੋਂ ਲੈ ਕੇ ਸਿਆਸੀ ਪਾਰਟੀਆਂ ਨੇ ਵਿਰੋਧ ਸ਼ੁਰੂ ਕਰ ਦਿਤਾ ਹੈ।
ਫ਼ਿਲਮ ਦੇ ਵਿਰੋਧ 'ਚ ਉਤਰੇ ਲੋਕਾਂ ਨੇ ਫ਼ਿਲਮ ਦੇ ਹੀਰੋ ਅਤੇ ਹੀਰੋਇਨ ਵਿਚਕਾਰ ਦਰਸਾਏ ਪਿਆਰ ਦੇ ਦ੍ਰਿਸ਼ਾਂ ਨੂੰ ਧਾਰਮਕ ਆਸਥਾ ਨਾਲ ਛੇੜਛਾੜ ਦਸਦਿਆਂ ਇਤਰਾਜ਼ ਪ੍ਰਗਟ ਕੀਤਾ ਹੈ। ਵਿਰੋਧ ਕਰ ਰਹੇ ਲੋਕਾਂ ਨੇ ਫ਼ਿਲਮ ਦੀ ਕਹਾਣੀ 'ਤੇ ਇਤਰਾਜ਼ ਪ੍ਰਗਟਾਇਆ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਫ਼ਿਲਮ ਲਵ ਜੇਹਾਦ ਦੀ ਹਮਾਇਤ ਕਰ ਰਹੀ ਹੈ। ਸੱਤ ਦਸੰਬਰ ਨੂੰ ਰਿਲੀਜ਼ ਹੋ ਰਹੀ ਅਭਿਸ਼ੇਕ ਕਪੂਰ ਵਲੋਂ ਨਿਰਦੇਸ਼ਤ ਇਹ ਫ਼ਿਲਮ ਹੜ੍ਹ 'ਚ ਫਸੀ ਇਕ ਹਿੰਦੂ ਸ਼ਰਧਾਲੂ ਨੂੰ ਇਕ ਮੁਸਲਮਾਨ ਵਲੋਂ ਬਚਾਏ ਜਾਣ ਮਗਰੋਂ ਦੋਹਾਂ ਵਿਚਕਾਰ ਪੈਦਾ ਹੋਏ ਪਿਆਰ ਦੀ ਕਹਾਣੀ ਹੈ।
ਇਸ ਫ਼ਿਲਮ 'ਚ ਸਾਰਾ ਅਲੀ ਖ਼ਾਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਜੋੜੀ ਹੈ। ਸਾਰਾ, ਸੈਫ਼ ਅਲੀ ਖ਼ਾਨ ਅਤੇ ਅੰਮ੍ਰਿਤ ਸਿੰਘ ਦੀ ਬੇਟੀ ਹੈ ਅਤੇ ਇਹ ਉਸ ਦੀ ਪਹਿਲੀ ਫ਼ਿਲਮ ਹੈ। ਉੱਤਰਾਖੰਡ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਭਾਵੇਂ ਇਸ ਫ਼ਿਲਮ ਨੂੰ ਲੈ ਕੇ ਅਜੇ ਖੁੱਲ੍ਹ ਕੇ ਕੁੱਝ ਨਹੀਂ ਬੋਲ ਰਹੀ ਪਰ ਉਸ ਦਾ ਵੀ ਮੰਨਣਾ ਹੈ ਕਿ ਸਿਧਾਂਤਕ ਤੌਰ 'ਤੇ ਧਾਰਮਕ ਥਾਵਾਂ ਨਾਲ ਜੁੜੀਆਂ ਪਰੰਪਰਾਵਾਂ ਅਤੇ ਭਾਵਨਾਵਾਂ ਦਾ ਪੂਰਾ ਖ਼ਿਆਲ ਰਖਣਾ ਚਾਹੀਦਾ ਹੈ ਅਤੇ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਨਾਲ ਕਿਸੇ ਦੀਆ ਭਾਵਨਾਵਾਂ ਨੂੰ ਢਾਹ ਨਾ ਲੱਗੇ। (ਪੀਟੀਆਈ)