ਅੱਲੂ ਅਰਜੁਨ ਚੁੱਕਣਗੇ ਕੇਰਲਾ ਦੀ ਲੜਕੀ ਦੀ ਨਰਸਿੰਗ ਦੀ ਪੜ੍ਹਾਈ ਦਾ ਖਰਚਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਲੋੜਵੰਦ ਲੜਕੀ ਦੀ ਮਦਦ ਲਈ ਅੱਗੇ ਆਏ ਅੱਲੂ ਅਰਜੁਨ   ਚੁੱਕਿਆ ਚਾਰ ਸਾਲਾਂ ਦੀ ਪੜ੍ਹਾਈ ਦਾ ਸਾਰਾ ਖ਼ਰਚ 

Allu Arjun will bear the cost of Kerala girl's nursing education, thanks District Magistrate

 ਅਲਾਪੁਝਾ - ਦੱਖਣੀ ਭਾਰਤੀ ਅਦਾਕਾਰ ਅੱਲੂ ਅਰਜੁਨ ਨੇ ਕੇਰਲ ਦੀ ਇੱਕ ਹੋਣਹਾਰ ਵਿਦਿਆਰਥਣ ਲਈ ਮਦਦ ਦਾ ਹੱਥ ਵਧਾਇਆ ਹੈ। 'ਪੁਸ਼ਪਾ' ਅਦਾਕਾਰ ਨੇ ਨਰਸਿੰਗ ਦੀ ਪੜ੍ਹਾਈ ਲਈ ਸੰਘਰਸ਼ ਕਰ ਰਹੀ ਇੱਕ ਵਿਦਿਆਰਥਣ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਉਸ ਦੀ ਚਾਰ ਸਾਲਾਂ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕਣਗੇ।

ਅਲਾਪੁਝਾ ਜ਼ਿਲ੍ਹਾ ਮੈਜਿਸਟਰੇਟ ਵੀ.ਆਰ. ਕ੍ਰਿਸ਼ਨਾ ਤੇਜਾ ਨੇ ਆਪਣੇ ਫ਼ੇਸਬੁਕ ਪੇਜ 'ਤੇ ਪੋਸਟ 'ਚ ਅਰਜੁਨ ਦੇ ਇਸ ਨੇਕ ਕੰਮ ਬਾਰੇ ਜਾਣਕਾਰੀ ਦਿੱਤੀ ਹੈ। ਵੀਰਵਾਰ ਨੂੰ ਕੀਤੀ ਇੱਕ ਪੋਸਟ ਵਿੱਚ, ਜ਼ਿਲ੍ਹਾ ਮੈਜਿਸਟਰੇਟ ਨੇ ਵਿਸਥਾਰ ਵਿੱਚ ਦੱਸਿਆ ਕਿ ਕਿਵੇਂ ਵਿਦਿਆਰਥੀ (ਮੁਸਲਿਮ ਲੜਕੀ) ਨੇ ਅਰਜੁਨ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਮੰਗੀ।

ਵਿਦਿਆਰਥਣ ਨੇ ਆਪਣੀ 12ਵੀਂ ਦੀ ਪ੍ਰੀਖਿਆ ਵਿੱਚ 92 ਫ਼ੀਸਦੀ ਅੰਕ ਹਾਸਲ ਕੀਤੇ ਸਨ, ਅਤੇ ਪਿਛਲੇ ਸਾਲ ਕੋਵਿਡ-19 ਕਾਰਨ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਮਜ਼ੋਰ ਆਰਥਿਕ ਹਾਲਾਤਾਂ ਕਾਰਨ ਉਹ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕੀ ਸੀ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ, “ਮੈਂ ਉਸ ਦੀਆਂ ਅੱਖਾਂ ਵਿੱਚ ਆਸ ਅਤੇ ਭਰੋਸਾ ਦੇਖਿਆ। ਇਸ ਲਈ ਅਸੀਂ ਉਸ ਨੂੰ 'ਵੀ ਆਰ ਫ਼ਾਰ ਅੱਲੇਪੀ' ਪ੍ਰੋਜੈਕਟ ਤਹਿਤ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਲੜਕੀ ਨੇ ਦੱਸਿਆ ਕਿ ਅਗਲੀ ਰੁਕਾਵਟ ਇਹ ਸੀ ਕਿ ਉਸ ਦੀ ਪੜ੍ਹਾਈ ਦਾ ਖ਼ਰਚ ਕੌਣ ਚੁੱਕੇਗਾ। ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਅਧਿਕਾਰੀ ਨੇ ਅਭਿਨੇਤਾ ਅੱਲੂ ਅਰਜੁਨ ਨਾਲ ਸੰਪਰਕ ਕੀਤਾ ਅਤੇ ਉਸ ਦੀ ਮਦਦ ਮੰਗੀ, ਜਿਸ ਲਈ ਉਸ ਨੇ ਤੁਰੰਤ ਸਹਿਮਤੀ ਦੇ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ, ''ਇਸ ਮੁੱਦੇ 'ਤੇ ਮੇਰੇ ਪਸੰਦੀਦਾ ਫ਼ਿਲਮ ਅਦਾਕਾਰ ਅੱਲੂ ਅਰਜੁਨ ਨਾਲ ਗੱਲ ਕੀਤੀ ਹੈ। ਸੁਣਦੇ ਹੀ ਉਸ ਨੇ ਵਿਦਿਆਰਥਣ ਦੀ ਇੱਕ ਸਾਲ ਦੀ ਹੋਸਟਲ ਫ਼ੀਸ ਦੀ ਬਜਾਏ ਚਾਰ ਸਾਲ ਦੀ ਫ਼ੀਸ ਸਮੇਤ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਲਈ ਹਾਮੀ ਭਰ ਦਿੱਤੀ।

ਜ਼ਿਲ੍ਹਾ ਮੈਜਿਸਟਰੇਟ ਤੇਜਾ ਨੇ ਦੱਸਿਆ ਕਿ ਅਗਲੇ ਦਿਨ ਲੜਕੀ ਦੇ ਦਾਖਲੇ ਲਈ ਉਹ ਖ਼ੁਦ ਉਸ ਨਾਲ ਗਏ। ਉਨ੍ਹਾਂ ਕਿਹਾ, "ਮੈਨੂੰ ਯਕੀਨ ਹੈ ਕਿ ਉਹ ਚੰਗੀ ਪੜ੍ਹਾਈ ਕਰੇਗੀ ਅਤੇ ਭਵਿੱਖ ਵਿੱਚ ਅਜਿਹੀ ਨਰਸ ਬਣੇਗੀ ਜੋ ਆਪਣੇ ਭੈਣ-ਭਰਾਵਾਂ ਦੀ ਦੇਖਭਾਲ ਕਰੇਗੀ ਅਤੇ ਸਮਾਜ ਦੀ ਸੇਵਾ ਕਰੇਗੀ।"