ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ 'ਚ ਨਕਲੀ ਸੀ.ਬੀ.ਆਈ. ਅਫ਼ਸਰ ਬਣ ਕੇ ਮਾਰਿਆ 'ਛਾਪਾ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਜ਼ਬਤ' ਕੀਤੀ 30 ਲੱਖ ਦੀ ਨਕਦੀ ਅਤੇ ਲੱਖਾਂ ਦੇ ਗਹਿਣੇ 

Image

 

ਕੋਲਕਾਤਾ - ਕੋਲਕਾਤਾ ਦੇ ਭਵਾਨੀਪੁਰ ਪੁਲਿਸ ਸਟੇਸ਼ਨ ਨੇੜੇ ਰੂਪਚੰਦ ਮੁਖਰਜੀ ਲੇਨ ਵਿੱਚ ਰਹਿੰਦੇ ਇੱਕ ਵਪਾਰੀ ਦੇ ਘਰ ਸੋਮਵਾਰ ਨੂੰ ਫ਼ਿਲਮੀ ਅੰਦਾਜ਼ 'ਚ ਅੱਠ-ਨੌਂ ਜਣਿਆਂ ਨੇ ਨਕਲੀ ਸੀ.ਬੀ.ਆਈ. ਅਫ਼ਸਰ ਬਣ ਕੇ 'ਛਾਪਾ' ਮਾਰਿਆ, ਅਤੇ 30 ਲੱਖ ਰੁਪਏ ਦੀ ਨਕਦੀ ਸਮੇਤ ਲੱਖਾਂ ਰੁਪਏ ਦੇ ਗਹਿਣੇ 'ਜ਼ਬਤ' ਕਰ ਲਏ। 

ਇਹ ਨਕਲੀ ਅਫ਼ਸਰ ਪੁਲਿਸ ਦੇ ਸਟਿੱਕਰਾਂ ਵਾਲੇ ਤਿੰਨ ਵਾਹਨਾਂ ਵਿੱਚ ਆਏ, ਘਰ ਦੇ ਅੰਦਰ ਬੜੇ ਆਤਮ-ਵਿਸ਼ਵਾਸ ਨਾਲ ਦਾਖਲ ਹੋਏ, ਅਤੇ ਕਾਰੋਬਾਰੀ ਸੁਰੇਸ਼ ਵਧਵਾ ਦੀ ਪਛਾਣ-ਪੱਤਰ ਦਿਖਾਉਣ ਦੀ ਬੇਨਤੀ ਨੂੰ ਦਰਕਿਨਾਰ ਕਰ ਦਿੱਤਾ। ਨਕਦੀ ਅਤੇ ਗਹਿਣੇ ਲੈ ਕੇ ਜਾਣ ਤੋਂ ਪਹਿਲਾਂ, ਉਨ੍ਹਾਂ ਵਧਵਾ ਨੂੰ ਕਿਹਾ ਕਿ ਜ਼ਬਤ ਕੀਤੇ ਸਮਾਨ ਦੀ ਸੂਚੀ ਬਾਅਦ ਵਿੱਚ ਭੇਜੀ ਜਾਵੇਗੀ। ਇਹ ਜਾਅਲੀ 'ਤਲਾਸ਼ੀ ਅਤੇ ਜ਼ਬਤ' ਦਾ ਅਭਿਆਨ ਅੱਧਾ ਘੰਟਾ ਚੱਲਿਆ। 

ਜਿੱਥੇ ਇਹ ਹਾਦਸਾ ਵਾਪਰਿਆ, ਵਧਵਾ ਪਰਿਵਾਰ ਉੱਥੇ ਤਕਰੀਬਨ ਇੱਕ ਦਹਾਕੇ ਤੋਂ ਰਹਿ ਰਿਹਾ ਹੈ।

ਜਦੋਂ 'ਨਕਲੀ ਅਫ਼ਸਰ' ਨਕਦੀ ਅਤੇ ਗਹਿਣੇ ਲੈ ਕੇ ਚਲੇ ਗਏ, ਤਾਂ ਵਾਧਵਾ ਨੂੰ ਸ਼ੱਕ ਹੋਇਆ ਕਿ ਸ਼ਾਇਦ ਉਸ ਨਾਲ ਧੋਖਾ ਹੋਇਆ ਹੈ। ਤਿੰਨ ਘੰਟੇ ਬਾਅਦ, ਆਖਿਰਕਾਰ ਉਸ ਨੇ ਭਵਾਨੀਪੁਰ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ, ਜਿਹੜਾ ਕਿ ਉਸ ਦੀ ਰਿਹਾਇਸ਼ ਤੋਂ ਸਿਰਫ਼ ਪੰਜ ਮਿੰਟ ਦੀ ਪੈਦਲ ਦੂਰੀ 'ਤੇ ਹੈ। 

ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇੱਕ ਪੁਲਿਸ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ, "ਸਥਾਨਕ ਪੁਲਿਸ ਤੋਂ ਇਲਾਵਾ, ਲਾਲਬਾਜ਼ਾਰ ਜਸੂਸੀ ਵਿਭਾਗ ਵੀ ਜਾਂਚ ਵਿੱਚ ਸ਼ਾਮਲ ਹੈ। ਅਪਰਾਧ 'ਚ ਵਰਤੀਆਂ ਗਈਆਂ ਕਾਰਾਂ ਲੱਭਣ ਲਈ ਅਸੀਂ ਸੀ.ਸੀ.ਟੀ.ਵੀ. ਫੁਟੇਜ ਇਕੱਤਰ ਕਰ ਰਹੇ ਹਾਂ। ਇਲਾਕੇ ਦਾ ਕਾਲ ਰਿਕਾਰਡ ਵੀ ਜੁਟਾਇਆ ਕੀਤਾ ਗਿਆ ਹੈ। ਸਾਨੂੰ ਇਸ 'ਚ ਕਿਸੇ ਭੇਤੀ ਦੇ ਹੋਣ ਦਾ ਸ਼ੱਕ ਹੈ। ਘਰ ਦੇ ਨੌਕਰਾਂ ਅਤੇ ਵਧਵਾ ਪਰਿਵਾਰ ਦੀ ਕੰਪਨੀ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।”