ਛੱਤੀਸਗੜ੍ਹ : ‘ਆਦਿਪੁਰੁਸ਼’ ’ਤੇ ਪਾਬੰਦੀ ਲਾਉਣ ਲਈ ਪ੍ਰਦਰਸ਼ਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਫ਼ਿਲਮ ‘ਆਦਿਪੁਰੁਸ਼’ ’ਚ ਭਾਵਨਾਵਾਂ ਨੂੰ ਢਾਹ ਲਾਉਣ ਵਾਲੇ ਸੰਵਾਦ ਬਦਲੇ ਜਾਣਗੇ : ਮਨੋਜ ਮੁੰਤਸ਼ਿਰ ਸ਼ੁਕਲਾ

representational Image


ਮਨਿੰਦਰਗੜ੍ਹ/ਰਾਏਪੁਰ (ਛੱਤੀਸਗੜ੍ਹ): ਛੱਤੀਸਗੜ੍ਹ ਦੇ ਮਨਿੰਦਰਗੜ੍ਹ, ਚਿਰਮਿਰੀ, ਭਰਤਪੁਰ ਜ਼ਿਲ੍ਹੇ ਦੇ ਵਾਸੀਆਂ ਨੇ ਸਨਿਚਰਵਾਰ ਨੂੰ ‘ਆਦਿਪੁਰੁਸ਼’ ਫ਼ਿਲਮ ’ਤੇ ਪੂਰੇ ਦੇਸ਼ ਅੰਦਰ ਪਾਬੰਦੀ ਲਾਉਣ ਦੀ ਮੰਗ ਕੀਤੀ ਅਤੇ ਇਸ ਨੂੰ ਸਨਾਤਨ ਧਰਮ ਵਿਰੁਧ ਸਾਜ਼ਸ਼ ਦਿਸਆ।

 ਪ੍ਰਦਰਸ਼ਨਕਾਰੀਆਂ ਨੇ ਮਨਿੰਦਰਗੜ੍ਹ ’ਚ ਫ਼ਿਲਮ ਦਾ ਪ੍ਰਦਰਸ਼ਨ ਕਰ ਰਹੇ ਥੀਏਟਰ ਬਾਹਰ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ‘ਕੋਰੀਆ ਸਾਹਿਤ ਅਤੇ ਕਲਾ ਮੰਚ’ ਦੀ ਮੈਂਬਰ ਅਨਾਮਿਕਾ ਚੱਕਰਵਰਤੀ ਨੇ ਕਿਹਾ ਕਿ ਵਿਰੋਧ ਸ਼ਾਂਤਮਈ ਸੀ। 

ਚੱਕਰਵਰਤੀ ਨੇ ਕਿਹਾ, ‘‘ਆਦਿਪੁਰੁਸ਼’ ਫ਼ਿਲਮ ਨੂੰ ਨਾਂ ਦੇ ਆਧਾਰ ’ਤੇ ਨਾਮਨਜ਼ੂਰ ਕਰ ਦੇਣਾ ਚਾਹੀਦਾ ਹੈ ਇਹ ਰਾਮਾਇਣ ’ਤੇ ਅਧਾਰਤ ਹੈ ਅਤੇ ਰਾਮ ਆਦਿਪੁਰੁਸ਼ ਨਹੀਂ ਮਰਿਆਦਾ ਪੁਰਸ਼ੋਤਮ ਸਨ। ਇਸ ਫ਼ਿਲਮ ਨਾਲ ਸਮਾਜ ’ਚ ਬਹੁਤ ਗ਼ਲਤ ਸੰਦੇਸ਼ ਜਾ ਰਿਹਾ ਹੈ। ਇਹ ਸਾਡੀ ਨੌਜੁਆਨ ਪੀੜ੍ਹੀ ਨੂੰ ਗੁਮਰਾਹ ਕਰਨ ਦਾ ਤਰੀਕਾ ਹੈ।’’ ਉਨ੍ਹਾਂ ਫ਼ਿਲਮ ਨੂੰ ਸਨਾਤਨ ਧਰਮ ਵਿਰੁਧ ਸਾਜ਼ਸ਼ ਦਸਿਆ।

ਉਧਰ ਕੇਂਦਰੀ ਮੰਤਰੀ ਰੇਣੁਕਾ ਸਿੰਘ ਨੇ ਇਹ ਉਮੀਦ ਪ੍ਰਗਟਾਈ ਹੈ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਸੂਬੇ ਅੰਦਰ ਇਸ ਫ਼ਿਲਮ ’ਤੇ ਪਾਬੰਦੀ ਲਾਉਣਗੇ। ਛੱਤੀਸਗੜ੍ਹ ਦੇ ਸਰਗੁਜਾ ਤੋਂ ਲੋਕ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਜਿਸ ਤਰੀਕੇ ਨਾਲ ਫ਼ਿਲਮ ’ਚ ‘ਭਗਵਾਨ ਰਾਮ, ਮਾਤਾ ਜਾਨਕੀ ਅਤੇ ਹਨੂਮਾਨ’ ਨੂੰ ਵਿਖਾਇਆ ਗਿਆ ਹੈ, ਉਸ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਢਾਹ ਲੱਗੀ ਹੈ।

ਕੇਂਦਰੀ ਜਨਜਾਤੀ ਕਾਰਜ ਰਾਜ ਮੰਤਰੀ ਨੇ ਕਿਹਾ, ‘‘ਰਾਮਾਇਣ ਅਧਾਰਤ ਫ਼ਿਲਮ ‘ਆਦਿਪੁਰੁਸ਼’ ’ਚ ਜਿਸ ਤਰ੍ਹਾਂ ਸ੍ਰੀ ਰਾਮ, ਮਾਤਾ ਜਾਨਕੀ,  ਵੀਰ ਹਨੁਮਾਨ ਅਤੇ ਹੋਰ ਚਰਿੱਤਰਾਂ ਦਾ ਫ਼ਿਲਮਾਂਕਣ ਕੀਤਾ ਗਿਆ ਹੈ ਅਤੇ ਪਾਤਰਾਂ ਨੇ ਜਿਸ ਤਰ੍ਹਾਂ ਦੇ ਭੱਦੇ ਸੰਵਾਦ ਬੋਲੇ ਹਨ, ਇਸ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਢਾਹ ਲੱਗੀ ਹੈ।’’

ਉਨ੍ਹਾਂ ਅੱਗੇ ਕਿਹਾ, ‘‘ਮੈਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਜੀ ਤੋਂ ਉਮੀਦ ਕਰਦੀ ਹਾਂ ਕਿ ਸ੍ਰੀ ਰਾਮ ਦੇ ਨਾਨਕੇ ’ਚ ਇਸ ਫ਼ਿਲਮ ’ਤੇ ਪਾਬੰਦੀ ਲਾਉਣ ਦਾ ਉਹ ਛੇਤੀ ਹੀ ਹੁਕਮ ਜਾਰੀ ਕਰਨਗੇ।’’

ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸਨਿਚਰਵਾਰ ਨੂੰ ਦੋਸ਼ ਲਾਇਆ ਸੀ ਕਿ ‘ਆਦਿਪੁਰੁਸ਼’ ਫ਼ਿਲਮ ’ਚ ਭਗਵਾਨ ਰਾਮ ਅਤੇ ਭਗਵਾਨ ਹਨੁਮਾਨ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਲੋਕ ਇਸ ’ਤੇ ਪਾਬੰਦੀ ਲਾਉਣ ਦੀ ਮੰਗ ਕਰਨਗੇ ਤਾਂ ਸੂਬੇ ਦੀ ਕਾਂਗਰਸ ਸਰਕਾਰ ਅਜਿਹਾ ਕਰਨ ’ਤੇ ਵਿਚਾਰ ਕਰ ਸਕਦੀ ਹੈ। 

ਇਹ ਵੀ ਪੜ੍ਹੋ:  'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ 'ਤੇ ਹਮਲਾ

ਫ਼ਿਲਮ ‘ਆਦਿਪੁਰੁਸ਼’ ’ਚ ਭਾਵਨਾਵਾਂ ਨੂੰ ਢਾਹ ਲਾਉਣ ਵਾਲੇ ਸੰਵਾਦ ਬਦਲੇ ਜਾਣਗੇ : ਮਨੋਜ ਮੁੰਤਸ਼ਿਰ ਸ਼ੁਕਲਾ
ਮੁੰਬਈ: ਫ਼ਿਲਮ ‘ਆਦਿਪੁਰੁਸ਼’ ਦੇ ਸੰਵਾਦ ਲੇਖਕ ਮਨੋਜ ਮੁੰਤਸ਼ਿਰ ਸ਼ੁਕਲਾ ਨੇ ਕਿਹਾ ਹੈ ਕਿ ਫ਼ਿਲਮ ਦੇ ਨਿਰਮਾਤਾਵਾਂ ਨੇ ‘ਕੁਝ ਸੰਵਾਦਾਂ ’ਚ ਸੋਧ’ ਕਰਨ ਦਾ ਫੈਸਲਾ ਕੀਤਾ ਹੈ। ਰਿਲੀਜ਼ ਤੋਂ ਬਾਅਦ ਤੋਂ ਹੀ ਫ਼ਿਲਮ ਦੇ ਇਤਰਾਜ਼ਯੋਗ ਸੰਵਾਦਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਸ ਦੀ ਆਲੋਚਨਾ ਹੋ ਰਹੀ ਹੈ। ਫ਼ਿਲਮ ਦੇ ਸੰਵਾਦ ਲੇਖਕ ਸ਼ੁਕਲਾ ਨੇ ਕਿਹਾ ਕਿ ਇਸ ਹਫ਼ਤੇ ਤਕ ਸੋਧੀਆਂ ਸਤਰਾਂ ਨੂੰ ਫ਼ਿਲਮ ’ਚ ਜੋੜ ਦਿਤਾ ਜਾਵੇਗਾ।

 ਸ਼ੁਕਲਾ ਨੇ ਟਵਿੱਟਰ ’ਤੇ ਲਿਖਿਆ, ‘‘ਮੇਰੇ ਲਈ ਤੁਹਾਡੀਆਂ ਭਾਵਨਾਵਾਂ ਤੋਂ ਵਧ ਕੇ ਕੁਝ ਨਹੀਂ ਹੈ। ਮੈਂ ਅਪਣੇ ਸੰਵਾਦਾਂ ਦੇ ਹੱਕ ’ਚ ਅਣਗਿਣਤ ਤਰਕ ਦੇ ਸਕਦਾ ਹਾਂ, ਪਰ ਇਸ ਨਾਲ ਤੁਹਾਡਾ ਦਰਦ ਘੱਟ ਨਹੀਂ ਹੋਵੇਗਾ। ਮੈਂ ਅਤੇ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਨ ਫੈਸਲਾ ਕੀਤਾ ਹੈ ਕਿ ਉਹ ਕੁਝ ਸੰਵਾਦ, ਜੋ ਤੁਹਾਨੂੰ ਪ੍ਰੇਸ਼ਾਨ ਕਰ ਰਹੇ ਹਨ, ਨੂੰ ਬਦਲ ਦੇਣਗੇ ਅਤੇ ਇਸੇ ਹਫ਼ਤੇ ਉਹ ਫ਼ਿਲਮ ’ਚ ਸ਼ਾਮਲ ਕੀਤੇ ਜਾਣਗੇ।’’

‘ਆਦਿਪੁਰੁਸ਼’ ਸ਼ੁਕਰਵਾਰ ਨੂੰ ਦੇਸ਼ ਭਰ ’ਚ ਹਿੰਦੀ, ਤੇਲੁਗੂ, ਕੰਨੜ, ਮਲਿਆਲਮ ਅਤੇ ਤਮਿਲ ਭਾਸ਼ਾਵਾਂ ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੇ ਖ਼ਰਾਬ ਸਪੈਸ਼ਲ ਇਫ਼ੈਕਟਸ ਅਤੇ ਸੰਵਾਦਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਸ ਦੀ ਆਲੋਚਨਾ ਹੋ ਰਹੀ ਹੈ। ਫ਼ਿਲਮ ਨਿਰਮਾਤਾ ਕੰਪਨੀ ਟੀ-ਸੀਰੀਜ਼ ਨੇ ਵੀ ਫ਼ਿਲਮ ਦੇ ਸੰਵਾਦਾਂ ਨੂੰ ਬਦਲੇ ਜਾਣ ਦਾ ਪੁਸ਼ਟੀ ਕੀਤੀ ਹੈ।