ਮਸ਼ਹੂਰ ਅਦਾਕਾਰ ਗਿਰੀਸ਼ ਕਰਨਾਡ ਦਾ 81 ਸਾਲ ਦੀ ਉਮਰ ਵਿਚ ਦੇਹਾਂਤ
ਬਾਲੀਵੁੱਡ ਦੇ ਮਸ਼ਹੂਰ ਐਕਟਰ ਗਿਰੀਸ਼ ਕਰਨਾਡ ਦਾ ਸੋਮਵਾਰ ਨੂੰ 81 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।
ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਐਕਟਰ ਗਿਰੀਸ਼ ਕਰਨਾਡ ਦਾ ਸੋਮਵਾਰ ਨੂੰ 81 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗਿਰੀਸ਼ ਕਰਨਾਡ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਗਿਰੀਸ਼ ਕਰਨਾਡ ਨੇ ਸਲਮਾਨ ਖ਼ਾਨ ਦੀ ਫ਼ਿਲਮ ‘ਟਾਇਗਰ ਜ਼ਿੰਦਾ ਹੈ’ ਵਿਚ ਵੀ ਕੰਮ ਕੀਤਾ ਸੀ। ਗਿਰੀਸ਼ ਦਾ ਜਨਮ 19 ਮਈ 1938 ਨੂੰ ਮਹਾਰਾਸ਼ਟਰ ਵਿਚ ਹੋਇਆ ਸੀ।
ਉਹਨਾਂ ਨੂੰ ਭਾਰਤ ਦੇ ਪ੍ਰਸਿੱਧ ਸਮਕਾਲੀ ਲੇਖਕ, ਅਦਾਕਾਰ, ਫ਼ਿਲਮ ਨਿਰਦੇਸ਼ਕ ਅਤੇ ਨਾਟਕਕਾਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਗਿਰੀਸ਼ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿਚ ਸੋਗ ਦਾ ਮਾਹੌਲ ਹੈ। ਗਿਰੀਸ਼ ਦੀ ਹਿੰਦੀ ਦੇ ਨਾਲ-ਨਾਲ ਕੰਨੜ ਅਤੇ ਅੰਗਰੇਜ਼ੀ ਭਾਸ਼ਾ ਵਿਚ ਵੀ ਚੰਗੀ ਪਕੜ ਸੀ। ਗਿਰੀਸ਼ ਸ਼ਿਕਾਗੋ ਯੂਨੀਵਰਸਿਟੀ ਦੇ ਕਾਲਜ ਵਿਚ ਵਿਜ਼ੀਟਿੰਗ ਪ੍ਰੋਫੈਸਰ ਵੀ ਰਹਿ ਚੁੱਕੇ ਹਨ।
ਗਿਰੀਸ਼ ਦੀ ਪ੍ਰਸਿੱਧੀ ਨਾਟਕਕਾਰ ਦੇ ਰੂਪ ਵਿਚ ਜ਼ਿਆਦਾ ਹੈ। ਗਿਰੀਸ਼ ਨੇ ਕੰਨੜ ਫਿਲਮ ਨਾਲ ਨਿਰਦੇਸ਼ਨ ਦੀ ਦੁਨੀਆ ਵਿਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਕਈ ਕੰਨੜ ਅਤੇ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਅਤੇ ਅਦਾਕਾਰੀ ਕੀਤੀ। ਸਾਲ 1974 ਵਿਚ ਗਿਰੀਸ਼ ਨੂੰ ਪਦਮ ਸ਼੍ਰੀ ਐਵਾਰਡ ਅਤੇ 1992 ਵਿਚ ਉਹਨਾਂ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।