ਗੋਲਡਨ ਗਲੋਬ ਐਵਾਰਡਜ਼ ਲਈ ਨਾਮਜ਼ਦ ਹੋਈ RRR, ਗੈਰ-ਅੰਗਰੇਜ਼ੀ ਫਿਲਮ ਦੀ ਸ਼੍ਰੇਣੀ ’ਚ ਬਣਾਈ ਥਾਂ

ਏਜੰਸੀ

ਮਨੋਰੰਜਨ, ਬਾਲੀਵੁੱਡ

। ਜਨਵਰੀ 2023 ਵਿਚ ਹੋਣ ਵਾਲੇ ਗੋਲਡਨ ਗਲੋਬ ਐਵਾਰਡਜ਼ ਦੀ ਇਸ ਸ਼੍ਰੇਣੀ ਲਈ ਦੁਨੀਆ ਭਰ ਦੀਆਂ 5 ਫਿਲਮਾਂ ਦੌੜ ਵਿਚ ਸ਼ਾਮਲ ਹੋਣਗੀਆਂ।

SS Rajamouli’s ‘RRR’ nominated for Golden Globe awards



ਮੁੰਬਈ: ਫਿਲਮ ਆਰਆਰਆਰ ਨੂੰ ਵੱਕਾਰੀ ਗੋਲਡਨ ਗਲੋਬ ਐਵਾਰਡਜ਼ ਵਿਚ ਨੋਮੀਨੇਸ਼ਨ ਮਿਲੀ ਹੈ। ਇਹ ਨੋਮੀਨੇਸ਼ਨ ਸਰਵੋਤਮ ਗੈਰ-ਅੰਗਰੇਜ਼ੀ ਫਿਲਮ ਦੀ ਸ਼੍ਰੇਣੀ ਵਿਚ ਦਿੱਤੀ ਗਈ ਹੈ। ਜਨਵਰੀ 2023 ਵਿਚ ਹੋਣ ਵਾਲੇ ਗੋਲਡਨ ਗਲੋਬ ਐਵਾਰਡਜ਼ ਦੀ ਇਸ ਸ਼੍ਰੇਣੀ ਲਈ ਦੁਨੀਆ ਭਰ ਦੀਆਂ 5 ਫਿਲਮਾਂ ਦੌੜ ਵਿਚ ਸ਼ਾਮਲ ਹੋਣਗੀਆਂ। ਹਿੰਦੀ ਫਿਲਮ ਗੰਗੂਬਾਈ, ਕੰਨੜ ਫਿਲਮ ਕਾਂਤਾਰਾ ਅਤੇ ਛੇਲੋ ਸ਼ੋਅ ਵੀ ਇਸ ਦੌੜ ਵਿਚ ਸਨ ਪਰ ਸਿਰਫ ਆਰਆਰਆਰ ਨੂੰ ਹੀ ਨੋਮੀਨੇਸ਼ਨ ਮਿਲੀ।

ਇਸ ਸ਼੍ਰੇਣੀ ਵਿਚ ਨਾਮਜ਼ਦ ਚਾਰ ਹੋਰ ਫ਼ਿਲਮਾਂ ਆਲ ਕੁਆਇਟ ਆਨ ਦ ਵੈਸਟਰਨ ਫਰੰਟ (ਜਰਮਨੀ), ਅਰਜਨਟੀਨਾ 1985 (ਅਰਜਨਟੀਨਾ), ਕਲੋਜ਼ (ਬੈਲਜੀਅਮ) ਅਤੇ ਡੀਸੀਜ਼ਨ ਟੂ ਲੀਵ (ਦੱਖਣੀ ਕੋਰੀਆ) ਸ਼ਾਮਲ ਹਨ। ਇਸ ਸਮੇਂ ਪੂਰੀ ਦੁਨੀਆ 'ਚ ਆਰਆਰਆਰ ਦੀ ਧੂਮ ਹੈ ਅਤੇ ਜਾਪਾਨ 'ਚ ਹਾਲ ਹੀ 'ਚ ਰਿਲੀਜ਼ ਹੋਈ ਇਸ ਫਿਲਮ ਨੇ ਕਾਫੀ ਕਮਾਈ ਕੀਤੀ ਹੈ। ਆਸਕਰ ਦੀ ਦੌੜ 'ਚ ਵੀ ਇਸ 'ਤੇ ਵਿਚਾਰ ਕੀਤਾ ਜਾ ਰਿਹਾ ਸੀ, ਹਾਲਾਂਕਿ ਭਾਰਤ ਵੱਲੋਂ ਆਸਕਰ ਲਈ ਅਧਿਕਾਰਤ ਐਂਟਰੀ ਗੁਜਰਾਤੀ ਫਿਲਮ ਛੇਲੋ ਸ਼ੋਅ ਦੀ ਰਹੀ। ਇਸ ਦੇ ਨਾਲ ਹੀ ਆਰਆਰਆਰ ਨੂੰ ਨਿਰਮਾਤਾਵਾਂ ਦੁਆਰਾ ਇਕ ਸੁਤੰਤਰ ਐਂਟਰੀ ਵਜੋਂ ਆਸਕਰ ਲਈ ਭੇਜਿਆ ਗਿਆ ਹੈ।

ਰਾਜਾਮੌਲੀ ਦੀ ਆਰਆਰਆਰ ਦੱਖਣੀ ਭਾਰਤ ਦੇ ਦੋ ਸੁਤੰਤਰਤਾ ਸੈਨਾਨੀਆਂ ਕੋਮਾਰਾਮ ਭੀਮ ਅਤੇ ਅਲੂਰੀ ਸੀਤਾਰਾਮ ਰਾਜੂ ਦੀ ਕਹਾਣੀ 'ਤੇ ਆਧਾਰਿਤ ਹੈ। ਭੀਮ ਦੀ ਭੂਮਿਕਾ ਜੂਨੀਅਰ ਐਨਟੀਆਰ ਅਤੇ ਸੀਤਾਰਾਮ ਰਾਜੂ ਦੀ ਭੂਮਿਕਾ ਰਾਮਚਰਨ ਤੇਜਾ ਨੇ ਨਿਭਾਈ ਹੈ। ਫਿਲਮ 'ਚ ਆਲੀਆ ਭੱਟ, ਸ਼੍ਰੇਆ ਸਰਨ ਅਤੇ ਅਜੇ ਦੇਵਗਨ ਵੀ ਨਜ਼ਰ ਆਏ ਸਨ।

 24 ਮਾਰਚ 2022 ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਵਿਸ਼ਵਵਿਆਪੀ ਕਮਾਈ ਦੇ ਕਈ ਨਵੇਂ ਰਿਕਾਰਡ ਬਣਾਏ। ਫਿਲਮ ਨੇ ਦੁਨੀਆ ਭਰ 'ਚ 1200 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਇਸ ਵਿਚੋਂ 800 ਕਰੋੜ ਰੁਪਏ ਭਾਰਤ ਵਿਚ ਹੀ ਕਮਾਏ। ਇਹ ਭਾਰਤ ਦੀ ਪਹਿਲੀ ਅਜਿਹੀ ਫਿਲਮ ਹੈ ਜਿਸ ਨੇ ਆਪਣੀ ਰਿਲੀਜ਼ ਦੇ ਇਕ ਮਹੀਨੇ ਵਿਚ 1000 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਫਿਲਮ 5 ਭਾਸ਼ਾਵਾਂ ਤਾਮਿਲ, ਤੇਲਗੂ, ਮਲਿਆਲਮ, ਕੰਨੜ ਅਤੇ ਹਿੰਦੀ ਵਿਚ ਰਿਲੀਜ਼ ਹੋਈ ਸੀ। ਦੱਸ ਦੇਈਏ ਕਿ ਗੋਲਡਨ ਗਲੋਬ ਅਵਾਰਡ ਹਾਲੀਵੁੱਡ ਦੇ ਵੱਕਾਰੀ ਪੁਰਸਕਾਰਾਂ ਵਿਚੋਂ ਇਕ ਹੈ। ਇਹ ਹਾਲੀਵੁੱਡ ਦੀ ਵਿਦੇਸ਼ੀ ਪ੍ਰੈਸ ਐਸੋਸੀਏਸ਼ਨ ਦੁਆਰਾ ਦਿੱਤੇ ਜਾਂਦੇ ਹਨ।