ਭਾਜਪਾ ਨੇ ਆਫਰ ਕੀਤੀ ਸੀ ਟਿਕਟ ਪਰ ਮੈਂ ਸਿਆਸਤ ‘ਚ ਜਾਣ ਬਾਰੇ ਹਾਲੇ ਸੋਚਿਆ ਨਹੀਂ- ਕੰਗਨਾ ਰਣੌਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕੰਗਨਾ ਰਣੌਤ ਪਿਛਲੇ ਕੁਝ ਦਿਨਾਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿਚ ਅਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਹੈ।

Kangana Ranaut

ਨਵੀਂ ਦਿੱਲੀ: ਕੰਗਨਾ ਰਣੌਤ ਪਿਛਲੇ ਕੁਝ ਦਿਨਾਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿਚ ਅਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ‘ਤੇ ਕਈ ਵਾਰ ਕੰਗਨਾ ਨੂੰ ਪੀਐਮ ਨਰਿੰਦਰ ਮੋਦੀ ਨੂੰ ਸਮਰਥਨ ਦੇਣ ਕਾਰਨ ਟਰੋਲ ਕੀਤਾ ਜਾਂਦਾ ਹੈ। ਹੁਣ ਹਾਲ ਹੀ ਵਿਚ ਕੰਗਨਾ ਨੇ ਉਹਨਾਂ ਟਰੋਲਰਜ਼ ਨੂੰ ਕਰਾਰਾ ਜਵਾਬ ਦਿੱਤਾ ਹੈ।

ਕੰਗਨਾ ਨੇ 2 ਟਵੀਟ ਕੀਤੇ। ਪਹਿਲੇ ਟਵੀਟ ਵਿਚ ਕੰਗਨਾ ਨੇ ਲਿਖਿਆ, ‘ਜੋ ਲੋਕ ਸਮਝਦੇ ਹਨ ਕਿ ਮੈਂ ਮੋਦੀ ਜੀ ਨੂੰ ਇਸ ਲਈ ਸਮਰਥਨ ਦੇ ਰਹੀ ਹਾਂ ਕਿਉਂਕਿ ਮੈਂ ਸਿਆਸਤ ਵਿਚ ਹਿੱਸਾ ਲੈਣਾ ਚਾਹੁੰਦੀ ਹਾਂ। ਮੈਂ ਉਹਨਾਂ ਲੋਕਾਂ ਨੂੰ ਦੱਸ ਦੇਵਾਂ ਕਿ ਮੇਰੇ ਦਾਦਾ ਜੀ 15 ਸਾਲਾਂ ਤੱਕ ਕਾਂਗਰਸ ਦੇ ਐਮਐਲਏ ਰਹੇ ਹਨ। ਮੇਰੇ ਘਰ ਵਿਚ ਮੇਰਾ ਪਰਿਵਾਰ ਹਮੇਸ਼ਾਂ ਤੋਂ ਸਿਆਸਤ ਨਾਲ ਜੁੜਿਆ ਰਿਹਾ ਹੈ। ਫਿਲਮ ਗੈਂਗਸਟਰ ਤੋਂ ਬਾਅਦ ਮੈਨੂੰ ਲਗਭਗ ਹਰ ਸਾਲ ਕਾਂਗਰਸ ਤੋਂ ਆਫਰ ਮਿਲਦੇ ਰਹੇ ਹਨ’।

ਇਸ ਤੋਂ ਬਾਅਦ ਕੰਗਨਾ ਨੇ ਇਕ ਹੋਰ ਟਵੀਟ ਕੀਤਾ, ‘ਫਿਲਮ ਮਣੀਕਰਣਿਕਾ ਤੋਂ ਬਾਅਦ ਮੈਨੂੰ ਭਾਜਪਾ ਨੇ ਟਿਕਟ ਆਫਰ ਕੀਤੀ ਸੀ। ਮੈਂ ਅਪਣੇ ਕੰਮ ਨਾਲ ਪਿਆਰ ਕਰਦੀ ਹਾਂ ਅਤੇ ਮੈਂ ਕਦੀ ਵੀ ਸਿਆਸਤ ਵਿਚ ਜਾਣ ਬਾਰੇ ਨਹੀਂ ਸੋਚਿਆ। ਤਾਂ ਜੋ ਲੋਕ ਮੈਨੂੰ ਟਰੋਲ ਕਰ ਰਹੇ ਹਨ, ਉਹਨਾਂ ਨੂੰ ਹੁਣ ਰੁਕ ਜਾਣਾ ਚਾਹੀਦਾ ਹੈ’।

ਕੰਗਨਾ ਰਣੌਤ ਨੇ ਸੁਸ਼ਾਂਤ ਸਿੰਘ ਰਾਜਪੂਤ ਲਈ ਮੰਗਿਆ ਇਨਸਾਫ਼

ਕੰਗਨਾ ਨੇ ਇਸ ਤੋਂ ਪਹਿਲਾਂ ਅਪਣਾ ਵੀਡੀਓ ਟਵੀਟ ਕੀਤਾ ਸੀ। ਜਿਸ ਵਿਚ ਉਹਨਾਂ ਨੇ ਸੁਸ਼ਾਂਤ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਕਿਹਾ ਸੀ ਕਿ ਸਾਨੂੰ ਸਾਰਿਆਂ ਨੂੰ ਸੱਚਾਈ ਜਾਣਨ ਦਾ ਅਧਿਕਾਰ ਹੈ। ਇਸ ਦੇ ਨਾਲ ਹੀ ਕੰਗਨਾ ਨੇ ਸੁਸ਼ਾਂਤ ਸਿੰਘ ਦੀ ਭੈਣ ਸ਼ਵੇਤਾ ਸਿੰਘ ਨੂੰ ਵੀ ਟੈਗ ਕੀਤਾ ਹੈ।